ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਹਰ ਖੇਤਰ ਵਿੱਚ ਬਰਾਬਰ ਕਰਨਾ ਹੀ ਕ੍ਰਾਂਤੀ ਹੁੰਦੀ ਹੈ। ਸੱਚਾ ਦੇਸ਼ ਭਗਤ ਇਹੀ ਸੁਪਨੇ ਲੈਂਦਾ ਹੈ। ਅਜਿਹੇ ਵਿਅਕਤੀ ਮੌਤ ਨੂੰ ਗਲਵੱਕੜੀ ਪਾ ਕੇ ਪਿਛਲਿਆਂ ਨੂੰ ਮਾਰਗਦਰਸ਼ਕ ਰੂਪੀ ਸੱਚਾ ਖਜਾ਼ਨਾ ਸੌਂਪ ਜਾਂਦੇ ਹਨ। ਇਹ ਲੋਕ ਦੇਸ਼ ਵਿੱਚ ਸਭ ਦੇ ਸਾਂਝੇ ਹੁੰਦੇ ਹਨ। ਅੰਗਰੇਜ਼ ਦੀ ਭਾਰਤੀਆਂ ਪ੍ਰਤੀ ਤਾਨਾਸ਼ਾਹੀ ਨੀਤੀ ਅਤੇ ਨਜ਼ਰੀਏ ਨੇ ਭਗਤ ਸਿੰਘ ਸਰਦਾਰ ਨੂੰ ਕ੍ਰਾਂਤੀਕਾਰੀ ਇਬਾਰਤ ਲਿਖਣ ਲਈ ਮਜਬੂਰ ਕੀਤਾ ਸੀ। ਜਦੋਂ ਤਾਨਾਸ਼ਾਹੀ ਦਾ ਰਵੱਈਆ ਆਮ ਹੋ ਜਾਵੇ ਤਾਂ ਆਮ ਲੋਕ ਸਤਾਏ ਹੋਏ ਕ੍ਰਾਂਤੀ ਨੂੰ ਅਧਿਕਾਰ ਸਮਝਦੇ ਹਨ।
ਕ੍ਰਾਂਤੀ ਦੇ ਨਾਲ ਸੱਤਾ ਅਤੇ ਸਮਾਜਿਕ ਤਬਦੀਲੀਆਂ ਦੀ ਲਹਿਰ ਪੈਦਾ ਹੁੰਦੀ ਜੋ ਢਾਂਚੇ ਅੰਦਰ ਇਨਕਲਾਬ ਤੇ ਜਾ ਕੇ ਰੁਕਦੀ ਹੈ।ਫਿਰ ਇੰਨਕਲਾਬ ਜ਼ਿੰਦਾਬਾਦ ਹੁੰਦਾ ਹੈ। ਇਸ ਵਰਤਾਰੇ ਨੇ ਭਗਤ ਸਿੰਘ ਨੂੰ ਇਨਕਲਾਬ ਬਾਰੇ ਸਮੇਂ ਦੇ ਘਟਨਾਕ੍ਰਮ ਵਿੱਚੋਂ ਇਹ ਸ਼ਬਦ ਲਿਖਣ ਲਈ ਮਜਬੂਰ ਕੀਤਾ, “ਜਨਤਾ ਦੀ ਭੀੜ ਦਾ, ਜਨਤਾ ਦੀ ਭੀੜ ਉੱਤੇ ਰਾਜ਼ ਕਰਨ ਲਈ ਸੱਤਾ ‘ਤੇ ਕਬਜਾ ਕਰਨਾ ਹੀ ਇਨਕਲਾਬ ਹੈ”।
ਹਰ ਮਾਂ-ਪਿਓ ਆਪਣੀ ਔਲਾਦ ਦੀ ਖੁਸ਼ਹਾਲੀ ਲੋਚਦਾ ਹੈ ਪਰ ਜੇ ਔਲਾਦ ਜਮਾਂਦਰੂ ਹੀ ਇੰਨਕਲਾਬੀ ਹੋਵੇ ਤਾਂ ਮੰਜ਼ਲ ਮਾਂ ਪਿਓ ਦੀ ਸੋਚ ਦੇ ਉਲਟ ਹੋ ਜਾਂਦੀ ਹੈ। ਪਰ ਇੱਥੇ ਤਾਂ ਮਾਂ ਪਿਓ ਚਾਚੇ ਸਭ ਇੰਨਕਲਾਬੀ ਗੁੜ੍ਹਤੀ ਦੇਣ ਵਾਲੇ ਹੀ ਸਨ। ਸ਼ਹੀਦ ਦੇਸ਼ ਲਈ ਆਪਾਂ ਵਾਰਕੇ ਜੀਵਨ ਦੇ ਆਨੰਦ ਨੂੰ ਤਿਆਗ ਕੇ ਹੀ ਕੌਮੀ ਪਰਵਾਨੇ ਬਣਕੇ ਗੁਲਾਮੀ ਦੀ ਜ਼ੰਜ਼ੀਰ ਨੂੰ ਪੁੱਟ ਸੁੱਟਦੇ ਹਨ । ਮਾਪਿਆਂ ਦੀ ਮੋਹ ਭਿੱਜੀ ਦਾਸਤਾਨ ਕਰਕੇ 1924 ਵਿੱਚ ਭਗਤ ਸਿੰਘ ਸਰਦਾਰ ਉੱਤੇ ਸਾਕ ਸੰਬੰਧੀਆਂ ਅਤੇ ਘਰ ਵਾਲਿਆਂ ਨੇ ਵਿਆਹ ਲਈ ਜ਼ੋਰ ਪਾਇਆ ਪਰ ਤਸਵੀਰ ਆਪਣਾ ਰੁੱਖ ਬਦਲਦੀ ਗਈ। ਬਚਪਨ ਵਿੱਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ “ਅਸੀਂ ਖੇਤਾਂ ਵਿੱਚ ਅਨਾਜ ਦੀ ਜਗ੍ਹਾ ਬੰਦੂਕਾਂ ਕਿਉਂ ਨਹੀਂ ਬੀਜਦੇ ਜਿਸ ਨਾਲ ਦੇਸ਼ ਅਜ਼ਾਦ ਹੋਵੇਗਾ ।“ ਇਸ ਮਾਸੂਮੀਅਤ ਭਰੀ ਆਵਾਜ਼ ਨੇ ਭਗਤ ਸਿੰਘ ਦੇ ਇਰਾਦੇ ਬਚਪਨ ਵਿੱਚ ਹੀ ਲਿਖ ਦਿੱਤੇ ਸਨ । 27 ਸਤੰਬਰ, 1907 ਤੋਂ 23 ਮਾਰਚ , 1931 ਤੱਕ ਜੀਵਨ ਦੇ ਪੰਧ ਦੌਰਾਨ ਇਸ ਜਾਗਦੀ ਅਤੇ ਜਗਦੀ ਸੋਚ ਨੇ ਗੁਲਾਮੀ ਦੇ ਖਾਤਮੇ ਦੀ ਨੀਂਹ ਰੱਖ ਕੇ ਤਿੰਨ ਸੰਦੇਸ਼ ਦਿੱਤੇ :-
ਮਾਪਿਆਂ ਦੇ ਚਾਅ ਮਲਾਰ ਵਿਆਹ ਦੇ ਮੌਕੇ ਨੂੰ ਲਾੜੀ ਮੌਤ ਨਾਲ ਵਿਆਹੁਣ ਦਾ ਸੰਦੇਸ਼ ਦੇ ਕੇ ਨਾਗਮਣੀ 1998 ਵਿੱਚ ਛਪੀ ਮੇਲਾਰਾਮ ਤਾਇਰ ਦੀ ਘੋੜੀ ਅਨੁਸਾਰ ਇੱਕ ਨਿਵੇਕਲੀ ਪਰਿਭਾਸ਼ਾ ਦਿੱਤੀ :-
“ਆਓ ਨੀ ਭੈਣੋ ਚੱਲ ਗਾਈਏ ਨੀ ਘੋੜੀਆਂ , ਜੰਝ ਤੇ ਹੋਈ ਤਿਆਰ ਵੇ ਹਾਂ,
ਮੌਤ ਕੁੜੀ ਪ੍ਰਨਾਵਣ ਚੱਲਿਆ, ਦੇਸ਼ ਭਗਤ ਸਰਦਾਰ ਵੇ ਹਾਂ ,
ਹੰਝੂਆਂ ਦੇ ਪਾਣੀ ਭਰੋ ਨੀ ਘੜੋਲੀ , ਬੈਠੇ ਤਾਂ ਪੈਰਾਂ ਦੇ ਭਾਰ ਵੇ ਹਾਂ,
ਫਾਂਸੀ ਦੇ ਤਖਤੇ ਨੂੰ ਖਾਰਾ ਬਣਾ ਕੇ , ਉਹ ਬੈਠਾ ਜੇ ਚੌਂਕੜੀ ਮਾਰ ਵੇ ਹਾਂ ,
ਫਾਂਸੀ ਦੀ ਟੋਪੀ ਉਨ੍ਹੇ ਸਿਰ ਤੇ ਸਜਾਈ , ਸੇਹਰਾ ਤਾਂ ਝਾਲਰਦਾਰ ਵੇ ਹਾਂ,
ਜੰਡੀ ਤਾਂ ਵੱਢੀ ਲਾੜੇ ਜ਼ੋਰ ਜ਼ੁਲਮ ਦੀ , ਜਬਰਾਂ ਦੀ ਮਾਰੀ ਤਲਵਾਰ ਵੇ ਹਾਂ ,
ਰਾਜਗੁਰੂ ਸੁਖਦੇਵ ਸਰਬਾਹਲੇ , ਲਾੜਾ ਤੇ ਬੈਠਾ ਵਿਚਕਾਰ ਵੇ ਹਾਂ ,
ਵਾਂਗ ਫੜਾਈ ਜਿੰਨ੍ਹਾਂ ਭੈਣਾਂ ਨੇ , ਭੈਣਾਂ ਦਾ ਕੀਤਾ ਹੁਦਾਰ ਵੇ ਹਾਂ,
ਹਰੀ ਕ੍ਰਿਸ਼ਨ ਉਹਦਾ ਬਣਿਆਂ ਸਾਂਢੂ, ਢੁੱਕੇ ਤਾਂ ਢੁੱਕੇ ਇੱਕੋ ਵਾਰ ਵੇ ਹਾਂ ,
ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ , ਪੈਦਲ ਤੇ ਕਈ ਅਸਵਾਰ ਵੇ ਹਾਂ ,
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੁ ਢੁੱਕੀ, ਤਾਇਰ ਵੀ ਹੋਇਆ ਤਿਆਰ ਵੇ ਹਾਂ”
ਬੰਦੂਕ ਤੋਂ ਬਾਅਦ ਕਲਮ ਅਤੇ ਕਿਤਾਬ ਚੁੱਕਣ ਦਾ ਸੰਦੇਸ਼ ਦੇ ਕੇ ਇੱਕ ਨਵੀਂ ਚੇਤਨਾ ਲਹਿਰ ਪੈਦਾ ਕੀਤੀ ਇਸ ਨਾਲ ਆਪਣੀ ਇੰਨਕਲਾਬੀ ਸੋਚ ਦਾ ਸੁਨੇਹਾ ਦੇ ਕੇ ਨੌਜਵਾਨੀ ਨੂੰ ਦੇਸ਼-ਭਗਤੀ ਦਾ ਸਬਕ ਦਿੱਤਾ :-
“ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ,
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰੁਲਾਇਓ”
ਇਹ ਵੀ ਦਰਸਾਇਆ ਕਿ ਖੂਨ ਨਾਲ ਲਿਖਿਆ ਦੇਸ਼ ਦਾ ਇਤਿਹਾਸ ਕਾਗਜ਼ ਅਤੇ ਸ਼ਿਆਹੀ ਨਾਲ ਲਿਖੇ ਇਤਿਹਾਸ ਤੋਂ ਵੱਧ ਇੰਨਕਲਾਬੀ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਹੁੰਦਾ ਹੈ । ਇਸ ਇਤਿਹਾਸ ਦੀ ਪਹਿਚਾਣ ਮਘਦੇ ਸੂਰਜ , ਚਮਕਦੇ ਚੰਨ ਅਤੇ ਰਹਿੰਦੀ ਦੁਨੀਆ ਤੱਕ ਲਿਸ਼ਕ ਮਾਰਦੀ ਰਹਿੰਦੀ ਹੈ। ਨੌਜਵਾਨੀ ਦਾ ਮਾਰਗ ਦਰਸ਼ਕ ਕਰਕੇ ਜ਼ਜ਼ਬੇ ਅਤੇ ਇੰਨਕਲਾਬ ਦਾ ਸੰਚਾਰ ਵੀ ਖੂਨੀ ਇਤਿਹਾਸ ਹੀ ਕਰਦਾ ਹੈ ਇਸੇ ਕਰਕੇ ਨੌਜਵਾਨੀ ਭਗਤ ਸਿੰਘ ਸਰਦਾਰ ਤੋਂ ਪ੍ਰੇਰਿਤ ਹੁੰਦੀ ਹੈ । ਦੇਸ਼ ਕੌਮ ਲਈ ਮਰ-ਮਿਟਣ ਅਤੇ ਅਮਰ ਹੋਣ ਲਈ ਤਿਆਰ ਰਹਿੰਦੀ ਹੈ।
“ ਦਿਲ ਸੇ ਨਾ ਨਿਕਲੇਗੀ ਮਰਕਰ ਵੀ ਉਲਫ਼ਤ, ਮੇਰੀ ਮਿੱਟੀ ਮੇਂ ਭੀ ਖ਼ੁਸ਼ਬੂ-ਏ-ਵਤਨ ਆਏਗੀ”
ਸਰਦਾਰ ਭਗਤ ਸਿੰਘ ਦਾ ਦੇਸ਼ ਪ੍ਰੇਮ, ਜ਼ਜ਼ਬਾ, ਹਿੰਮਤ ਅਤੇ ਸੋਚ ਨੂੰ ਪੜ੍ਹ-ਸੁਣ ਕੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਸ ਦੀ ਸੋਚ ਸਾਡੇ ਵਿੱਚ ਅੱਜ ਕਿੱਥੇ ਖੜ੍ਹੀ ਹੈ? ਜੇ ਉਸਨੂੰ ਸ਼ਹਾਦਤ ਤੋਂ ਬਾਅਦ ਦੀ ਤਸਵੀਰ ਦਾ ਪਤਾ ਹੁੰਦਾ ਤਾਂ ਉਸ ਦਾ ਮਨ ਕੀ ਸੋਚਦਾ ? ਅੱਜ ਇੰਨਕਲਾਬੀ ਸੋਚ ਦਾ ਅਧਿਆਨ ਕਰਕੇ ਦਿਨ-ਦਿਹਾੜੇ ਮਨਾਉਣ ਦੇ ਨਾਲ ਇਸ ਸੋਚ ਨੂੰ ਸਦਾ ਬਹਾਰ ਬਣਾਉਣ ਦੀ ਲੋੜ ਤਾਂ ਹੈ ਨਾਲ ਹੀ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਭਗਤ ਸਿੰਘ ਦੇ ਨਾਂ ਤੇ ਅਦਾਰਿਆਂ ਅਤੇ ਬੁਨਿਆਦੀ ਢਾਂਚੇ ਦੇ ਨਾਮ ਰੱਖਣੇ ਲਾਜ਼ਮੀ ਹਨ। ਭਗਤ ਸਿੰਘ ਸਮੁੱਚੀ ਪੰਜਾਬੀਅਤ ਦਾ ਨਾਇਕ ਹੈ। ਹੁਣ ਤਾਜਾ ਚਰਚਾ ਲਹਿੰਦੇ ਵਾਲਿਆਂ ਨੇ ਇਹ ਛੇੜ ਦਿੱਤੀ ਹੈ ਕਿ ਸ਼ਮਾਦਾਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਕਾਇਮ ਕੀਤੀ ਕਮੇਟੀ ਦੇ ਮੈਂਬਰ ਤਾਰਿਕ ਮਜੀਦ ਨੇ ਆਪਣੀ ਰਾਏ ਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਜਗਾਹ ‘ਤੇ ਦਹਿਸ਼ਤਗਰਦ ਦੱਸ ਦਿੱਤਾ ਅਤੇ ਤਜ਼ਵੀਜ ਰੱਦ ਕਰ ਦਿੱਤੀ। ਇਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਤਾਰਿਕ ਮਜੀਦ ਵਾਲੀ ਸੋਚ ਨਾਲੋਂ ਨਾਲ ਤੁਰੀ ਹੋਈ ਹੈ। ਸ਼ਾਦਮਾਨ ਚੌਂਕ ਵਿੱਚੋਂ ਉੱਪਜੀ ਇਸ ਸੌੜੀ ਸੋਚ ਨੇ ਕਈ ਨਵੇਂ ਸਬਕ ਦਿੱਤੇ ਹਨ। ਪਾਕਿਸਤਾਨ ਵਿੱਚ ਸ਼ਾਦਮਾਨ ਚੌਂਕ ‘ਤੇ ਮੋਮਬੱਤੀਆਂ ਜਗਾ ਕੇ ਭਗਤ ਸਿੰਘ ਨੂੰ ਯਾਦ ਵੀ ਕਰਦੇ ਹਨ। ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਮ ਤੇ ਰੱਖਣਾ ਅਤੇ ਬੁੱਤ ਲਗਾਉਣ ਦੀ ਸੋਚ ਵੀ ਲਹਿੰਦੇ ਪੰਜਾਬੀ ਇਨਕਲਾਬੀਆਂ ਦੀ ਹੀ ਹੈ। ਭਗਤ ਸਿੰਘ ਸਭ ਦਾ ਸਾਂਝਾ ਨਾਇਕ ਹੈ ਇਸ ਲਈ ਉਸ ਦੀ ਸੋਚ ਨੂੰ ਬਚਾਉਣ ਲਈ ਅਤੇ ਯਾਦ ਰੱਖਣ ਲਈ ਉਸ ਦੇ ਨਾਮ ‘ਤੇ ਜਾਇਦਾਦਾਂ ਦੇ ਨਾਮ ਰੱਖਣੇ ਬਿਲਕੁੱਲ ਜਾਇਜ਼ ਹਨ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਤ ਸਿੰਘ ਦੇ ਨਾਂ ‘ਤੇ ਕੁੱਝ ਨਾਮ ਰੱਖੇ ਹਨ ਨਾਲ ਹੀ ਪੰਜਾਬ ਦਾ ਅਸਲੀ ਨਾਇਕ ਬਣਾ ਕੇ ਪੇਸ਼ ਵੀ ਕੀਤਾ ਹੈ।