Articles

ਪੰਜਾਬ ਦੇ ਬੁਲਡੋਜ਼ਰ, ਭਗਵੰਤ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ !

ਹਾਈ ਕੋਰਟ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਅਧੀਨ ਬਿਨਾਂ ਕਿਸੇ ਨੋਟਿਸ ਦੇ ਚਲਾਈ ਗਈ ਢਾਹੁਣ ਦੀ ਮੁਹਿੰਮ 'ਤੇ ਰੋਕ ਲਗਾ ਦਿੱਤੀ ਹੈ।
ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਪੰਜਾਬ ਦੇ ਲੋਕ, ਜੋ ਪਿਛਲੇ ਸੱਤਰ ਸਾਲਾਂ ਤੋਂ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਈ ਨਹੀਂ, ਬੁਰੀ ਤਰਾਂ ਨਾਲ ਥੱਕ ਵੀ ਚੁੱਕੇ ਸਨ, ਉਹਨਾਂ ਇਸ ਵਾਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਵਿਸ਼ਵਾਸ ਕਰਦਿਆਂ, ਬਹੁਤ ਜਿਆਦਾ ਉਮੀਦ ਨਾਲ ਵੋਟਾਂ ਦੀ ਹਨੇਰੀ ਲਿਆ ਕੇ ਆਮ ਆਦਮੀ ਪਾਰਟੀ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਈ ਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਹਨੇਰੀ ‘ਚ ਕਈ ਅਜਿਹੇ ਚਿਹਰਿਆਂ ਦਾ ਵੀ ਦਾਅ ਲੱਗ ਗਿਆ ਏ ਜਿਹੜੇ ਸ਼ਾਇਦ ਆਮ ਆਦਮੀ ਦੇ ‘ਟਰਿਪਲ ਸੀ’ ਦੀ ਇਕ ਵੀ ‘ਸੀ’ ਨਾ ਪੂਰੇ ਕਰਦੇ ਹੋਣ ਪਰ ਹੁਣ ਤੱਕ ਦੀ ਜੇ ਸਰਕਾਰ ਦੀ ਕਾਰਗੁਜ਼ਾਰੀ ਵੇਖੀਏ ਤਾਂ ਇਸ ‘ਚ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਮੀਦਾਂ ਤੇ ਖਰੇ ਉਤਰਦੇ ਜਾਪ ਰਹੇ ਨੇਂ। ਪੰਜਾਬ ਦੀ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸੂਖਦਾਰ ਲੋਕਾਂ ਵੱਲੋ ਦੱਬੀਆਂ ਮਹਿੰਗੀਆਂ ਸਰਕਾਰੀ ਜ਼ਮੀਨਾਂ ਵੱਡੇ ਪੱਧਰ ਤੇ ਛੁੜਾਉਣ ਦੇ ਇਨਕਲਾਬੀ ਪਾਇਲਟ ਅਭਿਆਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਏ। ਖਬਰ ਏ ਕਿ ਭਗਵੰਤ ਮਾਨ ਵੱਲੋਂ ਵੱਡੇ ਅਫਸਰਾਂ ਤੋਂ ਰੋਜ਼ਾਨਾ ਇਸ ਵਿਸ਼ੇਸ਼ ਕੰਮ ਦੀ ਰਿਪੋਰਟ ਲਈ ਜਾ ਰਹੀ ਏ। ਪੰਜਾਬ ਦੀ ਹਰੇਕ ਰਾਜਨੀਤਕ ਪਾਰਟੀ ਦੇ ਕੁੱਝ ਖਾਸ ਚੇਹਰਿਆਂ ਤੇ ਸਰਕਾਰ ਦੇ ਇਸ ਇਨਕਲਾਬੀ ਪਵਿੱਤਰ ਕਾਰਜ ਨੇ ਚਿੰਤਾ ਦੀ ਲਕੀਰਾਂ ਪੈਦਾ ਕਰ ਦਿੱਤੀਆਂ ਨੇ, ਜਿਸ ਵਿੱਚ ਹੋਰ ਪਾਰਟੀਆਂ ਤੋਂ ਮਲਾਈ ਛੱਕ ਕੇ ਆਮ ਆਦਮੀ ਪਾਰਟੀ ਵਿੱਚ ਵੜੇ ਕੁੱਝ ਅਖੌਤੀ ਇਨਕਲਾਬੀ ਵੀ ਸ਼ਾਮਲ ਨੇ, ਭਗਵੰਤ ਮਾਨ ਜੀ ਤੇ ਕੁਲਦੀਪ ਧਾਲੀਵਾਲ ਜੀ, ਤੁਸੀਂ ਲੋਕਾਂ ਦੀ ਆਸ ਓ, ਵੇਖਿਓ ਕਿਤੇ ਅਜਿਹੇ ਆਪਣਿਆਂ ਕੋਲ ਆ ਕੇ ਤੁਹਾਡਾ ਬੁਲਡੋਜ਼ਰ ਧੂੰਆਂ ਨਾ ਮਾਰਨ ਲੱਗ ਜਾਏ ਕਿਉਂਕਿ ਤੁਹਾਡੀ ਇਸ ਕਬਜਾ ਛੁਡਾਉ ਮੁਹਿੰਮ ਤੋਂ ਪੰਜਾਬ ਦੀਆਂ ਹੋਰ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਇਮਾਨਦਾਰ ਲੋਕਾਂ ਨੂੰ ਵੀ ਬਹੁਤ ਆਸ ਏ।

ਹੁਣ ਤੱਕ ਆਪਾਂ ਆਮ ਲੋਕਾਂ ਨੇ ਕਦੇ ਸੋਚਿਆ ਵੀ ਨ੍ਹੀਂ ਹੋਣਾ ਕਿ ਸਰਕਾਰ ਦੀ ਕਰੋੜਾਂ-ਅਰਬਾਂ ਦੀ ਇਹ ਜਾਇਦਾਦ ਹਰੇਕ ਪਿੰਡ-ਸ਼ਹਿਰ ‘ਚ ਡੰਡੇ ਦੇ ਜੋਰ ਨਾਲ ਸ਼ਰੇਆਮ ਦੱਬ ਕੇ, ਇਹ ਭ੍ਰਿਸ਼ਟ ਰਸੂਖਦਾਰ ਲੋਕ ਸਰਦਾਰੀਆਂ ਚਲਾ ਰਹੇ ਹਨ। ਚੰਡੀਗੜ੍ਹ ਲਾਗੇ ਛੁਡਾਏ, 29 ਕਿਲਿਆਂ ਦੇ ਇਕੋ ਟੱਕ ਦੀ ਕੀਮਤ ਦਾ ਅੰਦਾਜਾ ਲਾਓ, ਸਿਰ ਚਕਰਾ ਜਾਵੇਗਾ। ਤੁਸੀਂ ਹੈਰਾਨ ਹੋ ਜਾਣਾ ਏ ਸੁਣ ਕੇ ਕਿ ਪੰਜਾਬ ਦੀ ਲਗਭਗ 25000 ਕਿਲੇ ਜ਼ਮੀਨ ਤੇ ਹਜੇ ਵੀ ਨਜਾਇਜ਼ ਕਬਜਾ ਏ ਤੇ ਇਹ ਜ਼ਮੀਨ ਵੀ ਕੋਈ ਰੇਤਲੀ, ਪੱਛੜੀ ਜਾਂ ਪੇਂਡੂ ਨਹੀਂ ਸਗੋਂ ਇਹ ਭੂਮੀ ਚੰਡੀਗੜ੍ਹ, ਜਲੰਧਰ, ਅਮ੍ਰਿਤਸਰ ਤੇ ਲੁਧਿਆਣੇ ਵਰਗੇ ਸ਼ਹਿਰਾਂ ਦੇ ਲਾਗੇ ਦੀ ਉਹ ਜ਼ਮੀਨ ਏ ਜਿਸਦਾ ਰੇਟ ਕਿਲਿਆਂ ਦੇ ਹਿਸਾਬ ਨਾਲ ਨਹੀਂ ਸਗੋਂ ਇੰਚਾਂ ਦੇ ਹਿਸਾਬ ਨਾਲ ਤੈਅ ਹੁੰਦਾ ਏ। ਹੁਣ ਇਹ ਜ਼ਮੀਨ ਕਿੰਨਾਂ ਲੋਕਾਂ ਨੇ ਨੱਪੀ ਹੋਈ ਏ, ਇਹ ਮੈਨੂੰ ਦੱਸਣ ਦੀ ਲੋੜ ਨਹੀਂ ਏ, ਆਮ ਬੰਦੇ ਦੀ ਤਾਂ ਆਪਣੀ ਖਰੀਦੀ ਜ਼ਮੀਨ ਦੇ ਕਾਗਜ਼ ਪੂਰੇ ਕਰਵਾਉਣ ਲਈ ਵੀ ਸਰਕਾਰੀ ਦਫ਼ਤਰਾਂ ਦੇ ਭ੍ਰਿਸ਼ਟ ਪ੍ਰਬੰਧ ‘ਚ ਚੀਕਾਂ ਨਿਕਲ ਜਾਂਦੀਆਂ ਨੇ। ਰਾਜਨੀਤਕ ਲੋਕਾਂ ਦੀ ਤੇ ਸਰਕਾਰ ਦੀ ਪੁਸ਼ਤਪਨਾਹੀ ਤੋਂ ਬਿਨਾਂ ਸਰਕਾਰੀ ਜ਼ਮੀਨ ਤੇ ਕਬਜਾ ਕਰਨਾ ਸੰਭਵ ਹੀ ਨਹੀਂ ਏ। ਪੰਜਾਬ ਦੇ ਲਗਭਗ ਹਰੇਕ ਪਿੰਡ ‘ਚ ਪਤਾ ਈ ਨ੍ਹੀਂ ਕਿੰਨੇ ਈ ਸਾਲਾਂ ਤੋਂ ਆਪਣੀ ਰਾਜਨੀਤਕ ਤਾਕਤ ਰਾਹੀਂ ਧੱਕੜ ਤੇ ਤਾਕਤਵਰ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ਨੱਪ ਕੇ, ਉਸੇਦੀ ਕਮਾਈ ਨਾਲ ਆਪਣੇ ਆਲੀਸ਼ਾਨ ਮਹਿਲ ਉਸਾਰੇ ਹੋਏ ਨੇ।
ਭਗਵੰਤ ਮਾਨ ਜੀ, ਇਹ ਪੰਜਾਬ ਨੂੰ ਦੀਮਕ ਵਾਂਗ ਚੱਟਣ ਵਾਲੀ ਵਿਸ਼ੇਸ਼ ਪ੍ਰਜਾਤੀ ਪਿੰਡਾ ਤੱਕ ਈ ਸੀਮਤ ਨਹੀਂ ਏ। ਹਰੇਕ ਸ਼ਹਿਰ ‘ਚ ਅਰਬਾਂ ਰੁਪਏ ਦੀ ਸਰਕਾਰੀ ਜਾਇਦਾਦ ਇਹਨਾਂ ਡਾਂਗ ਦੇ ਜੋਰ ਨਾਲ ਨੱਪ ਰੱਖੀ ਏ। ਸ਼ਹਿਰਾਂ ਦੀਆਂ ਸਭ ਤੋਂ ਮੌਕੇ ਦੀਆਂ ਥਾਂਵਾਂ ਤੇ ਧੱਕੇ ਨਾਲ ਵਿਰਾਜਮਾਨ ਹੋ ਕੇ ਇਸ ਦੀਮਕ ਨੇ ਸਰਕਾਰੀ ਖਜ਼ਾਨੇ ਨੂੰ ਵੱਡਾ ਖੌਰਾ ਲਾਇਆ ਏ। ਇਹਨਾਂ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜੇ ਕਰਕੇ ਬਹੁਮੰਜਿਲੀ ਇਮਾਰਤਾਂ ਖੜੀਆਂ ਕਰ ਵੱਡੇ ਹੋਟਲ, ਸ਼ੋ ਰੂਮ ਤੇ ਆਪਣੇ ਹੋਰ ਵਪਾਰ ਚਲਾ ਰੱਖੇ ਨੇ, ਇਸ ਕਰਕੇ ਪਿੰਡਾਂ ਦੇ ਨਾਲ-ਨਾਲ ਬੁਲਡੋਜ਼ਰ ਦਾ ਮੂੰਹ ਸ਼ਹਿਰਾਂ ਵੱਲ ਵੀ ਘੁਮਾਉਣਾ ਬੇਹੱਦ ਜਰੂਰੀ ਏ। ਇਸ ਗੋਰਖਧੰਦੇ ਵਿੱਚ ਸਿਰਫ ਰਾਜਨੀਤਕ ਲੋਕ ਈ ਨਹੀਂ, ਕੁੱਝ ਭ੍ਰਿਸ਼ਟ ਸਰਕਾਰੀ ਅਫ਼ਸਰ ਵੀ ਮਲਾਈ ਛੱਕ ਰਹੇ ਹਨ। ਦਰਅਸਲ ਇਹ ਕਬਜੇ ਜਿੰਨਾਂ ਵੀ ਲੋਕਾਂ ਵੱਲੋਂ ਕੀਤੇ ਹੋਏ ਨੇ, ਉਹ ਸਾਰੇ ਈ ਆਪਣੇ ਇਲਾਕੇ ਦੀਆਂ ਅਜਿਹੀਆਂ ਸ਼ਖਸੀਅਤਾਂ ਨੇ ਜਿੰਨਾਂ ਖਿਲਾਫ ਬੋਲਣ ਲੱਗਿਆਂ ਆਮ ਬੰਦੇ ਦੀਆਂ ਈ ਨਹੀਂ, ਕਹਿੰਦੇ-ਕਹਾਉਂਦਿਆਂ ਦੀਆਂ ਵੀ ਲੱਤਾਂ ਭਾਰ ਨ੍ਹੀਂ ਝੱਲਦੀਆਂ। ਕੁੱਝ ਕੁ ਰਾਜਨੀਤਕ ਵਿਰੋਧੀ, ਇਸਨੂੰ ਸਰਕਾਰ ਦੀ ਬਦਲਾਖੋਰੀ ਦੀ ਕਾਰਵਾਈ ਆਖਦਿਆਂ ਅਸਿੱਧੇ ਢੰਗ ਨਾਲ ਇੰਨਾਂ ਭ੍ਰਿਸ਼ਟ ਲੋਕਾਂ ਦੇ ਨਾਲ ਖੜ੍ਹ ਕੇ ਵਿਰੋਧ ਲਈ ਵਿਰੋਧ ਕਰਨ ਦਾ ਕਾਰਜ ਨੇਪਰੇ ਚਾੜ੍ਹਨ ਵਿੱਚ ਮਸ਼ਗੂਲ ਨੇ। ਭਗਵੰਤ ਮਾਨ ਜੀ ਤੇ ਕੁਲਦੀਪ ਧਾਲੀਵਾਲ ਜੀ, ਤੁਸੀਂ ਬੇਹਤਰੀਨ ਕੰਮ ਕਰ ਰਹੇ ਹੋ, ਤੁਸੀਂ ਵਧਾਈ ਦੇ ਪਾਤਰ ਓ, ਕਿਰਪਾ ਕਰਕੇ ਥੋੜੀ ਜਿਹੀ ਇਸ਼ਤਿਹਾਰਬਾਜੀ ਘੱਟ ਕਰਦਿਆਂ, ਨਿਰਪੱਖ ਹੋ ਕੇ, ਧੱਕ ਦਿਓ ਬੁਲਡੋਜ਼ਰ, ਪੂਰਾ ਪੰਜਾਬ ਤੁਹਾਡੇ ਨਾਲ ਏ, ਤੁਹਾਡਾ ਆਗਾਜ ਸ਼ਾਨਦਾਰ ਏ, ਆਸ ਏ ਅੰਜਾਮ ਵੀ ਸ਼ਾਨਦਾਰ ਰਹੇਗਾ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin