Articles India

ਕੈਨੇਡਾ ਵਿੱਚ ਸਿੱਖਾਂ ਤੇ ਹਿੰਦੂਆਂ ਵਿਚਕਾਰ ਤਣਾਅ ਦਾ ਮਾਹੌਲ !

ਬਰੈਂਪਟਨ ਵਿੱਚ 3 ਨਵੰਬਰ ਨੂੰ ਹੋਏ ਖਾਲਿਸਤਾਨੀ ਹਮਲੇ ਤੋਂ ਬਾਅਦ 4 ਨਵੰਬਰ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਮੰਦਰ ਅਤੇ ਹਿੰਦੂ ਭਾਈਚਾਰੇ ਨਾਲ ਇੱਕਮੁੱਠਤਾ ਦਿਖਾਉਂਦਾ ਹੋਇਆ ਭਾਰੀ ਇਕੱਠ। (ਫੋਟੋ: ਏ ਐਨ ਆਈ)

ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਰਿਹਾ ਹੈ। ਇਹ ਵਿਵਾਦ ਹੁਣ ਇਥੇ ਭਾਰਤੀ ਭਾਈਚਾਰੇ ਦੇ ਲੋਕਾਂ ਵਿਚਾਲੇ ਲਕੀਰਾਂ ਖਿੱਚਣ ਲੱਗਾ ਹੈ। ਕੈਨੇਡਾ ਦੇ ਬਰੈਂਪਟਨ ਵਿਚ ਹਿੰਦੂ ਮੰਦਰ ਅੱਗੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਈਚਾਰੇ ਵਿਚ ਕਾਫੀ ਰੋਸ ਹੈ ਅਤੇ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਇਥੇ ਇਕ ਹਜ਼ਾਰ ਤੋਂ ਵੱਧ ਕੈਨੇਡੀਅਨ ਹਿੰਦੂਆਂ ਨੇ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਇਕਜੁੱਟਤਾ ਰੈਲੀ ਕੀਤੀ। ਭਾਈਚਾਰੇ ਦਾ ਦੋਸ਼ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਹਿੰਦੂ ਮੰਦਰ ਉਤੇ ਹਮਲੇ ਦੀ ਕੋਸ਼ਿਸ਼ ਕੀਤੀ ਅਤੇ ਸ਼ਰਧਾਲੂਆਂ ਦੀ ਖਿੱਚ-ਧੂਹ ਵੀ ਹੋਈ। ਇਸ ਖਿੱਚਧੂਹ ਵਿਚ ਇਕ ਪੁਲਿਸ ਮੁਲਾਜ਼ਮ ਦੇ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਪੀਲ ਪੁਲਿਸ ਨੇ ਮੁਲਾਜ਼ਮ (ਸਾਰਜੈਂਟ ਹਰਿੰਦਰ ਸਿੰਘ ਸੋਹੀ) ਨੂੰ ਫ਼ਰਜ਼ਾਂ ਵਿਚ ਕੋਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਪੁਲਿਸ ਨੇ ਹਿੰਸਾ ਦੀ ਮੁਢਲੀ ਜਾਂਚ ਵਿਚ ਸਰੀ ਅਤੇ ਬਰੈਂਪਟਨ ਵਿਚ 3-3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਲੀ ਜਾਂਚ ਜਾਰੀ ਹੈ।

ਉਧਰ, ਭਾਰਤੀ ਕੌਂਸਲੇਟ ਅਮਲੇ ਵੱਲੋਂ ਧਾਰਮਿਕ ਸਥਾਨਾਂ ਉਤੇ ਕੌਂਸਲਰ ਕੈਂਪ ਲਾਏ ਜਾਣ ਕਾਰਨ ਉਥੇ ਹੋਏ ਸੋਚ ਦੇ ਟਕਰਾਅ ਨੂੰ ਮੀਡੀਆ ਵੱਲੋਂ ਫਿਰਕੂ ਰੰਗਤ ਦੇ ਕੇ ਪ੍ਰਚਾਰੇ ਜਾਣ ਦੀ ਆਮ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੌਂਸਲੇਟ ਅਮਲੇ ਵੱਲੋਂ ਸੁਵਿਧਾ ਕੈਂਪ ਧਾਰਮਿਕ ਸਥਾਨਾਂ ‘ਤੇ ਲਾਏ ਜਾਣ ਕਾਰਨ ਅਜਿਹੀਆਂ ਘਟਨਾਵਾਂ ਦਾ ਮੁੱਢ ਬੱਝਦਾ ਹੈ।

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਿੱਖਸ ਫਾਰ ਜਸਟਿਸ ਸਮੂਹ ਦਾ ਕਹਿਣਾ ਹੈ ਕਿ ਖਾਲਿਸਤਾਨ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੀ ਪ੍ਰਸ਼ਾਸਨਿਕ ਸੇਵਾਵਾਂ ਜਿਵੇਂ ਬਜ਼ੁਰਗਾਂ ਨੂੰ ਪੈਨਸ਼ਨ ਤੱਕ ਪਹੁੰਚ ਕਰਨ ਵਿਚ ਮਦਦ ਕਰਨ ਲਈ ਐਲਾਨੀ ਫੇਰੀ ਦਾ ਵਿਰੋਧ ਕਰ ਰਹੇ ਸਨ। ਸਿੱਖਸ ਫਾਰ ਜਸਟਿਸ ਨੇ ਇਲਜ਼ਾਮ ਲਗਾਇਆ ਕਿ ਹਿੰਦੂ ਰਾਸ਼ਟਰਵਾਦੀਆਂ ਨੇ ਲੜਾਈ ਨੂੰ ਭੜਕਾਇਆ ਸੀ। ਉਨ੍ਹਾਂ ਇਹ ਦਲੀਲ ਦਿੱਤੀ ਕਿ ਕੌਂਸਲਰ ਅਧਿਕਾਰੀਆਂ ਵੱਲੋਂ ਕੀਤੇ ਬਾਹਰੀ ਥਾਵਾਂ ਦੇ ਦੌਰੇ ਕੈਨੇਡਾ ਵਿਚ ਖਾਲਿਸਤਾਨ ਪੱਖੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਸਿੱਧੇ ਤੌਰ ‘ਤੇ ਖ਼ਤਰੇ ਵਿਚ ਪਾਉਂਦੇ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦਾ ਕਹਿਣਾ ਹੈ ਕੈਨੇਡੀਅਨ ਭਾਈਚਾਰਿਆਂ ਵਿਚ ਭਾਰਤੀ ਡਿਪਲੋਮੈਟਾਂ ਦੇ ਸੰਗਠਿਤ ਹਮਲੇ ਸੰਘਰਸ਼ ਨੂੰ ਭੜਕਾਉਣ ਲਈ ਤਿਆਰ ਕੀਤੇ ਗਏ ਪ੍ਰਤੀਤ ਹੁੰਦੇ ਹਨ ਅਤੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ।

ਦਰਅਸਲ, ਕੈਨੇਡਾ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਵਧ ਰਿਹਾ ਤਣਾਅ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਆਏ ਨਿਘਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਮੁਲਕ ਵਿਚ ਸਿੱਖ ਕਾਰਕੁਨਾਂ ਨੂੰ ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਉਣ ਲਈ ਵਿੱਢੀ ਮੁਹਿੰਮ ਦਾ ਸੰਚਾਲਨ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ। ਨਵੀਂ ਦਿੱਲੀ ਨੇ ਇਸ ਦੋਸ਼ ਨੂੰ ਬੇਬੁਨਿਆਦ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਕੈਨੇਡਾ ਵੱਲੋਂ ਭਾਰਤ ਉਤੇ ਲਾਏ ਦੋਸ਼ਾਂ ਤੋਂ ਬਾਅਦ ਇਥੇ ਗਰਮਖਿਆਲੀਆਂ ਵੱਲੋਂ ਕਈ ਵਾਰ ਭਾਰਤ ਵਿਰੋਧੀ ਪ੍ਰਦਰਸ਼ਨ ਕੀਤੇ ਗਏ ਹਨ ਜਿਸ ਦਾ ਭਾਰਤੀ ਖਾਸ ਕਰਕੇ ਹਿੰਦੂ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਹੈ। ਤਾਜ਼ਾ ਘਟਨਾ ਨੂੰ ਵੀ ਇਸੇ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਪਿਛਲੇ ਸਾਲ ਕੈਨੇਡਾ ਵਿਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਸਰਕਾਰ ਦੇ ਸਬੰਧ ਹੋਣ ਦੇ ਲਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਆ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ। ਨਵੀਂ ਦਿੱਲੀ ਲੰਬੇ ਸਮੇਂ ਤੋਂ ਸਿੱਖ ਵੱਖਵਾਦੀ ਸਮੂਹਾਂ ਬਾਰੇ ਚਿੰਤਤ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor