Articles

ਅਫ਼ਗਾਨਿਸਤਾਨ ‘ਚ ਕਿਸੇ ਵੇਲੇ ਸਿੱਖਾਂ ਦਾ ਚੰਗਾ ਬੋਲਬਾਲਾ ਸੀ ਪਰ ਅੱਜ ਸਿਰਫ਼ ਡੇਢ ਸੌ ਬਚੇ ਸਿੱਖ ਜ਼ਿੰਦਗੀ-ਮੌਤ ਨਾਲ ਜੂਝ ਰਹੇ !

ਅਫ਼ਗਾਨਿਸਤਾਨ ਦੇ ਵਿੱਚ ਕਿਸੇ ਵੇਲੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਉਥੇ ਰਹਿੰਦੇ ਸਨ ਅਤੇ ਉਹਨਾਂ ਦਾ ਉਥੇ ਚੰਗਾ ਬੋਲਬਾਲਾ ਪਰ ਮੌਜੂਦਾ ਸਮੇਂ ਦੇ ਵਿੱਚ ਸਿਰਫ਼ 150 ਦੇ ਕਰੀਬ ਰਹਿ ਗਏ ਸਿੱਖ ਹਰ ਵੇਲੇ ਡਰ ਦੇ ਸਾਏ ਹੇਠ ਆਪਣੀ ਜਿੰਦਗੀ ਜੀਉਣ ਲਈ ਮਜ਼ਬੂਰ ਹਨ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਸਥਿਤ ਪਾਵਨ ਅਸਥਾਨਾਂ ਉਪਰ ਲਗਾਤਾਰ ਹੋ ਰਹੇ ਬੰਬ ਧਮਾਕੇ ਅਤੇ ਅੱਤਵਾਦੀ ਹਮਲਿਆਂ ਨੇ ਉਥੇ ਮੁੱਠੀ ਭਰ ਰਹਿ ਰਹੇ ਸਿੱਖਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ।

ਕਾਬੁਲ ਦੀ ਸੰਘਣੀ ਆਬਾਦੀ ਦੇ ਵਿੱਚ ਸਥਿਤ ਗੁਰਦੁਆਰਾ ਕਰਤਾ-ਏ-ਪਰਵਾਨ ਦੇ ਵਿੱਚ ਕੱਲ੍ਹ ਸ਼ਨੀਵਾਰ 18 ਜੂਨ ਨੂੰ ਹੋਏ ਕਈ ਬੰਬ ਧਮਾਕਿਆਂ ’ਚ ਦੋ ਵਿਅਕਤੀ ਮਾਰੇ ਗਏ ਤੇ ਸੱਤ ਹੋਰ ਫੱਟੜ ਹੋ ਗਏ। ਮ੍ਰਿਤਕਾਂ ਵਿੱਚ ਇੱਕ ਸਿੱਖ ਵੀ ਸ਼ਾਮਲ ਹੈ। ਹਮਲੇ ਵੇਲੇ ਪਹਿਲਾਂ ਇਕ ਹਮਲਾਵਰ ਨੇ ਹੈਂਡ ਗ੍ਰਨੇਡ ਸੁੱਟਿਆ ਜਿਸ ਨਾਲ ਗੁਰਦੁਆਰੇ ਦੇ ਗੇਟ ਨੇੜੇ ਅੱਗ ਲੱਗ ਗਈ ਅਤੇ ਅੱਤਵਾਦੀਆਂ ਤੇ ਤਾਲਿਬਾਨ ਦੇ ਸੁਰੱਖਿਆ ਗਾਰਡਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਇਹ ਮੁਕਾਬਲਾ ਕਈ ਘੰਟੇ ਚੱਲਿਆ ਅਤੇ ਹਮਲੇ ਦੇ ਵਿੱਚ ਸ਼ਾਮਿਲ ਸਾਰੇ ਤਿੰਨ ਹਮਲਾਵਰ ਮਾਰੇ ਗਏ। ਇਸ ਹਮਲੇ ਦੇ ਦੌਰਾਨ ਸੁਰੱਖਿਆ ਕਰਮੀਆਂ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਇਕ ਗੱਡੀ ਨੂੰ ਗੁਰਦੁਆਰੇ ਤੱਕ ਪਹੁੰਚਣ ਤੋਂ ਰੋਕ ਲਿਆ ਤੇ ਹਮਲਾਵਰਾਂ ਨੇ ਇਸਨੂੰ ਗੁਰਦੁਆਰੇ ਦੇ ਬਾਹਰ ਹੀ ਉਡਾ ਦਿੱਤਾ ਜਿਸ ਕਰਕੇ ਕਿਸੇ ਬਹੁਤ ਵੱਡੀ ਤਬਾਹੀ ਤੋਂ ਬਚਾਅ ਹੋ ਗਿਆ। ਗੁਰਦੁਆਰੇ ਉਤੇ ਹਮਲੇ ਵੇਲੇ ਉਦੋਂ ਅੰਦਰ ਕਰੀਬ 30 ਜਣੇ ਮੌਜੂਦ ਸਨ। ਇਸ ਇਲਾਕੇ ਵਿੱਚ ਜ਼ਿਆਦਾਤਰ ਅਫ਼ਗਾਨ ਹਿੰਦੂ ਤੇ ਸਿੱਖ ਰਹਿੰਦੇ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ ਅਤੇ ਕਿਹਾ ਹੈ ਕਿ ਇਹ ਹਮਲਾ ਪੈਗੰਬਰ ਸਾਹਿਬ ਵਿਰੁੱਧ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਵਿਰੋਧ ਵਿੱਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਸਜਿਦਾਂ ਤੇ ਘੱਟਗਿਣਤੀਆਂ ਉਤੇ ਅਫ਼ਗਾਨਿਸਤਾਨ ਵਿਚ ਹੁੰਦੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ-ਕੇ (ਖੁਰਾਸਾਨ) ਲੈਂਦਾ ਰਿਹਾ ਹੈ।

ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਅਸੀਂ ਗੁਰਦੁਆਰਾ ‘ਕਰਤੇ-ਪਰਵਾਨ’ ‘ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਦੋਂ ਤੋਂ ਸਾਨੂੰ ਹਮਲੇ ਦੀ ਖ਼ਬਰ ਮਿਲੀ ਹੈ, ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਾਂ। ਸਿੱਖ ਕੌਮ ਦੀ ਸੁਰੱਖਿਆ ਸਾਡੀ ਪਹਿਲ ਹੈ।

25 ਮਾਰਚ 2020 ਨੂੰ ਆਈ ਐਸ ਆਈ ਐਸ-ਹੱਕਾਨੀ ਨੈੱਟਵਰਕ ਦੇ ਬੰਦੂਕਧਾਰੀਆਂ ਅਤੇ ਫਿਦਾਇਨ ਹਮਲਾਵਰਾਂ ਨੇ ਕਾਬੁਲ ਦੇ ਗੁਰਦੁਆਰਾ ਹਰਿ ਰਾਇ ਸਾਹਿਬ ‘ਤੇ ਹਮਲਾ ਕੀਤਾ ਸੀ। ਉਸ ਸਮੇਂ ਗੁਰਦੁਆਰੇ ‘ਚ 200 ਦੇ ਕਰੀਬ ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਇਸ ਹਮਲੇ ‘ਚ 8 ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਕਈ ਘੰਟਿਆਂ ਤੱਕ ਮੁਕਾਬਲਾ ਹੋਇਆ ਸੀ, ਜਿਸ ‘ਚ ਸਾਰੇ ਅੱਤਵਾਦੀ ਮਾਰੇ ਗਏ ਸਨ।

ਵਰਨਣਯੋਗ ਹੈ ਕਿ 1970 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਆਬਾਦੀ 1 ਲੱਖ ਦੇ ਕਰੀਬ ਜੋ ਕਿ ਇਸ ਵੇਲੇ ਅੰਦਾਜ਼ਨ ਸਿਰਫ਼ 140 ਦੇ ਕਰੀਬ ਹੀ ਰਹਿ ਗਈ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin