Bollywood

ਮੈਨੂੰ ਸੋਸ਼ਲ ਮੀਡੀਆ ਨਾਲ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬਾਰੇ ਕੌਣ ਕੀ ਸੋਚਦਾ ਹੈ : ਅਨੰਨਿਆ ਪਾਂਡੇ

ਅਨੰਨਿਆ ਪਾਂਡੇ ਦੀ ਪਿਛਲੀ ਫਿਲਮ ਇਸ ਸਾਲ ਪ੍ਰਦਰਸ਼ਿਤ ਰੋਮਾਂਟਿਕ ਡਰਾਮਾ ਆਧਾਰਤ ‘ਗਹਿਰਾਈਆਂ’ ਸੀ। ਇਸ ਫਿਲਮ ਵਿੱਚ ਉਹ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ, ਰਜਤ ਕਪੂਰ ਤੇ ਨਸੀਰੂਦੀਨ ਸ਼ਾਹ ਵਰਗੇ ਸਿਤਾਰਿਆਂ ਨਾਲ ਨਜ਼ਰ ਆਈ। ਦਰਸ਼ਕਾਂ ਨੂੰ ਇਹ ਖਾਸ ਪਸੰਦ ਨਹੀਂ ਆਈ। ਅਨੰਨਿਆ ਦੇ ਕੰਮ ਦੀ ਹਰ ਕਿਸੇ ਨੇ ਤਾਰੀਫ ਕੀਤੀ। ਵਿਜੇ ਦੇਵਰਕੋਂਡਾ ਨਾਲ ਆਉਣ ਵਾਲੀ ਅਨੰਨਿਆ ਪਾਂਡੇ ਦੀ ‘ਲਾਈਗਰ’ ਇਸ ਸਾਲ ਆਏਗੀ। ਪਹਿਲਾਂ ਇਹ ਪਿਛਲੇ ਸਾਲ ਸਤੰਬਰ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਕਾਰਨ ਏਦਾਂ ਨਹੀਂ ਹੋ ਸਕਿਆ। ਇਸ ਦੀ ਰਿਲੀਜ਼ ਡੇਟ 25 ਅਗਸਤ ਤੈਅ ਹੋ ਚੁੱਕੀ ਹੈ। ਫਿਲਮ ਨੂੰ ਹਿੰਦੀ ਸਮੇਤ ਸਾਊਥ ਦੀਆਂ ਚਾਰਾਂ ਭਾਸ਼ਾਵਾਂ ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤਾ ਜਾਏਗਾ। ‘ਲਾਈਗਰ’ ਵਿੱਚ ਰਾਮਿਆ ਕ੍ਰਿਸ਼ਨਨ, ਰੋਨਿਤ ਰਾਏ ਤੇ ਵਿਸ਼ਣੂ ਰੈੱਡੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਵਿੱਚ ਮਾਈਕ ਟਾਈਸਨ ਵੀ ਹਨ। ਕਰਣ ਜੌਹਰ ਦੇ ਨਿਰਮਾਣ ਵਾਲੀ ਇਸ ਫਿਲਮ ਨੂੰ ਸਾਊਥ ਦੇ ਮਸ਼ਹੂਰ ਡਾਇਰੈਕਟਰ ਪੁਰੀ ਜਗਨਨਾਥ ਡਾਇਰੈਕਟ ਕਰ ਰਹੇ ਹਨ। 2020 ਵਿੱਚ ਰਿਲੀਜ਼ ਹੋਈ ‘ਖਾਲੀ ਪੀਲੀ’ਵਿੱਚ ਅਨੰਨਿਆ ਪਾਂਡੇ ਨੇ ਆਪਣੀ ਐਕਟਿੰਗ ਨਾਲ ਸਭ ਦਾ ਧਿਆਨ ਖਿੱਚਿਆ ਸੀ। ਇਸ ਸਮੇਂ ਉਹ ‘ਲਾਈਗਰ’ ਦੇ ਇਲਾਵਾ ਇੱਕ ਹੋਰ ਫਿਲਮ ‘ਖੋ ਗਏ ਹਮ ਕਹਾਂ’ ਵੀ ਕਰ ਰਹੀ ਹੈ। ਉਨ੍ਹਾਂ ਦੀ ਇਹ ਫਿਲਮ ਅਗਲੇ ਸਾਲ ਆਏਗੀ। ਪੇਸ਼ ਹਨ ਅਨੰਨਿਆ ਪਾਂਡੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਹੋ?
– ਮੈਨੂੰ ਲੱਗਦਾ ਹੈ ਕਿ ਜਿੱਦਾਂ ਇਨਸਾਨ ਦੀਆਂ ਅਹਿਮ ਜ਼ਰੂਰਤਾਂ ‘ਰੋਟੀ ਕੱਪੜਾ ਔਰ ਮਕਾਨ’ ਸ਼ਾਮਲ ਹਨ, ਉਸ ਵਿੱਚ ਸੋਸ਼ਲ ਮੀਡੀਆ ਵੀ ਸ਼ਾਮਲ ਹੋ ਚੁੱਕਾ ਹੈ। ਲੋਕਾਂ ਲਈ ਬਲਕਿ ਵਿਸ਼ੇਸ਼ ਤੌਰ ਉੱਤੇ ਸਾਡੇ ਵਰਗਾ ਐਕਟਰਾਂ ਦੇ ਲਈ ਸਾਨੂੰ ਲੋਕਾਂ ਨਾਲ ਜੁੜਨ ਦੇ ਲਈ ਕਿਸੇ ਵਰਦਾਨ ਵਾਂਗ ਸਾਬਿਤ ਹੋਇਆ ਹੈ।
*ਤੁਸੀਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਿਰਫ ਆਪਣੀਆਂ ਗਲੈਮਰਸ ਅਤੇ ਬੋਲਡ ਤਸਵੀਰਾਂ ਹੀ ਪੋਸਟ ਕਰਦੇ ਰਹਿੰਦੇ ਹੋ। ਆਖਿਰ ਇਸ ਤਰ੍ਹਾਂ ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਹੋ?
– ਸੋਸ਼ਲ ਮੀਡੀਆ ਉੱਤੇ ਮੈਂ ਆਪਣੀਆਂ ਜੋ ਤਸਵੀਰਾਂ ਪੋਸਟ ਕਰਦੀ ਹਾਂ, ਉਹ ਬੋਲਡ ਅਤੇ ਬਿਊਟੀਫੁਲ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਕੋਈ ਅਸ਼ਲੀਲ ਜਾਂ ਵਲਗਰ ਨਹੀਂ ਕਹਿ ਸਕਦਾ। ਮੈਂ ਐਕਟਰ ਹਾਂ ਅਤੇ ਇਸ ਇੰਟਰਟੇਨਮੈਂਟ ਇੰਡਸਟਰੀ ਵਿੱਚ ਹੋਣ ਦੇ ਨਾਤੇ ਇੰਨਾ ਗਲੈਮਰ ਜ਼ਰੂਰੀ ਹੈ। ਇਸ ਸ਼ੋਅ ਬਿਜ਼ਨਸ ਵਿੱਚ ਜੇ ਲੋਕਾਂ ਨੂੰ ਤੁਹਾਡੇ ਅੰਦਰ ਗਲੈਮਰ ਨਜ਼ਰ ਨਹੀਂ ਆਏਗਾ ਤਾਂ ਕੋਈ ਤੁਹਾਨੂੰ ਪੁੱਛੇਗਾ ਵੀ ਨਹੀਂ।
*ਸੋਸ਼ਲ ਮੀਡੀਆ ਉੱਤੇ ਅਕਸਰ ਤੁਹਾਨੂੰ ਟਰੋਲ ਕੀਤਾ ਜਾਂਦਾ ਹੈ। ਕੀ ਇਸ ਵਜ੍ਹਾ ਤੋਂ ਕਦੇ ਸੋਸ਼ਲ ਮੀਡੀਆ ਛੱਡਣ ਦਾ ਮਨ ਨਹੀਂ ਕਰਦਾ?
– ਮੈਨੂੰ ਸੋਸ਼ਲ ਮੀਡੀਆ ਸਿਰਫ ਇਸ ਲਈ ਪਸੰਦ ਹੈ ਕਿ ਇਸ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬਾਰੇ ਕੌਣ ਕੀ ਸੋਚਦਾ ਹੈ ਤੇ ਤੁਹਾਡੇ ਬਾਰੇ ਵਿੱਚ ਲੋਕਾਂ ਦੀ ਰਾਇ ਕਿੱਦਾਂ ਦੀ ਹੈ। ਜਦ ਲੋਕ ਤੁਹਾਡੇ ਬਾਰੇ ਨਕਾਰਾਤਮਕ ਪ੍ਰਤੀਕਿਰਿਆ ਦਿੰਦੇ ਹਨ, ਉਨ੍ਹਾਂ ਉੱਤੇ ਅਫਸੋਸ ਕਰਨ ਦੀ ਨਹੀਂ, ਉਨ੍ਹਾਂ ਕਮੀਆਂ ਨੂੰ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਕੁਝ ਕਰੋਗੇ ਤਾਂ ਲੋਕ ਪ੍ਰਤੀਕਿਰਿਆ ਕਰਨਗੇ ਅਤੇ ਉਹੀ ਪ੍ਰਤੀਕਿਰਿਆਵਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ।
*ਤੁਸੀਂ ਚੰਕੀ ਪਾਂਡੇ ਦੀ ਬੇਟੀ ਹੋ ਅਤੇ ਨੈਪੋਟਿਜ਼ਮ ਦੇ ਮਾਫੀਆ ਅਖਵਾਉਣ ਵਾਲੇ ਕਰਣ ਜੌਹਰ ਨੇ ਤੁਹਾਨੂੰ ਪਹਿਲਾ ਬ੍ਰੇਕ ਦਿੱਤਾ। ਇਸ ਕਾਰਨ ਤੁਹਾਡੇ ਉੱਤੇ ਅਕਸਰ ਨੈਪੋਟਿਜ਼ਮ ਦਾ ਦੋਸ਼ ਲੱਗਦਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ?
– ਮੈਨੂੰ ਲੱਗਦਾ ਹੈ ਕਿ ਨੈਪੋਟਿਜ਼ਮ ਦੇ ਬਾਰੇ ਮੇਰੇ ਕੁਝ ਬੋਲਣ ਨਾਲ ਇਸ ਉੱਤੇ ਬਹਿਸ ਹੋਣੀ ਬੰਦ ਨਹੀਂ ਹੋ ਜਾਵੇਗੀ। ਇਹ ਇੱਕ ਵੱਡਾ ਮੁੱਦਾ ਹੈ ਅਤੇ ਇਹ ਸਿਲਸਿਲਾ ਹਮੇਸ਼ਾ ਇੰਝ ਹੀ ਚੱਲਦਾ ਰਹੇਗਾ।
* ਚੰਕੀ ਪਾਂਡੇ ਦੀ ਬੇਟੀ ਹੋਣ ਕਾਰਨ ਤੁਸੀਂ ਅੱਜ ਇੱਕ ਅਭਿਨੇਤਰੀ ਹੋ ਜਾਂ ਫਿਰ ਉਨ੍ਹਾਂ ਦੀ ਬੇਟੀ ਨਾ ਹੋਣ ਉੱਤੇ ਵੀ ਤੁਸੀਂ ਇੱਕ ਅਭਿਨੇਤਰੀ ਹੀ ਹੁੰਦੇ?
– ਅਕਸਰ ਮੈਂ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਬਾਰੇ ਹਮੇਸ਼ਾ ਸੋਚਦੀ ਹਾਂ ਅਤੇ ਖੁਦ ਨੂੰ ਸਵਾਲ ਕਰਦੀ ਰਹਿੰਦੀ ਹਾਂ, ਪਰ ਅਖੀਰ ਵਿੱਚ ਇਹੀ ਸੋਚਦੀ ਹਾਂ ਕਿ ਅਭਿਨੇਤਰੀ ਬਣਨਾ ਹਮੇਸ਼ਾ ਤੋਂ ਮੇਰਾ ਸੁਫਨਾ ਸੀ। ਇਹ ਸੁਫਨਾ ਮੈਂ ਕਿਉਂ ਦੇਖਿਆ ਤੇ ਇਸ ਨੂੰ ਕਦੋਂ ਆਪਣਾ ਪੈਸ਼ਨ ਬਣਾ ਲਿਆ, ਇਹ ਮੈਨੂੰ ਖੁਦ ਵੀ ਨਹੀਂ ਪਤਾ। ਬੱਸ ਅੱਜ ਇੱਕ ਅਭਿਨੇਤਰੀ ਹਾਂ ਅਤੇ ਮੇਰੀ ਇਕਲੌਤੀ ਖਾਹਿਸ਼ ਆਪਣੇ ਕੰਮ ਨਾਲ ਆਪਣੇ ਪ੍ਰੋਫੈਸ਼ਨ ਦੇ ਲਈ ਪਬਲਿਕ ਦਾ ਪਿਆਰ ਹਾਸਲ ਕਰਨਾ ਹੈ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin