ਮੈਂ ਕਿੰਨਾ ਚਿਰ ਐਂਬੂਲੈਂਸ ਦੇ ਵਿੱਚ ਅਮਨ ਦੇ ‘ਠੰਢੇ ਹੋ ਚੁੱਕੇ’ ਸਰੀਰ ਦੇ ਕੋਲ ਉਸ ਦੇ ਹੱਥ ਦੇ ਵਿੱਚ ਹੱਥ ਪਾ ਕੇ ਇਸ ਵਰਤ ਚੁੱਕੇ ਭਾਣੇ ਬਾਬਤ ਸੋਚਦਾ ਰਿਹਾ ਕਿ ਉਹ ਸ਼ਾਇਦ ਹੁਣੇ ਉੱਠ ਖੜ੍ਹਾ ਹੋਵੇਗਾ ਜੋ ਮੇਰਾ ਵਹਿਮ ਸੀ । ਮੇਰੇ ਲਈ ਸਮਾਂ ਜਿਵੇਂ ਰੁਕ ਚੁੱਕਿਆ ਸੀ ਅਤੇ ਰਾਤ ਨੇ ਆਪਣੀ ਮੰਜ਼ਿਲ ਵੱਲ ਜਾਣ ਤੋਂ ਨਾਂਹ ਕਰ ਦਿੱਤੀ ਹੋਵੇ । ਟਿਕੀ ਰਾਤ ਦੇ ਸੰਨਾਟੇ ਅੰਦਰ ਮੇਰੇ ਸੀਨਿਓਂ ਉੱਠ ਰਹੀਆਂ ਚੀਸਾਂ ਅਸਮਾਨ ਦੀ ਹਿੱਕ ਨੂੰ ਪਾੜ ਰਹੀਆਂ ਪ੍ਰਤੀਤ ਹੁੰਦੀਆਂ ਸਨ । ਇਉਂ ਜਾਪਦਾ ਸੀ ਜਿਵੇਂ ਧਰਤੀ ਆਸਮਾਨ ਧੁਰ ਅੰਦਰੋਂ ਰੋ ਰਹੇ ਹੋਣ । ਮੈਂ ਪਸੀਨੋ-ਪਸੀਨੀ ਹੋਇਆ ਕੋਸ ਰਿਹਾ ਸੀ ਉਸ ਕੁਲਹਿਣੀ ਘੜੀ ਨੂੰ ਜਿਸ ਨੇ ਅਠੱਤੀ ਕੁ ਵਰ੍ਹਿਆਂ ਦਾ ਅਮਨ ਵਰਗਾ ਭਰਾਵਾਂ ਤੋਂ ਪਿਆਰਾ ਦੋਸਤ ਵਰ੍ਹਿਆਂ ਦੀ ਸਾਂਝ ਨੂੰ ਤੋੜਦਿਆਂ ਮਹਿਜ਼ ਪੰਦਰਾਂ ਕੁ ਮਿੰਟਾਂ ਦੇ ਵਿੱਚ ਹੀ ਮੇਰੇ ਕੋਲੋਂ ਸਦਾ ਲਈ ਖੋਹ ਲਿਆ ਸੀ । ਹੁਣ ਅੱਗੇ ਕੀ ਹੋਵੇਗਾ ਮੇਰੇ ਕੋਲ ਤਾਂ ਕੁਝ ਵੀ ਬਾਕੀ ਨਹੀਂ ਸੀ ਬਚਿਆ, ਇਹ ਸੋਚ ਕੇ ਕਾਲਜੇ ਚੋਂ ਰੁੱਗ ਭਰਿਆ ਗਿਆ … ਰਾਤ ਦੇ ਸਵਾ ਕੁ ਅੱਠ ਵਜੇ ਹੋਣਗੇ ਮੈਂ ਅਜੇ ਰੇਡੀਓ ਦੇ ਪ੍ਰੋਗਰਾਮ ਕਰਨ ਤੋਂ ਬਾਅਦ ਸੈਰ ਲਈ ਨਿਕਲਿਆ ਹੀ ਸੀ ਕਿ ਮੇਰੇ ਫ਼ੋਨ ਦੀ ਘੰਟੀ ਖੜਕਦੀ ਹੈ । ਫੋਨ ਪਰਗਟ ਚਾਚੇ ਦਾ ਸੀ । ਕੀ ਪਤਾ ਸੀ ਇਹ ਘੰਟੀ ਮੇਰੇ ਸਮੇਤ ਕਈ ਪਰਿਵਾਰਾਂ ਦੀ ਜ਼ਿੰਦਗੀ ਦੇ ਚੰਗੇ ਭਲੇ ਘੁੰਮ ਰਹੇ ਪਹੀਏ ਨੂੰ ਹੀ ਪੁੱਠਾ ਗੇੜ ਦੇ ਦੇਵੇਗੀ । ਪਰਗਟ ਚਾਚਾ ਕਹਿਣ ਲੱਗਿਆ ਕਿ ਅਮਨ ਦੀ ਸਿਹਤ ਠੀਕ ਨਹੀਂ, ਉਸ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ, ਜਲਦੀ ਆ ਜਾ ਹਸਪਤਾਲ ਲੈ ਕੇ ਜਾਣਾ ਪੈਣਾਂ । ਹਸਪਤਾਲ ਨੂੰ ਜਾਂਦਿਆਂ ਰਸਤੇ ਵਿੱਚ ਅਮਨ ਨੇ ਆਖਿਆ ਕਿ ਮੈਨੂੰ ਲੁਧਿਆਣੇ ਲੈ ਚੱਲੋ ਕਿਉਂਕਿ ਉੱਥੇ ਇਕ ਡਾਕਟਰ ਕੋਲੋਂ ਉਸ ਨੇ ਪੇਟ ਦਾ ਇਲਾਜ ਕਰਵਾਇਆ ਸੀ ਪਰ ਨਹੀਂ ਅਮਨ ਦੇ ਪੇਟ ਵਿੱਚ ਉੱਠੇ ਦਰਦ ਨੇ ਉਸ ਦੀ ਨਾਂਹ ਕਰਾ ਦਿੱਤੀ ਅਤੇ ਅਸੀਂ ਤੁਰੰਤ ਫੈਸਲਾ ਬਦਲਦਿਆਂ ਅੱਖ ਦੇ ਫੋਰ ‘ਚ ਗੱਡੀ ਮਾਲੇਰਕੋਟਲਾ ਦੇ ਇੱਕ ਨਿੱਜੀ ਹਸਪਤਾਲ ਦੇ ਦਰਾਂ ਤੇ ਜਾ ਖੜ੍ਹੀ ਕੀਤੀ ।
ਹਸਪਤਾਲ ਦੇ ਬੈੱਡ ਤੇ ਪਿਆ ਅਮਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਦਰਦ ਨਾਲ ਤੜਫ ਰਿਹਾ ਸੀ, ਮੈਂ ਉਸ ਨੂੰ ਅੱਜ ਤੱਕ ਕਦੇ ਵੀ ਇੰਨੀ ਤਕਲੀਫ਼ ਵਿਚ ਨਹੀਂ ਸੀ ਵੇਖਿਆ ਅਤੇ ਡਾਕਟਰਾਂ ਵੱਲੋਂ ਦਰਦ ਰੋਕਣ ਦੇ ਲਈ ਲਗਾਏ ਜਾ ਰਹੇ ਟੀਕਿਆਂ ਤੋਂ ਬਾਅਦ ਉਸ ਨੇ ਹੌਲੀ-ਹੌਲੀ ਖਾਮੋਸ਼ੀ ਦੇ ਆਲਮ ਵਿੱਚ ਡੁੱਬਣਾ ਸ਼ੁਰੂ ਕੀਤਾ ਪਰ ਸਾਨੂੰ ਕੀ ਪਤਾ ਸੀ ਕਿ ਇਹ ਖਾਮੋਸ਼ੀ ਅਮਨ ਲਈ ਸਦਾ ਦੀ ਖ਼ਾਮੋਸ਼ੀ ਹੋ ਨਿੱਬੜੇਗੀ । ਮੈਂ ਮਾਸਟਰ ਮਨਮੋਹਣ ਅਤੇ ਪਰਗਟ ਚਾਚਾ, ਮੁੜ੍ਹਕੇ ਨਾਲ ਭਿੱਜੇ ਹੋਏ ਹੋਏ ਅਮਨ ਨੂੰ ਬੁਲਾਉਣ ਦੀ ਲੱਖ ਕੋਸ਼ਿਸ਼ ਕਰਦੇ ਪਰ ਉਸ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਰਹੀਆਂ ਸਨ ਤੇ ਫਿਰ ਮੇਰੇ ਵੱਲੋਂ ਉਸ ਦੇ ਮੂੰਹ ਵਿੱਚ ਪਾਏ ਪਾਣੀ ਦੇ ਚਮਚੇ ਤੋਂ ਬਾਅਦ ਸਾਡੀਆਂ ਅੱਖਾਂ ਦੇ ਵਿੱਚੋ ਜਿਵੇਂ ਪਾਣੀ ਦਾ ਸਮੁੰਦਰ ਚਲ ਪਿਆ ਹੋਵੇ । ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਕ ਹੱਸਦਾ ਵੱਸਦਾ ਇਨਸਾਨ ਚੰਦ ਮਿੰਟਾਂ ਵਿੱਚ ਅੱਖੋਂ ਉਹਲੇ ਹੋ ਜਾਵੇਗਾ ਤੇ ਪਹੁੰਚ ਜਾਵੇਗਾ ਉਸ ਥਾਂ ਤੇ ਜਿੱਥੋਂ ਕੋਈ ਅੱਜ ਤਕ ਮੁੜ ਕੇ ਨਹੀਂ ਆਇਆ । ਆਪਣੇ ਆਪ ਨੂੰ ਭੁਲੇਖੇ ਵਿੱਚ ਰੱਖ ਕੇ ਐਂਬੂਲੈਂਸ ਬੁਲਾਈ ਅਤੇ ਲੁਧਿਆਣੇ ਪਹੁੰਚੇ ਤਾਂ ਡਾਕਟਰਾਂ ਨੇ ਵੀ ਵੇਖ ਕੇ ਇਹ ਆਖ ਦਿੱਤਾ ਭੌਰ ਤਾਂ ਕਦੋਂ ਦਾ ਉਡਾਰੀ ਮਾਰ ਚੁੱਕਿਆ ਹੈ । ਅਸੀਂ ਚਾਹ ਕੇ ਵੀ ਕੁਝ ਨਾ ਕਰ ਸਕੇ ਅਮਨ ਸਾਡੇ ਹੱਥਾਂ ਵਿੱਚੋਂ ਰੇਤ ਵਾਂਗ ਕਿਰ ਗਿਆ । ਜਿਸ ਘੜੀ ਅਤੇ ਪਲ ਅਮਨਦੀਪ ਸਾਡੇ ਤੋਂ ਵਿਛੜਿਆਂ ਉਹ ਕੁਲਹਿਣੀ ਰਾਤ ਅਸੀਂ ਕਿਵੇਂ ਲੰਘਾਈ ਇਹ ਤਾਂ ਅਸੀਂ ਜਾਂ ਸਾਡਾ ਰੱਬ ਜਾਣਦਾ ਹੈ । ਸਾਰੀ ਰਾਤ ਐਂਬੂਲੈਂਸ ਦੇ ਬੈੱਡ ਤੇ ਚੁੱਪ ਪਏ ਅਮਨ ਦੇ ਨਾਲ ‘ਬਾਤਾਂ’ ਪਾਉਂਦਿਆਂ ਲੰਘ ਗਈ ਅਤੇ ਸਵੇਰ ਦਾ ਸੂਰਜ ਸਾਡੇ ਸਾਰਿਆਂ ਲਈ ਕਹਿਰ ਦਾ ਗੋਲਾ ਬਣ ਕੇ ਚੜ੍ਹਿਆ । ਅਮਨ ਦੇ ਆਖ਼ਰੀ ਸ਼ਬਦ ‘ਚਾਚਾ, ਬਾਈ ਮੈਨੂੰ ਛੇੜੋ ਨਾ’ ਅੱਜ ਵੀ ਸਾਡੇ ਸਿਰਾਂ ਤੇ ਹਥੌੜੇ ਵਾਂਗ ਵੱਜ ਰਹੇ ਹਨ ।
….. ਅਮਨ ਦੇ ਨਾਲ ਮੇਰੀ ਸਾਂਝ ਸ਼ਾਇਦ ਸਤਾਈ ਕੁ ਵਰ੍ਹੇ ਪੁਰਾਣੀ ਹੋਵੇਗੀ ਜਿਸ ਸਮੇਂ ਉਸ ਨੇ ਖਾਨਪੁਰ ਸਕੂਲ ਦੇ ਵਿਚ ਦਾਖਲਾ ਲਿਆ ਉਸ ਤੋਂ ਕੁਝ ਸਮਾਂ ਪਹਿਲਾਂ ਅਸੀਂ ‘ਮਿੱਤਰਤਾ ਦੇ ਡੂੰਘੇ ਸਮੁੰਦਰ’ ਵਿਚ ‘ਸਮਾ’ ਚੁੱਕੇ ਸੀ । ਉਸ ਦਿਨ ਤੋਂ ਲੈ ਕੇ ਅਮਨ ਦੇ ਵਿਛੋੜੇ ਤਕ ਸਭ ਕੁਝ ਇਕੱਠਿਆਂ ਕੀਤਾ ਖਾਣ ਪੀਣ ਤੋਂ ਲੈ ਕੇ ਕੱਪੜਾ ਲੀੜਾ ਪਹਿਨਣ ਤਕ ਨਾਲ ਦੇ ਦੀ ਪਸੰਦ ਪਹਿਲਾਂ ਪੁੱਛੀ ਜਾਂਦੀ ਰਹੀ । ਸਾਡੀ ਜੋਡ਼ੀ ਦੀਆਂ ਲੋਕ ਮਿਸ਼ਾਲਾਂ ਦਿੰਦੇ ਸਨ । ਬਿਨਾਂ ਸ਼ੱਕ ਅਮਨ ਇੱਕ ਬੇਹੱਦ ਸਾਊ, ਸੁਚੱਜਾ ਅਤੇ ਈਮਾਨਦਾਰ ਹੋਣ ਦੇ ਨਾਲ-ਨਾਲ ਨਿੱਜ ਪ੍ਰਸਤੀ ਤੋਂ ਦੂਰ ਸੀ । ਛੋਟੇ ਭਰਾ ਹਰਪ੍ਰੀਤ ਅਤੇ ਬਾਕੀ ਪਰਿਵਾਰ ਦੇ ਵਿਦੇਸ਼ ਵਿੱਚ ਸੈੱਟ ਹੋਣ ਦੇ ਚਲਦਿਆਂ ਪੈਸੇ ਪੱਖੋਂ ਕੋਈ ਕਮੀ ਨਹੀਂ ਸੀ ਆਉਂਦੀ ਜਿਸ ਦੇ ਕਾਰਨ ਉਸ ਨੇ ਸਮਾਜ ਸੇਵਾ ਦੇ ਖੇਤਰ ਅੰਦਰ ਵਿਚਰ ਕੇ ਦੀਨ ਦੁਖੀਆਂ ਦੀ ਮੱਦਦ ਕਰਨ ਦਾ ਤਹੱਈਆ ਕੀਤਾ ਤੇ ਨਿਭਾਇਆ । ਅਮਨ ਨੇ ਦਰਜਨਾਂ ਕੁਡ਼ੀਆਂ ਨੂੰ ਆਈਲੈੱਟਸ ਕਰਨ ਤੋਂ ਬਾਅਦ ਵਿਦੇਸ਼ ਦੀ ਧਰਤੀ ਤੇ ਪਹੁੰਚਦਾ ਕਰਨ ਵਿਚ ਯੋਗਦਾਨ ਤਾਂ ਪਾਇਆ ਹੀ ਅਤੇ ਜਿਸ ਨੂੰ ਲੋੜ ਪਈ ਪੈਸੇ ਪੱਖੋਂ ਵੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ । ਗ਼ਰੀਬ ਮਰੀਜ਼ਾਂ ਲਈ ਤਾਂ ਉਹ ਰੱਬ ਦਾ ਰੂਪ ਸੀ । ਅਸੀਂ ਜਦ ਦੀਪੇ ਅਤੇ ਝੱਲ ਦੇ ਨਾਲ ਟੂਰ ਤੇ ਜਾਣਾ ਤਾਂ ਸਮੁੰਦਰ ਬਗੈਰਾ ਤੇ ਜਾਣ ਸਮੇਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਉਸ ਨੂੰ ਪਾਣੀ ਤੋਂ ਦੂਰ ਰੱਖਾਂ ਕਿਉਂਕਿ ਉਹ ਡੂੰਘੇ ਪਾਣੀਆਂ ਵਿੱਚ ਜਾਣ ਦੀ ਅਕਸਰ ਜ਼ਿੱਦ ਕਰਦਾ ਰਹਿੰਦਾ ਸੀ ਪਰ ਕੀ ਪਤਾ ਸੀ… । ਲੰਘੇ ਵੇਲਿਆਂ ‘ਚ ਜਦੋਂ ਪਿੰਡਾਂ ਵਿੱਚ ਰਾਤ ਨੂੰ ਪਹਿਰੇ ਲੱਗਦੇ ਸਨ ਤਾਂ ਕਈ ਵਾਰ ਜਦੋਂ ਅਸੀਂ ਡਿਊਟੀ ਦੇਣੀ ਹੁੰਦੀ ਤਾਂ ਚੌਕ ਵਿੱਚ ਇੱਕ ‘ਰੇਹੜਾ’ ਲਾ ਕੇ ਮੈਂ ਉਸ ਨੂੰ ਆਖ ਦੇਣਾ ਕਿ ਜਾਂ ਅਮਨ ਤੂੰ ਸੌਂ ਜਾ, ਅਤੇ ਕਈ ਵਾਰ ਅਸੀਂ ਆਪਸ ਵਿੱਚ ਥੋਡ਼੍ਹਾ ਬਹੁਤ ਖਹਿਬੜਨ ਤੋਂ ਬਾਅਦ ਜਦ ਬੋਲਣੋਂ ਚੁੱਪ ਹੋ ਜਾਣਾ ਤਾਂ ਉਸ ਨੇ ਕੁਝ ਘੰਟਿਆਂ ਬਾਅਦ ਆ ਕੇ ਫੇਰ ਆਖਣਾ ਕਿ ਕਿਵੇਂ ਐ ਬਾਈ । ਇਹ ਉਸ ਦੀ ਫਿਤਰਤ ਸੀ ਵਡੱਪਣ ਸੀ ਜੋ ਅਮਨ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ । ਅਮਨ ਨੂੰ ਮਿਲ ਕੇ ਉਹ ਕਹਾਵਤ ਝੂਠੀ ਪ੍ਰਤੀਤ ਹੁੰਦੀ ਸੀ ਕਿ ਜਿਨ੍ਹਾਂ ਦਾ ਆਪਸ ਵਿੱਚ ਜਿੰਨਾ ਜ਼ਿਆਦਾ ਪਿਆਰ ਹੋਵੇਗਾ ਓਨਾ ਹੀ ਇਕ ਸਮੇਂ ਤੇ ਦੂਰੀ ਪੈ ਜਾਵੇਗੀ ।
ਬਾਰਾਂ ਵਰ੍ਹੇ ਪਹਿਲਾਂ ਅਮਨ ਦੇ ਵਿਆਹ ਤੋਂ ਬਾਅਦ ਛੋਟੀ ਭੈਣ ਹਰਪ੍ਰੀਤ ਦੀ ਕੁੱਖੋਂ ਪੁੱਤਰ ਪ੍ਰਭਨੂਰ ਨੇ ਜਨਮ ਲਿਆ । ਚਾਚਾ ਚਾਚੀ ਨਿਕੇ ਕੋਲ ਆਸਟ੍ਰੇਲੀਆ ਅਕਸਰ ਗੇੜਾ ਮਾਰਦੇ ਰਹਿੰਦੇ ਸਨ । ਪਰਮਜੀਤ ਭੈਣ ਅਤੇ ਭਣੋਈਆ ਇੰਸਪੈਕਟਰ ਜਸਵਿੰਦਰ ਸਿੰਘ ਧੂਰੀ ਵਿਖੇ ਆਪਣੀ ਚੰਗੀ ਦਿਨ ਕਟੀ ਕਰ ਰਹੇ ਸੀ । ਜ਼ਿੰਦਗੀ ਦੀ ਗੱਡੀ ਬੜੇ ਵਧੀਆ ਢੰਗ ਨਾਲ ਆਪਣੀ ਪਟੜੀ ਤੇ ਸ਼ੂਕਦੀ ਜਾ ਰਹੀ ਸੀ ਕਿ ਅਚਾਨਕ ਆਏ ਤੂਫਾਨ ਨੇ ਸਭ ਕੁਝ ਨੇਸਤੋਂ-ਨਾਬੂਦ ਕਰ ਦਿੱਤਾ । ਕਦੇ ਸੋਚਿਆ ਵੀ ਨਹੀਂ ਸੀ ਕਿ ਪਰਛਾਵੇਂ ਵਾਂਗ ਨਾਲ ਰਹਿਣ ਵਾਲਾ ਅਮਨ, ਸਭ ਕੁਝ ਦਾ ਸਾਂਝੀਦਾਰ ਇਕੱਲਿਆਂ ਛੱਡ ਕੇ ਇੰਝ ਪਿੱਠ ਦਿਖਾ ਜਾਵੇਗਾ । ਮੇਰੇ ਵਰ੍ਹਿਆਂ ਦੇ ਅਖ਼ਬਾਰਾਂ ਵਿੱਚ ਲਿਖਣ ਦੇ ਸਫ਼ਰ ਦੌਰਾਨ ਫ਼ਿਲਮੀ ਸਟੋਰੀਆਂ ਤੋਂ ਲੈ ਕੇ ਕਲਾਕਾਰਾਂ ਅਤੇ ਸਿਆਸੀ ਆਗੂਆਂ ਨਾਲ ਕੀਤੀਆਂ ਟੀ.ਵੀ. ਇੰਟਰਵਿਊਜ਼ ਵਿੱਚ ਅਮਨ ਨੇ ਹਮੇਸ਼ਾਂ ਨਾਲ ਰਹਿਣਾ ਅਤੇ ਟੋਕਾ-ਟਾਕੀ ਕਰਨੀ । ਜ਼ਿੰਦਗੀ ਅੰਦਰ ਬਥੇਰੇ ਉਤਰਾਅ ਚੜ੍ਹਾਅ ਆਏ, ਦੁੱਖ- ਸੁੱਖ ਵੀ ਸਹਿਣਾ ਪਿਆ ਪਰ ਉਹ ਇਨਸਾਨ ਕਦੇ ਡੋਲਿਆ ਨਹੀਂ ਸੀ ਤੇ ਨਾ ਉਸ ਨੇ ਨਾਲ ਦੇ ਨੂੰ ਕਦੇ ਡੋਲਣ ਦਿੱਤਾ ਸੀ । ਚੋਣਾਂ ਦੌਰਾਨ ਜੋ ਵੀ ਡਿਊਟੀ ਉਸ ਨੂੰ ਵੱਡੇ ਭਰਾ ਜਥੇਦਾਰ ਨੇ ਸੌਂਪਣੀ ਤਾਂ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾ ਕੇ ਕੰਮ ਨੂੰ ਨੇਪਰੇ ਚਾੜ੍ਹ ਦੇਣਾ ਕੇਵਲ ਉਸ ਦੇ ਹਿੱਸੇ ਸੀ । ਮੈਨੂੰ ਜਦ ਕਦੇ ਸਨਮਾਨ ਮਿਲਣਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਅਮਨ ਨੂੰ ਹੋਣੀ ।
ਬੜਾ ਖੁਸ਼ ਸੀ ਉਹ ਅਤੇ ਖੇਤੀ ਵੀ ਦੱਬ ਕੇ ਕਰਦਾ ਸੀ ਆਪ ਅੱਗੇ ਹੋ ਕੇ ਖੇਤੀ ਦਾ ਕੰਮ ਕਰਨਾ ਜਿਵੇਂ ਉਸ ਲਈ ਨਿਆਮਤ ਸੀ ਪਰ ਉਸ ਦੇ ਅੰਦਰ ਕੀ ਚੱਲ ਰਿਹਾ ਸੀ , ਕੀ ਟੁੱਟ ਰਿਹਾ ਸੀ, ਬਾਹਰੋਂ ਖ਼ੁਸ਼ ਦਿਖਣ ਵਾਲਾ ਇਨਸਾਨ ਅੰਦਰੋਂ ਬੁਰੀ ਤਰ੍ਹਾਂ ਕਿਵੇਂ ਨਪੀੜਿਆ ਜਾ ਰਿਹਾ ਸੀ ਇਹ ਤਾਂ ਉਸ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਿਆ । ‘ਇਕੱਲਾਪਣ ਕੀ ਹੁੰਦੈ’ ਉਸ ਦੇ ਅਰਥ ਬਾਅਦ ਵਿੱਚ ਸਮਝ ਆਏ । ਵਿਛੋੜੇ ਦੀ ਚੀਸ ਕਿੱਥੋਂ ਤਕ ਮਾਰ ਕਰਦੀ ਹੈ ਇਹ ਵੀ ਸਮਾਂ ਪਏ ਤੋਂ ਪਤਾ ਲੱਗਿਆ । ਅਮਨ ਦੇ ਜਾਣ ਤੋਂ ਬਾਅਦ ਸੁੰਨੇ ਹੋ ਗਏ ਨੇ ਉਹ ‘ਖੇਤ ਅਤੇ ਰਾਹਵਾਂ’ ਜਿਨ੍ਹਾਂ ਤੇ ਉਹ ਅਕਸਰ ਜਾਇਆ ਕਰਦਾ ਸੀ ਅਤੇ ਸੁੰਨ-ਮਸੁੰਨ ਹੋ ਚੁੱਕੀ ਹੈ ਰੋੜੀ ਵਾਲੇ ਦੀ ਉਹ ਮੋਟਰ ਜਿਸ ਤੇ ਬੈਠ ਅਸੀਂ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਸੀ । ਖ਼ੈਰ ਜੋ ਵੀ ਹੁੰਦੈ ਉਸ ਡਾਹਢੇ ਮਾਲਕ ਦੀ ਰਜ਼ਾ ਨਾਲ ਹੀ ਹੁੰਦੈ ਉਸ ਨੂੰ ਭਾਵੇਂ ਅਸੀਂ ਮੋੜਾ ਤਾਂ ਨਹੀਂ ਦੇ ਸਕਦੇ ਪਰ ਅਮਨ ਨੂੰ ਸ਼ਬਦਾਂ ‘ਚ ਜਿਊਂਦਾ ਰੱਖਣ ਦੀ ਕੋਸ਼ਿਸ਼ ਜਰੂਰ ਕਰਾਂਗੇ । ਪੂਰੀ ਕਾਇਨਾਤ ਰੋਈ ਸੀ ਅਮਨ ਦੇ ਜਾਣ ਤੋਂ ਬਾਅਦ ਉਸ ਨੂੰ ਚੇਤੇ ਕਰਕੇ । ਕਿਵੇਂ ਭੁੱਲ ਸਕਦੀਆਂ ਨੇ ਉਸ ਦੀਆਂ ਕੀਤੀਆਂ ਉਹ ਗੱਲਾਂ ਕਿ ਇਕੱਠੇ ਹੀ ਔਹ ਕਰਾਂਗੇ, ਆਹ ਕਰਾਂਗੇ । ਇਉਂ ਲਗਦਾ ਜਿਵੇਂ ਉਹ ਸਾਡੇ ਵਿੱਚ ਹੀ ਤੁਰਿਆ ਫਿਰਦਾ ਹੋਵੇ । ਬਿਲਕੁਲ ਲਟ-ਲਟ ਬਲਦਾ ਚਿਰਾਗ਼ ਸੀ ਸਾਡਾ ਅਮਨ ਅਤੇ ਵਿਰਲੇ ਇਨਸਾਨ ਹੀ ਜੰਮਦੇ ਨੇ ਉਸ ਵਰਗੇ, ਜਿਸ ਤੇ ਕਿਸੇ ਸ਼ਾਇਰ ਦੀਆਂ ਇਹ ਲਾਈਨਾਂ ਹੂ ਬ ਹੂ ਢੁੱਕਦੀਆਂ ਨੇ ਕਿ ‘ਬੁਝ ਗਿਆ ਤੋ ਕਿਆ ਹੂਆ, ਜਿਤਨੀ ਦੇਰ ਜਲ੍ਹਾ ਰੋਸ਼ਨੀ ਤੋਂ ਕੀ ਮੈਨੇ’ ।