ArticlesReligion

ਸਭ ਤੋਂ ਵੱਡੇ ਕ੍ਰਾਂਤੀਕਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ !

ਐਤਕੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 556ਵਾਂ ਅਵਤਾਰ ਪੁਰਬ ਮਨਾ ਰਹੇ ਹਾਂ। ਵੈਸੇ ਸਾਡੇ ਲਈ ਤਾਂ ਹਰ ਦਿਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਨ ਹੈ ਉਨ੍ਹਾਂ ਦੇ ਸਿਧਾਂਤਾਂ ਤੋਂ ਬਿਨਾ ਅਸੀਂ ਕੁੱਝ ਵੀ ਨਹੀਂ ਹਾਂ। ਪਰ ਉਨ੍ਹਾਂ ਦੇ ਅਵਤਾਰ ਦਿਵਸ ਦਾ ਦਿਨ ਇਸ ਕਰਕੇ ਖਾਸ ਹੋ ਜਾਦਾ ਹੈ ਕਿ ਜੋ ਭ੍ਰਿਸਟਾਚਾਰ ਅਤੇ ਅੱਤਿਆਚਾਰ ਦੀ ਧੁੰਦ ਫੈਲੀ ਹੋਈ ਸੀ ਉਸ ਵਿੱਚ ਇੱਕ ਪ੍ਰਕਾਸ਼ ਹੋਇਆ ਸੀ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਢਲੇ ਜੀਵਨ ਬਾਰੇ ਸਭ ਸਿੱਖ ਸੰਗਤ ਜਾਣੂ ਹੈ। ਮੁੱਖ ਤੌਰ ਤੇ ਜਾਣੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ (15 ਅਪ੍ਰੈਲ 1469) ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਪਿਤਾ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਦੇ ਘਰ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਪ੍ਰਲੋਕ ਗਮਨ 22 ਸਤੰਬਰ 1539 (70 ਸਾਲ ਦੀ ਉਮਰ ਵਿੱਚ) ਕਰਤਾਰਪੁਰ (ਲਾਹੌਰ, ਪਾਕਿਸਤਾਨ) ਵਿਖੇ। ਧਰਮ ਪਤਨੀ ਮਾਤਾ ਸੁਲੱਖਣੀ ਜੀ, ਬੱਚੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ, ਭੈਣ ਬੇਬੇ ਨਾਨਕੀ ਜੀ ਸਨ। ਆਪ ਜੀ ਦੇ ਪੱਕੇ ਸਾਥੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਬਾਣੀਆਂ ਜਪੁਜੀ ਸਾਹਿਬ, ਆਸਾ ਦੀ ਵਾਰ ਤੇ ਸਿੱਧ ਗੋਸ਼ਟ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਫ਼ਗ਼ਾਨਿਸਤਾਨ ਵਿੱਚ ਪੀਰ ਬਾਲਗਦਾਨ, ਸ਼੍ਰੀ ਲੰਕਾ ਵਿੱਚ ਨਾਨਕਚਰਿਆਯਾ, ਤਿੱਬਤ ਵਿੱਚ ਨਾਨਕ ਲਾਮ, ਸਿੱਕਮ ਅਤੇ ਭੂਟਾਨ ਵਿੱਚ ਗੁਰੂ ਰਿਨਪੋਚ, ਨੇਪਾਲ ਵਿੱਚ ਨਾਨਕ ਰਿਿਸ, ਇਰਾਕ ਵਿੱਚ ਨਾਨਕ ਪੀਰ, ਸਾਊਦੀ ਅਰਬ ਵਿੱਚ ਵਾਲੀ ਹਿੰਦੀ, ਮਿਸਰ ਵਿੱਚ ਨਾਨਕ ਵਾਲੀ, ਰੂਸ ਵਿੱਚ ਨਾਨਕ ਕਦਮਦਾਰ, ਚੀਨ ਵਿੱਚ ਬਾਬਾ ਫੂਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਜੇਕਰ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਭ ਤੋਂ ਵੱਡੇ ਕ੍ਰਾਂਤੀਕਾਰੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ। ਬਚਪਨ ਵਿੱਚ ਜਨੇਉ ਪਾਉਣ ਤੋਂ ਇਨਕਾਰ ਕਰਨਾ ਉਨ੍ਹਾਂ ਦਾ ਪਾਖੰਡ ਵਾਦ ਨੂੰ ਤਿਆਗ ਕਰਨ ਦਾ ਪਹਿਲਾ ਸੰਦੇਸ਼ ਸੀ। ਉਨ੍ਹਾਂ ਨੇ ਜੀਵਨ ਭਰ ਅਧਿਆਤਮਿਕਤਾ ਦੇ ਨਾਲ-ਨਾਲ ਤਰਕਸ਼ੀਲਤਾ ਦਾ ਹੋਕਾ ਦਿੱਤਾ ਹੈ। ਉਨ੍ਹਾਂ ਨੇ ਹਰ ਇੱਕ ਗੱਲ ਨੂੰ ਦਲੀਲ ਦੇ ਨਾਲ ਕੀਤਾ ਹੈ ਚਾਹੇ ਗੰਗਾ ਤੇ ਖੜ੍ਹ ਕੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣ ਦੇ ਗੱਲ ਕਹੀ ਹੋਵੇ ਜਾਂ ਮੱਕਾ ਵਿਖੇ ਪਿੱਠ ਕਰਕੇ ਖੜ੍ਹ ਜਾਣ ਦੀ ਗੱਲ ਹੋਵੇ। ਉਨ੍ਹਾਂ ਨੇ ਹਮੇਸ਼ਾ ਜੁਲਮ ਦੇ ਖਿਲਾਫ ਆਵਾਜ਼ ਉਠਾਈ ਹੈ ਉਹ ਚਾਹੇ ਬਾਬਰ ਨੂੰ ਜਾਲਮ ਕਹਿਣ ਵਾਲੀ ਗੱਲ ਹੋਵੇ ਇਸ ਬਾਰੇ ਰੱਬ ਨੂੰ ਉਲਾਮਾ ਦਿੱਤਾ

‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਜਾਂ

ਇਸਤਰੀ ਜਾਤੀ ਤੇ ਹੋ ਰਹੇ ਜੁਲਮਾਂ ਦੀ ਗੱਲ ਹੋਵੇ ਤਾਂ

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਰਾਹੀਂ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਸਾਰੀ ਉਮਰ ਗਿਆਨ ਹਾਸਿਲ ਕੀਤਾ ਅਤੇ ਸਾਰੀ ਦੁਨੀਆਂ ਨੂੰ ਵੰਡੀਆ। ਇਸੇ ਕਾਰਨ ਚਾਰੇ ਦਿਸ਼ਾਵਾਂ ਦੇ ਵਿੱਚ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ) ‘ਇਕ ਰੱਬ’ ਦਾ ਸੰਦੇਸ਼ ਦਿੱਤਾ। ਉਹਨਾਂ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸੇ ਗਿਆਨ ਕਾਰਨ ਉਹ ਆਉਣ ਵਾਲੇ ਹਜਾਰਾਂ ਸਾਲਾਂ ਬਾਰੇ ਪਹਿਲਾ ਹੀ ਦੱਸ ਗਏ ਸਨ ਜੋ ਵਿਿਗਆਨ ਹੁਣ ਖੋਜ ਰਿਹਾ ਹੈ। ਵਿਿਗਆਨੀਆਂ ਨੇ ਹੁਣ ਖੋਜ ਕੀਤੀ ਹੈ ਕਿ ਇਸ ਧਰਤੀ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਧਰਤੀਆਂ ਹਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਜਾਰਾਂ ਸਾਲ ਪਹਿਲਾ ਕਹਿ ਦਿੱਤਾ ਸੀ

ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਸੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਵਸ ਤੇ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ‘ਵੰਡ ਛਕੋ, ਕਿਰਤ ਕਰੋ, ਨਾਮ ਜਪੋ ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਵਿੱਚ ਕਮਾਉਣਾ। ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ’ ਨੂੰ ਅਪਣਾਈਏ। ਉਨ੍ਹਾਂ ਦੀਆਂ ਸਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਲੋਕਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਬਾਣੀ ਦੇ ਨਾਲ ਜੋੜਿਆ ਜਾਵੇ ਤਾਂ ਜੋ ਇੱਕ ਸੁੰਦਰ ਅਤੇ ਸੱਭਿਅਕ ਸਮਾਜ ਦੀ ਸਥਾਪਨਾ ਹੋ ਸਕੇ।

-ਭਵਨਦੀਪ ਸਿੰਘ ਪੁਰਬਾ

Related posts

Myanmar Earthquake: Plan International Australia Launches Urgent Response

admin

ਵੋਟਰਾਂ ਦਾ ਸ਼ੁੱਧੀਕਰਨ ਅਤੇ ਨਾਗਰਿਕਤਾ !

admin

ਸਮਾਜ ਵਿਚ ਦਿਨ ਪ੍ਤੀ ਦਿਨ ਵੱਧਦੀਆਂ ਹਿੰਸਕ ਘਟਨਾਵਾਂ !

admin