Literature Articles

ਪੁਸਤਕ ਸਮੀਖਿਆ: ਮਾਨਵੀ ਜੀਵਨ ‘ਚ ਨੈਤਿਕ ਮੁੱਲਾਂ ਦੀ ਬਾਤ ਪਾਉਂਦੀ ਪੁਸਤਕ “ਨੈਤਿਕਤਾ”

ਸਮੀਖਿਆਕਾਰ:  ਪ੍ਰੋ. ਗੁਰਵੀਰ ਸਿੰਘ ਸਰੌਦ, ਮਲੇਰਕੋਟਲਾ

‍ਟਰਾਟਸਕੀ ਲੈਨਿਨ ਦੀ ਸਾਹਿਤ ਬਾਰੇ ਕੀਤੀ ਟਿੱਪਣੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਨੂੰ ਅੱਗੋਂ ਤੋਰਦਾ ਹੋਏ, ਸਾਹਿਤ ਸ਼ੀਸ਼ੇ ਵਿੱਚੋਂ ਸਮਾਜਿਕ ਵਿਵਸਥਾ ਦੀ ਸਥਿਤੀ ਨੂੰ ਦੇਖ ਕੇ ਉਸ ਵਿੱਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੌੜਾ ਵੀ ਹੈ।

‍ਬਲਵਿੰਦਰ ਕੌਰ ਚੱਠਾ ਵੱਲੋਂ ਸੰਪਾਦਿਤ ਪੁਸਤਕ ਨੈਤਿਕਤਾ ਕਾਲੇ ਰੰਗ ਦੀ ਕੈਨਵਸ ਉੱਤੇ ਰੰਗੀਲੇ ਫੁੱਲ ਦੀ ਤਰ੍ਹਾਂ ਹੈ। ਜਿਹੜੀ ਪਦਾਰਥਵਾਦੀ ਯੁੱਗ ‘ਚ ਮਨੁੱਖੀ ਹੋਂਦ ਦੇ ਖਤਰਿਆਂ ਦੀ ਸਥਿਤੀ ਨੂੰ ਸਮਝ ਕੇ,  ਉਸ ਖਤਰਿਆਂ ਤੋਂ ਮੁਕਤ ਹੋਣ ਦੇ ਸੰਭਾਵੀਂ ਤੇ ਸੰਭਵ ਯਤਨਾ ਪ੍ਰਤੀ ਸੁਚੇਤ ਕਰਦੀ ਹੈ। ਅੱਜ ਮਨੁੱਖ ਸਿਰਫ਼ ਪਦਾਰਥ ਵਸਤਾਂ ਦੀ ਲਾਲਸਾ ਹਿੱਤ ਨੈਤਿਕ ਕਦਰਾਂ-ਕੀਮਤਾਂ ਤੋਂ ਮੁਨਕਰ ਹੋਇਆ ਜਾਪਦਾ ਹੈ। ਬਲਵਿੰਦਰ ਕੌਰ ਚੱਠਾ ਸਿੱਖਿਆ ਦੇ ਖੇਤਰ ਵਿੱਚ ਬਤੌਰ ਲੈਕਚਰਾਰ ਵਜੋਂ ਕਾਰਜਸ਼ੀਲ ਰਹੇ।  ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਕੇਨੈਡਾ  ਦੇ ਵਾਈਸ ਪ੍ਰਧਾਨ ਹਨ , ਜੋ ਓਂਟਾਰੀਓ ਫਰੈਂਡ ਕਲੱਬ ਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ  ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਹਿੱਤ ਕਰਵਾਏ ਜਾਂਦੇ ਸੈਮੀਨਾਰ, ਵਿਚਾਰ ਗੋਸ਼ਟੀਆਂ,  ਦਸ ਵਰਲਡ ਪੰਜਾਬੀ ਕਾਨਫ਼ਰੰਸਾਂ ਦਾ ਹਿੱਸਾ ਹੋਣ ਦੇ ਨਾਲ ਪੰਜਾਬੀ ਸਾਹਿਤ ਬਾਰੇ ਡੂੰਘੀ ਵਿਦਵਤਾ ਰੱਖਦੇ ਹਨ ।

‌‌‍ਇਸ ਪੁਸਤਕ  ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਨੈਤਿਕਤਾ  ਵਿਸ਼ੇ ਉੱਪਰ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਰਚਨਾਵਾਂ ਦਾ ਸੰਪਾਦਨ ਕਰਦਿਆਂ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਭਾਗ ਪਹਿਲੇ ‘ਚ ਨੈਤਿਕਤਾ ਦੀ ਪਰਿਭਾਸ਼ਾ, ਮਹੱਤਵ, ਲੋੜ ਅਤੇ ਸਿਧਾਂਤਕ ਪੱਖਾਂ ਤੋਂ ਜਾਣੂ ਕਰਵਾਉਂਦੇ 29 ਅਧਿਆਇ ਹਨ ਅਤੇ ਦੂਜੇ ਭਾਗ ਵਿੱਚ ਨੈਤਿਕਤਾ ਦੇ ਵਿਸ਼ੇ ਨਾਲ ਸਬੰਧਿਤ 30 ਕਹਾਣੀਆਂ ਨੂੰ ਸੰਪਾਦਿਤ ਕੀਤਾ ਗਿਆ ਹੈ।  ਜਿਸ ‘ਚ ਦੁਨੀਆਂ ਦੇ ਮਹਾਨ ਉਪਦੇਸ਼ਕਾਂ ਵੱਲੋਂ ਜੀਵਨ ਦੇ ਅਨੁਭਵ ਅਤੇ ਸਮਾਜਿਕ ਜੀਵਨ ਦੇ ਹਵਾਲਿਆਂ ਨਾਲ  ਨੈਤਿਕ ਕਦਰਾਂ-ਕੀਮਤਾਂ ਦਾ ਜੀਵਨ ‘ਚ ਮਹੱਤਵ ਤੇ ਸ਼ਖਸ਼ੀਅਤ ਉਸਾਰੀ ਲਈ ਪ੍ਰੇਰਨਾਦਾਇਕ ਵਿਧਾਵਾਂ ਨੂੰ ਕੇਂਦਰਿਤ ਕੀਤਾ ਗਿਆ ਹੈ। । ਇਸ ਤੋਂ ਇਲਾਵਾ ਜ਼ਿੰਦਗੀ ਜਿਉਣ ਲਈ ਕੁਝ ਹੁਨਰ ਅਤੇ ਅੰਤ ਨੈਤਿਕਤਾ ਬਾਰੇ ਕੁਝ ਸਵਾਲ ਉੱਤਰਾਂ ਸਮੇਤ ਪ੍ਰਕਾਸ਼ਿਤ ਕੀਤੇ ਗਏ ਹਨ।

‍ਇਸ ਪੁਸਤਕ ਦੀ ਵਿਲੱਖਣਤਾ ਭਾਸ਼ਾ ਤੇ ਸ਼ੈਲੀ ਦਾ ਬਾ-ਕਮਾਲ ਸੁਮੇਲ ਹੈ। ਕਿਉਂਕਿ ਇਹ ਪੁਸਤਕ ਹਰ ਵਰਗ ਦੇ ਪਾਠਕਾਂ ਲਈ ਰੌਚਕਤਾ ਭਰਪੂਰ ਤੇ ਜਗਿਆਸੂਆਂ ਦੀ ਪਰਖ਼ ‘ਤੇ ਖਰ੍ਹੀ ਉੱਤਰਦੀ ਹੈ। ਜਿਸ ਨੂੰ ਭਾਸ਼ਾ ਪੱਖੋਂ ਹਰ ਪੱਧਰ ਦਾ ਪਾਠਕ ਪੜ੍ਹ ਸਕਦਾ ਹੈ। ਆਮ ਤੌਰ ‘ਤੇ  ਨੈਤਿਕਤਾ ਵਜੋਂ ਧਰਮ ਦੇ ਉਪਦੇਸ਼ਾਂ ਨੂੰ ਹੀ ਪੜ੍ਹਾਇਆ ਜਾਂਦਾ ਰਿਹਾ ਹੈ। ਜੇ ਪਰਿਭਾਸ਼ਿਤ ਰੂਪ ਵਿੱਚ ਨੈਤਿਕਤਾ ਦੀ ਗੱਲ ਕੀਤੀ ਜਾਵੇ ਤਾਂ “ਸਵ੍ਹੈ-ਇੱਛਾ ਨਾਲ ਕਿਸੇ ਚੰਗੇਰੇ ਹਿੱਤ ਲਈ ਕੀਤਾ ਗਿਆ ਕਾਰਜ ਹੁੰਦਾ ਹੈ। ਇਹ ਕਾਰਜ ਦੂਸਰੇ ਲਈ ਲਾਹੇਵੰਦ ਤੇ ਕਰਨ ਵਾਲੇ ਲਈ ਨਿਰਸਵਾਰਥ ਹੁੰਦਾ ਹੈ।  ਕਿਤਾਬ ‘ਚ ਆਮ ਬੋਲਚਾਲ ਵਿੱਚ ਵਰਤੋਂ ਹੋਣ ਵਾਲੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪੁਸਤਕ ਨੂੰ ਪੜ੍ਹਦਿਆਂ ਇਉਂ ਜਾਪਦਾ ਹੈ ਜਿਵੇਂ ਕੋਈ ਵਡੇਰੀ ਉਮਰ ਦਾ ਵਿਅਕਤੀ ਆਪਣੀਆਂ ਗੱਲਾਂ ਤੇ ਜੀਵਨ ਅਨੁਭਵ ਰਾਹੀਂ ਨੈਤਿਕਤਾ ਨੂੰ ਸਿਧਾਂਤਕ ਰੂਪ ਵਿੱਚ ਬਿਆਨ ਕਰਦਾ ਹੋਵੇ। ਪਿਛਲੇ ਦੋ ਵਰ੍ਹਿਆਂ ਤੋਂ ਸੰਬੰਧਿਤ ਪੁਸਤਕ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਅਨੰਦਪੁਰ ਸਾਹਿਬ ਦੇ ਅੰਡਰ ਗਰੈਜੂਏਟ ਪੱਧਰ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਨੈਤਿਕਤਾ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ।

ਨੈਤਿਕਤਾ ਦੀ ਗੱਲ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਈ ਵਰਲਡ ਪੰਜਾਬੀ ਕਾਨਫ਼ਰੰਸ 2015 ਵੇਲੇ ਪੰਜਾਬੀਆਂ ‘ਚ ਖਤਮ ਹੋ ਰਹੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਤੁਰਦੀ ਹੈ ਤਾਂ ਸੰਸਥਾ ਵੱਲੋਂ ਇਸ ਵਿਸ਼ੇ ‘ਤੇ ਚਿੰਤਾ ਜ਼ਾਹਿਰ ਕਰਦਿਆਂ ਨੈਤਿਕਤਾ ਵਿਸ਼ੇ ‘ਤੇ ਲਗਾਤਾਰ ਕੰਮ ਕਰਦਿਆਂ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੇ ਪੇਪਰ, ਸੈਮੀਨਾਰ, ਵਿਚਾਰ ਗੋਸ਼ਟੀਆਂ, ਵਰਲਡ ਪੰਜਾਬੀ ਕਾਨਫ਼ਰੰਸ ਅਤੇ ਹਥੇਲੀ ਪੁਸਤਕ ਦੇ ਅੱਠਵੇਂ ਐਡੀਸ਼ਨ ਵਜੋਂ ਹਾਜ਼ਰ ਹੈ। ਇਸ ਸਮੁੱਚੇ ਕਾਰਜ ਦਾ ਸਿਹਰਾ ਚੇਅਰਮੈਨ ਅਜੈਬ ਸਿੰਘ ਚੱਠਾ ਨੂੰ ਜਾਂਦਾ ਹੈ ਜ਼ੋ ਲਗਾਤਾਰ ਨੈਤਿਕਤਾ ਦੇ ਵਿਸ਼ੇ ਨੂੰ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। ਇਸ ਪੁਸਤਕ ਦੀ ਭੂਮਿਕਾ ਵਿੱਚ ਨੈਤਿਕਤਾ ਦੀ ਮਹੱਤਤਾ ਬਾਰੇ ਲਿਖਦੇ ਹਨ:-  ਕਿ ਪੁਰਾਤਨ ਸਮੇਂ ‘ਚ ਨੈਤਿਕ ਮੁੱਲਾਂ ਬਾਰੇ ਲੋਕ ਆਪਣੇ ਸਾਂਝੀ ਪਰਿਵਾਰਾਂ ਵਿੱਚੋਂ ਸਿਖਲਾਈ ਲੈ ਲੈਂਦੇ ਸਨ। ਦੂਸਰਾ ਅਧਿਆਪਕਾਂ ਕੋਲ ਵੀ ਸਿਲੇਬਸ ਪੜ੍ਹਾਉਣ ਤੋਂ ਬਿਨ੍ਹਾਂ ਸਮਾਂ ਹੁੰਦਾ ਸੀ ਉਹ ਵੀ ਚੰਗੇ ਕੰਮਾਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਪ੍ਰੇਰਿਤ ਕਰ ਦਿੰਦੇ ਸਨ ਤੀਸਰਾ ਸਮਾਜ ਦੇ ਬੰਦੇ ਵੀ ਸਹੀ ਕੰਮ ਕਰਨ ਵਾਲੇ ਨੂੰ ਘੂਰ ਕੇ ਸਮਝਾਉਂਦੇ ਰਹਿੰਦੇ ਸਨ ਪਰ ਹੁਣ ਸਾਂਝੇ ਪਰਿਵਾਰ ਖ਼ਤਮ ਹੋ ਚੁੱਕੇ ਹਨ । ਹੁਣ ਅਧਿਆਪਕਾਂ ਦੇ ਕੋਲ ਨੈਤਿਕ ਸਿੱਖਿਆ ਦੇਣ ਲਈ ਸਮਾਂ ਨਹੀਂ ਹੈ, ਸਿਲੇਬਸ ਵੀ ਜ਼ਿਆਦਾ ਹਨ । ਜਿਸ ਨੂੰ ਅਧਿਆਪਕ ਬੜੀ ਮੁਸ਼ਕਿਲ ਨਾਲ ਪੂਰਾ ਕਰਦੇ ਹਨ ਹੁਣ ਇਨਸਾਨ ਕਿਸੇ ਦੂਸਰੇ ਦੀ ਜ਼ਿੰਦਗੀ ਵਿੱਚ ਦਾਖ਼ਲ ਨਹੀਂ ਦੇ ਸਕਦਾ ਇਸ ਲਈ ਹੁਣ ਸਕੂਲਾਂ,  ਕਾਲਜਾਂ, ਯੂਨੀਵਰਸਿਟੀਆਂ ਤੇ ਸਮਾਜਿਕ ਪੱਧਰ ‘ਤੇ ਨੈਤਿਕ ਸਿੱਖਿਆ ਤੋਂ ਜਾਣੂ ਕਰਾਉਣਾ ਲਾਜ਼ਮੀ ਹੈ।  ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ ਸਗੋਂ ਵਧੀਆ ਇਨਸਾਨ ਬਣਾਉਣਾ ਹੈ।  ਨੈਤਿਕ ਸਿੱਖਿਆ ਤੋਂ ਬਿਨ੍ਹਾਂ ਬਣਿਆ ਅਧਿਆਪਕ, ਡਾਕਟਰ, ਇੰਜੀਨੀਅਰ ਤੇ ਜੱਜ ਆਦਿ ਸਮਾਜ ਦਾ ਨੁਕਸਾਨ ਹੀ ਕਰੇਗਾ।

‍ਪੁਸਤਕ ਨੈਤਿਕਤਾ ਦੁਨੀਆਂ ਦੀ ਪਹਿਲੀ ਅਜਿਹੀ ਪੁਸਤਕ ਹੈ। ਜਿਸ ਵਿੱਚ ਨਰੋਲ ਰੂਪ ਵਿੱਚ ਨੈਤਿਕਤਾ ਦੀ ਪਰਿਭਾਸ਼ਾ, ਸ਼੍ਰੇਣੀ, ਮਹੱਤਵ ਤੇ ਮਨੁੱਖੀ ਜੀਵਨ ਵਿੱਚ ਨੈਤਿਕਤਾ ਦੀ ਭੂਮਿਕਾ ਦੀ ਗੱਲ ਕੀਤੀ ਗਈ ਹੈ । ਇਸ ਪੁਸਤਕ ਦਾ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਸ਼ਾਹਮੁਖੀ ਤੇ ਫਰੈਂਚ ਭਾਸ਼ਾ ਵਿੱਚ ਅਨੁਵਾਦ ਦਾ ਕਾਰਜ ਵੀ ਬੜੀ ਜਲਦੀ ਹੀ ਪ੍ਰਕਾਸ਼ਿਤ ਹੋਵੇਗਾ ਤਾਂ ਜ਼ੋ ਵਿਸ਼ਵ ਪੱਧਰ ‘ਤੇ ਹਰ ਮਨੁੱਖ ਨੈਤਿਕਤਾ ਗੁਣਾਂ ਦਾ ਧਾਰਨੀ ਬਣ ਸਕੇ।

‍ਬਲਵਿੰਦਰ ਕੌਰ ਚੱਠਾ ਦੁਬਾਰਾ ਸੰਪਾਦਿਤ ਪੁਸਤਕ ਸਿਧਾਂਤਕ ਤੌਰ ਤੇ ਲਾਹੇਵੰਦ ਹੋਣ ਤੋਂ ਇਲਾਵਾ ਸਮਾਜਿਕ ਉਦਾਹਰਨਾਂ ਨਾਲ ਲਬਰੇਜ਼ ਮਾਨਵੀ ਜੀਵਨ ਵਿੱਚ ਨੈਤਿਕ ਮੁੱਲਾਂ ਦੀ ਸਥਾਪਤੀ ਲਈ ਕਾਰਗਰ ਸਾਬਿਤ ਹੋਵੇਗੀ। ਸਾਹਿਤ ਜਗਤ ਵਿੱਚ  ਸਵਾਗਤ ਤੇ ਸ਼ੁਭਕਾਮਨਾਵਾਂ ….

ਪੁਸਤਕ ਦਾ ਨਾਂ:  ਨੈਤਿਕਤਾ , ਸੰਪਾਦਕ:  ਬਲਵਿੰਦਰ ਕੌਰ ਚੱਠਾ,  ਮੁੱਲ:  225 ਰੁਪਏ,  ਪੰਨੇ: 148,  ਪ੍ਰਕਾਸ਼ਕ: ਅਸੀਮ ਪਬਲੀਕੇਸ਼ਨ, ਬਰੈਂਮਪਟਨ ਕੈਨੇਡਾ ।

ਸਮੀਖਿਆਕਾਰ:  ਗੁਰਵੀਰ ਸਿੰਘ ਸਰੌਦ

ਮਾਲੇਰਕੋਟਲਾ

Related posts

ਕੀ ਦੇਸ਼ ਵਿੱਚ ਧਾਰਮਿਕ ਯੁੱਧ ਭੜਕਾਉਣ ਲਈ ਸੁਪਰੀਮ ਕੋਰਟ ਜ਼ਿੰਮੇਵਾਰ ਹੈ ?

admin

ਆਯੁਰਵੇਦ ਦਾ ਗਿਆਨ !

admin

ਮੈਂ ਰਾਜੇਸ਼ ਖੰਨਾ ਨੂੰ ਬਿਲਕੁਲ ਵੀ ਜਾਣਦੀ ਨਹੀਂ ਸੀ: ਅਦਾਕਾਰਾ ਪੂਨਮ ਢਿੱਲੋਂ !

admin