ਇਹ ਭਲੇ ਸਮੇ ਦੀ ਗੱਲ ਏ, ਜਦੋਂ ਭਾਰਤੀ ਪਾਸਪੋਰਟ-ਧਾਰਕ ਨੂੰ ਇੰਗਲੈਂਡ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਵੀਜ਼ੇ ਤੋਂ ਬਿਨ੍ਹਾਂ ਜਾਣ ਦੀ ਇਜ਼ਾਜਤ ਹੁੰਦੀ ਸੀ। ਸਿਰਫ ਬਾਰਡਰ ਉਪਰ ਮਨੀ-ਸ਼ੋਅ ਕਰਨ ਨਾਲ ਐਂਟਰੀ ਮਿਲ ਜਾਂਦੀ ਸੀ।
ਉਹਨਾਂ ਸਮਿਆਂ ਵਿੱਚ ਹੀ ਚੰਦਰਭਾਨ ਦੇਸੋਂ ਵਿਦੇਸ਼ ਆਇਆ ਸੀ। ਜਿਵੇਂ ਹੁਨਰਮੰਦ ਕਦੇ ਗਰੀਬ ਨਹੀ ਹੁੰਦਾ। ਚੰਦਰਭਾਨ ਵੀ ਇਲੈਕਟ੍ਰਿਕ ਮਕੈਨਿਕ ਸੀ। ਉਸ ਨੂੰ ਕੰਮ ਲੱਭਣ ਵਿੱਚ ਜਿਆਦਾ ਮੁਸ਼ਕਲ ਨਾ ਆਈ। ਉਹ ਬਰਫੀਲੇ ਮੌਸਮ ਤੇ ਸਰਦ ਦਿਨਾਂ ਵਿੱਚ ਵੀ ਕੰਮ ਕਰਦਾ ਤੇ ਸ਼ਾਮ ਨੂੰ ਇੰਡੀਅਨ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਵੀ ਜਾਦਾਂ ਸੀ। ਕਹਿੰਦੇ ਨੇ ਰੱਬ ਤੋਂ ਕੱੁਝ ਪਾਉਣ ਲਈ ਮਿਹਨਤ ਵੀ ਜਰੂਰੀ ਆ। ਉਸ ਨੇ ਸਖਤ ਮਿਹਨਤ ਕਰਕੇ ਸਿਰ ਚੜ੍ਹਿਆ ਕਰਜ਼ੇ ਦਾ ਭਾਰ ਲਾਹ ਦਿੱਤਾ ਸੀ। “ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”। ਉਸਨੇ ਇਹ ਮੁਹਾਵਰਾ ਵੀ ਸੱਚ ਕਰ ਦਿੱਤਾ ਸੀ।
ਚੰਦਰਭਾਨ ਦੀ ਇੱਕ ਅਰੂਣਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ। ਉਹ ਆਪਣੇ ਮਾਂ ਬਾਪ ਨਾਲ ਇਸ ਰੈਸਟੋਰੈਂਟ ਵਿੱਚ ਡਿਨਰ ਲਈ ਆਉਂਦੀ ਸੀ। ਉਸ ਦੇ ਮਾਪੇ ਮੈਡਾਗਾਸਕਾਰ ਤੋਂ ਯੌਰਪ ਵਿੱਚ ਆਏ ਸਨ। ਅਰੂਣਾ ਦਾ ਜਨਮ ਵੀ ਇਥੇ ਹੀ ਹੋਇਆ ਸੀ। ਮੈਡਾਗਾਸਕਾਰ ਦੇਸ਼ ਅਫਰੀਕਾ ਦੇ ਕੋਲ ਇੱਕ ਟਾਪੂ ਹੈ। ਜਿਥੇ ਕਈ ਸਦੀਆਂ ਪਹਿਲਾਂ ਉਹਨਾਂ ਦੇ ਪੁਰਖੇ ਭਾਰਤ ਤੋਂ ਆ ਕੇ ਵਸ ਗਏ ਸਨ। ਉਸ ਦੇ ਲਿਸ਼ਕਦੇ ਜਾਮਣੀ ਰੰਗ ਦੇ ਚਿਹਰੇ ਉਪਰ ਏਸ਼ੀਅਨ ਮੂਲ ਹੋਣ ਦੀ ਝਲਕ ਸਾਫ ਦਿਖਾਈ ਦਿੰਦੀ ਸੀ। ਭਾਵੇਂ ਅਰੂਣਾ ਕਦੇ ਵੀ ਭਾਰਤ ਨਹੀਂ ਗਈ ਸੀ ਪਰ ਉਸ ਦੇ ਮਨ ਅੰਦਰ ਭਾਰਤ ਪ੍ਰਤੀ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਜਲਦੀ ਹੀ ਉਹ ਸ਼ਾਦੀ ਦੇ ਬੰਧਨ ਵਿੱਚ ਬੱਝ ਗਏ। ਇਸ ਰਿਸ਼ਤੇ ਨੂੰ ਅਰੂਣਾ ਦੇ ਮਾਪਿਆਂ ਨੇ ਵੀ ਕਬੂਲ ਲਿਆ ਸੀ। ਹੁਣ ਉਹਨਾਂ ਦੀ ਗ੍ਰਹਿਸਤੀ ਜਿੰਦਗੀ ਸ਼ੁਰੂ ਹੋ ਚੁੱਕੀ ਸੀ। ਕੱੁਝ ਸਮੇਂ ਬਾਅਦ ਉਨਾਂ ਦੇ ਘਰ ਲੜਕੇ ਨੇ ਜਨਮ ਲਿਆ। ਜਿਸ ਦਾ ਨਾਮ ਬੋਨੀ ਰੱਖਿਆ ਗਿਆ। ਉਹਨਾਂ ਨੇ ਇੱਕ ਨਵਾਂ ਘਰ ਵੀ ਮੁੱਲ ਲੈ ਲਿਆ ਸੀ। ਸਮਾਂ ਬੀਤਦਾ ਗਿਆ ਬੋਨੀ ਸਕੂਲ ਜਾਣ ਲੱਗ ਪਿਆ। ਉਹ ਸਵੇਰੇ ਬੋਨੀ ਨੂੰ ਸਕੂਲ ਭੇਜ ਕੇ ਆਪ ਕੰਮ ‘ਤੇ ਚਲੇ ਜਾਂਦੇਂ। ਬੋਨੀ ਸਕੂਲ ਤੋਂ ਘਰ ਆਕੇ ਇੱਕਲਾਪਣ ਮਹਿਸੂਸ ਕਰਦਾ। ਉਹ ਮਨ ਹੀ ਮਨ ਵਿੱਚ ਝੂਰਦਾ ਤੇ ਚੁੱਪ- ਚੁੱਪ ਰਹਿੰਦਾ। ਮਹੀਨੇ ਸਾਲ ਬੀਤਦੇ ਗਏ, ਵਕਤ ਨਾਲ ਬੋਨੀ ਗੱਭਰੂ ਹੋ ਗਿਆ ਸੀ। ਉਸ ਨੂੰ ਮਾਪਿਆਂ ਦੇ ਪਿਆਰ ਦੀ ਘਾਟ ਹਮੇਸ਼ਾਂ ਰੜਕਦੀ ਰਹਿੰਦੀ। ਉਸ ਦਾ ਮੇਲ-ਮਿਲਾਪ ਦੋਸਤਾਂ ਮਿਤਰਾਂ ਨਾਲ ਵੱਧ ਚੁੱਕਿਆ ਸੀ। ਉਹ ਕਈ ਵਾਰੀ ਦੋਸਤਾਂ ਨੂੰ ਘਰ ਸੱਦ ਲੈਂਦਾ ਜਾਂ ਉਹਨਾਂ ਕੋਲ ਚਲਿਆ ਜਾਦਾਂ। ਇਹ ਅੱਠ ਦਸ ਮੁੰਡਿਆਂ ਦਾ ਇੱਕ ਗਰੁੱਪ ਜਿਹਾ ਬਣ ਗਿਆ ਸੀ ਜਿਸ ਵਿੱਚ ਨਸ਼ਈ ਤੇ ਅਵਾਰਾ ਕਿਸਮ ਦੇ ਲੜਕੇ ਵੀ ਰਲ ਗਏ ਸਨ। ਬੋਨੀ ਦਾ ਪੜ੍ਹਾਈ ਵੱਲ ਧਿਆਨ ਘਟਣਾ ਸ਼ੁਰੂ ਹੋ ਗਿਆ ਸੀ। ਹੌਲੀ-ਹੌਲੀ ਇਹ ਢਾਣੀ ਨਸ਼ਿਆ ਤੇ ਲੜਾਈ ਝਗੜਿਆਂ ਵਿੱਚ ਮਸ਼ਹੂਰ ਹੋ ਗਈ। ਘਰਮਾ-ਗਰਮੀ ਵਾਲਾ ਮਹੌਲ ਬੋਨੀ ਨੇ ਘਰ ਵਿੱਚ ਵੀ ਬਣਾ ਲਿਆ ਸੀ। ਬੁਰੀ ਸੰਗਤ ਵਿੱਚ ਪੈਣ ਦੀ ਖਬਰ ਚੰਦਰਭਾਨ ਤੇ ਅਰੂਣਾ ਨੂੰ ਮਿਲ ਚੁੱਕੀ ਸੀ ਪਰ ਹੁਣ ਪਾਣੀ ਸਿਰ ਉਪਰੋਂ ਦੀ ਲੰਘ ਗਿਆ ਸੀ। ਕਹਿੰਦੇ ਨੇ ਚਿੰਤਾ ਚਿਖਾ ਬਰਾਬਰ ਹੁੰਦੀ ਆ! ਪੁੱਤਰ ਦੇ ਗ਼ਮ ਨਾਲ ਅਰੁਣਾ ਨੂੰ ਬੀਮਾਰੀਆਂ ਨੇ ਘੇਰ ਲਿਆ। ਸ਼ੂਗਰ ਦੀ ਵਜ੍ਹਾ ਨਾਲ ਅੱਖਾਂ ਦੀ ਰੋਸ਼ਨੀ ਵੀ ਘੱਟਣ ਲੱਗ ਪਈ। ਇੱਕ ਜਮਾਇੱਕਾ ਦੀ ਕਹਾਵਤ ਹੈ, ਜਿੰਦਗੀ ਸ਼ੜਕ ਦੀ ਤਰ੍ਹਾਂ ਏ, ਅਗਰ ਉਸ ਉਪਰ ਲੱਗੇ ਸੂਚਿਤ ਬੋਰਡਾਂ ਵੱਲ ਬੇਧਿਆਨਾ ਹੋ ਜਾਵੇ ਤਾਂ ਚਾਲਕ ਦੀ ਜਿੰਦਗੀ ਖਤਰਿਆਂ ਤੋਂ ਖਾਲੀ ਨਹੀ ਹੁੰਦੀ। ਇੱਕ ਦਿੱਨ ਅਰੂਣਾ ਨੇ ਚੰਦਰਭਾਨ ਨੂੰ ਕਿਹਾ,”ਸਾਡੇ ਇੱਕੋ ਹੀ ਬੇਟਾ ਏ, ਉਹ ਵੀ ਨਲਾਇਕ, ਕੰਮ ਕੀਹਦੇ ਲਈ ਕਰਦੇ ਆਂ?” ਅਰੂਣਾ ਦੇ ਦੁੱਖ ਭਰੇ ਬੋਲ ਸੁਣਕੇ, ਚੰਦਰਭਾਨ ਨੇ ਪੈਨਸ਼ਨ ਅਪਲਾਈ ਕਰ ਦਿੱਤੀ ਤੇ ਕੁੱਝ ਦੇਰ ਬਾਅਦ ਉਹ ਸੇਵਾ-ਮੁਕਤ ਹੋ ਗਏ।
ਬੋਨੀ ਨਸ਼ੇ ਦੀ ਹਾਲਤ ਵਿੱਚ ਕਦੇ ਕਦੇ ਘਰ ਆਉਦਾ। ਨਸ਼ੇ ਦੇ ਕੇਸ ਵਿੱਚ ਪੁਲਿਸ ਵੀ ਬੋਨੀ ਦੀ ਭਾਲ ਕਰ ਰਹੀ ਸੀ। ਉਹ ਕਈ ਵਾਰ ਘਰ ਆਈ ਪਰ ਉਹ ਖਾਲੀ ਹੱਥ ਪਰਤ ਜਾਂਦੀ ਰਹੀ। ਅਰੂਣਾ ਦੀ ਸਿਹਤ ਦਿਨ-ਬਦਿਨ ਵਿਗੜਦੀ ਜਾ ਰਹੀ ਸੀ। ਇੱਕ ਮੰਦਭਾਗਾ ਦਿੱਨ ਚੜ੍ਹਿਆ ਅਰੂਣਾ ਦੇ ਸਾਹਾਂ ਦਾ ਅੰਤ ਹੋ ਗਿਆ। ਚੰਦਰਭਾਨ ਨੇ ਸਕੇ ਸਬੰਧੀ ਤੇ ਦੋਸਤਾਂ ਦੀ ਮੱਦਦ ਨਾਲ ਅਰੂਣਾ ਦੇ ਸਸਕਾਰ ਦਾ ਪ੍ਰਬੰਧ ਕੀਤਾ। ਬੋਨੀ ਮਾਂ ਦੇ ਸਸਕਾਰ ‘ਤੇ ਵੀ ਨਾ ਆਇਆ। ਲੋਕ ਚਰਚਾ ਸੀ ਕਿ ਬੋਨੀ ਨੂੰ ਨਸ਼ੇ ਦੇ ਕੇਸ ਵਿੱਚ ਸਜ਼ਾ ਹੋਈ ਹੈ। ਮਾਂ ਦੀ ਮੌਤ ਦਾ ਉਸ ਨੂੰ ਜੇਲ੍ਹ ਵਿੱਚ ਹੀ ਪਤਾ ਲੱਗਿਆ ਸੀ।
ਅਰੂਣਾ ਦੇ ਜਾਣ ਤੋਂ ਬਾਅਦ ਚੰਦਰਭਾਨ ਘਰ ਵਿੱਚ ਪਾਗਲਾਂ ਵਾਂਗ ਘੰੁਮਦਾ ਰਹਿੰਦਾ। ਉਸ ਦੀ ਜਿੰਦਗੀ ਬੀਆਬਾਨ ਦਾ ਰੁੱਖ ਬਣ ਗਈ ਸੀ। ਉਸ ਨੂੰ ਇੰਝ ਲੱਗਦਾ ਜਿਵੇਂ ਉਹ ਪਿਛਲੇ ਜਨਮ ਦੀ ਸਜ਼ਾ ਭੁਗਤ ਰਿਹਾ ਹੋਵੇ। ਬੋਨੀ ਤਿੰਨ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਇਆ। ਜਿਸ ਦੇ ਅਉਣ ਦੀ ਖੁਸ਼ੀ ਨਾ ਹੋਵੇ ਜਾਣ ਦੀ ਕੀ ਹੋਣੀ ਏ! ਚੰਦਰਭਾਨ ਦਾ ਵੀ ਇਹੋ ਹਾਲ ਸੀ। ਇੱਕ ਦਿਨ ਉਹ ਸੋਫੀ ਹਾਲਤ ਵਿੱਚ ਆਇਆ । ਚੰਦਰਭਾਨ ਨੇ ਮੌਕਾ ਦੇਖਦਿਆ ਗੱਲ ਤੋਰੀ,”ਬੇਟਾ ਤੇਰੀ ਮੰਮੀ ਦੀਆਂ ਅਸਥੀਆਂ ਭਾਰਤ ਜਾ ਕੇ ਉਤਾਰ ਆਈਏ? ਕਈ ਮਹੀਨੇ ਹੋ ਗਏ ਸ਼ਮਸ਼ਾਨ ਘਾਟ ‘ਚ ਪਈਆਂ ਨੇ, ਮੇਰੇ ਕੱਲੇ ‘ਚ ਜਾਣ ਦੀ ਹਿੰਮਤ ਨਹੀ ਲੰਬਾ ਸਫਰ ਏ”। ਸੁਣਿਆ ਅਸਥੀਆ ਨੂੰ ਬਹੁਤੀ ਦੇਰ ਨਹੀ ਰੱਖੀਦਾ! ਜੇ ਮੈਨੂੰ ਕੁੱਝ ਹੋ ਗਿਆ ਸਿਵਿਆਂ ‘ਚ ਹੀ ਰੁਲਣਗੀਆਂ”। ਤੇਰੀ ਮੰਮੀ ਦੀ ਇੱਛਾ ਸੀ ਕਿ, ਮੈਂ ਜਿਉਦੇ ਜੀਅ ਤਾਂ ਨਾ ਜਾ ਸਕੀ ਪਰ ਮੇਰੀਆਂ ਅਸਥੀਆਂ ਭਾਰਤ ਜਰੂਰ ਲੈ ਜਾE!”
ਬੋਨੀ ਗੱਲ ਕੱਟਦਾ ਬੋਲਿਆ,”ਡੈਡ ਸ਼ਮਸ਼ਾਨ ਘਾਟ ਵਿੱਚ ਕਿੰਨੀ ਦੇਰ ਰੱਖ ਸਕਦੇ ਆ”? “ਵੱਧ ਤੋਂ ਵੱਧ ਇੱਕ ਸਾਲ” ” ਥੋੜ੍ਹਾ ਰੁਕ ਜਾਨੇ ਆ ਡੈਡ, ਸ਼ਾਇਦ ਤੂੰ ਵੀ ਥੋੜ੍ਹੀ ਦੇਰ ਤੱਕ ਚਲਿਆ ਜਾਵੇਂ”! “ਦੋਵਾਂ ਦੀਆ ਇਕੱਠੀਆਂ ਹੀ ਪਾ ਆਵਾਂਗਾ”। ਪੁੱਤ ਦੇ ਬੋਲ ਸੁਣ ਕੇ ਚੰਦਰਭਾਨ ਦੇ ਪੈਰਾਂ ਥੱਲਿE ਜਿਵੇਂ ਜਮੀਨ ਖਿਸਕ ਗਈ ਸੀ। ਉਹ ਪੱਥਰ ਦੀ ਮੂਰਤ ਬਣਿਆ ਉਤਾਂਹ ਵੱਲ ਵੇਖਣ ਲੱਗ ਪਿਆ। ਥੋੜ੍ਹੀ ਦੇਰ ਬਾਅਦ ਧੜੱਮ ਦੀ ਅਵਾਜ਼ ਆਈ ਚੰਦਰਭਾਨ ਫਰਸ਼ ‘ਤੇ ਪਿਆ ਸੀ। ਉਸ ਦੇ ਅੰਦਰਲਾ ਭੌਰ ਉਡਾਰੀ ਮਾਰ ਗਿਆ ਸੀ। ਸਾਹਮਣੇ ਵਾਲੀ ਖਿੜ੍ਹਕੀ ਦੀਆਂ ਤਾਕੀਆਂ ਤੇਜ਼ ਹਵਾ ਦੇ ਬੁੱਲ੍ਹੇ ਨਾਲ ਠਾਹ੍ਹ ਕਰਕੇ ਬੰਦ ਹੋ ਗਈਆਂ। ਕਿਸੇ ਨੇ ਸੱਚ ਹੀ ਕਿਹਾ ਏ, ਸਮਾਂ ਚੰਗਾ ਹੈ ਸਭ ਕੱੁਝ ਤੁਹਾਡਾ, ਸਮਾਂ ਬੁਰਾ ਹੈ ਤੁਹਾਡਾ ਆਪਣਾ ਵੀ ਨਹੀ… !