Articles

ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਬਣੇ ਰਾਜਨੀਤੀ !    

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ। (ਫੋਟੋ: ਏ ਐਨ ਆਈ) (ਫੋਟੋ: ਏ ਐਨ ਆਈ)
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਧਾਰਮਿਕ ਅਖਤਿਆਰ ਦੀ ਗੱਦੀ ਦੇ ਨਾਲ ਰਾਜਨੀਤਿਕ ਸਰਬੱਤ ਖਾਲਸਾ ਦੀਵਾਨ ਦੀ ਮੰਜੀ ਹੈ। ਇਹ ਦਰ ਹਮੇਸ਼ਾ ਬ਼ਖਸਿੰਦਗੀ ਬਖਸ਼ਿਸ਼ ਕਰਦਾ ਰਿਹਾ। ਇੱਥੇ ਹਮੇਸ਼ਾ ਇੱਕੋ ਹੀ ਅਵਾਜ਼ ਹੈ,

“ਪਿਛਲੇ ਅਉਗੁਣ ਬਖਸਿ ਲਏ, ਪ੍ਰਭੂ ਆਗੈ ਮਾਰਗਿ ਪਾਵੈ”

1699 ‘ਚ ਖਾਲਸੇ ਦੀ ਸਾਜਨਾ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਭੇਜਿਆ। ਇਤਿਹਾਸ ਭਾਈ ਗੁਰਦਾਸ ਜੀ ਨੂੰ ਵੀ ਪਹਿਲੇ ਜਥੇਦਾਰ ਮੰਨਦਾ ਹੈ। ਅਕਾਲ ਤਖ਼ਤ ਸਾਹਿਬ ਤੋਂ ਕੋਈ ਉੱਪਰ ਨਹੀਂ, ਗੁਨਾਹ ਕਰਨ ਵਾਲਿਆਂ ਨੂੰ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਪੈਂਦਾ ਹੈ। ਅੱਜ ਦੇ ਦੌਰ ਵਿੱਚ ਇਹ ਗੱਲ ਸਾਬਿਤ ਹੋਈ ਹੈ ਕਿ ਜਿਵੇਂ ਦੁਕਾਨਦਾਰੀ ਗਾਹਕ ਸਿਖਾਉਂਦਾ ਹੈ, ਉਸੇ ਤਰ੍ਹਾਂ ਰਾਜਨੀਤੀ ਵੀ ਲੋਕ ਸਿਖਾਉਂਦੇ ਹਨ। ਸੰਗਤ ਵਲੋਂ ਦਿੱਤੇ ਸਬਕ ਤੋਂ ਬਾਅਦ ਸਭ ਨੂੰ ਬਖਸ਼ ਲਈ ਨਿਭਣਾ ਪਿਆ। ਦੇਰ ਹੋ ਗਈ ਇਸ ਦਾ ਨੁਕਸਾਨ ਵੀ ਹੋਇਆ। ਚਲੋ ਖੈਰ ! ਅੱਗੇ  ਪ੍ਰਮਾਤਮਾ ਸੁਮੱਤ ਬਖਸ਼ਣ।
ਸਿੱਖ ਲਈ ਊਰਜਾ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਪੰਥਕ ਪੀੜਾ ਤੇ ਚਿੰਤਾ ਜ਼ਾਹਰ ਕੀਤੀ। ਸਿੱਖ ਸੰਗਤ ਲੋਚਦੀ ਵੀ ਹੈ ਜਥੇਦਾਰ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਨਿਰਪੱਖ ਫੈਸਲੇ ਕਰਨ। ਅੱਜ ਦੇ ਵਰਤਾਰੇ ਵਿੱਚ ਕਈ ਚਿੰਤਾਵਾਂ, ਕਈ ਸੁਆਲ ਅਤੇ ਹੱਲ ਉਭਰੇ ਹਨ। ਸੌ ਸਾਲਾ ਸ਼ਾਨਾਂਮੱਤੀ ਇਤਿਹਾਸ ਵਾਲੀ ਅਕਾਲੀ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਾਈ ਢਾਅ ਨੇ ਕਈ ਤੌਖਲੇ ਪੈਦਾ ਕੀਤੇ। ਆਖਿਰ ਸੁਖਬੀਰ ਬਾਦਲ ਨੇ ਸਭ ਗੁਨਾਹ ਕਬੂਲ ਕਰਕੇ ਨਿਮਰਤਾ, ਨਿਰਮਾਣਤਾ ਅਤੇ ਨਿਮਾਣੇ ਸਿੱਖ ਦਾ ਸਬੂਤ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਤੋਂ ਸੁਨੇਹਾ ਵੀ ਮਿਲਿਆ ਹੈ ਜੇ ਅਕਾਲੀ ਦਲ ਜੀਉਂਦਾ ਹੈ ਤਾਂ ਸਾਡੇ ਹਿੱਤਾਂ ਦੀ ਰਾਖੀ ਹੋਵੇਗੀ। ਇਹ ਘਟਨਾਕ੍ਰਮ ਮਹਾਰਾਜਾ ਰਣਜੀਤ ਸਿੰਘ ਵਾਲਾ ਇਤਿਹਾਸ ਰਚੇਗਾ। ਤੌਰ, ਤਰੀਕਾ ਅਤੇ ਤਰਜ਼ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਦੀ ਹੈ, ਉਹ ਵੀ ਪੇਸ਼ ਹੋ ਕੇ ਅੱਗਾ ਸੁਧਾਰ ਗਏ ਸਨ,ਪਰ ਸਜ਼ਾ ਅੱਜ ਤੋਂ ਸਖ਼ਤ ਸੀ।
ਅੱਗੇ ਲਈ ਪੰਜਾਬ ਦੀਆਂ ਰਾਜਨੀਤਕ ਧਿਰਾਂ ਨੂੰ ਸੀ੍ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਕੰਮ ਕਰਨਾ ਪਵੇਗਾ। ਮਨਮਰਜ਼ੀਆਂ ਨੂੰ ਸਭ ਸੋਚ ਸਮਝ ਕੇ ਅੰਜ਼ਾਮ ਦੇਣਗੇ। ਸਮਝ ਲੈਣਾ ਚਾਹੀਦਾ ਹੈ, “ਗੁਰਮਤਿ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਹੈ, ਉਹ ਨਾਸ਼ਵਾਨ ਨਹੀਂ, ਸਦੀਵੀ ਹੈ। ਤਖ਼ਤ ਦੇ ਅਜਿਹੇ ਸੰਕਲਪ ਨੂੰ ਗੁਰੂ ਸਹਿਬਾਨ ਨੇ ਆਪ ਰੂਪ ਮਾਨ ਕੀਤਾ ਤੇ ਅਮਲੀ ਜਾਮਾ ਪਹਿਨਾਇਆ, ਅਕਾਲ ਤਖ਼ਤ ਸਾਹਿਬ ਵਿਅਕਤੀ ਸਮੂਹ ਦੀਆਂ ਗਤੀਵਿਧਿਆਂ ਦਾ ਕੇਂਦਰ ਨਹੀਂ ਇਹ ਗੁਰੂ ਪੰਥ ਦੀ ਸੁਤੰਤਰ ਨਿਰਪੱਖ ਪ੍ਰਭੂਸੱਤਾ ਸੰਪੰਨ ਸੰਸਥਾ ਹੈ। ਅਜੋਕੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਹਨ ਕਿ ਮੈਰਿਜ ਪੈਲੇਸਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੰਦ ਕਾਰਜ ਲਈ ਨਹੀਂ ਜਾਣਗੇ, ਦੂਜਾ ਅਨੰਦ ਕਾਰਜ਼ ‘ਤੇ ਲੜਕੀ ਲਹਿੰਗਾ ਨਹੀਂ ਪਹਿਨੇਗੀ। ਇਹਨਾਂ ‘ਤੇ ਸੌ ਪ੍ਰਤੀਸ਼ਤ ਅਮਲ ਹੋਇਆ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੰਜਾਬ ਦੀਆਂ ਸਰਕਾਰਾਂ ਨੂੰ ਜੁਆਬਦੇਹ ਬਣਵਾ ਦੇਣ ਤਾਂ ਮਾੜੀਆਂ ਆਦਤਾਂ, ਕੰਮਾਂ ਅਤੇ ਗੱਲਾਂ ਦਾ ਅੰਤ ਹੋ ਜਾਵੇਗਾ।
ਸਭ ਤੋਂ ਪਹਿਲਾਂ ਹੁਕਮਨਾਮਾ ਸੀ ਕਿ ਪੰਚਮ ਪਾਤਸ਼ਾਹ ਜੰਨਤ ਵਿੱਚ ਚਲੇ ਗਏ, ਹਰਗੋਬਿੰਦ ਪਾਤਸ਼ਾਹ ਤਖ਼ਤ ‘ਤੇ ਬੈਠਾ ਗਏ। ਜੋ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਆਉਣ ਉਹ ਆਪਣੇ ਨਾਲ ਸਿਰਫ ਚੰਗੇ ਘੋੜੇ ਅਤੇ ਚੰਗੇ ਹਥਿਆਰ ਤੋਹਫ਼ੇ ਵਜੋਂ ਲੈ ਕੇ ਆਉਣ। ਇੱਥੋਂ ਸ਼ੁਰੂਆਤ ਹੋਈ ਸੀ। ਅਕਾਲ ਤਖ਼ਤ ਸਾਹਿਬ, ਮੀਰੀ ਪੀਰੀ ਸਿਧਾਂਤ ਭਾਵ ਰਾਜਨੀਤਕ ਅਤੇ ਰੂਹਾਨੀ ਵਿਚਾਰਧਾਰਾ ਦਾ ਧੁਰਾ ਹੈ। 15 ਜੂਨ 1606 ਨੂੰ ਹਰਗੋਬਿੰਦ ਪਾਤਸ਼ਾਹ ਨੇ ਤਿਆਰ ਕਰਵਾ ਕੇ ਇਸ ਦਰ ਨੂੰ ਸਿੱਖ ਜਗਤ ਚ ਲਾਗੂ ਕੀਤਾ। ਇਸ ਨਾਲ ਸਿੱਖ ਇਤਿਹਾਸ ਵਿੱਚ ਨਵਾਂ ਮੋੜ ਆਇਆ ਅੱਜ ਵੀ ਇਸੇ ਮੋੜ ਅਧੀਨ “ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ”। 1762 ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖਾਲਸੇ ਦਾ ਫੈਸਲਾ ਹੋਇਆ ਕਿ ਅਬਦਾਲੀ ਤੋਂ ਬਦਲਾ ਲਿਆ ਜਾਵੇ। ਇਹ ਇਤਿਹਾਸਕ ਫੈਸਲਾ ਹੈ। ਨਤੀਜਾ ਅੰਮ੍ਰਿਤਸਰ ਲਾਗੇ ਜੰਗ ਵਿੱਚੋਂ ਅਬਦਾਲੀ ਭੱਜ ਕੇ ਲਾਹੌਰ ਜਾ ਵੜਿਆ।1764 ਵਿੱਚ ਅਬਦਾਲੀ ਨੇ ਹਮਲਾ ਕੀਤਾ। ਅਬਦਾਲੀ ਨੂੰ ਮੁੜ ਜਾਣਾ ਪਿਆ। ਸਿੱਟਾ ਇਹ ਨਿਕਲਿਆ ਕਿ 1765 ਵਿੱਚ ਲਹੌਰ ਖਾਲਸਾ ਰਾਜ ਸਥਾਪਿਤ ਹੋ ਗਿਆ। ਇੱਥੋਂ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਾ ਰਾਜ ਦਾ ਮੁੱਢ ਬੱਝਿਆ ਸੀ। ਅਜੋਕੀ ਰਾਜਨੀਤੀ ਇਸ ਸਬਕ ਨੂੰ ਪੱਲੇ ਬੰਨ੍ਹ ਕੇ “ਰਾਜ ਨਹੀਂ, ਸੇਵਾ ਕਰ ਸਕਦੀ ਹੈ”। ਇਹ ਵੀ ਸਮਝਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਭੈਅ ਹੇਠ ਰਾਜ ਕੀਤਾ।
ਸਿੱਖ ਮਿਸਲਾਂ ਸਮੇਂ ਅਕਾਲ ਤਖ਼ਤ ਸਾਹਿਬ ਜਮਹੂਰੀਅਤ ਦਾ ਕੇਂਦਰ ਰਿਹਾ। ਮਿਸਲ ਲੀਡਰ ਸਰਬਸੰਮਤੀ ਨਾਲ ਇੱਥੇ ਬੈਠ ਕੇ ਫ਼ੈਸਲੇ ਕਰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਿਖਰੀ ਕੌਮ ਨੂੰ ਇਕੱਠਾ ਕਰਨ ਦਾ ਜ਼ਿੰਮਾ ਭਾਈ ਮਨੀ ਸਿੰਘ ਨੂੰ ਦਿੱਤਾ ਗਿਆ ਸੀ। ਇਹ ਵੀ ਅੱਜ ਦੀ ਰਾਜਨੀਤੀ ਨੂੰ ਸੇਧ ਲੈਣ ਦੀ ਲੋੜ ਹੈ। ਅੱਜ ਪੰਜਾਬ ਦੀਆਂ ਰਾਜਨੀਤਕ ਧਿਰਾਂ ਲਈ ਇਹ ਦਰ ਪ੍ਰਰੇਨਾ ਸ੍ਰੋਤ ਲਾਜ਼ਮੀ ਬਣੇ। ਇਸ ਮਹਾਨ ਹਸਤੀ ਅਤੇ ਸ਼ਕਤੀ ਨੂੰ ਇੱਕ ਕੇਂਦਰ ਵਜੋਂ ਮੰਨ ਕੇ ਰਾਜ ਭਾਗ ਚਲਾਇਆ ਜਾਵੇ। ਇਸ ਨਾਲ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸਵੈ-ਵਿਸ਼ਵਾਸ ਪੈਦਾ ਹੋਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਅੱਗੇ ਲਈ ਰਾਜਨੀਤੀ ‘ਤੇ ਨਜ਼ਰ ਰੱਖ ਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਹੋਰ ਉੱਚਾ ਕਰਨ ਲਈ ਸੰਗਤ ਲੋਚਦੀ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin