Articles

ਬੱਦਲਾਂ ਦਾ ਸ਼ਹਿਰ – ਚਕਰਾਤਾ 

ਲੇਖਕ: ਗਗਨਦੀਪ ਸਿੰਘ ਗੁਰਾਇਆ, ਐਡਵੋਕੇਟ,
ਫ਼ਤਹਿਗੜ੍ਹ ਸਾਹਿਬ

ਮੈਦਾਨੀ ਇਲਾਕੇ ਵਿੱਚੋਂ ਗਰਮੀ ਦਾ ਤਪਾਇਆ ਸਰੀਰ ਠੰਡੇ ਪਹਾੜੀ ਇਲਾਕੇ ਵਿੱਚ ਭੱਜਣ ਨੂੰ ਲੋਚਦੈ। ਭੱਜ – ਨੱਠ ਦੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਆਪਣੇ ਆਪ ਲਈ ਕੱਢ ਕੇ ਸੈਰ ਸਪਾਟਾ ਕਰ ਲੈਣਾ ਚਾਹੀਦੈ। ਇਹ ਸਰੀਰ ਅਤੇ ਰੂਹ ਨੂੰ ਤਰੋ-ਤਾਜਾ ਰੱਖਦੈ। ਪਹਾੜਾਂ ਦੀ ਯਾਦ ਆਉਂਦੇ ਹੀ ਕਸ਼ਮੀਰ, ਉੱਤਰਾਖੰਡ ਜਾਂ ਹਿਮਾਚਲ ਵਰਗੇ ਸੂਬਿਆਂ ਦੀ ਭੂਗੋਲਿਕ ਸਥਿਤੀ ਮਨ ਨੂੰ ਟੁੰਬਦੀ ਹੈ।

ਉੱਤਰਾਖੰਡ ਉੱਤਰ ਪ੍ਰਦੇਸ਼ ਵਿੱਚੋਂ ਹੀ ਕੱਢ ਕੇ ਬਣਾਇਆ ਪਹਾੜੀ ਸੂਬਾ ਹੈ। ਇਸਦਾ ਆਪਣਾ ਹੀ ਨਵੇਕਲਾ ਸੱਭਿਆਚਾਰ ਤੇ ਵਾਤਾਵਰਨ ਹੈ। ਚਕਰਾਤਾ ਉੱਤਰਾਖੰਡ ਵਿੱਚ ਵਸਿਆ ਬਹੁਤ ਹੀ ਠੰਡਾ ਅਤੇ ਰਮਣੀਕ ਖੇਤਰ ਹੈ ਜੋ ਕਿ ਆਮ ਘੁਮੱਕੜਾਂ ਲਈ ਅਜੇ ਅਣਗੋਲਿਆ ਹੀ ਹੈ। ਇੱਥੇ ਮਸ਼ਹੂਰ ਪਹਾੜੀ ਸਥਲਾਂ ਵਰਗਾ ਭੀੜ ਭੜੱਕਾ ਨਹੀਂ ਹੈ। ਸ਼ਾਂਤ ਮਾਹੌਲ ਅਤੇ ਠੰਡ ਦੇ ਦੀਵਾਨੇ ਹੀ ਇਧਰ ਨੂੰ ਭੱਜਦੇ ਹਨ। ਚਕਰਾਤਾ ਦੀ ਭੂਗੋਲਕ ਸਥਿਤੀ ਲਾਜਵਾਬ ਹੈ। ਇੱਥੇ ਬਹੁਤ ਸਾਰੇ ਵੱਖ-ਵੱਖ ਸੜਕੀ ਰਸਤਿਆਂ ਰਾਹੀਂ ਪੁੱਜਿਆ ਜਾ ਸਕਦੈ।ਚਕਰਾਤਾ ਆਰਮੀ ਦੀ ਕੰਟੋਨਮੈਂਟ ਹੈ। ਇਸੇ ਕਰਕੇ ਇੱਥੇ ਪੁੱਜਣ ਲਈ ਸੜਕੀ ਮਾਰਗ ਲਾਜਵਾਬ ਹੈ। ਸੜਕਾਂ ਬੇਹੱਦ ਸਾਫ ਸੁਥਰੀਆਂ ਹਨ। ਆਵਾਜਾਈ ਵੀ ਬਹੁਤ ਘੱਟ ਹੈ। ਚਕਰਾਤਾ ਫੌਜ ਦੀ ਛਾਉਣੀ ਹੋਣ ਕਰਕੇ ਵਿਦੇਸ਼ੀ ਯਾਤਰੀਆਂ ਦਾ ਇੱਥੇ ਦਾਖਲਾ ਬਿਲਕੁਲ ਬੰਦ ਹੈ। ਕੋਈ ਵੀ ਵਿਦੇਸ਼ੀ ਯਾਤਰੀ ਇਸ ਰਸਤੇ ‘ਤੇ ਨਜ਼ਰੀਂ ਨਹੀਂ ਪੈਂਦਾ। ਇਹ ਉਹੀ ਚਕਰਾਤਾ ਹੈ, ਜਿੱਥੇ 1984 ਵਿੱਚ ਸ੍ਰੀ ਅੰਮ੍ਰਿਤਸਰ ਵਿੱਚ ਭਾਰਤੀ ਫੌਜ ਵੱਲੋਂ ਸਾਕਾ ਨੀਲਾ ਤਾਰਾ ਦੌਰਾਨ ਕੀਤੇ ਗਏ ਹਮਲੇ ਦੀ ਟ੍ਰੇਨਿੰਗ ਕੁਝ ਮਹੀਨੇ ਪਹਿਲਾਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਦਿੱਤੀ ਗਈ ਸੀ। ਚਕਰਾਤਾ ਦੀ ਸਮੁੰਦਰੀ ਤਲ ਤੋਂ ਉਚਾਈ 2130 ਮੀਟਰ ਹੈ। ਇੱਥੇ ਪੁੱਜਣ ਲਈ ਪਹਿਲਾਂ ਪਾਉਂਟਾ ਸਾਹਿਬ ਜਾਣਾ ਪੈਂਦਾ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਚਾਰ ਸਾਲ ਗੁਜਾਰੇ ਸਨ। ਉਹਨਾਂ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਇੱਥੇ ਸੁਸ਼ੋਭਿਤ ਹਨ। ਭੰਗਾਣੀ ਦਾ ਯੁੱਧ ਵੀ ਇੱਥੇ ਹੀ ਲੜਿਆ ਗਿਆ ਸੀ। ਪਾਂਉਂਟਾ ਸਾਹਿਬ ਤੋਂ ਚਕਰਾਤੇ ਦਾ ਸਫਰ 74 ਕਿਲੋਮੀਟਰ ਹੈ ਅਤੇ ਦੋ ਕੁ ਘੰਟੇ ਲੱਗਦੇ ਹਨ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਇਸ ਦੀ ਦੂਰੀ ਲਗਭਗ 92 ਕਿਲੋਮੀਟਰ ਹੈ ਅਤੇ ਵਿਕਾਸ ਨਗਰ ਰਾਹੀਂ ਹੋ ਕੇ ਇੱਥੇ ਅੱਪੜਿਆ ਜਾ ਸਕਦੈ ਅਤੇ ਮਸੂਰੀ ਤੋਂ ਰਾਸ਼ਟਰੀ ਮਾਰਗ ਨੰਬਰ 58 ਤੋਂ 83 ਕਿਲੋਮੀਟਰ ਸਫ਼ਰ ਤਹਿ ਕਰ ਕੇ ਇੱਥੇ ਪੁੱਜੀਦੈ। ਹਰਿਆਲੀ , ਮਹਿਕਾਂ ਖਿਲਾਰਦੇ ਜੰਗਲੀ ਫੁੱਲ ਅਤੇ ਲੰਮ ਸਲੰਮੇ ਦਰਖ਼ਤ ਰਾਹੀਆਂ ਦਾ ਸਵਾਗਤ ਕਰਦੇ ਹਨ। ਚਕਰਾਤਾ ਵਿੱਚ ਹਰ ਸਮੇਂ ਮੌਸਮ ਖੁਸ਼ਗਵਾਰ ਹੀ ਰਹਿੰਦੈ। ਅਕਸਰ ਬੱਦਲ ਪੈਰਾਂ ਤੋਂ ਹੇਠਾਂ ਹੀ ਘੁੰਮਦੇ ਪ੍ਰਤੀਤ ਹੁੰਦੇ ਨੇ। ਦਿਨ ਵਿੱਚ ਕਈ ਵਾਰ ਮੀਂਹ ਪੈ ਜਾਂਦੈ। ਗਰਮੀਆਂ ਵਿੱਚ ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ 10 ਡਿਗਰੀ ਹੋ ਜਾਂਦੈ ਜਦ ਕਿ ਸਿਆਲਾਂ ਵਿੱਚ ਵੱਧੋ ਵੱਧ 15 ਅਤੇ ਘੱਟੋ ਘੱਟ ਮਨਫੀ 5 ‘ਤੇ ਵੀ ਅੱਪੜ ਜਾਂਦੈ। ਸਿਆਲਾਂ ਵਿੱਚ ਇਥੇ ਬਰਫਬਾਰੀ ਹੁੰਦੀ ਹੈ। ਜਿਵੇਂ ਜਿਵੇਂ ਸੈਲਾਨੀਆਂ ਨੂੰ ਇਸਦੇ ਬਾਰੇ ਪਤਾ ਲੱਗ ਰਿਹੈ, ਉਵੇਂ ਉਵੇਂ ਹੀ ਨਵੇਂ ਹੋਟਲਾਂ ਦੀ ਤਾਮੀਰ ਹੋ ਰਹੀ ਹੈ। ਹੋਟਲ ਅਤੇ ਰਹਿਣ ਬਸੇਰੇ ਕੋਈ ਜਿਆਦਾ ਮਹਿੰਗੇ ਨਹੀਂ ਹਨ। ਖਾਣਾ ਬਹੁਤ ਹੀ ਸਵਾਦਿਸ਼ਟ ਅਤੇ ਘਰ ਵਰਗਾ ਹੀ ਮਿਲ ਜਾਂਦੈ। ਲੋਕ ਵੀ ਮਿਲਣਸਾਰ ਅਤੇ ਖੁਸ਼ਤਬੀਅਤ ਹਨ। ਸ਼ਹਿਰ ਦੇ ਐਨ ਵਿਚਕਾਰ ਇੱਕ ਨਿੱਕਾ ਜਿਹਾ ਬਾਜ਼ਾਰ ਹੈ, ਜਿੱਥੇ ਹਰ ਸ਼ੈਅ ਮਿਲ ਜਾਂਦੀ ਹੈ। ਇਥੋਂ ਦੇ ਰਾਜਮਾਹ,ਚੌਲ, ਮਸਾਲੇ ਅਤੇ ਦਾਲਾਂ ਵੱਖਰੇ ਕਿਸਮ ਦੇ ਹਨ ਜੋ ਖਾਣ ਨੂੰ ਬੜੇ ਹੀ ਲਾਜੀਜ਼ ਹਨ। 17 ਕੁ ਕਿਲੋਮੀਟਰ ਅੱਗੇ ਜਾ ਕੇ ਟਾਈਗਰ ਫਾਲ ਦਾ ਨਾਂ ਦਾ ਇੱਕ ਝਰਨਾ ਹੈ, ਜਿੱਥੇ ਜਾ ਕੇ ਸੈਲਾਨੀ ਨਹਾਉਂਦੇ ਅਤੇ ਅਠਖੇਲੀਆਂ ਕਰਦੇ ਹਨ। ਝਰਨੇ ਵਿੱਚ ਨਹਾ ਕੇ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ। ਇਹ ਝਰਨਾ ਕੁਦਰਤੀ ਰੂਪ ਵਿੱਚ ਹੀ ਪੱਥਰਾਂ ਵਿੱਚੋਂ ਬਰਫ ਦਾ ਪਾਣੀ ਖੁਰਕੇ ਬਣਿਆ ਹੈ। ਇਹ ਦੇਸ਼ ਦੇ ਸਭ ਤੋਂ ਉੱਚੇ ਝਰਨਿਆਂ ਵਿੱਚੋਂ ਇੱਕ ਹੈ ਜਿੱਥੇ ਲਗਭਗ 312 ਫੁੱਟ ਉਚਾਈ ਤੋਂ ਪਾਣੀ ਡਿੱਗਦਾ ਹੈ। ਪਾਣੀ ਸਾਫ ਅਤੇ ਨਿਰਮਲ ਹੈ। ਸ਼ਾਮ ਨੂੰ ਲੋਕ ਸਨਸੈੱਟ ਪੁਆਇੰਟ ‘ਤੇ ਜਾ ਕੇ ਸੂਰਜ ਨੂੰ ਅਸਤ ਹੁੰਦਾ ਦੇਖਦੇ ਹਨ ਅਤੇ ਸਵੇਰ ਵੇਲੇ ਪੂਰਬ ਵਾਲੇ ਪਾਸਿਓਂ ਸੂਰਜ ਚੜਦੇ ਦਾ ਨਜ਼ਾਰਾ ਆਪਣੀਆਂ ਅੱਖਾਂ ਵਿੱਚ ਨਿਹਾਰਦੇ ਹਨ। ਸਨਸੈੱਟ ਅਤੇ ਸਨਰਾਈਜ਼ ਪੁਆਇੰਟ ਇੱਕ ਉੱਚੀ ਪਹਾੜੀ ‘ਤੇ ਬਹੁਤ ਵੱਡਾ ਪੱਧਰਾ ਮੈਦਾਨ ਹੈ, ਜਿਸ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਸੰਭਾਲਿਆ ਹੋਇਆ ਹੈ। ਸਵੇਰੇ ਅਤੇ ਸ਼ਾਮ ਵੇਲੇ ਸੈਲਾਨੀਆਂ ਦਾ ਇੱਥੇ ਤਾਂਤਾ ਲੱਗਿਆ ਹੁੰਦੈ। ਇੱਥੇ ਖਲੋ ਕੇ ਦੂਰ ਦੂਰ ਤੱਕ ਪਹਾੜਾਂ ਦੀ ਸੁੰਦਰਤਾ ਨੂੰ ਨਿਹਾਰਿਆ ਜਾ ਸਕਦੈ ਅਤੇ ਕੈਮਰਾਬੱਧ ਕਰਕੇ ਯਾਦਾਂ ਦੀ ਪਿਟਾਰੀ ਵਿੱਚ ਸੰਭਾਲਿਆ ਜਾ ਸਕਦੈ। ਇਸ ਤੋਂ ਇਲਾਵਾ ਚਿਲਮਿਰੀ ਨੈੱਕ ਅਤੇ ਦਿਓਬਨ ਵੇਖਣ ਯੋਗ ਪ੍ਰਮੁੱਖ ਸਥਾਨ ਹਨ। ਜੇਠ ਹਾੜ ਦੇ ਮਹੀਨੇ ਸ਼ਾਮ ਵੇਲੇ ਬਾਹਰ ਘੁੰਮਦਿਆਂ ਤੁਹਾਨੂੰ ਪੂਰੀ ਠੰਡ ਦਾ ਅਹਿਸਾਸ ਹੁੰਦੈ। ਸੁਵੱਖਤੇ ਉੱਠ ਕੇ ਪਹਾੜਾਂ ਉੱਤੇ ਟਰੈਕਿੰਗ ਕਰਨ ਦਾ ਆਪਣਾ ਵੱਖਰਾ ਹੀ ਲੁਤਫ ਹੈ। ਤਾਜ਼ੀ ਆਕਸੀਜਨ ਧੁਰ ਅੰਦਰ ਤੱਕ ਤੁਹਾਡੇ ਰੋਮ ਰੋਮ ਨੂੰ ਸਕੂਨ ਦਿੰਦੀ ਹੈ। ਰੋਲਾ ਰੱਪਾ ਇਥੋਂ ਸੈਂਕੜੇ ਕੋਹਾਂ ਦੂਰ ਹੈ। ਬਸ ਕੁਦਰਤ, ਸ਼ਾਂਤ ਵਾਤਾਵਰਨ ਅਤੇ ਠੰਡ।  ਚਕਰਾਤਾ ਜਾ ਕੇ ਤੁਸੀਂ ਆਪਣੀਆਂ ਮਨਮੋਹਕ ਯਾਦਾਂ ਵਿੱਚ ਇਜ਼ਾਫਾ ਕਰਕੇ ਘਰ ਪਰਤਦੇ ਹੋ ।।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ 

admin

ਭਾਰਤ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਗੁਣਵੱਤਾ ਵਿੱਚ ਗਿਰਾਵਟ !

admin