ਚੰਡੀਗੜ੍ਹ – ਭਾਜਪਾ ਸਾਂਸਦ ਕੰਗਨਾ ਰਣੌਤ ਨੂੰ ਹਵਾਈ ਅੱਡੇ ਦੇ ਅੰਦਰ ਥੱਪੜ ਮਾਰਨ ਵਾਲੀ ਸੀ.ਆਈ.ਐਸ.ਐਫ. ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀ.ਆਈ.ਐਸ.ਐਫ. ਨੇ ਵੀ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਹੈ ਕਿ ਸੀ.ਆਈ.ਐਸ.ਐਫ. ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਸੀ.ਆਈ.ਐਸ.ਐਫ. ਕਾਂਸਟੇਬਲ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸੀ.ਆਈ.ਐਸ.ਐਫ. ਅਧਿਕਾਰੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਅੱਜ ਅਭਿਨੇਤਰੀ ਤੋਂ ਰਾਜਨੇਤਾ ਬਣੀ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ’ਤੇ ਸੀ.ਆਈ.ਐਸ.ਐਫ. ਦੀ ਕਾਂਸਟੇਬਲ ਨੇ ਬਦਸਲੂਕੀ ਕੀਤੀ। ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਇਕ ਬਿਆਨ ਤੋਂ ਨਾਰਾਜ਼ ਕਾਂਸਟੇਬਲ ਨੇ ਭਾਜਪਾ ਸੰਸਦ ਮੈਂਬਰ ਨੂੰ ਥੱਪੜ ਮਾਰ ਦਿੱਤਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਪਰਿਵਾਰ ਜੁੜਿਆ ਹੈ। ਕੰਗਨਾ ਦੇ 100-100 ਰੁਪਏ ਵਾਲੇ ਬਿਆਨ ਤੋਂ ਗੁੱਸੇ ’ਚ ਸੀ ਕੁਲਵਿੰਦਰ। ਦੱਸ ਦੇਈਏ ਕਿ ਕੰਗਨਾ ਰਣੌਤ ਦਿੱਲੀ ਪਹੁੰਚ ਚੁੱਕੀ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸੀ.ਆਈ.ਐੱਸ.ਐੱਫ. ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਘਟਨਾ ਦੀ ਜਣਕਾਰੀ ਦਿੱਤੀ ਹੈ। ਕੰਗਨਾ ਦਾ ਦਾਅਵਾ ਹੈ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਚੰਡੀਗੜ੍ਹ ਏਅਰਪੋਰਟ ’ਤੇ ਕਰੰਟ ਏਰੀਆ ’ਚ ਉਸ ਨੂੰ ਥੱਪੜ ਮਾਰ ਦਿੱਤਾ। ਦੱਸ ਦਈਏ ਕਿ ਕੁਲਵਿੰਦਰ ਕੌਰ ਸੁਲਤਾਨਪੁਰ ਦੀ ਰਹਿਣ ਵਾਲੀ ਹੈ। ਉਸ ਦਾ ਪਰਿਵਾਰ ਕਿਸਾਨ ਆਗੂ ਪੰਧੇਰ ਦੀ ਜਥੇਬੰਦੀ ਨਾਲ ਸੰਬੰਧਤ ਹੈ। ਕੁਲਵਿੰਦਰ ਕੌਰ ਜੰਮੂ ’ਚ ਵਿਆਹੀ ਹੈ। ਉਸ ਦਾ ਪਤੀ ਵੀ ਸੀ.ਆਈ.ਐਸ.ਐਫ. ਵਿਚ ਡਿਊਟੀ ਕਰਦਾ ਹੈ। ਉਹ ਇਸ ਵੇਲੇ ਜੰਮੂ ’ਚ ਡਿਊਟੀ ਕਰਦਾ ਹੈ। ਕੁਲਵਿੰਦਰ ਕੌਰ 2 ਸਾਲ ਤੋਂ ਚੰਡੀਗੜ੍ਹ ’ਚ ਡਿਊਟੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕੁਲਵਿੰਦਰ ਕੌਰ ਚੇਨਈ ’ਚ ਵੀ ਡਿਊਟੀ ਕਰ ਚੁੱਕੀ ਹੈ।