Articles

ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ !

ਲੇਖਕ: ਚਾਨਣ ਦੀਪ ਸਿੰਘ, ਔਲਖ

ਲੋਕ ਕੀ ਕਹਿਣਗੇ! ਸਾਨੂੰ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਹਮੇਸ਼ਾ, ਅਸੀਂ ਜਦੋਂ ਕੋਈ ਵੀ ਕੰਮ ਕਰਨਾ ਹੋਵੇ, ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਬਾਰੇ ਲੋਕ ਕੀ ਸੋਚਣਗੇ ਜਾਂ ਕੀ ਕਹਿਣਗੇ। ਮੰਨਿਆ ਅਸੀਂ ਕੋਈ ਗਲਤ ਕੰਮ ਕਰ ਰਹੇ ਹੋਈਏ ਤਾਂ ਜ਼ਰੂਰ ਲੋਕਾਂ ਦੀ ਪ੍ਰਵਾਹ ਕਰਨੀ ਬਣਦੀ ਹੈ ਕਿ ਇਸ ਕੰਮ ਨਾਲ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਪਰ ਕੋਈ ਚੰਗਾ ਕੰਮ ਕਰਨ ਤੋਂ ਪਹਿਲਾਂ ਵੀ ਇਹ ਪ੍ਰਵਾਹ ਕਰਨਾ ਤਾਂ ਫਾਲਤੂ ਦਾ ਪ੍ਰੇਸ਼ਾਨ ਹੋਣਾ ਹੀ ਹੈ। ਵੈਸੇ ਪ੍ਰਵਾਹ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਕਈ ਕੰਮਾਂ ਜਾਂ ਗੱਲਾਂ ਵਿੱਚ ਲੋਕਾਂ ਦੀ ਸਾਨੂੰ ਪ੍ਰਵਾਹ ਲਾਜ਼ਮੀ ਕਰਨੀ ਚਾਹੀਦੀ ਹੈ ਜਿਵੇਂ ਕਿ  ਜੇਕਰ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਲੋਕ ਕੀ ਕਹਿਣਗੇ, ਕੋਈ ਠੱਗੀ ਚੋਰੀ ਕਰਦੇ ਹਾਂ ਤਾਂ ਲੋਕ ਕੀ ਕਹਿਣਗੇ, ਮਾਂ ਪਿਓ ਦੀ ਇੱਜਤ ਨਹੀਂ ਕਰਦੇ ਤਾਂ ਲੋਕ ਕੀ ਕਹਿਣਗੇ, ਕੋਈ ਨਸ਼ਾ ਕਰਦੇ ਹਾਂ ਤਾਂ ਲੋਕ ਕੀ ਕਹਿਣਗੇ, ਕਿਸੇ ਦੀ ਧੀ ਭੈਣ ਦੇ ਰਾਹ ਵਿੱਚ ਖੜਦੇ ਹਾਂ ਤਾਂ ਸਾਨੂੰ ਲੋਕਾਂ ਦੀ ਸ਼ਰਮ ਹੋਣੀ ਚਾਹੀਦੀ ਹੈ ਕਿ ਲੋਕ ਕੀ ਕਹਿਣਗੇ।

ਪਰ ਅਸੀਂ ਜ਼ਿਆਦਾਤਰ ਪ੍ਰਵਾਹ ਕਰਦੇ ਹਾਂ ਜਿਵੇਂ ਕਿ ਜੇਕਰ ਮੈਂ ਕੋਈ ਛੋਟਾ ਸਮਝਿਆ ਜਾਣ ਵਾਲਾ ਕੰਮ ਕਰਨ ਲੱਗਾ ਤਾਂ ਲੋਕ ਕੀ ਕਹਿਣਗੇ। ਵੈਸੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕਈ ਵਿਅਕਤੀ ਲੋਕ ਕੀ ਕਹਿਣਗੇ ਇਸ ਗੱਲ ਤੋਂ ਡਰਦੇ ਛੋਟਾ ਕੰਮ ਨਹੀਂ ਕਰਦੇ, ਵੱਡਾ ਕੰਮ ਕੋਈ ਮਿਲਦਾ ਨਹੀਂ,  ਅਖੀਰ ਉਹ ਕੰਗਾਲੀ ਦੇ ਕੰਢੇ ਆ ਜਾਂਦੇ ਹਨ ਅਤੇ ਫਿਰ ਓਹੀ ਲੋਕ ਉਸ ਵਿਅਕਤੀ ਨੂੰ ਵਿਹਲੜ ਅਤੇ ਨਿਕੰਮਾ ਕਹਿ ਰਹੇ ਹੁੰਦੇ ਹਨ। ਲੋਕਾਂ ਵੱਲ ਵੇਖ ਕੇ ਕਦੇ ਤਰੱਕੀਆਂ ਨਹੀਂ ਹੁੰਦੀਆਂ। ਜੋ ਵੱਡੇ-ਵੱਡੇ ਬਿਜ਼ਨਸਮੈਨ ਤੇ ਧਨਾਢ ਬਣੇ ਹਨ ਕੀ ਉਹ ਇੱਕ ਦਿਨ ਵਿੱਚ ਚ ਹੀ ਮੰਜ਼ਿਲ ’ਤੇ ਪਹੁੰਚ ਗਏ ਸਨ? ਕੀ ਉਹਨਾਂ ਨੂੰ ਮੁਸ਼ਕਲਾਂ ‘ਤੇ ਲੋਕਾਂ ਦੇ ਤਾਹਨਿਆਂ-ਮਿਹਣਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ?  ਕਈ  ਵਿਅਕਤੀ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਉਤੇ ਲੋਕਾਂ ਦੀ ਪ੍ਰਵਾਹ ਕਰਦੇ ਹਨ ਜਿਵੇਂ ਜੇ ਮੈਂ ਕੁੜਤਾ ਪਜਾਮਾਂ ਪਾ ਲਿਆ ਲੋਕ ਕੀ ਕਹਿਣਗੇ, ਜੇ ਮੈਂ ਬੱਸ ਤੇ ਵਿਆਹ  ਚਲਾ ਗਿਆ ਤਾਂ ਲੋਕ ਕੀ ਸੋਚਣਗੇ। ਕੁਝ ਸੋਚਦੇ ਹਨ ਕਿ ਜੇਕਰ ਮੈਂ ਫ਼ਲਾਣੇ ਪ੍ਰੋਗਰਾਮ ਤੇ ਇਕੱਠ ਘੱਟ ਕੀਤਾ ਜਾਂ ਫਲਾਣੀ ਮਿਠਾਈ ਨਾ ਬਣਵਾਈ ਤਾਂ ਲੋਕ ਕੀ ਕਹਿਣਗੇ। ਵਿਆਹ ਵਿੱਚ ਸ਼ਰਾਬ ਨਾ ਪਿਲਾਈ ਤਾਂ ਲੋਕ ਕੀ ਕਹਿਣਗੇ ਵੈਸੇ ਸ਼ਰਾਬ ਨਾ ਪਿਲਾਉਣਾ ਚੰਗਾ ਕੰਮ ਹੀ ਹੈ। ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਕਿ ਆਰੀ ਦੇ ਇੱਕ ਪਾਸੇ ਅਤੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਹੁੰਦੇ ਹਨ, ਸੋ ਇਨ੍ਹਾਂ ਲੋਕਾਂ ਨੇ ਛੱਡਣਾ ਕਿਸੇ ਪਾਸੇ  ਵੀ ਨਹੀਂ ਹੁੰਦਾ। ਜੇਕਰ ਪ੍ਰੋਗਰਾਮ ਵੱਡਾ ਕਰ ਲਿਆ ਅਤੇ ਜ਼ਿਆਦਾ ਇੱਕਠ ਕਰ ਲਿਆ ਤਾਂ ਇਹ ਲੋਕ ਨਾਲੇ ਤਾਂ ਖਾਈ ਜਾਣਗੇ ਨਾਲੇ ਨਿੰਦੀ ਜਾਣਗੇ। ਕੁਝ ਤਾਂ ਕਹਿਣਗੇ ਗੱਲ ਨਹੀਂ ਬਣੀ ਅਤੇ ਕੁਝ ਕਹਿਣਗੇ ਐਨਾ ਖਰਚਾ ਕਰਨ ਦੀ ਕੀ ਲੋੜ ਸੀ ਵੱਡਾ ਕਰਜ਼ਾ ਚੁੱਕਿਆ ਲਗਦਾ ਹੈ। ਜੇ ਇਕੱਠ ਘੱਟ ਕਰ ਲਿਆ ਤਾਂ ਕਹਿਣਗੇ ਖਰਚ ਦਿੰਦਾ ਚਾਰ ਰੁਪਏ, ਪ੍ਰੋਗਰਾਮ ਕਿਹੜਾ ਰੋਜ ਰੋਜ ਹੁੰਦੇ ਹਨ। ਅਕਸਰ ਅਸੀਂ ਆਪਣੇ ਨਾਲੋਂ ਦੂਜਿਆਂ ਦੀ ਸੋਚ ਦਾ ਪਹਿਲਾਂ ਫਿਕਰ ਕਰਨ ਲੱਗ ਪੈਂਦੇ ਹਾਂ। ਪਰ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਲੋਕਾਂ ਦੀ ਪ੍ਰਵਾਹ ਕਦੇ ਨਹੀਂ ਕਰਨੀ ਚਾਹੀਦੀ ਕਿ ਲੋਕ ਕੀ ਕਹਿਣਗੇ।

ਮੁਕਦੀ ਗੱਲ ਤੁਸੀਂ ਜੋ ਮਰਜ਼ੀ ਕਰੋ ਲੋਕਾਂ ਨੇ ਕੁਝ ਨਾ ਕੁਝ ਕਹਿਣਾ ਹੀ ਹੈ ਕਿਉਂ ਕਿ ਕੁਝ ਤਾਂ ਲੋਕ ਕਹਿਣਗੇ, ਲੋਕਾਂ ਦਾ ਕੰਮ ਹੀ ਹੈ ਕਹਿਣਾ। ਜਿਵੇਂ ਮੱਖੀ ਸਾਰਾ ਸਾਫ਼ ਘਰ ਛੱਡ ਕੇ ਗੰਦ ‘ਤੇ ਹੀ ਬੈਠਦੀ ਹੈ ਉਵੇਂ ਇਹ ਕਹਿਣ ਵਾਲੇ ਲੋਕਾਂ ਨੇ ਤੁਹਾਡੇ  ਵੱਲੋਂ ਇਨ੍ਹਾਂ ਦੀ ਪ੍ਰਵਾਹ ਕਰ ਕਰ ਕੀਤੇ ਕੰਮਾਂ ਵਿੱਚੋਂ ਵੀ ਕੋਈ ਨਾ ਕੋਈ ਕਮੀ ਲੱਭ ਕੇ ਗੱਲਾਂ ਕਰਨੀਆਂ ਹੀ ਹਨ। ਇਸ ਕਰਕੇ ਲੋਕਾਂ ਦੀ ਪ੍ਰਵਾਹ ਕਰਨਾ ਛੱਡੋ ਆਪਣੇ ਕੰਮ ਆਪਣੀ ਸਮਝ, ਸਿਆਣਫ, ਯੋਗਤਾ ਅਤੇ ਹੈਸੀਅਤ ਦੇ ਹਿਸਾਬ ਨਾਲ ਕਰੋ, ਹਾਂ..! ਕੋਈ ਮਾੜਾ ਕੰਮ ਕਰਨ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਜ਼ਰੂਰ ਬਚੋ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin