Articles

 ਲਿਖਾਰੀ ਤੇ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੀਐੱਚ.ਡੀ ਕਰਨ ਵਾਲ਼ੀ ਪਹਿਲੀ ਬੀਬੀ ਅਤੇ ਸਾਹਿਤ ਅਕਾਦਮੀ, ਸਰਸਵਤੀ ਸਨਮਾਨ, ‘ਪੰਜਾਬੀ ਸਾਹਿਤ ਰਤਨ’ ਅਤੇ ‘ਪਦਮ ਸ਼੍ਰੀ’ ਜਿਹੇ ਵੱਡੇ ਸਨਮਾਨ ਪ੍ਰਾਪਤ ਕਰਨ ਵਾਲ਼ੀ ਲੇਖਿਕਾ ਬੀਬੀ ਦਲੀਪ ਕੌਰ ਟਿਵਾਣਾ ਦੀ ਗੱਲ ਕਰਨ ਜਾ ਰਿਹਾ ਹਾਂ !

ਇਕ ਵਾਰ ਮੈਂ ਆਪਣੇ ਪ੍ਰੋਫੈਸਰ ਭਰਾ ਨਾਲ਼ ਪਟਿਆਲ਼ੇ ਬੀਬੀ ਟਿਵਾਣਾ ਹੁਣਾ ਦੇ ਘਰੇ ਗਿਆ। ਚਾਹ-ਪਾਣੀ ਪੀ ਰਹੇ ਸਾਂ ਉਨ੍ਹਾਂ ਆਪਣੀ ਮਾਂ ਨੂੰ ਯਾਦ ਕਰਦਿਆਂ ਇੱਕ ਗੱਲ ਸੁਣਾਈ! ਜਿਵੇਂ ਸੁਰਜੀਤ ਪਾਤਰ ਦੀ ਇਕ ਕਵਿਤਾ ਹੈ:-

‘ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ

ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ

ਉਹ ਤਾਂ ਕੇਵਲ ਏਨਾ ਸਮਝੀ

ਪੁੱਤ ਦੀ ਰੂਹ ਨੂੰ ਦੁਖ ਹੈ ਕੋਈ

ਪਰ ਇਸਦਾ ਦੁਖ ਮੇਰੇ ਹੁੰਦਿਆਂ

ਆਇਆ ਕਿੱਥੋਂ ?

ਨੀਝ ਲਗਾਕੇ ਦੇਖੀ

ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ….!’

ਇਵੇਂ ਦੀ ਹੀ ਗੱਲ ਬੀਬੀ ਟਿਵਾਣਾ ਨੇ ਸੁਣਾਈ ! ਕਹਿੰਦੇ ਮੇਰੇ ਲਿਖੇ ਨਾਵਲਾਂ ਕਹਾਣੀਆਂ ‘ਤੇ ਮੈਨੂੰ ਬੜੇ ਵੱਡੇ ਵੱਡੇ ਮਾਣ-ਸਨਮਾਨ ਮਿਲ਼ੇ ਪਰ ਮੇਰੀ ਮਾਂ ‘ਕੇਰਾਂ ਮੈਨੂੰ ਕਹਿੰਦੀ-

‘ਕੁੜੇ ਤੂੰ ਲਿਖ ਲਿਖ ਕੇ ਕਿਆ ‘ਕਮਲ਼ ਜਿਹਾ’ ਘੋਟਦੀ ਰਹਿਨੀ ਐਂ? ਕੋਈ ‘ਚੱਜਦੀ ਕਿਤਾਬ’ ਲਿਖ ਵੀ !’

ਬੀਬੀ ਟਿਵਾਣਾ ਕਹਿੰਦੇ- ਮੈਂ ਆਪਣੀ ਮਾਂ ਦੀ ਭਾਵਨਾ ਸਮਝ ਗਈ ਅਤੇ ਸਿੱਖ ਇਤਹਾਸ ਨਾਲ਼ ਸਬੰਧਤ ਸਤਿਕਾਰਿਤ ਬੀਬੀਆਂ ਮਾਤਾਵਾਂ ਦੀਆਂ ਜੀਵਨੀਆਂ ਬਾਰੇ ਕਿਤਾਬ ਲਿਖਣੀ ਸ਼ੁਰੂ ਕੀਤੀ !

ਮੈਨੂੰ ਅਫਸੋਸ ਕਿ ਇਹ ਕਿਤਾਬ ਛਪਣ ਤੋਂ ਪਹਿਲਾਂ ਹੀ ਮੇਰੀ ਮਾਂ ਸਦੀਵੀ ਵਿਛੋੜਾ ਦੇ ਗਈ ! ਉਹ ਮੇਰੀ ਲਿਖੀ ‘ਚੱਜਦੀ’ ਕਿਤਾਬ ਨਾ ਦੇਖ ਸਕੀ !
ਇਹ ਦੱਸਦਿਆਂ ਬੀਬੀ ਟਿਵਾਣਾ ਦੀਆਂ ਅੱਖਾਂ ਛਲਕ ਪਈਆਂ ਸਨ !

ਇਹ ਵਾਰਤਾ ਸੁਣਿਆਂ ਕਈ ਵਰ੍ਹੇ ਗੁਜ਼ਰ ਗਏ ! ਹੁਣ ਕੁਝ ਦਿਨ ਪਹਿਲਾਂ ਜਦ ਮੈਂ ਇਸ ਵਾਰਤਾ ਨੂੰ ਸ਼ਬਦੀ ਜਾਮਾ ਪਹਿਨਾਉਣ ਲੱਗਾ ਤਾਂ ‘ਤਸਦੀਕ’ ਕਰਨ ਵਜੋਂ ਸਵਰਗੀ ਬੀਬੀ ਟਿਵਾਣਾ ਦੇ ਜੀਵਨ ਸਾਥੀ ਸਰਦਾਰ ਭੁਪਿੰਦਰ ਸਿੰਘ ਮਿਨਹਾਸ ਹੁਣਾ ਨਾਲ ਫੋਨ ‘ਤੇ ਗੱਲ ਕਰੀ ਸੀ !

ਦਰਅਸਲ ਵਿਚ ਮੈਂ ਇਕ ‘ਸ਼ਾਇਰ ਸਾਹਬ’ ਦੀ ਕਵਿਤਾ ਪੜ੍ਹ ਰਿਹਾ ਸਾਂ ਜੋ ਕਿ ਚਾਚੇ ਚੰਡੀਗੜ੍ਹੀਏ ਦੇ (ਖੁੱਲ੍ਹੀ ਕਵਿਤਾ ਨੂੰ ਮਖੌਲ ਵਜੋਂ ਲਿਖੇ) ਇਸ ‘ਸ਼ਿਅਰ’ ਵਰਗੀ ਹੀ ਸੀ:-

‘ਸਾਡੇ ਕੋਠੇ ਨਿੰਮ ਦਾ ਬੂਟਾ
ਬਾਹਰ ਖੜ੍ਹਾ ਸਰਪੰਚ।
ਦੇਈਂ ਭੈਣੇ ਫੌਹੜਾ
ਮੈਂ ਰਜਾਈ ਨਗੰਦਣੀ !’

ਮੈਂ ਸੋਚਿਆ ਕਿ ਮਾਣਯੋਗ ਕਵੀਆਂ ਲਿਖਾਰੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕਾਂ ਦਾ ਚੇਤਾ ਹੀ ਕਰਵਾ ਦਿਆਂ !

Related posts

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਪਹਿਲਾ ਬੈਚ ਭਾਰਤ ਪੁੱਜਾ !

admin

ਦਿੱਲੀ ਵਿਧਾਨ-ਸਭਾ ਚੋਣਾਂ: ਚੋਣ ਸਰਵੇਖਣਾਂ ਵਲੋਂ ਵੱਖੋ-ਵੱਖਰੇ ਦਾਅਵੇ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin