Articles

ਮਹਾਤਮਾ ਬੁਧ ਦੇ ਨਿਰਵਾਣ ਦੀ ਅੱਜ ਵੀ ਓਨੀ ਹੀ ਲੋੜ !

ਅੱਜ ਤੋਂ ਢਾਈ ਹਜਾਰ ਸਾਲ ਪਹਿਲਾਂ ਮਹਾਂਪੁਰਖ ਬੁਧ ਨੇ ਛੇ ਸਾਲ ਦੀ ਕਠਿਨ ਤਪਸਿਆ ਤੋਂ ਬਾਅਦ ਪ੍ਰਾਪਤ ਹੋਏ ਅਪਣੇ ਅਨੁਭਵੀ (ਆਤਮਿਕ) ਗਿਆਨ ਨੂੰ ਵੰਡਣ ਲਈ 45 ਸਾਲ ਉਸ ਦਾ ਪ੍ਰਚਾਰ ਕੀਤਾ। ਬਾਅਦ ਵਿਚ ਹੋਏ ਅਨੇਕ ਮਹਾਂਪੁਰਖਾਂ ਨੇ ਆਪਣੀ ਜਿੰਦਗੀ ਦੇ ਅਨੁਭਵ ਵਿਚੋਂ ਇਸ ਗਿਆਨ ਦੀ ਪੁਸ਼ਟੀ ਕੀਤੀ। ਦਸ ਗੁਰੂ ਸਾਹਿਬਾਨ ਤੇ ਮਹਾਨ ਭਗਤਾਂ ਨੇ ਗੁਰਮਤਿ ਦੇ ਰੂਪ ਵਿਚ ਇਸ ਗਿਆਨ ਨੂੰ ਹੋਰ ਪੁਸ਼ਟ ਕੀਤਾ ਅਤੇ ਨਵਿਆ ਕੇ ਅਗੇ ਤੋਰਿਆ। ਮਾਰਕਸ ਤੇ ਏਂਗਲਜ ਨੇ ਤਿੰਨ ਮਹਾਨ ਸਾਮੀ ਧਰਮਾਂ ਦੀ ਪਿਰਤ ਨੂੰ ਅਗੇ ਤੋਰਦੇ ਹੋਏ ਇਸ ਗਿਆਨ ਨੂੰ ਰਾਜਨੀਤੀ ਵਿਚ ਢਾਲ ਕੇ ਇਕ ਨਵੇਂ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ। ਰੂਸ-ਚੀਨ ਅਤੇ ਅਨੇਕ ਦੇਸਾਂ ਵਿਚ ਅਜਿਹੇ ਯਤਨ ਕੀਤੇ ਗਏ, ਜਿਹੜੇ ਪੂਰੀ ਤਰ੍ਹਾਂ ਸਫਲ ਨਾ ਹੋਏ। ਕਿਉਂਕਿ ਨਵੇਂ ਸਮਾਜ ਦੀ ਸਿਰਜਣਾ ਲਈ ਨਵਾਂ ਮਨੁਖੀ ਮਨ ਨਾ ਘੜਿਆ ਜਾ ਸਕਿਆ। ਇਸੇ ਦਾ ਖਮਿਆਜਾ ਹੁਣ ਤਕ ਚੌਗਿਰਦੇ ਦੀ ਤਬਾਹੀ, ਟੁਟ ਰਹੇ ਪਰਿਵਾਰਾਂ ਤੇ ਯੂਕਰੇਨ ਵਿਚ ਅਮਰੀਕੀ ਸਾਮਰਾਜ ਦੀ ਅਗਵਾਈ ਹੇਠਲੇ ਨਾਟੋ ਦੇਸਾਂ ਤੇ ਰੂਸ ਚੀਨ ਦਰਮਿਆਨ ਚਲ ਰਹੀ ਤੀਜੀ ਸੰਸਾਰ ਜੰਗ ਦੇ ਰੂਪ ਵਿਚ ਮਨੁਖ ਜਾਤੀ ਭੁਗਤ ਰਹੀ ਹੈ।)
ਰਾਜ ਭਾਗ ਤੇ ਐਸ਼ਵਰਜ ਦਾ ਪੂਰਨ ਤਿਆਗ ਕਰ ਕੇ ਸਿਧਾਰਥ ਨੇ ਆਪਣੇ ਸ਼ਾਹੀ ਬਸਤਰ ਲਾਹ ਕੇ ਇਕ ਮੰਗਤੇ ਨੂੰ ਦੇ ਦਿਤੇ ਤੇ ਆਪ ਉਸ ਦੀ ਗੋਦੜੀ ਪਹਿਨ ਲਈ। ਅਨੋਮਾ ਨਦੀ ਪਾਰ ਕਰ ਕੇ ਸਿਧਾਰਥ ਗੌਤਮ ਨੇ ਸਤ ਦਿਨ ਇਕ ਅੰਬਾਂ ਦੀ ਝਿੜੀ ਵਿਚ ਕਟੇ। ਇਥੋਂ ਤੁਰ ਕੇ ਗੌਤਮ ਮਗਧ ਦੇਸ ਦੇ ਮਹਾਂਬਲੀ ਰਾਜਾ ਬਿੰਬਸਾਰ ਦੀ ਰਾਜਧਾਨੀ ਰਾਜਗ੍ਰਹਿ ਨਗਰ ਵਿਚ ਆਇਆ। ਗੌਤਮ ਦੀ ਸੁੰਦਰ ਨੁਹਾਰ ਤੇ ਸਾਤਵਿਕ ਸੁਭਾਅ ਤੋਂ ਬਿੰਬਸਾਰ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਰਾਜਗੁਰੂ ਬਣ ਕੇ ਰਾਜਗ੍ਰਹਿ ਵਿਚ ਟਿਕਣ ਲਈ ਕਿਹਾ। ਪਰ ਨਿਰਵਾਣ ਪ੍ਰਾਪਤੀ ਲਈ ਘਰੋਂ ਨਿਕਲੇ ਗੌਤਮ ਨੇ ਇਹ ਪਦਵੀ ਸਵੀਕਾਰ ਨਾ ਕੀਤੀ।
ਨੇੜੇ ਹੀ ਪਰਬਤ ਦੀ ਇਕ ਗੁਫਾ ਵਿਚ ਇਕ ਨਿਆਇ ਸ਼ਾਸਤਰ ਦਾ ਮਹਾਨ ਵਿਦਵਾਨ ਬ੍ਰਾਹਮਣ ਆਲਾਰ ਕਲੰਙ ਰਹਿੰਦਾ ਸੀ। ਉਸ ਨੂੰ ਗੁਰੂ ਧਾਰਨ ਕਰ ਕੇ ਗੌਤਮ ਉਸ ਕੋਲੋ ਵਿਦਿਆ ਪੜ੍ਹਨ ਲਗਾ। ਨਿਆਇ ਸ਼ਾਸਤਰ ਦਾ ਗਿਆਨ ਪ੍ਰਾਪਤ ਕਰ ਕੇ ਗੌਤਮ ਇਕ ਹੋਰ ਉਦ੍ਰਕ ਨਾਮੀ ਵਿਦਵਾਨ ਪੰਡਿਤ ਕੋਲੋ ਸਾਂਖ ਸ਼ਾਸਤਰ ਪੜ੍ਹਨ ਲਗਾ। ਪਰ ਦਰਸ਼ਨ ਵਿਦਿਆ ਦੇ ਅਧਿਐਨ ਨਾਲ ਗੌਤਮ ਦੀ ਸ਼ੰਕਾ ਨਵਿਰਤ ਨਾ ਹੋਈ। ਜਿਸ ਪਰਮਾਨੰਦ ਨਿਰਵਾਣ ਦੀ ਪ੍ਰਾਪਤੀ ਲਈ ਉਸ ਨੇ ਰਾਜਭਾਗ ਤਿਆਗਿਆ ਸੀ, ਉਸ ਦੀ ਪ੍ਰਾਪਤੀ ਨਾ ਹੋਈ।
ਉਥੋਂ ਚਲ ਕੇ ਗੌਤਮ ਵਿੰਧਿਆਚਲ ਦੀ ਉਤਰੀ ਨੁਕਰ ਵਿਚ ਸਥਿਤ ਬੜੇ ਸੁਹਾਵਣੇ ਉਰਵੇਲ ਨਾਮੀ ਬਣ ਵਿਚ ਪੁਜ ਗਿਆ। ਬਣ ਵਿਚ ਇਕ ਸਾਫ ਤੇ ਸੀਤਲ ਜਲ ਦੀ ਨਦੀ ਵਗਦੀ ਸੀ। ਇਥੇ ਟਿਕ ਕੇ ਗੌਤਮ ਨੇ ਘੋਰ ਤਪ ਤੇ ਕਠਿਨ ਸਾਧਨਾ ਕੀਤੀ। ਉਸ ਸਮੇਂ ਪੰਜ ਚੇਲੇ ਉਸ ਦੇ ਨਾਲ ਸਨ। ਉਸ ਨੇ ਇਥੇ ਛੇ ਸਾਲ ਤਪ ਤੇ ਸਾਧਨਾ ਕੀਤੀ। ਗੌਤਮ ਦੀ ਤਪਸਿਆ ਦੀ ਕੀਰਤੀ ਦੂਰ ਦੂਰ ਤਕ ਪਸਰ ਗਈ। ਸਮਾਂ ਪਾ ਕੇ ਗੌਤਮ ਬੁਧ ਦਾ ਸਰੀਰ ਤਪਾ ਬਰਤਾਂ ਨਾਲ ਏਨਾ ਨਿਰਬਲ ਹੋ ਗਿਆ ਕਿ ਉਹ ਆਪਣੀ ਕਿਰਿਆ ਸਾਧਣ ਤੋਂ ਵੀ ਅਸਮਰਥ ਹੋ ਗਿਆ। ਇਕ ਦਿਨ ਉਹ ਬੇਸੁਧ ਹੋ ਕੇ ਡਿਗ ਪਿਆ। ਪੰਜੇ ਚੇਲੇ ਗੌਤਮ ਤੋਂ ਦੂਰ ਬੈਠੇ ਆਪਣੇ ਤਪਸਵੀ ਗੁਰੂ ਬਾਰੇ ਸੋਚ ਰਹੇ ਸਨ ਕਿ ਹੁਣ ਗੌਤਮ ਨੂੰ ਇਸ ਮਹਾਨ ਤਪਸਿਆ ਦੇ ਫਲਸਰੂਪ ਅਨੇਕ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਹੋਵੇਗੀ।
ਇਕ ਲਾਗਲੀ ਪਹਾੜੀ ਉਤੇ ਦੇਵੀ ਦੇ ਮੰਿਦਰ ਪੂਜਾ ਕਰਨ ਜਾਂਦੇ ਕੁਝ ਨਿ੍ਰਤਕਾਰ ਉਥੋਂ ਲੰਘੇ। ਇਹਨਾਂ ਨਿ੍ਰਤਕਾਰਾਂ ਵਿਚ ਇਕ ਨਾਚੀ ਕੁੜੀ ਦੋਤਾਰੇ ਦੀ ਲੈਅ ਉਤੇ ਗਾਂਦੀ ਤੁਰੀ ਜਾ ਰਹੀ ਸੀ :
ਮਧੁਰ ਮਧੁਰ ਧੁਨ, ਮਧੁਰ ਮਧੁਰ ਸ੍ਵਰ,
ਬਾਜਤ ਹੈ ਦੋਤਾਰਾ, ਸਾਜਨ।
ਬਾਜਤ ਹੈ ਦੋਤਾਰਾ,
ਅਧਿਕ ਨਾ ਖੈਂਚੋ ਤਾਰੇ ਸਾਜਨ,
ਸ੍ਵਰ ਖੰਡਤ ਹੋ ਟੂਟ ਜਾਤ ਹੈ,
ਕਸ਼ਟ ਹੋਤ ਹੈ, ਭਾਰਾ।
ਮਧੁਰ ਮਧੁਰ ਧੁਨ, ਮਧੁਰ ਮਧੁਰ ਸ੍ਵਰ,
ਬਾਜਤ ਹੈ ਦੋਤਾਰਾ।
ਢੀਲ ਨਾ ਦੋ ਤਾਰੋਂ ਕੋ ਸਾਜਨ,
ਢੀਲ ਦੀਏ ਸ੍ਵਰ ਭੰਗ ਹੋਤ ਹੈ,
ਬਹੇ ਨਾ ਗੀਤਨ ਧਾਰਾ।
ਮਧੁਰ ਮਧੁਰ ਧੁਨ, ਮਧੁਰ ਮਧੁਰ ਸ੍ਵਰ,
ਬਾਜਤ ਹੈ ਦੋਤਾਰਾ।
ਦੋਤਾਰੇ ਦੇ ਮਧੁਰ ਸੰਗੀਤ ਤੇ ਗੀਤ ਦੇ ਬੋਲਾਂ ਨਾਲ ਗੌਤਮ ਦੀ ਹੋਸ਼ ਪਰਤ ਆਈ। ਉਸ ਨੇ ਸੋਚਿਆ ਕਿ ਇਹ ਨਾਚੀ ਕੁੜੀ ਸਚ ਹੀ ਤਾਂ ਕਹਿੰਦੀ ਹੈ। ਜੇ ਤਾਰਾਂ ਨੂੰ ਢਿਲਾ ਛਡ ਦਈਏ ਤਾਂ ਵੀ ਇਹਨਾਂ ਵਿਚੋਂ ਸੰਗੀਤ ਪੈਦਾ ਨਹੀਂ ਹੁੰਦਾ ਅਤੇ ਜੇ ਇਹਨਾਂ ਨੂੰ ਬਹੁਤਾ ਕਸ ਦਈਏ ਤਾਂ ਵੀ ਇਹਨਾਂ ਵਿਚੋਂ ਸੰਗੀਤ ਨਹੀਂ ਨਿਕਲਦਾ। ਇਹੋ ਦਿ੍ਰਸ਼ਟਾਂਤ ਮਨੁਖੀ ਸਰੀਰ ਦਾ ਹੈ। ਇਉਂ ਵਿਚਾਰ ਕੇ ਗੌਤਮ ਉਠ ਖੜਾ ਹੋਇਆ। ਉਸ ਨੇ ਇਕ ਪਿਪਲ ਦੇ ਬਿਰਖ ਦੀਆਂ ਪਕੀਆਂ ਗੋਹਲਾਂ ਤੋੜ ਕੇ ਖਾ ਲਈਆ। ਗੌਤਮ ਨੂੰ ਗੋਹਲਾਂ ਖਾਂਦਿਆ ਵੇਖ ਕੇ ਪੰਜੇ ਚੇਲਿਆਂ ਨੇ ਜਾਤਾ ਕਿ ਉਹ ਤਪਸਵੀ ਦੀ ਪਦਵੀ ਤੋਂ ਪਤਿਤ ਹੋ ਗਿਆ ਹੈ। ਇਸ ਲਈ ਬਿਨਾਂ ਉਸ ਨੂੰ ਦਸਿਓਂ ਉਹ ਉਰਵੇਲ ਬਣ ਤਿਆਗ ਕੇ ਬਨਾਰਸ ਵਲ ਚਲੇ ਗਏ। ਇਹੋ ਦਿਨ ਸੀ ਜਦੋਂ ਗੌਤਮ ਬੁਧ ਆਪਣੇ ਨਿਜ ਰੂਪ ਵਿਚ ਲੀਨ ਹੋ ਗਏ।
ਬੋਧੀ ਇਸ ਦਿਨ ਨੂੰ ਮਹਾਂ ਪਰਿਨਿਰਵਾਣ ਦਿਵਸ ਕਹਿੰਦੇ ਹਨ। ਇਸ ਦਿਨ ਗੌਤਮ ਨੇ ਮਨ-ਹਠ ਤਿਆਗ ਕੇ ਸਹਿਜ ਪ੍ਰਾਪਤ ਕੀਤਾ। ਉਸ ਨੂੰ ਸੋਝੀ ਹੋਈ ਕਿ ਜੇ ਨਿਰਵਾਣ ਜਿਉਂਦੇ ਜੀਅ ਪ੍ਰਾਪਤ ਕਰਨਾ ਹੈ ਤਾਂ ਜਿਉਂਦੇ ਰਹਿਣ ਲਈ ਸਰੀਰ ਦੀਆਂ ਸੀਮਤ ਕੁਦਰਤੀ ਲੋੜਾਂ ਦੀ ਪੂਰਤੀ ਜਰੂਰੀ ਹੈ। ਕੁਟੀਆ ਵਿਚੋਂ ਨਿਕਲ ਕੇ ਗੌਤਮ ਹੌਲੀ ਹੌਲੀ ਨਿਰੰਜਰਾ ਨਦੀ ਵਲ ਤੁਰ ਪਿਆ। ਨਦੀ ਦੇ ਕੰਢੇ ਇਕ ਪਿਪਲ ਦੇ ਬਿ੍ਰਛ ਹੇਠ ਆ ਕੇ ਉਹ ਬੈਠ ਗਿਆ। ਇਹ ਓਹੀ ਬਿ੍ਰਛ ਹੈ ਜਿਸ ਦੀ ਹਜਾਰਾਂ ਸਾਲਾਂ ਤੋਂ ਸੰਸਾਰ ਭਰ ਵਿਚ ਪੂਜਾ ਹੁੰਦੀ ਆ ਰਹੀ ਹੈ। ਗੌਤਮ ਅਜੇ ਪਿਪਲ ਹੇਠ ਆ ਕੇ ਬੈਠਾ ਹੀ ਸੀ ਕਿ ਇਕ ਧੰਨਵਾਨ ਗਵਾਲੇ ਦੀ ਸੁੰਦਰ ਪਤਨੀ ਸੁਜਾਤਾ ਆਈ ਤੇ ਘੋਰ ਤਪਸਿਆ ਨਾਲ ਸੁਕ ਕੇ ਖੁੰਢ ਹੋਏ ਸਰੀਰ ਵਾਲੇ ਗੌਤਮ ਨੂੰ ਵੇਖ ਕੇ ਉਸ ਨੂੰ ਖੀਰ ਦਾ ਇਕ ਕਟੋਰਾ ਪੇਸ਼ ਕੀਤਾ। ਗੌਤਮ ਨੇ ਉਹ ਕਟੋਰਾ ਪਕੜ ਲਿਆ ਤੇ ਚੁਪਚਾਪ ਹੌਲੀ ਹੌਲੀ ਖੀਰ ਖਾ ਕੇ ਕਟੋਰਾ ਸੁਜਾਤਾ ਨੂੰ ਵਾਪਸ ਮੋੜ ਦਿਤਾ। ਖੀਰ ਖਾ ਕੇ ਗੌਤਮ ਦੇ ਸਰੀਰ ਵਿਚ ਸਤਿਆ ਪਰਤ ਆਈ।
ਉਹ ਪਦਮ ਆਸਣ ਲਾ ਕੇ ਉਥੇ ਹੀ ਬੈਠ ਗਿਆ। ਉਸ ਨੇ ਪ੍ਰਤਗਿਆ ਕੀਤੀ ਕਿ ਨਿਰਵਾਣ ਪ੍ਰਾਪਤੀ ਤੋਂ ਬਿਨਾਂ ਇਥੋਂ ਉਠਣਾ ਨਹੀਂ। ਜਦੋਂ ਸਾਰਾ ਦਿਨ ਤੇ ਅਧੀ ਰਾਤ ਗੌਤਮ ਨੂੰ ਬੈਠਿਆ ਬੀਤ ਗਈ, ਤਾਂ ਬੋਧਾਂ ਦੀਆਂ ਧਰਮ ਪੁਸਤਕਾਂ ਵਿਚ ਲਿਖਿਆ ਹੋਇਆ ਹੈ ਕਿ ਅਸੁਰੀ ਸ਼ਕਤੀਆਂ ਦਾ ਮਾਲਕ ਮਾੜਾ ਗੌਤਮ ਕੋਲ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਸਾਰੀ ਧਰਤੀ ਦਾ ਚਕਰਵਰਤੀ ਰਾਜਾ ਬਣਨਾ ਪ੍ਰਵਾਨ ਕਰ ਲਵੇ ਪਰ ਬੋਧੀ ਗਿਆਨ ਦੀ ਪ੍ਰਤਗਿਆ ਛਡ ਦੇਵੇ। ਗੌਤਮ ਇਸ ਲਈ ਤਿਆਰ ਨਾ ਹੋਇਆ। ਉਹ ਗਿਆਨ ਦੀ ਪ੍ਰਾਪਤੀ ਲਈ ਆਪਣੇ ਧਿਆਨ ਵਿਚ ਮਗਨ ਬੈਠਾ ਰਿਹਾ। ਰਾਤ ਦੇ ਤੀਜੇ ਪਹਿਰ ਗੌਤਮ ਦੀ ਬੁਧ ਪ੍ਰਕਾਸ਼ਿਤ ਹੋ ਗਈ। ਉਸ ਦੇ ਸਭ ਭਰਮ ਭੁਲੇਖੇ ਨਵਿਰਤ ਹੋ ਗਏ। ਉਸ ਨੂੰ ਸੋਝੀ ਹੋ ਆਈ ਕਿ ਜਨਮ ਮਰਨ, ਆਵਾਗਵਣ ਅਤੇ ਦੁਖ ਦਾ ਕਾਰਨ ਕੀ ਹੈ।
ਬੋਧਾਂ ਦੇ ਧਰਮ ਗ੍ਰੰਥ ਦਸਦੇ ਹਨ ਕਿ ਇਸ ਗਿਆਨ ਦੀ ਪ੍ਰਾਪਤੀ ਪਿਛੋਂ ਗੌਤਮ ਦੇ ਮਨ ਵਿਚ ਦੁਵਿਧਾ ਪੈਦਾ ਹੋਈ ਕਿ ਉਹ ਇਸ  ਗਿਆਨ ਦੀ ਸੋਝੀ ਪਾ ਕੇ ਆਪ ਸਦਾ ਸਥਿਰ ਦੁਖ ਰਹਿਤ ਨਿਰਵਾਣ ਦਸ਼ਾ ਵਿਚ ਲੀਨ ਹੋ ਜਾਵੇ ਜਾਂ ਇਸ ਗਿਆਨ ਦਾ ਪ੍ਰਚਾਰ ਸੰਸਾਰ ਵਿਚ ਕਰੇ। ਬੋਧੀ ਧਰਮ ਗ੍ਰੰਥਾਂ ਅਨੁਸਾਰ ਫਿਰ ਮਾੜਾ ਪ੍ਰਗਟ ਹੋਇਆ ਅਤੇ ਉਸ ਨੇ ਬੜੇ ਲਾਲਚ ਗੌਤਮ ਨੂੰ ਦਿਤੇ ਕਿ ਉਹ ਇਸ ਗਿਆਨ ਨੂੰ ਪ੍ਰਾਪਤ ਕਰ ਕੇ ਹੁਣ ਆਪ ਨਿਰਵਾਣ ਵਿਚ ਸਮਾਅ ਜਾਵੇ ਤੇ ਇਸ ਦਾ ਪ੍ਰਚਾਰ ਨਾ ਕਰੇ। ਪਰ ਗੌਤਮ ਕਿਸੇ ਭੈਅ ਲਾਲਚ ਵਿਚ ਨਾ ਆਇਆ ਅਤੇ ਧਰਮ ਦਾ ਪ੍ਰਚਾਰ ਸੰਸਾਰ ਦੇ ਕਲਿਆਣ ਹਿਤ ਕਰਨ ਦੇ ਆਪਣੇ ਨਿਸ਼ਚੇ ਉਤੇ ਦਿ੍ਰੜ ਰਿਹਾ।
ਇਹੀ ਵੇਲਾ ਸੀ ਜਦੋਂ ਗੌਤਮ ਨੂੰ ਬੁਧ ਦੀ ਪ੍ਰਾਪਤੀ ਹੋਈ। ਉਸ ਨੇ ਅਸੁਰੀ ਸ਼ਕਤੀਆਂ ਦੇ ਪ੍ਰਤੀਨਿਧ ਮਾੜੇ ਨੂੰ ਸਦਾ ਲਈ ਹਰਾ ਦਿਤਾ ਸੀ। ਇਸਾਈ ਧਰਮ ਅਤੇ ਇਸਲਾਮ ਵਿਚ ਇਸੇ ਮਾੜੇ ਨੂੰ ਸ਼ੈਤਾਨ ਦੇ ਰੂਪ ਵਿਚ ਕਿਆਸਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਰਬ ਬੰਦੇ ਨੂੰ ਚੰਗੇ ਪਾਸੇ ਲਾਉਂਦਾ ਹੈ ਅਤੇ ਸ਼ੈਤਾਨ ਬੰਦੇ ਨੂੰ ਮਾੜੇ ਪਾਸੇ ਲਾਉਂਦਾ ਹੈ। ਇਹ ਰਾਤ ਦੇ ਤੀਜੇ ਪਹਿਰ ਦਾ ਅੰਤ ਤੇ ਚੌਥੇ ਪਹਿਰ ਦਾ ਆਰੰਭ ਸੀ। ਇਸ ਵੇਲੇ ਗੌਤਮ ਬੁਧ ਦੀ ਉਮਰ ਪੈਂਤੀ ਵਰ੍ਹਿਆਂ ਦੀ ਸੀ।
ਬੁਧ ਸਾਰਨਾਥ ਦੇ ਤਪੋਬਨ ਵਿਚ ਹੀ ਟਿਕ ਗਏ ਅਤੇ ਧਰਮ ਦਾ ਪ੍ਰਚਾਰ ਕਰਨ ਲਗੇ। ਚੁਮਾਸਾ ਬੀਤਣ ਤੋਂ ਬਾਅਦ ਉਹਨਾਂ ਨੇ ਸਾਰੇ ਭਿਖਸ਼ੂਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਬਚਨ ਕੀਤਾ : ‘‘ਮੈਂ ਪੰਜ ਰੋਗਾਂ : ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋਇਆ ਹਾਂ। ਤੁਸੀਂ ਵੀ ਧਰਮ ਉਪਦੇਸ਼ ਗ੍ਰਹਿਣ ਕਰ ਕੇ ਪੰਜ ਰੋਗਾਂ ਤੋਂ ਮੁਕਤ ਹੋਏ ਹੋ। ਇਹਨਾਂ ਪੰਜ ਰੋਗਾਂ ਦੇ ਜਾਲ ਵਿਚ ਮਨੁਖ ਅਤੇ ਦੇਵਤੇ ਸਭ ਫਸੇ ਹੋਏ ਹਨ। ਭਾਈਓਂ! ਜਾਓ! ਸੰਸਾਰ ਦੇ ਭਲੇ ਲਈ ਦਇਆਵਾਨ ਹੋ ਕੇ ਧਰਮ ਦਾ ਪ੍ਰਚਾਰ ਕਰੋ। ਧਰਮ, ਜਿਹੜਾ ਕਿ ਆਦਿ ਮਧ ਤੇ ਅੰਤ ਵਿਚ ਸੁਖਦਾਈ ਹੈ। ਸ਼ੁਧ ਆਚਾਰ ਤੇ ਪੂਰਨ ਜੀਵਨ ਜਾਚ ਦਾ ਪ੍ਰਚਾਰ ਕਰੋ। ਕਾਮਨਾਵਾਂ (ਇਛਾਵਾਂ) ਦੀ ਅਗਨੀ ਨਾਲ ਮਨੁਖ ਦਾ ਸਰੀਰ ਅਤੇ ਮਨ ਬਲ ਰਹੇ ਹਨ। ਇਸ ਅਗਨੀ ਤੋਂ ਸਰੀਰ ਤੇ ਮਨ ਦਾ ਬਚਾਅ ਕਰਨਾ ਹੀ ਪਰਮ ਧਰਮ ਹੈ। ਕਰਮ ਕਾਂਡ, ਯਗ, ਹਵਨ ਮੁਕਤੀ ਦਾ ਮਾਰਗ ਨਹੀਂ ਹਨ। ਨਿਰਵਾਣ ਦੀ ਪ੍ਰਾਪਤੀ ਮਨ ਦੀ ਸ਼ੁਧੀ ਨਾਲ ਹੁੰਦੀ ਹੈ।
ਚੀਨ ਵਿਚ ਇਕ ਰਵਾਇਤ ਪ੍ਰਬਲ ਹੈ ਕਿ 61 ਈਸਵੀ ਵਿਚ ਮਹਾਰਾਜ ਧੀਰਾਜ ਮਿੰਗ ਤੀ ਨੂੰ ਇਕ ਸੁਪਨਾ ਆਇਆ ਕਿ ਉਹ ਆਪਣੇ ਰਾਜ ਵਿਚ ਸ੍ਰੇਸ਼ਟ ਤੇ ਕਲਿਆਣਕਾਰੀ ਬੁਧ ਧਰਮ ਦਾ ਪ੍ਰਚਾਰ ਕਰਾਵੇ। ਉਸ ਨੇ ਆਪਣੇ ਦੂਤ ਭਾਰਤ ਭੇਜੇ। ਇਹ ਦੂਤ ਬੁਧ ਮਤਿ ਦੇ ਗ੍ਰੰਥ ਤੇ ਮੂਰਤੀਆਂ ਲੈ ਕੇ ਚੀਨ ਪਹੰੁਚੇ। ਇਹਨਾਂ ਧਰਮ ਗ੍ਰੰਥਾਂ ਦੇ ਚੀਨੀ ਭਾਸ਼ਾ ਵਿਚ ਉਲਥੇ ਕੀਤੇ ਗਏ। ਪਰ ਬੁਧ ਧਰਮ ਦੇ ਪ੍ਰਚਾਰ ਨੂੰ ਚੀਨ ਵਿਚ ਝਟਪਟ ਸਫਲਤਾ ਨਾ ਮਿਲੀ। ਦੋ ਮਹਾਨ ਮਹਾਂਪੁਰਖਾਂ ਤਾਓ ਤੇ ਕਨਫਿਊਸ਼ੀਅਸ ਦੇ ਵਿਚਾਰਾਂ ਦਾ ਉਸ ਵੇਲੇ ਚੀਨ ਵਿਚ ਬਹੁਤ ਪ੍ਰਭਾਵ ਸੀ। ਇਸ ਕਾਰਨ ਚੀਨੀ ਸਭਿਅਤਾ ਵਿਚ ਪਿਤ੍ਰੀ ਪੂਜਾ ਤੇ ਸੰਤਾਨ ਉਤਪਤੀ ਧਰਮ ਦੇ ਮੁਖ ਅੰਗ ਮੰਨੇ ਗਏ ਹਨ। ਬ੍ਰਹਮਚਾਰੀ ਭਾਵ ਅਵਿਵਾਹਿਤ ਰਹਿ ਕੇ ਅਤੇ ਭਿਖਿਆ ਮੰਗ ਜੀਵਨ ਬਸਰ ਕਰਨ ਤੇ ਧਰਮ ਦਾ ਪ੍ਰਚਾਰ ਕਰਨ ਦੇ ਬੋਧੀ ਨੇਮਾਂ ਦਾ ਬਹੁਤ ਸਖਤ ਵਿਰੋਧ ਹੋਇਆ।
ਚੀਨ ਵਿਚ ਬੁਧ ਧਰਮ ਦੇ ਪ੍ਰਚਾਰ ਨੂੰ ਚੌਥੀ-ਪੰਜਵੀਂ ਸਦੀ ਵਿਚ ਉਦੋਂ ਸਫਲਤਾ ਮਿਲੀ ਜਦੋਂ ਭਗਤੀ ਅਤੇ ਸ਼ਰਧਾ ਯੋਗ ਦੁਆਰਾ ਨਿਰਵਾਣ ਪ੍ਰਾਪਤ ਕਰਨ ਦੇ ਸਿਧਾਂਤਾਂ ਨੂੰ ਪਰ੍ਹੇ ਰਖ ਕੇ ਪ੍ਰਚਾਰ ਕੀਤਾ ਗਿਆ ਕਿ ਆਪਣੇ ਅੰਤਰ ਆਤਮੇ ਵਿਚ ਦਿਬ ਦਿ੍ਰਸ਼ਟੀ ਦੁਆਰਾ ਹੀ ਬੁਧ ਦੀ ਪਦਵੀ ਦੀ ਪ੍ਰਾਪਤੀ ਹੋ ਸਕਦੀ ਹੈ। ਇਹੀ ਬੁਧ ਧਰਮ ਦੇ ਸਿਧਾਂਤਾਂ ਦਾ ਸਾਰਤਤ ਸੀ। ਇਸੇ ਨੂੰ ਹੀ ਧਿਆਨ ਆਖਿਆ ਜਾਂਦਾ ਹੈ। ਬੁਧ ਮਤਿ ਦਾ ਇਹ ਰੂਪ ਚੀਨ ਵਿਚ ਬੜਾ ਫੈਲਿਆ। (ਸਿਰਦਾਰ ਕਪੂਰ ਸਿੰਘ ਦੀ ਇਕ ਲਿਖਤ ਉਤੇ ਆਧਾਰਿਤ)
ਧਮ  ਬੁਧ ਮਤਿ ਦੇ ਧਰਮ ਗ੍ਰੰਥ ਦੇ ਮੁਢ ਵਿਚ ਹੀ ਇਹ ਜਾਣਕਾਰੀ ਦਿਤੀ ਗਈ ਹੈ  ਜੀਵਨ ਦੇ ਭਾਵਾਂ ਦਾ ਮੁਢ ਮਨ ਤੋਂ ਹੁੰਦਾ ਹੈ। ਮਨ ਹੀ ਸਾਰੀਆਂ ਕਿਰਿਆਵਾਂ ਦਾ ਮੂਲ ਹੈ। ਮਨ ਦੀ ਹੀ ਸਾਰੀ ਮਾਇਆ ਹੈ। ਜਿਹੜਾ ਮਨੁਖ ਬੁਰੇ ਮਨ ਨਾਲ ਬੋਲਦਾ ਜਾਂ ਕੰਮ ਕਰਦਾ ਹੈ, ਉਸ ਦੇ ਪਿਛੇ ਦੁਖ ਉਸੇ ਤਰ੍ਹਾਂ ਪੈਂਦਾ ਹੈ ਜਿਵੇਂ ਰਥ ਦਾ ਪਹੀਆ ਰਥ ਖਿਚਣ ਵਾਲੇ ਬਲਦ ਦੇ। ਜਿਹੜਾ ਮਨੁਖ ਸ਼ੁਧ ਮਨ ਤੋਂ ਬੋਲਦਾ ਜਾਂ ਕੰਮ ਕਰਦਾ ਹੈ, ਪਿਛੇ ਚਲਣ ਵਾਲੇ ਪਰਛਾਵੇਂ ਵਾਂਗ ਸੁਖ ਸਦਾ ਉਸ ਦਾ ਪਿਛਾ ਕਰਦੇ ਹਨ। ਜੇ ਮਨ ਕਾਬੂ ਵਿਚ ਹੈ ਤਾਂ ਸਭ ਕੁਝ ਕਾਬੂ ਵਿਚ ਹੈ। ਮਨ ਹੀ ਸ੍ਰੇਸ਼ਟ ਹ। ਇਸ ਦੀ ਸਾਧਨਾ ਹੀ ਸਭ ਕੁਝ ਹੈ। ਮਨ ਹੀ ਸਭ ਨੇਕੀਆਂ ਤੇ ਬੁਰਾਈਆਂ ਦਾ ਸੋਮਾ ਹੈ। ਜੋ ਕੁਝ ਵੀ ਬੁਰਾਈ ਹੈ, ਜਿਸ ਦਾ ਬੁਰਾਈ ਨਾਲ ਰਿਸ਼ਤਾ ਹੈ, ਜੋ ਬੁਰਾਈ ਨਾਲ ਭਰੀ ਹੋਈ ਹੈ, ਉਹ ਸਭ ਮਨ ਦੀ ਹੀ ਪੈਦਾਵਾਰ ਹੈ। ਜੋ ਕੁਝ ਵੀ ਭਲਾ ਹੈ, ਜਿਸ ਦਾ ਭਲਾਈ ਨਾਲ ਰਿਸ਼ਤਾ ਹੈ, ਜੋ ਭਲਾਈ ਨਾਲ ਭਰੀ ਪਈ ਹੈ, ਉਹ ਸਭ ਵੀ ਮਨ ਦੀ ਹੀ ਪੈਦਾਵਾਰ ਹੈ।
ਇਸ ਧਰਮ ਦੀ ਅੱਜ ਵੀ ਮਨੁਖ ਜਾਤੀ ਨੂੰ ਓਨੀ ਹੀ ਲੋੜ ਹੈ, ਜਿਨੀ ਕਿ ਉਸ ਵੇਲੇ ਸੀ। ਤਥਾਗਤ ਬੁਧ ਨੇ ਮਨੁਖੀ ਦੁਖ ਦੇ ਤਿੰਨ ਕਾਰਨ ਦਸੇ ਹਨ : 1. (ਆਪਣੇ ਨਾਸ਼ਵਾਨ ਸਰੀਰ ਪ੍ਰਤੀ) ਅਗਿਆਨਤਾ। 2. ਤਿ੍ਰਸਨਾ (ਆਪਣੀਆ ਸੀਮਤ ਕੁਦਰਤੀ ਲੋੜਾਂ ਤੋਂ ਵਧੇਰੇ ਦੀਆਂ ਇਛਾਵਾਂ ਦੀ ਪੂਰਤੀ ਲਈ ਭਜ-ਦੌੜ) ਤੇ 3. ਨਿਜੀ ਜਾਇਦਾਦ ਦੀ ਹੋਂਦ ਅਤੇ ਸੋਚ। ਇਸ ਅਨੁਭਵੀ ਗਿਆਨ ਤੋਂ ਵਿਹੂਣਾ ਅਜੋਕਾ ਮਨੁਖ ਸਾਮਰਾਜੀ ਖਪਤਕਾਰੀ ਦੀ ਹਵਸ ਅਧੀਨ ਅਸਹਿ ਅਤੇ ਅਕਹਿ ਕਸ਼ਟ ਭੋਗ ਰਿਹਾ ਹੈ।
(ਚਲਦਾ) ਗੁਰਮਤਿ ਤੇ ਮਾਰਕਸਵਾਦ ਇਸ ਗਿਆਨ ਦੀ ਪੁਸ਼ਟੀ ਕਰਦੇ ਹਨ।

– ਗੁਰਬਚਨ ਸਿੰਘ

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin