ਜੇ ਸੱਪ ਨੂੰ ਸਬਕ ਸਿਖਾਉਣਾ ਹੋਵੇ,ਤਾਂ ਉਹਦੇ ਅੱਗੇ ਵਲ ਵਲੇਵੇਂ ਖਾ ਕੇ ਹੀ ਭੱਜਣਾ ਚਾਹੀਦਾ ਏ। ਟੇਢੇ ਰਾਜੇ ਸਿੱਧੇ ਮੰਤਰੀਆਂ ਕੋਲੋਂ ਨੀ ਲੋਟ ਆਉਂਦੇ ਹੁੰਦੇ। ਲੱਕੜ ਦੇ ਮੌਛੇ ਤੇ ਬੈਠਾ ਅਮਰੂ ਆਪਣੇ ਜੁੱਲੀ ਯਾਰ ਬਸੰਤ ਤੇ ਘੂਚਰ ਨੂੰ ਟਾਹਲੀ ਦੀ ਦਾਤਣ ਦੰਦਾਂ ਚ ਚੱਬਦਾ ਹੋਇਆ ਮਿਸਾਲਾਂ ਦੇ ਰਿਹਾ ਸੀ। “ਆਹੋ !! ਗੱਲ ਤਾਂ ਤੂੰ ਸੋਲਾਂ ਆਨੇ ਸੱਚ ਹੀ ਆਨਾ ਏ”..ਬਸੰਤ ਨੇ ਸਿਰ ਨੂੰ ਖੁਰਕਦੇ ਹੋਏ,ਦੋਸਤ ਦੀ ਗੱਲ ਨਾਲ ਸੁਰ ਮਿਲਾਉਂਦੇ ਹੋਏ ਜਵਾਬ ਦਿੱਤਾ।..ਕੇਰਾਂ, ਇਕ ਵਾਰੀ ਸਾਡੇ ਬਾਬੇ ਨੇ ਆਪ ਦੇ ਵੇਲੇ ਦੀ ਇਕ ਗੱਲ ਦੱਸੀ ਸੀ। ਕਿਸੇ ਪਿੰਡ ਵਿੱਚ ਬੜੀ ਨੇਕ ਤੇ ਸ਼ਰੀਫ ਕੁੜੀ ਦਾ ਸਾਕ ਹੋਇਆ। ਵਿਆਹ ਤੋਂ ਕਈ ਦਿਨ ਪਹਿਲਾਂ ਹੀ ਮੁੰਡੇ ਦੀ ਮਾਂ ਨੇ ਬਾਹ ਜਿੱਡੀ ਦਾਜ ਦੀ ਲਿਸਟ ਕੁੜੀ ਵਾਲਿਆਂ ਦੇ ਮੱਥੇ ਮਾਰੀ। ਅਖੇ,ਸਾਡਾ ਸਿਉਂਨੇ ਜਿਹਾ ਮੁੰਡਾ..ਅਸੀਂ ਕੱਲਾ ਵਾਜਿਆਂ ਨਾਲ ਥੋੜੀ ਵਿਆਹ ਦਿਆਂਗੇ!!.. ਕੁੜੀ ਵਾਲਿਆਂ ਨੇ ਫੜ ਤੜ ਕੇ ਦਾਜ ਦਾ ਕੱਲਾ-ਕੱਲਾ ਸਮਾਨ ਵਿਆਹ ਤੋਂ ਦੂਜੇ ਦਿਨ ਮੁੰਡੇ ਵਾਲ਼ਿਆਂ ਦੇ ਘਰੇ ਭੇਜ ਦਿੱਤਾ। ਪਰ ਕੁੜੀ ਨੂੰ ਇਸ ਗੱਲ ਦਾ ਬੜਾ ਠੇਸ ਸੀ…ਉਸਦੇ ਪਿਓ ਦੇ ਸਿਆੜ ਗਹਿਣੇ ਪੁਆ ਕੇ ਦਿੱਤੇ ਹੋਏ ਦਾਜ ਦਾ ਝੋਰਾ ਅੰਦਰੋਂ ਅੰਦਰੀ ਵੱਢ ਰਿਹਾ ਸੀ। ਉਸ ਨੇ ਵਿਆਹ ਦੇ ਕੁਝ ਦਿਨ ਬਾਅਦ ਹੀ ਰੰਗ-ਢੰਗ ਬਦਲ ਲਏ। ਇਕ ਦਿਨ ਮੁੰਡੇ ਦੀ ਸਕੀਰੀ ਆਈ ਹੋਈ ਸੀ, ਨਵੀਂ ਵਿਆਹੀ ਕੁੜੀ ਦੇ ਸਿਰ ਤੇ ਚੁੰਨੀ ਨਾ ਦੇਖ ਕੇ ਸੱਸ ਨੇ ਘੂਰੀ ਵੱਟੀ! ਤੇ ਬਹਾਨੇ ਨਾਲ ਉੱਠ ਕੇ ਉਹਦੇ ਪਿੱਛੇ ਤੁਰ ਪਈ।.. ਨੀ ਕੁੜੀਏ!!..ਨੀ ਤੈਨੂੰ ਭੋਰਾ ਸ਼ਰਮ ਹਯਾ ਨਹੀਂ.?? ਤੂੰ ਆਪਣੇ ਪੇਕਿਆਂ ਤੋਂ ਕੀ ਲੈ ਕੇ ਆਈ ਏ??.. ਨੂੰਹ ਹੱਸੀ ਤੇ ਬੋਲੀ, “ਬੇਬੇ ਜੀ ਜਿਹੜੀ ਤੁਸੀਂ ਲਿਸਟ ਭੇਜੀ ਸੀ ਉਹ ਸਭ ਕੁਝ ਲੈ ਕੇ ਆਈ ਹਾਂ, ਪਰ ਉਹਦੇ ਵਿੱਚ ਤੁਸੀਂ ਕਿਤੇ ਵੀ ਸ਼ਰਮ ਦਾ ਜ਼ਿਕਰ ਨਹੀਂ ਕੀਤਾ ਸੀ..” ਏਸ ਕਰਕੇ ਉਹ ਮੈਂ ਪੇਕੇ ਪਿੰਡ ਹੀ ਛੱਡ ਆਈ ਸੀ।..ਇਹ ਸੁਣ ਕੇ ਕੰਨ ਝਾੜਦੀ ਹੋਈ ਸੱਸ ਜ਼ਲੀਲ ਹੋ ਕੇ ਸ਼ਰਮ ਨਾਲ ਭੂਰਦੀ ਹੋਈ ਪਰਾਹੁਣਿਆਂ ਵਿੱਚ ਵਾਪਸ ਜਾ ਕੇ ਬੈਠ ਗਈ।…