Literature Articles

ਸਿੱਖ ਧਰਮ ਤੇ ਪੰਜਾਬੀ ਜ਼ੁਬਾਨ ਦਾ ਗਿਆਨ ਕੋਸ਼ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ੁਬਾਨ ਦਾ ਵੀ ਗਿਆਨ ਕੋਸ਼ ਹੈ।

ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਦੀ ਭੂਮਿਕਾ ਵਿੱਚ ਭਾਈ ਕਾਨ੍ਹ ਸਿੰਘ ਦੱਸਦੇ ਹਨ- ਕਿ ਪੰਡਤ ਤਾਰਾ ਸਿੰਘ ਨਰੋਤਮ ਦੇ ‘ਗੁਰੂ ਗਿਰਾਰਥ ਕੋਸ਼’ ਤੇ ਭਾਈ ਹਜ਼ਾਰਾ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਕੋਸ਼’ ਨੂੰ ਪੜ੍ਹਨ ਉਪਰੰਤ ਫੁਰਨਾ ਫੁਰਿਆ, ‘‘ਕਿ ਸਿੱਖ ਸਾਹਿਤਯ ਦਾ ਵੀ ਇਕ ਅਜਿਹਾ ਕੋਸ਼ ਹੋਣਾ ਚਾਹੀਏ, ਜਿਸ ਵਿੱਚ ਸਾਰੇ ਸਿੱਖ ਮੱਤ ਸਬੰਧੀ ਗ੍ਰੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗਜ ਰੀਤਿ ਨਾਲ ਨਿਰਣਾ ਕੀਤਾ ਹੋਵੇ।’ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਦੇ ਵਿਚਾਰ ਨੂੰ ਲੱਗਾ ਫਲ ਹੈ।
20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ ‘ਮਹਾਨ ਕੋਸ਼’ ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਇਹ ਮਹਾਨ ਕੋਸ਼ ਸੰਨ 1926 ਵਿੱਚ ਪੂਰਾ ਹੋਇਆ ਅਤੇ ਸੰਨ 1930 ਵਿੱਚ ਦਰਬਾਰ ਪਟਿਆਲਾ ਵੱਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ।ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।
ਮਹਾਨ ਕੋਸ਼’ ਨੂੰ ਤਿਆਰ ਕਰਨ ਲਈ ਜਿਨ੍ਹਾਂ ਕਿਤਾਬਾਂ ਤੋਂ ਸ਼ਬਦ-ਸੰਗ੍ਰਹਿ ਕੀਤਾ- ਉਹ ਸਨ-ਬਾਣੀ ਭਾਈ ਗੁਰਦਾਸ, ਰਚਨਾ ਭਾਈ ਨੰਦ ਲਾਲ ਗੁਰ ਸੋਭਾ, ਸਰਬ ਲੋਹ ਪ੍ਰਕਾਸ਼, ਗੁਰ ਬਿਲਾਸ, ਦਸਮ ਗ੍ਰੰਥ, ਗੁਰੂ ਪ੍ਰਤਾਪ ਸੂਰਜ, ਜਨਮ ਸਾਖੀਆਂ, ਰਹਿਤਨਾਮੇ ਅਤੇ ਹੋਰ ਵੀ ਬਹੁਤ ਇਤਿਹਾਸਕ ਤੇ ਸਾਹਿਤਕ ਗ੍ਰੰਥ। ਇਨ੍ਹਾਂ ਕਿਤਾਬਾਂ ਵਿੱਚੋਂ ਪਹਿਲਾ ਕੰਮ ਸ਼ਬਦ ਇਕੱਤਰ ਕਰਨੇ- ਉਨ੍ਹਾਂ ਨੂੰ ਵਣ ਮਾਲਾ ਅਨੁਸਾਰ ਰੱਖਣਾ-ਸ਼ਬਦਾਂ ਦੇ ਅਰਥ ਦੱਸਣੇ- ਸ਼ਬਦਾਂ ਦੇ ਸਮਾਨਾਰਥ ਸ਼ਬਦ ਲਿਖਣੇ ਵਿਆਖਿਆ ਕਰਨੀ। ਇਹੋ ਸਭ ਕੁਝ ‘ਗੁਰ ਸ਼ਬਦ- ਰਤਨਾਕਰ ਮਹਾਨ ਕੋਸ਼’ ਦੀ ਇਕ ਪੂੰਜੀ ਬਣੀ। ਇਸ ਕ੍ਰਿਤ ਨੇ ਹੀ ਭਾਈ ਕਾਨ੍ਹ ਸਿੰਘ ਨੂੰ ਸਾਹਿਤ ਦੀ ਦੁਨੀਆਂ ਵਿੱਚ ਇਕ ਨਿਵੇਕਲਾ ਨਾਮ ਦਿੱਤਾ- ‘ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ।’’ ਇਹ ਮਹਾਨ ਕੋਸ਼ ਸਿੱਖ ਸਾਹਿਤ ਅਤੇ ਇਤਿਹਾਸ ਦਾ ਇਕ ‘ਵਿਸ਼ਵਕੋਸ਼’ ਹੈ।
ਸਵਰਗਵਾਸੀ ਪ੍ਰੋਫੈਸਰ ਤੇਜਾ ਸਿੰਘ ਅਨੁਸਾਰ ਇਸ ਮਹਾਨਕੋਸ਼ ਵਿੱਚ 64263 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। ਖੁਸ਼ਵੰਤ ਸਿੰਘ ਨੇ ‘ਗੁਰ ਸ਼ਬਦ- ਰਤਨਾਕਾਰ ਮਹਾਨ ਕੋਸ਼’ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚ ਗਿਣਿਆ। ਡਾ. ਵਾਸਦੇਵ ਸ਼ਰਣ ਦਾ ਵਿਚਾਰ ਹੈ ਕਿ ‘ਭਾਈ ਕਾਨ੍ਹ ਸਿੰਘ ਦੀ ਇਹ ਰਚਨਾ ਆਪਣੀ ਕਿਸਮ ਦੀ ਭਾਰਤ ਭਰ ਵਿੱਚ ਇਕੱਲੀ ਸੀ।’’ ਕਿਉਂਕਿ ਇਸ ਮਹਾਨਕੋਸ਼ ਵਿੱਚ ਸ਼ਬਦਾਂ ਦੇ ਅਰਥ ਹੀ ਨਹੀਂ ਦੱਸੇ ਹੋਏ ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤ੍ਰਿਤ ਵਿਆਖਿਆ ਵੀ ਹੈ। ਦੁਨੀਆ ਭਰ ਦੀਆਂ ਡਿਕਸ਼ਨਰੀਆਂ ਵਿੱਚ ਇਸ ਮਹਾਨ ਕੋਸ਼ ਦਾ 12ਵਾਂ ਸਥਾਨ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin