ਅੰਮ੍ਰਿਤਸਰ – ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ 1947 ਦੀ ਵੰਡ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦੇ ਤੀਜੇ ਦਿਨ ਵੱਖ-ਵੱਖ ਪੈਨਲ ਚਰਚਾ ਰਾਹੀਂ ਸੰਤਾਲੀ ਦੀ ਵੰਡ ਦੇ ਕਾਰਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਤੀਜੇ ਦਿਨ ਦਾ ਆਰੰਭ ਸੰਤਾਲੀ ਦੀ ਵੰਡ: ਸਾਹਿਤ, ਇਤਿਹਾਸ ਅਤੇ ਰਾਜਨੀਤੀ ਸਿਰਲੇਖ ਨਾਲ ਸ਼ੁਰੂ ਹੋਇਆ। ਇਸ ਸੈਸ਼ਨ ਦੇ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਹੀਰਾ ਸਿੰਘ ਦੁਆਰਾ ਆਏ ਹੋਏ ਵਿਦਵਾਨਾਂ ਨੂੰ ਜੀ ਆਇਆ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ। ਪੈਨਲ ਦੇ ਸੰਯੋਜਕ ਸਾਂਵਲ ਧਾਮੀ ਨੇ ਆਪਣੀ ਵਿਚਾਰ ਚਰਚਾ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਵਿਚ ਨਾਰੀਵਾਦੀ ਚੇਤਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਵਿਚ ਚੜ੍ਹਦੇ ਪੰਜਾਬ ਵਾਂਗ ਵਧੇਰੇ ਵਿਕਸਿਤ ਆਧਾਰ ਨਹੀਂ ਹਨ।
ਡਾ. ਕੁਲਜੀਤ ਸਿੰਘ ਜੰਜੂਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰਾ ਸੰਤਾਲੀ ਦੀਆਂ ਘਟਨਾਵਾਂ ਨਾਲ ਗੂੜ੍ਹਾ ਰਿਸ਼ਤਾ ਹੈ ਕਿਉਂਕਿ ਮੈਂ ਉਸ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਜੋ ਸੰਤਾਲੀ ਦੀ ਵੰਡ ਸਮੇਂ ਪ੍ਰਭਾਵਿਤ ਹੋਏ। ਜੋ ਮੇਰੇ ਪੁਰਖਿਆਂ ਨੇ ਸੰਤਾਪ ਹੰਢਾਇਆ ਉਸ ਦੀ ਪੀੜ ਦਾ ਅਹਿਸਾਸ ਮੈਂ ਮਹਿਸੂਸ ਕਰ ਸਕਦਾ ਹਾਂ। ਵੰਡ ਦੀ ਮਾਰ ਦਾ ਸੰਤਾਪ ਹੰਢਾਉਂਦੇ ਹੋਏ ਵੀ ਸਾਡੇ ਪੁਰਖਿਆਂ ਨੇ ਹੌਂਸਲਾ ਨਹੀਂ ਛੱਡਿਆ। ਉਹਨਾਂ ਅੰਦਰ ਮੁੜ ਜੀਣ ਦੀ ਭਾਵਨਾ ਪ੍ਰਬਲ ਰੂਪ ਵਿਚ ਉਭਰਦੀ ਹੋਈ ਨਵੀਂ ਆਸ ਮੁੜ ਵਸੇਬੇ ਦੀ ਭਾਵਨਾ ਉਜਾਗਰ ਹੁੰਦੀ ਹੈ।
ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਆਜ਼ਾਦੀ ਦਾ ਉਦੇਸ਼ ਪੂਰਨ ਰੂਪ ਵਿਚ ਸੁਤੰਤਰਤਾ ਸੀ ਜਿਨ੍ਹਾਂ ਮਕਸਦਾਂ ਲਈ ਇਹ ਵਰਤਾਰਾ ਵਾਪਰਿਆ ਉਹ ਪੂਰੇ ਨਹੀਂ ਹੋ ਸਕੇ ਆਜ਼ਾਦੀ ਦੀ ਭਾਵਨਾ ਨੇ ਇਕ ਨਵਾਂ ਰੂਪ ਅਖਤਿਆਰ ਕਰ ਲਿਆ। ਪੂਰਬੀ ਅਤੇ ਪੱਛਮੀ ਪੰਜਾਬ ਦੀ ਵੰਡ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਪੂਰਬੀ ਪੰਜਾਬੀ ਸਾਹਿਤ ਉਪਭਾਵੁਕਤਾ ਨਾਲ ਜੁੜਿਆ ਹੋਇਆ ਹੈ। ਵੰਡ ਦੀ ਮਾਰ ਦਾ ਅਹਿਸਾਸ ਪੱਛਮੀ ਪੰਜਾਬ ਨਾਲੋਂ ਪੂਰਬੀ ਪੰਜਾਬੀਆਂ ਵਿਚ ਬਹੁਤ ਜਿਆਦਾ ਹੈ। ਸਾਡੇ ਵਾਂਗ ਉਹ ਵੰਡ ਦੇ ਅਹਿਸਾਸ ਨਾਲ ਜੁੜੇ ਹੋਏ ਨਹੀਂ ਹਨ ਇਸ ਦਾ ਕਾਰਨ ਉਹਨਾਂ ਦੇ ਵੱਖ ਹੋਣ ਦਾ ਸੁਪਨਾ ਸੀ। ਉਹਨਾਂ ਦੱਸਿਆ ਕਿ ਇਸ ਦਾ ਕਾਰਨ ਉਹਨਾਂ ਲਈ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੋਣਾ ਸੀ।ਅੰਗਰੇਜ਼ਾਂ ਤੋਂ ਹੀ ਨਹੀਂ ਬਲਕਿ ਹਿੰਦੂਆਂ ਤੋਂ ਵੀ। ਪਰ ਆਜ਼ਾਦੀ ਬਾਅਦ ਉਹਨਾਂ ਦਾ ਸੁਪਨਾ ਟੁੱਟ ਗਿਆ। ਰਾਜਨੀਤਕ ਕੱਟੜਤਾ ਹੋਣ ਕਾਰਨ ਉਹ ਆਪਣੀਆਂ ਭਾਵਨਾਵਾਂ ਨੂੰ ਸਾਹਿਤ ਰਾਹੀਂ ਪੇਸ਼ ਨਹੀਂ ਕਰ ਸਕਦੇ। ਅੱਜ ਦੇ ਦੌਰ ਵਿਚ ਵੰਡ ਦੇ ਰੁਝਾਨ ਸੰਬੰਧੀ ਹੁਣ ਕੁਝ ਕਹਿਣ ਦੀ ਖੁਲ ਦੇ ਕਾਰਨ ਸਾਹਿਤਕ ਪੇਸ਼ਕਾਰੀ ਦੀ ਖੁਲ ਵੀ ਵਧੀ ਹੈ। ਵੰਡ ਦਾ ਕਾਰਨ ਬਣਨ ਵਾਲੇ ਰਾਜਨੀਤਕ ਲੋਕਾਂ ਦਾ ਵਿਰੋਧ ਹੋ ਰਿਹਾ ਹੈ। ਪੂਰਬੀ ਪੰਜਾਬ ਵਿਚ ਲਿਖੀ ਜਾ ਰਹੀ ਕਵਿਤਾ ਅਤੇ ਕਹਾਣੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਬਟਵਾਰਾ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਸਾਂਝਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
ਰਵਿੰਦਰ ਸਿੰਘ ਨੇ ਪੰਜਾਬ ਦੀ ਵੰਡ ਬਾਰੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਪੰਜਾਬ ਦੀ ਵੰਡ ਸਮੇਂ ਪੰਜਾਬੀਆਂ ਨੂੰ ਪੁੱਛਿਆ ਵੀ ਨਹੀਂ ਗਿਆ ਕਿਉਂਕਿ ਉਹਨਾਂ ਕੋਲ ਰਾਜਨੀਤਕ ਸ਼ਕਤੀ ਦੇ ਆਧਾਰ ਨਹੀਂ ਸਨ। ਪਾਕਿਸਤਾਨ ਦੇ ਅਰਥਚਾਰੇ ਨੂੰ ਚਲਾਉਣ ਵਿਚ ਪੰਜਾਬੀਆਂ ਦਾ ਸਭ ਤੋਂ ਵਧ ਯੋਗਦਾਨ ਹੈ। ਸਾਡਾ ਸਾਹਿਤ ਪੰਜਾਬ ਦੀ ਵੰਡ ਸਬੰਧੀ ਰੁਦਨ ਭਰਪੂਰ ਹੈ। ਪੰਜਾਬ ਦੇ ਨਾਮਵਰ ਲੇਖਕਾਂ ਨੇ ਆਪਣੇ ਹੱਕਾਂ ਪ੍ਰਤੀ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਉਠਾਈ।
ਡਾ. ਯੋਗਰਾਜ ਅੰਗਰਿਸ਼ ਨੇ ਵੰਡ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਵੰਡ ਨਾਲ ਅਸੀਂ ਭਾਵੁਕ ਪੱਧਰ ‘ਤੇ ਜੁੜੇ ਹੋਏ ਹਾਂ। ਵੰਡ ਸੰਬੰਧੀ ਲਿਖਤ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਵੰਡ ਦਾ ਆਧਾਰ ਧਾਰਮਿਕ ਸੰਪ੍ਰਦਾਇਕਤਾ ਨਹੀਂ ਸੀ। ਇਸ ਨਾਲ ਕੁਝ ਰਾਜਨੀਤਕ ਪਹਿਲੂ ਜੁੜੇ ਹੋਏ ਹਨ ਜਿਨ੍ਹਾਂ ਨੂੰ ਵਿਚਾਰਨਾ ਜ਼ਰੂਰੀ ਹੈ। ਰਾਜਨੀਤਕ ਕਾਰਨਾਂ ਕਰਕੇ ਧਾਰਮਿਕ ਸੰਪ੍ਰਦਾਇਕਤਾ ਵੰਡ ਦਾ ਕਾਰਨ ਬਣਦੀ ਹੈ। ਸਾਹਿਤ ਵਿਚ ਵੰਡ ਦਾ ਨਜ਼ਰੀਆ ਮਾਨਵਵਾਦੀ ਹੈ। ਪੰਜਾਬੀ ਸਾਹਿਤ ਵਿਚ ਵੰਡ ਬਾਰੇ ਲੋਕ ਸਾਹਿਤ ਦੀ ਘਾਟ ਹੈ। ਪੰਜਾਬੀ ਕਹਾਣੀਆਂ ਵਿਚ ਵੰਡ ਨਾਲ ਹੋਈ ਪੀੜਾ ਦਾ ਅਹਿਸਾਸ ਇਕੋ ਜਿਹਾ ਹੈ।
ਪ੍ਰਸਿੱਧ ਵਿਦਵਾਨ ਅਤੇ ਇਤਿਹਾਸਕਾਰ ਡਾ. ਈਸ਼ਵਰ ਦਿਆਲ ਗੌੜ ਨੇ ਸੰਤਾਲੀ ਦੀ ਵੰਡ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਵੰਡ ਹੱਦਾਂ ਦੀ ਉਸਾਰੀ ਜਾਂ ਢਹਿ-ਢੇਰੀ ਨਾਲ ਸੰਬੰਧਿਤ ਹੈ? ਇਹ ਵਿਚਾਰਨ ਵਾਲਾ ਮਸਲਾ ਹੈ। ਵੰਡ ਵਿਚ ਵੰਨ-ਸੁਵੰਨਤਾ ਵਿਚ ਬਿਖੜ ਜਾਣਾ ਮਨੁੱਖ ਦੀ ਆਪਣੀ ਪ੍ਰਵਿਰਤੀ ਸੀ ਜਿਸ ਵਿਚੋਂ ਵੰਡ ਦਾ ਦੁਖਾਂਤ ਵਾਪਰਦਾ ਹੈ। ਵੰਡ ਦਾ ਸੰਬੰਧ ਮਨੁੱਖ ਦੇ ਵਜੂਦ ਨਾਲ ਜੁੜਿਆ ਹੋਇਆ ਹੈ। ਵੰਡ ਨੂੰ ਧਰਮ ਨਾਲ ਜੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਸਾਰੇ ਵਰਤਾਰੇ ਦੇ ਕਾਰਨ ਮਨੁਖੀ ਮਾਨਸਿਕਤਾ ਵਿਚ ਪਏ ਹੋਏ ਹਨ।
ਸੰਤਾਲੀ ਦੀ ਵੰਡ ਦੇ ਪੁਨਰ ਚਿੰਤਨ ਨਾਲ ਸੰਬੰਧਿਤ ਦੂਸਰੇ ਸੈਸ਼ਨ ਦਾ ਸੰਯੋਜਨ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਵੰਡ ਸਮੇਂ ਪੰਜਾਬੀ ਭਾਸ਼ਾ ਅਤੇ ਇਸ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਨੂੰ ਦੇਸ਼ ਦੀ ਵੰਡ ਕਹਿਣਾ ਮੂਲੋਂ ਗਲਤ ਹੈ। ਇਹ ਇਕ ਰਾਜਨੀਤਕ ਵਰਤਾਰਾ ਸੀ। ਪੰਜਾਬੀ ਭਾਸ਼ਾ ਨਾਥਾਂ-ਜੋਗੀਆਂ ਦੁਆਰਾ ਅੱਗੇ ਵੱਧਦੀ ਹੋਈ ਸ਼ੇਖ ਫਰੀਦ ਜੀ ਦੀ ਬਾਣੀ ਦੁਆਰਾ ਵਿਕਸਿਤ ਹੁੰਦੀ ਹੈ। ਗੁਰਬਾਣੀ ਰਾਹੀਂ ਜਨ-ਸੰਚਾਰ ਦਾ ਸਾਧਨ ਬਣਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਸ ਵਿਚ ਕਿਸੇ ਕਿਸਮ ਦੀ ਧਾਰਮਿਕ ਜਾਂ ਸਮਾਜਿਕ ਵੰਡ ਦਾ ਆਧਾਰ ਨਹੀਂ ਹੈ। ਕਲਾਸੀਕਲ ਅਤੇ ਆਧੁਨਿਕ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਆਪਣਾ ਸੰਵਾਦ ਰਚਾਉਂਦੀ ਹੋਈ ਗਲੋਬਲ ਪੱਧਰ ਦਾ ਰੂਪ ਧਾਰਨ ਕਰ ਚੁੱਕੀ ਹੈ। ਉਹਨਾਂ ਨੇ ਪੰਜਾਬੀ ਭਾਸ਼ਾ ਦੀ ਵੰਡ ਬਾਰੇ ਕੁਝ ਰਾਜਨੀਤਕ ਮੁੱਦਿਆਂ ਬਾਰੇ ਤੱਥਾਂ ਨਾਲ ਆਪਣੇ ਵਿਚਾਰਾਂ ਨੂੰ ਸ੍ਰੋਤਿਆਂ ਨਾਲ ਸਾਂਝਿਆਂ ਕੀਤਾ। ਇਸ ਉਪਰੰਤ ਡਾ. ਗੁਰਬੀਰ ਸਿੰਘ ਬਰਾੜ, ਡਾ. ਜਤਿੰਦਰ ਸਿੰਘ, ਦੀਪ ਜਗਦੀਪ ਸਿੰਘ, ਡਾ. ਪ੍ਰਵੀਨ ਕੁਮਾਰ ਆਦਿ ਨੇ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਪੰਜਾਬੀ ਭਾਸ਼ਾ, ਪੱਤਰਕਾਰੀ ਅਤੇ ਫਿਲਮਕਾਰੀ ਨਾਲ ਸੰਬੰਧਿਤ ਨੁਕਤਿਆਂ ਤੋਂ ਆਪਣੇ ਵਿਚਾਰ ਪੇਸ਼ ਕੀਤੇ।
ਪੁਸਤਕ ਮੇਲੇ ਵਿਚ ਵੱਖ-ਵੱਖ ਪ੍ਰੋਗਰਾਮਾਂ ਦੇ ਚਲਦਿਆਂ ਅਦਾਰਾ ਪ੍ਰਵਚਨ ਵੱਲੋਂ ਹਰ ਸਾਲ ਕਰਵਾਈ ਜਾਂਦੀ ਕਹਾਣੀ ਗੋਸ਼ਟੀ ਦਾ ਅੱਜ ਕਾਲਜ ਦੇ ਕਾਨਫ਼ੰਰਸ ਰੂਮ ਵਿਚ ਉਦਘਾਟਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਜਸ ਮੰਡ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਗੋਸ਼ਟੀ ਵਿਚ ਪੰਜਾਬ ਦੇ ਪ੍ਰਸਿੱਧ ਕਹਾਣੀ ਚਿੰਤਕਾਂ ਅਤੇ ਕਹਾਣੀਕਾਰਾਂ ਨੇ ਹਿੱਸਾ ਲਿਆ। ਬਾਅਦ ਦੁਪਹਿਰ ਸਮੇਂ ਗਾਇਕੀ ਅਤੇ ਲੋਕ ਗਾਇਕੀ ਪ੍ਰੋਗਰਾਮ ਦੇ ਚਲਦਿਆਂ ਅਜੈ ਔਲਖ, ਸੁਰਿੰਦਰ ਸਾਗਰ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੇ ਆਪਣੀ ਗਾਇਕੀ ਦੇ ਫਨ ਦਾ ਮੁਜਾਹਰਾ ਕੀਤਾ। ਸਮਾਗਮ ਦਾ ਸਿਖਰ ਲੋਕ ਨਾਚ ਭੰਗੜੇ ਨਾਲ ਹੋਇਆ।