ਜੱਗੀ ਨੂੰ ਭਾਈ ਵੀਰ ਸਿੰਘ, ਗੋਇਲ ਨੂੰ ਨਾਨਕ ਸਿੰਘ, ਪਲਾਹੀ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਕਜ਼ਾਕ ਨੂੰ ਵਿਰਕ ਐਵਾਰਡ ਨਾਲ ਸਨਮਾਨਿਆ ਜਾਵੇਗਾ।
ਫਗਵਾੜਾ – ਇਕਜੁੱਟ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਦੀ ਸੇਵਾ ਵਿਚ ਸੰਜੀਦਗੀ ਨਾਲ ਜੁਟੀ ਸੰਸਥਾ ‘ਪੰਜਾਬੀ ਸੱਥ’ ਵੱਲੋਂ ਡਾ. ਨਿਰਮਲ ਸਿੰਘ ਜੀ ਦੀ ਰਹਿਨੁਮਾਈ ਹੇਠ ਖਾਲਸਾ ਸਕੂਲ ਲਾਂਬੜਾ ਵਿਖੇ ਇਕ ਮੀਟਿੰਗ ਕਰਵਾਈ ਗਈ। ਜਿਸ ਵਿਚ ਸ. ਬਲਦੇਵ ਸਿੰਘ ਜੀ ਦੀ ਪ੍ਰਧਾਨਗੀ ਵਿਚ ਸਰਬਸੰਮਤੀ ਨਾਲ ਪੰਜਾਬੀ ਸੱਥ ਲਾਂਬੜਾ ਦੀ ਸਾਲਾਨਾ ਵਰ੍ਹੇਵਾਰ ਪਰ੍ਹਿਆ ਦੇ ਸਮਾਗਮ ਦਾ ਸਮਾਂ 14 ਦਸੰਬਰ ਦਿਨ ਸ਼ਨੀਵਾਰ 2024 ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਜਲੰਧਰ) ਵਿਖੇ ਮਿੱਥਿਆ ਗਿਆ ਹੈ। ਪੰਜਾਬੀ ਸੱਥ ਦੀ 25ਵੀਂ ਵਰ੍ਹੇਵਾਰ ਪਰ੍ਹਿਆ ਵਿਚ 25 ਆਦਰਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਡਾ. ਰਤਨ ਸਿੰਘ ਜੱਗੀ ਨੂੰ ਭਾਈ ਵੀਰ ਸਿੰਘ, ਡਾ. ਜੰਗ ਬਹਾਦਰ ਗੋਇਲ ਨੂੰ ਸ. ਨਾਨਕ ਸਿੰਘ ਨਾਵਲਕਾਰ, ਸ੍ਰੀ ਦਰਸ਼ਨ ਲਾਲ ਕੰਬੋਜ ਉਰਫ ਬਿੱਟੂ ਲਹਿਰੀ ਨੂੰ ਪ੍ਰਿ. ਤਰਲੋਚਨ ਸਿੰਘ ਭਾਟੀਆ, ਡਾ. ਪੰਡਿਤ ਰਾਓ ਧਰੇਨਵਰ ਨੂੰ ਭਾਈ ਨੰਦ ਲਾਲ ਗੋਇਆ, ਸ. ਗੁਰਮੀਤ ਸਿੰਘ ਪਲਾਹੀ ਨੂੰ ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਜਨਾਬ ਨੂਰ ਮੁਹੰਮਦ ਨੂਰ ਨੂੰ ਜਨਾਬ ਅੱਲਾ ਯਾਰ ਖਾਂ ਜੋਗੀ, ਡਾ. ਬੀਬੀ ਇਕਬਾਲ ਕੌਰ ਸੌਂਦ ਨੂੰ ਬੀਬੀ ਅਫ਼ਜ਼ਲ ਤੌਸੀਫ਼, ਡਾ. ਗੁਰਚਰਨ ਸਿੰਘ ਨੂਰਪੁਰ ਨੂੰ ਸਾਧੂ ਦਇਆ ਸਿੰਘ ਆਰਫ਼, ਕਮਾਂਡੋਰ ਸ. ਗੁਰਨਾਮ ਸਿੰਘ ਨੂੰ ਐਸ. ਐਸ. ਚਰਨ ਸਿੰਘ ਸ਼ਹੀਦ, ਬੀਬੀ ਨਸੀਬ ਕੌਰ ਉਦਾਸੀ ਨੂੰ ਬੀਬੀ ਦੀਪ ਕੌਰ ਤਲਵਣ, ਸ. ਹਰਭਜਨ ਸਿੰਘ ਬਾਜਵਾ ਨੂੰ ਸ. ਸੋਭਾ ਸਿੰਘ-ਚਿਤਰਕਾਰ, ਸ੍ਰੀ ਕਿਰਪਾਲ ਕਜ਼ਾਕ ਨੂੰ ਡਾ. ਕੁਲਵੰਤ ਸਿੰਘ ਵਿਰਕ, ਡਾ. ਰਾਜ ਕੁਮਾਰ ਸ਼ਰਮਾ ਨੂੰ ਡਾ. ਸਰੂਪ ਸਿੰਘ ਅਲੱਗ, ਸ੍ਰੀ ਆਸ਼ੀ ਈਸਪੁਰੀ ਨੂੰ ਸ੍ਰੀ ਨੰਦ ਲਾਲ ਨੂਰਪੁਰੀ, ਡਾ. ਬੀਬੀ ਸੁਰਿੰਦਰ ਕੌਰ ਨੀਰ ਨੂੰ ਬੀਬੀ ਅਜੀਤ ਕੌਰ, ਢਾਡੀ ਸ. ਮੇਜਰ ਸਿੰਘ ਖਾਲਸਾ ਨੂੰ ਗਿਆਨੀ ਸੋਹਣ ਸਿੰਘ ਸੀਤਲ, ਸ੍ਰੀ ਤਰਸੇਮ ਚੰਦ ਭੋਲਾ ਕਲਹਿਰੀ ਨੂੰ ਡਾ. ਮਹਿੰਦਰ ਸਿੰਘ ਰੰਧਾਵਾ, ਕਵੀਸ਼ਰ ਹਰਦੇਵ ਸਿੰਘ ਲਾਲ ਬਾਈ ਨੂੰ ਜਨਾਬ ਬਾਬੂ ਰਜਬ ਅਲੀ, ਡਾ. ਰਾਮ ਮੂਰਤੀ ਨੂੰ ਲਾਲਾ ਧਨੀ ਰਾਮ ਚਾਤ੍ਰਿਕ, ਸ. ਸਵਰਨ ਸਿੰਘ ਟਹਿਣਾ ਨੂੰ ਸ. ਗੁਰਨਾਮ ਸਿੰਘ ਤੀਰ, ਡਾ. ਬੀਬੀ ਨਬੀਲਾ ਰਹਿਮਾਨ ਨੂੰ ਬੀਬੀ ਦਲੀਪ ਕੌਰ ਟਿਵਾਣਾ, ਸ੍ਰੀ ਨਿੰਦਰ ਘੁਗਿਆਣਵੀ ਨੂੰ ਸ੍ਰੀ ਦਵਿੰਦਰ ਸਤਿਆਰਥੀ, ਬੀਬੀ ਵੀਰਪਾਲ ਕੌਰ/ ਬੀਬੀ ਪਵਨਦੀਪ ਕੌਰ ਨੂੰ ਬੀਬੀ ਸੁਰਿੰਦਰ ਕੌਰ / ਬੀਬੀ ਪ੍ਰਕਾਸ਼ ਕੌਰ, ਜਨਾਬ ਨਾਸਿਰ ਢਿੱਲੋਂ ਨੂੰ ਜਨਾਬ ਅਫਜ਼ਲ ਅਹਿਸਨ ਰੰਧਾਵਾ, ਸ. ਗੁਰਪ੍ਰੀਤ ਸਿੰਘ ਮਿੰਟੂ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਜਾਵੇਗਾ।
ਇਹ ਸਾਰੀਆਂ ਸਖਸ਼ੀਅਤਾਂ ਚੜ੍ਹਦੇ ਲਹਿੰਦੇ ਪੰਜਾਬ ਅਤੇ ਕੁੱਲ ਆਲਮ ਵਿਚ ਵਸਦੇ ਰਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ। ਇਹਨਾਂ ਸ਼ਖਸ਼ੀਅਤਾਂ ਦਾ ਸਾਡੀ ਮਾਂ ਬੋਲੀ ਵਿਰਾਸਤ ਤੇ ਸਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਹੈ। ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਸਨਮਾਨ ਵਿਚ ਹਰ ਇਕ ਹਸਤੀ ਨੂੰ 25000/- ਰੁਪਏ ਸਨਮਾਨ ਚਿੰਨ, ਦਸਤਾਰ/ ਫੁਲਕਾਰੀ, ਪੰਜਾਬੀ ਸੱਥਾਂ ਵਲੋਂ ਛਪੀਆਂ ਕਿਤਾਬਾਂ ਦੇ ਨਾਲ 25 ਸਨਮਾਨਿਤ ਹਸਤੀਆਂ ਬਾਰੇ ਜਾਣਕਾਰੀ ਵਾਲੇ ਕਿਤਾਬਚੇ ਦੀ ਮੁੱਖ ਦਿਖਾਈ ਕਰਕੇ ਭੇਟ ਕੀਤਾ ਜਾਏਗਾ। ਸਮਾਗਮ ਦੀ ਪ੍ਰਧਾਨਗੀ ਸ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਕੀਤੀ ਜਾਵੇਗੀ। ਸਟੇਜ ਦਾ ਸੰਚਾਲਨ ਪ੍ਰਿ. ਕੁਲਵਿੰਦਰ ਸਿੰਘ ਸਰਾਏ ਜੀ ਕਰਨਗੇ। ਡਾ. ਨਿਰਮਲ ਸਿੰਘ, ਯੂਰਪੀ ਸੱਥਾਂ ਦੇ ਨਿਗਰਾਨ ਮੋਤਾ ਸਿੰਘ ਸਰਾਏ ਵਾਲਸਾਲ ਬਰਤਾਨੀਆ (ਇੰਗਲੈਂਡ) ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਕੁੱਲ ਆਲਮ ਦੀਆਂ ਦੂਰ-ਦਰਾਡੇ ਤੇ ਦੇਸਾਂ-ਪ੍ਰਦੇਸਾ ਦੀਆਂ ਪੰਜਾਬੀ ਸੱਥਾਂ ਦੇ ਕਾਰਕੁੰਨਾ ਨੂੰ ਆਪਣੇ ਸੰਗੀ ਬੇਲੀਆਂ ਨਾਲ ਸਮੇਂ ਸਿਰ ਪਹੁੰਚ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ।