ਅੰਮ੍ਰਿਤਸਰ – ਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਪੁਸਤਕ ਇਟਲੀ ’ਚ ਸਿੱਖ ਫੌਜੀ ’ਤੇ ਵਿਚਾਰ ਚਰਚਾ ਕੀਤੀ ਗਈ। ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ’ਚ ਰੱਖੇ ਸਮਾਗਮ ’ਚ ਆਏ ਮਹਿਮਾਨਾਂ ਨੂੰ ਜੀ ਆਇਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਇਸ ਸਮੇਂ ਸਮੁੱਚੇ ਵਿਸ਼ਵ ਦੇ ਪੰਜਾਬੀ ਵਿਦਵਾਨਾਂ, ਚਿੰਤਕਾਂ ਅਤੇ ਸਾਹਿਤਕਾਰਾਂ ਦੀ ਸੋਚ ਦਾ ਮਰਕਜ਼ ਬਣਿਆ ਹੋਇਆ ਹੈ। ਸਾਨੂੰ ਮਾਣ ਹੈ ਕਿ ਇਟਲੀ ਤੋਂ ਬਾਅਦ ਇੰਗਲੈਂਡ ਜਾ ਵੱਸੇ ਪੰਜਾਬੀ ਇਤਿਹਾਸ ਪ੍ਰੇਮੀ ਬਲਵਿੰਦਰ ਸਿੰਘ ਚਾਹਲ ਨੇ ਆਪਣੀ ਪੁਸਤਕ ਤੇ ਵਿਚਾਰ ਚਰਚਾ ਲਈ ਕਾਲਜ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਪੰਜਾਬੀ ਚਿੰਤਕਾਂ ਦਾ ਹਮੇਸ਼ ਸਵਾਗਤ ਕਰਦਾ ਹੈ। ਸਾਡਾ ਹਰ ਸਾਲ ਹੋਣ ਵਾਲਾਲ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਵਿਸ਼ਵ ਵਿਚ ਪੰਜਾਬੀ ਪਿਆਰਿਆਂ ਲਈ ਵਿਸ਼ੇਸ਼ ਉਤਸਵ ਬਣ ਚੁੱਕਾ ਹੈ। ਉਨ੍ਹਾਂ ਨੇ ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਡਾ. ਵਿਕਰਮਜੀਤ ਸਿੰਘ ਅਤੇ ਸ਼ਹਿਰ ਤੋਂ ਆਂਏ ਹੋਰ ਪਤਵੰਤੇ ਸੱਜਣਾ ਦਾ ਸਮਾਗਮ ਦਾ ਹਿੱਸਾ ਬਣਨ ’ਤੇ ਸਵਾਗਤ ਕੀਤਾ।
ਬਲਵਿੰਦਰ ਸਿੰਘ ਚਾਹਲ ਨੂੰ ਇਟਲੀ ਵਿਚ ਲਿਖਣ ਦਾ ਸ਼ੌਕ ਪਾਉਣ ਵਾਲੇ ਪੰਜਾਬੀ ਕਵੀ ਵਿਸ਼ਾਲ ਬਿਆਸ ਨੇ ਚਾਹਲ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਚਾਹਲ ਕੋਲ ਖੋਜੀ ਬਿਰਤੀ ਸੀ ਮੇਰੇ ਵਾਰ ਵਾਰ ਕਹਿਣ ਤੇ ਇਹ ਸਮਾਜਕ ਸਭਿਆਚਾਰਕ ਵਿਸ਼ਿਆਂ ਤੇ ਲੇਖ ਲਿਖਣ ਲੱਗ ਪਿਆ ਜਿਸ ਦਾ ਹਾਸਲ ਅੱਜ ਇਹ ਪੁਸਤਕ ਹੈ। ਡਾ. ਹੀਰਾ ਸਿੰਘ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਟਲੀ ਵਿਚ ਸਿੱਖ ਫੌਜੀ ਦੂਸਰੇ ਵਿਸ਼ਵ ਯੁੱਧ ਦੌਰਾਨ ਇਟਲੀ ਵਿਚ ਲੜਨ ਵਾਲੇ ਅਤੇ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਬਾਰੇ ਜਾਣਕਾਰੀ ਦਿੰਦੀ ਹੈ। ਲੇਖਕ ਨੇ ਦੂਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਕਾਰਨਾ ਦੀ ਖੋਜ ਕਰਦਿਆਂ ਪਹਿਲੇ ਵਿਸ਼ਵ ਯੁੱਧ ਦੇ ਸਿੱਟਿਆਂ ਨੂੰ ਵੀ ਖੰਘਾਲਿਆ ਹੈ ਅਤੇ ਭਾਰਤੀ ਫੌਜ ਦੇ ਇਸ ਵਿਸ਼ਵ ਯੁੱਧ ਵਿਚ ਸ਼ਾਮਲ ਹੋਣ ਦੀ ਕਹਾਣੀ ਵੀ ਬਿਆਨ ਕੀਤੀ ਹੈ। ਉਹਨਾਂ ਨੇ ਅੰਕੜਿਆਂ ਸਹਿਤ ਇਤਿਹਾਸ ਦੇ ਇਸ ਅਣਗੌਲੇ ਪੱਖ ਨੂੰ ਪੇਸ਼ ਕਰਕੇ ਪੰਜਾਬੀਆਂ ਦੀ ਬਹਾਦਰੀ ਦੀ ਗਾਥਾ ਨੂੰ ਪੇਸ਼ ਕੀਤਾ ਹੈ। ਉਹਨਾਂ ਨੇ ਬਹਾਦਰੀ ਕਰਨ ਵਾਲੇ ਹਿੰਦੂ, ਸਿੱਖ ਅਤੇ ਮੁਸਲਮਾਨ ਸਿਪਾਹੀਆਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਹੈ। ਇਕ ਪਾਸੇ ਇਟਲੀ ਵਿਚ ਉਥੋਂ ਦੇ ਲੋਕ ਸਿੱਖ ਫੌਜੀਆਂ ਦੀ ਯਾਦ ਵਿਚ ਹਰ ਸਾਲ ਸਮਾਗਮ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਨ ਦੂਸਰੇ ਪਾਸੇ ਸਾਡੇ ਲੋਕ ਇਸ ਬਲੀਦਾਨ ਨੂੰ ਭੁਲਾਈ ਬੈਠੇ ਹਨ। ਬਲਵਿੰਦਰ ਸਿੰਘ ਚਾਹਲ ਦੀ ਇਹ ਪੁਸਤਕ ਪੰਜਾਬੀਆਂ ਦੇ ਵਿਸ਼ੇਸ਼ ਕਰ ਸਿੱਖਾਂ ਦੇ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ।
ਵਿਭਾਗ ਦੇ ਸੀਨੀਅਰ ਪ੍ਰੋ: ਡਾ. ਪਰਮਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਵਿਹੜਾ ਸਾਹਿਤਕਾਰਾਂ ਦੇ ਸਵਾਗਤ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਗਿਲਾ ਕੀਤਾ ਕਿ ਪੰਜਾਬੀ ਇਤਿਹਤਸ ਸਿਰਜ ਤਾਂ ਲੈਂਦੇ ਹਨ ਪਰ ਇਤਿਹਾਸ ਸਾਂਭਣ ਵਿਚ ਹਮੇਸ਼ਾ ਅਵੇਸਲੇ ਰਹੇ ਹਨ ਪਰ ਬਲਵਿੰਦਰ ਸਿੰਘ ਚਾਹਲ ਨੇ ਇਹ ਜਰੂਰੀ ਕੰਮ ਵੀ ਸ਼ੁਰੂ ਕੀਤਾ ਹੈ ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਮੌਕੇ ਤੇ ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਯਾ ਸਿੰਘ, ਡਾ. ਮਨੀਸ਼, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ, ਡਾ. ਪਰਮਿੰਦਰਜੀਤ ਕੌਰ ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।