Articles

ਸਵਰਗ ਦਾ ਹੱਕਦਾਰ ਕੌਣ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਇੱਕ ਦਿਨ ਤਿੰਨ ਲੋਕ ਆਪਣੇ ਕਰਮਾਂ ਦਾ ਹਿਸਾਬ ਦੇਣ ਲਈ ਰੱਬ ਦੀ ਕਚਹਿਰੀ ਵਿੱਚ ਇਕੱਠੇ ਹੀ ਪਹੁੰਚ ਗਏ। ਉਨ੍ਹਾਂ ਵਿੱਚ ਇੱਕ ਧਰਮ ਦਾ ਠੇਕੇਦਾਰ, ਇੱਕ ਡਾਕਟਰ ਤੇ ਇੱਕ ਪੁਲਿਸ ਵਾਲਾ ਸੀ। ਰੱਬ ਨੇ ਉਨ੍ਹਾਂ ਤੋਂ ਧਰਤੀ ਉੱਪਰ ਕੀਤੇ ਚੰਗੇ ਮਾੜੇ ਕੰਮਾਂ ਦੀ ਤਫਤੀਸ਼ ਚਾਲੂ ਕੀਤੀ ਤਾਂ ਪਹਿਲਾਂ ਧਰਮ ਦਾ ਠੇਕੇਦਾਰ ਬੋਲਿਆ, “ਮੈਂ ਫਲਾਣੇ ਧਰਮ ਸਥਾਨ ਦਾ ਠੇਕੇਦਾਰ ਸੀ। ਦਿਨ ਰਾਤ ਤੁਹਾਡੀ ਪੂਜਾ ਕੀਤੀ ਹੈ।” ਰੱਬ ਨੇ ਹੁੰਕਾਰ ਭਰੀ, “ਮੈਂ ਤੇਰਾ ਅੰਧ ਭਗਤ ਨਹੀਂ ਜਿਸ ਨੂੰ ਬੇਵਕੂਫ ਬਣਾ ਸਕੇਂ। ਤੂੰ ਸਾਰੀ ਉਮਰ ਲੋਕਾਂ ਨੂੰ ਮੇਰੇ ਨਾਂ ‘ਤੇ ਠੱਗਦਾ ਰਿਹਾਂ ਤੇ ਨਾਲੇ ਦੰਗੇ ਕਰਵਾ ਕੇ ਸੈਂਕੜੇ ਬੇਗੁਨਾਹਾਂ ਦੇ ਖੂਨ ਨਾਲ ਤੇਰੇ ਹੱਥ ਲਿਬੜੇ ਹੋਏ ਨੇ। ਲੈ ਜਾਉ ਇਸ ਪਾਪੀ ਨੂੰ ਨਰਕਾਂ ਵਿੱਚ ਤੇ ਚੰਗੀ ਤਰਾਂ ਸੜਦੇ ਬਲਦੇ ਤੇਲ ਵਿੱਚ ਉਬਾਲੋ।” ਫਿਰ ਉਹ ਡਾਕਟਰ ਵੱਲ ਹੋ ਗਿਆ। ਡਾਕਟਰ ਬੋਲਿਆ, “ਮੈਂ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ ਹੈ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਨਹੀਂ ਸਮਝਿਆ।” ਰੱਬ ਹੱਸ ਕੇ ਬੋਲਿਆ, “ਵੈਸੇ ਤਾਂ ਡਾਕਟਰ ਰੱਬ ਦਾ ਰੂਪ ਹੁੰਦੇ ਆ, ਪਰ ਤੂੰ ਉਨ੍ਹਾਂ ਵਿੱਚੋਂ ਨਹੀਂ। ਤੇਰੇ ਵਰਗੀਆਂ ਕਾਲੀਆਂ ਭੇਡਾਂ ਨੇ ਹੀ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ ਹੈ। ਕਰੋਨਾ ਕਾਲ ਵੇਲੇ ਤੂੰ ਰੱਜ ਕੇ ਲੋਕਾਂ ਦਾ ਖੂਨ ਚੂਸਿਆ। ਗਰੀਬ ਤੋਂ ਗਰੀਬ ਬੰਦੇ ਨੂੰ ਵੀ ਨਹੀਂ ਸੀ ਬਖਸ਼ਿਆ, 25 – 25 ਲੱਖ ਦੇ ਬਿੱਲ ਬਣਾ ਦਿੱਤੇ ਸਨ। ਗਰੀਬ ਵਾਰਸਾਂ ਕੋਲ ਪੈਸੇ ਨਾ ਹੋਣ ਕਾਰਨ ਤੂੰ ਦਸ ਦਿਨ ਰਾਮ ਲਾਲ ਦੀ ਲਾਸ਼ ਨਹੀਂ ਸੀ ਦਿੱਤੀ। ਚੱਲ ਤੂੰ ਵੀ ਠੇਕੇਦਾਰ ਦੇ ਪਿੱਛੇ ਪਿੱਛੇ।”

ਦੋਵਾਂ ਨੂੰ ਭੁਗਤਾ ਕੇ ਭਰਵੱਟੇ ਚੜ੍ਹਾ ਕੇ ਰੱਬ ਨੇ ਪੁਲਿਸ ਵਾਲੇ ਵੱਲ ਵੇਖਿਆ, “ਹਾਂ ਭਈ ਪੁਲਿਸ ਵਾਲਿਆ, ਤੇਰਾ ਕੀ ਕਰਾਂ ਮੈਂ? ਤੁਸੀਂ ਤਾਂ ਚੱਜ ਦਾ ਕੰਮ ਈ ਨਹੀਂ ਕਰਦੇ ਕੋਈ। ਸਾਰੀ ਦੁਨੀਆਂ ਤਪੀ ਪਈ ਆ ਤੁਹਾਡੇ ਹੱਥੋਂ। ਚੱਲ ਤੂੰ ਵੀ ਮਗਰੇ ਮਗਰ।” ਪੁਲਿਸ ਵਾਲੇ ਦਾ ਦਿਲ ਕੰਬ ਉੱਠਿਆ, “ਰੱਬ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੈਨੂੰ ਇੱਕ ਮੌਕਾ ਤਾਂ ਦਿਉ ਆਪਣੇ ਕੰਮ ਦੱਸਣ ਦਾ।” ਰੱਬ ਨੇ ਅਣਮਣੇ ਜਿਹੇ ਦਿਲ ਨਾਲ ਸਿਰ ਹਿਲਾ ਕੇ ਸਹਿਮਤੀ ਦਿੱਤੀ ਤਾਂ ਪੁਲਿਸ ਵਾਲਾ ਫਰੰਟੀਅਰ ਮੇਲ ਵਾਂਗ ਚਾਲੂ ਹੋ ਗਿਆ, “ਮੈਂ ਦਿਨ ਵੇਲੇ ਥਾਣੇ ਡਿਊਟੀ ਕਰਦਾ ਸੀ ਤੇ ਰਾਤ ਵੇਲੇ ਗਸ਼ਤ, ਤਾਂ ਜੋ ਦਿਨ ਭਰ ਦੇ ਕੰਮਾਂ ਕਾਰਾਂ ਦੇ ਥੱਕੇ ਟੁੱਟੇ ਲੋਕ ਚੈਨ ਨਾਲ ਸੌਂ ਸਕਣ। ਪਰ ਇਸ ਦੇ ਬਦਲੇ ਲੋਕਾਂ ਤੋਂ ਪ੍ਰਸੰਸਾ ਦੀ ਬਜਾਏ ਗਾਲ੍ਹਾਂ ਹਾਸਲ ਹੁੰਦੀਆਂ ਸਨ ਕਿ ਚੋਰੀਆਂ ਤਾਂ ਪੁਲਿਸ ਖੁਦ ਹੀ ਕਰਵਾਉਂਦੀ ਹੈ। ਤਪਦੀਆਂ ਧੁੱਪਾਂ ਅਤੇ ਹੱਡ ਕੜਕਾਉਂਦੀਆਂ ਠੰਡਾਂ ਵਿੱਚ ਸੜਕਾਂ ‘ਤੇ ਖੜ੍ਹ ਕੇ ਟਰੈਫਿਕ ਡਿਊਟੀ ਕੀਤੀ । ਹਰ ਦੂਸਰੇ ਚੌਥੇ ਦਿਨ ਹੋਟਲ, ਸਰਾਵਾਂ, ਢਾਬੇ, ਬੈਂਕ, ਡਾਕਖਾਨੇ, ਧਾਰਮਿਕ ਸਥਾਨ, ਸਿਨੇਮੇ ਅਤੇ ਦਸ ਨੰਬਰੀਏ ਬਦਮਾਸ਼ ਚੈੱਕ ਕੀਤੇ। ਖਤਰਨਾਕ ਤੋਂ ਖਤਰਨਾਕ ਅੱਤਵਾਦੀ, ਕਾਤਲ, ਬਦਮਾਸ਼ ਅਤੇ ਬਲਾਤਕਾਰੀ ਗ੍ਰਿਫਤਾਰ ਕੀਤੇ, ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਕਰਵਾਈ ਤੇ ਜੇਲ੍ਹ ਛੱਡ ਕੇ ਆਇਆ। ਧਾਰਮਿਕ ਜਲਸੇ ਜਲੂਸਾਂ, ਨਗਰ ਕੀਰਤਨਾਂ, ਜਗਰਾਤਿਆਂ, ਕ੍ਰਿਸਮਸ, ਈਦ, ਮੇਲਿਆਂ ‘ਤੇ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਸੁਰੱਖਿਆ ਅਤੇ ਟਰੈਫਿਕ ਡਿਊਟੀ ਕੀਤੀ। ਅਨੇਕਾਂ ਬੇਰੋਜ਼ਗਾਰਾਂ ਨੂੰ ਤਰਲੇ ਮਿੰਨਤਾਂ ਕਰ ਕੇ ਪਾਣੀ ਵਾਲੀਆਂ ਟੈਂਕੀਆਂ ਤੋਂ ਥੱਲੇ ਉਤਾਰਿਆ। ਘਟੀਆ ਤੋਂ ਘਟੀਆ ਲੀਡਰਾਂ ਨਾਲ ਗੰਨਮੈਨੀ ਕੀਤੀ ਤੇ ਉਨ੍ਹਾਂ ਦੀਆਂ ਰੈਲੀਆਂ ਦੀ ਸੁਰੱਖਿਆ ਕੀਤੀ। ਇਲੈੱਕਸ਼ਨ ਵੇਲੇ ਡਿਊਟੀ ਕੀਤੀ ਤੇ ਸੈਂਕੜੇ ਛੋਟੀਆਂ ਵੱਡੀਆਂ ਚੋਣਾਂ ਸ਼ਾਂਤੀਪੂਰਵਕ ਸਿਰੇ ਚੜ੍ਹਾਈਆਂ। ਉਹ ਗੱਲ ਵੱਖਰੀ ਹੈ ਕਿ ਚੋਣਾਂ ਦੌਰਾਨ ਹੋਈਆਂ ਲੜਾਈਆਂ ਵਿੱਚ ਚਾਰ ਵਾਰ ਮੇਰਾ ਸਿਰ ਪਾਟਾ ਸੀ। ਕਲਯੁੱਗੀ ਸਾਧੂ ਸੰਤਾਂ ਦੇ ਸਮਾਗਮਾਂ ਦੀ ਸੁਰੱਖਿਆ ਕੀਤੀ। ਸਮਾਜ ਦਾ ਖੂਨ ਚੂਸਣ ਵਾਲੀਆਂ ਇਨ੍ਹਾਂ ਜੋਕਾਂ ਦੇ ਅੱਗ ਲਾਊ ਪ੍ਰਵਚਨਾਂ ਕਾਰਨ ਹੋਏ ਫਿਰਕੂ ਦੰਗਿਆਂ ਦੀ ਅੱਗ ਨੂੰ ਜਾਨ ‘ਤੇ ਖੇਡ ਕੇ ਕੰਟਰੋਲ ਕੀਤਾ। ਆਪਣੇ ਇਲਾਕੇ ਵਿੱਚ ਲੁੱਚੇ ਲਫੰਗੇ ਤੇ ਬਦਮਾਸ਼ਾਂ ਤੇ ਨਿਗ੍ਹਾ ਰੱਖੀ ਤੇ ਕੋਸ਼ਿਸ਼ ਕੀਤੀ ਕਿ ਕੋਈ ਅਪਰਾਧ ਨਾ ਹੋਵੇ। ਜੇ ਅਪਰਾਧ ਹੋ ਗਿਆ ਤਾਂ ਫੌਰਨ ਮੁਕੱਦਮਾ ਦਰਜ਼ ਕਰ ਕੇ ਸਿਆਸੀ ਦਖਲਅੰਦਾਜ਼ੀ ਦੇ ਬਾਵਜੂਦ ਮੁਜ਼ਰਿਮ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਸਰਕਾਰੀ ਵਕੀਲਾਂ ਦੇ ਗੇੜੇ ਮਾਰ ਮਾਰ ਕੇ ਚਲਾਨ ਪਾਸ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤੇ ਅਤੇ ਗਵਾਹ ਭੁਗਤਾਏ। ਜੇ ਮੁਜ਼ਰਿਮ ਭਗੌੜਾ ਹੋ ਜਾਂਦਾ ਤਾਂ ਪਟਵਾਰੀ ਕੋਲੋਂ ਰਿਕਾਰਡ ਲੈ ਕੇ ਅਦਾਲਤ ਰਾਹੀਂ ਉਸ ਦੀ ਜਾਇਦਾਦ ਜ਼ਬਤ ਕਰਵਾਈ। ਬੇਸ਼ੁਮਾਰ ਚਲਾਨੀ ਡਿਊਟੀਆਂ ਕੀਤੀਆਂ, ਮੁਜ਼ਰਿਮਾਂ ਨੂੰ ਜੇਲ੍ਹਾਂ ਵਿੱਚੋਂ ਲਿਆ ਕੇ ਤੇ ਪੇਸ਼ੀ ਭੁਗਤਾ ਕੇ ਵਾਪਸ ਜੇਲ੍ਹ ਛੱਡ ਕੇ ਆਇਆ। ਜੇ ਮੁਜ਼ਰਿਮ ਜੇਲ੍ਹ ਵਿੱਚ ਬਿਮਾਰ ਹੋ ਕੇ ਹਸਪਤਾਲ ਦਾਖਲ ਹੁੰਦਾ ਸੀ ਤਾਂ ਉਸ ਦੀ ਗਾਰਦ ਡਿਊਟੀ ਕੀਤੀ। ਕਈ ਅਸਰ ਰਸੂਖ ਵਾਲੇ ਮੁਸ਼ਟੰਡੇ ਤਾਂ ਹਸਪਤਾਲ ਦੇ ਏ.ਸੀ. ਕਮਰੇ ਨੂੰ ਛੇ-ਛੇ ਮਹੀਨੇ ਨਹੀਂ ਸੀ ਛੱਡਦੇ। ਦਿਨ ਰਾਤ ਮਿਹਨਤ ਕਰ ਕੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਚਿੱਟਾ, ਅਫੀਮ, ਸ਼ਰਾਬ, ਭੰਗ ਅਤੇ ਭੁੱਕੀ ਦੀ ਬਰਾਮਦੀ ਕਰ ਕੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਲਾਵਾਰਿਸ ਲਾਸ਼ ਮਿਲ ਜਾਂਦੀ ਸੀ ਤਾਂ ਉਸ ਦੀ ਫੋਟੋ ਕਰਵਾਈ, ਫਿੰਗਰ ਪ੍ਰਿੰਟ ਲਏ, ਪੋਸਟ ਮਾਰਟਮ ਕਰਵਾਇਆ, ਕੱਪੜੇ ਕਬਜ਼ੇ ਵਿੱਚ ਲਏ ਅਤੇ ਅਖਬਾਰ ਵਿੱਚ ਉਸ ਦੀ ਫੋਟੋ ਦਿੱਤੀ ਤਾਂ ਜੋ ਵਿਚਾਰੇ ਦੀ ਸ਼ਨਾਖਤ ਹੋ ਸਕੇ। ਕੋਈ ਗੁੰਮ ਹੋ ਜਾਵੇ ਜਾਂ ਕੋਈ ਲੜਕੀ ਕਿਸੇ ਨਾਲ ਭੱਜ ਜਾਵੇ ਤਾਂ ਉਸ ਦੀ ਤਲਾਸ਼ ਕੀਤੀ। ਵਿਧਾਨ ਸਭਾ ਸ਼ੈਸ਼ਨ ਚੱਲਣ ਵੇਲੇ ਪੁਲਿਸ ਨਾਲ ਸਬੰਧਿਤ ਸਵਾਲ ਉੱਠਣ ‘ਤੇ ਰਾਤੋ ਰਾਤ ਜਵਾਬ ਤਿਆਰ ਕੀਤੇ। ਪਾਸਪੋਰਟ, ਅਸਲ੍ਹਾ ਲਾਇਸੰਸ, ਡਰਾਈਵਿੰਗ ਲਾਇਸੰਸ ਅਤੇ ਅਜਿਹੇ ਹੋਰ ਸੈਂਕੜੇ ਕੰਮਾਂ ਲਈ ਲੋਕਾਂ ਦੀ ਵੈਰੀਫਿਕੇਸ਼ਨ ਕਰਵਾਈ। ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਲੋਹੜੀ ਅਤੇ ਦੀਵਾਲੀ ਵਰਗੇ ਤਿਉਹਾਰ ਵੀ ਘਰ ਦੀ ਬਜਾਏ ਸ਼ਹਿਰ ਵਿੱਚ ਗਸ਼ਤ ਕਰਦੇ ਹੋਏ ਮਨਾਏ। ਸਮੇਂ ‘ਤੇ ਛੁੱਟੀ ਨਾ ਮਿਲਣ ਕਰ ਕੇ ਕਿਸੇ ਵੀ ਪਰਿਵਾਰਿਕ ਸਮਾਗਮ ਵਿੱਚ ਨਾ ਜਾ ਸਕਿਆ ਜਿਸ ਕਾਰਨ ਸਾਰੇ ਰਿਸ਼ਤੇਦਾਰ ਨਰਾਜ਼ ਹੋ ਗਏ ਸਨ। ਇਹੋ ਜਿਹੀਆਂ ਅਣਗਿਣਤ ਡਿਊਟੀਆਂ ਦੇ ਕਾਰਨ ਰੋਟੀ ਪਾਣੀ ਸਮੇਂ ਤੇ ਨਾ ਮਿਲਣ, ਕਸਰਤ ਦੀ ਅਣਹੋਂਦ ਅਤੇ ਟੈਨਸ਼ਨ ਕਾਰਨ ਮੈਂ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਗਿਆ ਸੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦਿਲ ਦੇ ਦੌਰੇ ਕਾਰਨ ਅਣਿਆਈ ਮੌਤੇ ਮਰ ਕੇ ਮੈਂ ਤੁਹਾਡੇ ਦਰਬਾਰ ਵਿੱਚ ਪਹੁੰਚ ਗਿਆ ਹਾਂ। ਇਸ ਤੋਂ ਪਹਿਲਾਂ ਕਿ ਪੁਲਿਸ ਵਾਲਾ ਕੁਝ ਹੋਰ ਬੋਲਦਾ, ਰੱਬ ਨੇ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ ਤੇ ਉਸ ਨੂੰ ਸਵਰਗ ਲੋਕ ਵੱਲ ਤੋਰ ਦਿੱਤਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin