ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸਾਲੀ (ਦੁਸ਼ਮਣੀ)।
ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।
ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ, ਚੌਦਾਂ ਹੱਥਾਂ ਦੀ ਮਾਰ ਕੇ ਮਿਰਗ ਛਾਲੀ।
ਸ਼ਾਹ ਮੁਹੰਮਦਾ ਸਾਂਭ ਲੈ ਸਿਲੇ ਖਾਨੇ (ਅਸਲ੍ਹਾ ਭੰਡਾਰ), ਛੱਡ ਗਏ ਨੇ ਸਿੰਘ ਮੈਦਾਨ ਖਾਲੀ।
ਪਹਿਲੀ ਐਂਗਲੋ ਸਿੱਖ ਜੰਗ ਸੰਨ 13 ਦਸੰਬਰ 1845 ਈਸਵੀ ਤੋਂ ਲੈ ਕੇ 10 ਫਰਵਰੀ 1846 ਤੱਕ ਹੋਈ ਸੀ। 18 ਦਸੰਬਰ ਮੁਦਕੀ, 21 ਦਸੰਬਰ ਫਿਰੋਜ਼ ਸ਼ਾਹ, 28 ਜਨਵਰੀ ਆਲੀਵਾਲ ਅਤੇ ਆਖਰੀ ਜੰਗ ਮੁਦਕੀ ਪਿੰਡ ਵਿਖੇ 10 ਫਰਵਰੀ 1846 ਈਸਵੀ ਨੂੰ ਹੋਈ ਸੀ। ਆਪਣੇ ਜਰਨੈਲਾਂ ਤੇਜ ਸਿੰਘ ਅਤੇ ਲਾਲ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਫੌਜ ਹਾਰ ਗਈ ਤੇ ਪੰਜਾਬ ‘ਤੇ ਅੰਗਰੇਜ਼ਾਂ ਦੇ ਮੁਕੰਮਲ ਕਬਜ਼ੇ ਦਾ ਰਾਹ ਪੱਧਰਾ ਹੋ ਗਿਆ। ਸੰਨ 1809 ਈਸਵੀ ਵਿੱਚ ਮਾਲਵੇ ਦੀਆਂ ਸਿੱਖ ਰਿਆਸਤਾਂ ਪਟਿਆਲਾ, ਨਾਭਾ, ਜੀਂਦ ਅਤੇ ਫਰੀਦਕੋਟ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ ਸੀ ਜਿਸ ਕਾਰਨ ਫਰੀਦਕੋਟ ਦਾ ਰਾਜਾ ਪਹਾੜਾ ਸਿੰਘ ਲਾਹੌਰ ਦਰਬਾਰ ਦੇ ਖਿਲਾਫ ਅੰਗਰੇਜ਼ਾਂ ਦੀ ਮਦਦ ਕਰਨ ਲਈ ਇਨ੍ਹਾਂ ਜੰਗਾਂ ਵਿੱਚ ਹਾਜ਼ਰ ਸੀ। ਸ਼ਾਹ ਮੁਹੰਮਦ ਵੱਲੋਂ ਲਿਖੀ ਗਈ ਘਟਨਾ ਫਿਰੋਜ਼ ਸ਼ਾਹ ਦੀ ਜੰਗ ਵੇਲੇ ਹੋਈ ਸੀ। ਮੁਦਕੀ ਦੀ ਹਾਰ ਦਾ ਸਿੱਖ ਫੌਜ ਦੇ ਮਨਾਂ ਵਿੱਚ ਬਹੁਤ ਰੋਸ ਅਤੇ ਗੁੱਸਾ ਸੀ।
ਆਪਣੇ ਜਰਨੈਲਾਂ ਦੀ ਗੱਦਾਰੀ ਤੋਂ ਦੁਖੀ ਸਿੱਖ ਫੌਜ ਫਿਰੋਜ਼ਪੁਰ ਸ਼ਹਿਰ ਤੋਂ 16 ਕਿ.ਮੀ. ਦੂਰ ਫਿਰੋਜ਼ ਸ਼ਾਹ ਪਿੰਡ ਵਿਖੇ ਦੋਬਾਰਾ ਸੰਗਠਿਤ ਹੋ ਗਈ। ਅੰਗਰੇਜ ਫੌਜ ਸੈਨਾਪਤੀ ਸਰ ਹਿਊ ਗਫ ਅਤੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦੀ ਕਮਾਨ ਹੇਠ ਲੜ ਰਹੀ ਸੀ। ਦਿੱਲੀ ਤੋਂ ਸੱਜਰ ਸਾਹ ਫੌਜ ਦੇ ਪਹੁੰਚ ਜਾਣ ਕਾਰਨ 21 ਦਸੰਬਰ ਨੂੰ ਤੜ੍ਹਕੇ ਹੀ ਲਾਰਡ ਗਫ ਨੇ ਸਿੱਖ ਫੌਜ ‘ਤੇ ਬੜਾ ਕਹਿਰੀ ਹਮਲਾ ਕੀਤਾ। ਪਰ ਤਿਆਰ ਬਰ ਤਿਆਰ ਬੈਠੇ ਖਾਲਸਾ ਤੋਪਚੀਆਂ ਦੀ ਭਿਆਨਕ ਤੇ ਸਟੀਕ ਗੋਲਾਬਾਰੀ ਨੇ ਅੰਗਰੇਜਾਂ ਦਾ ਸਖਤ ਨੁਕਸਾਨ ਕੀਤਾ। ਪੈਦਲ ਸਿੱਖ ਫੌਜ ਵੀ ਅੰਗਰੇਜਾਂ ‘ਤੇ ਟੁੱਟ ਪਈ ਤੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ। ਇੱਕ ਵਾਰ ਤਾਂ ਲੱਗਣ ਲੱਗ ਪਿਆ ਸੀ ਕਿ ਅੰਗਰੇਜ ਫੌਜ ਭੱਜੀ ਕਿ ਭੱਜੀ। ਪਰ ਇਥੇ ਵੀ ਲਾਲ ਸਿੰਘ ਅੰਗਰੇਜ਼ਾਂ ਲਈ ਮਸੀਹਾ ਬਣ ਕੇ ਬਹੁੜਿਆ। ਉਸ ਨੇ ਦੁਸ਼ਮਣਾਂ ਲਈ ਭੈਅ ਦਾ ਪ੍ਰਤੀਕ ਬਣ ਚੁੱਕੇ ਘੋੜ ਸਵਾਰ ਦਸਤਿਆਂ ਨੂੰ ਜੰਗ ਵਿੱਚ ਹਿੱਸਾ ਨਾ ਲੈਣ ਦਿੱਤਾ ਤੇ ਅਰਾਮ ਨਾਲ ਇੱਕ ਪਾਸੇ ਖੜ੍ਹਾ ਤਮਾਸ਼ਾ ਵੇਖਦਾ ਰਿਹਾ। ਗਹਿ ਗੱਚ ਲੜਾਈ ਵਿੱਚ ਕਿਸੇ ਪਾਸੇ ਵੱਲ ਝੋਕ ਨਾ ਵੱਜੀ ਦੇ ਹੌਲੀ ਹੌਲੀ ਦਿਨ ਰਾਤ ਵਿੱਚ ਤਬਦੀਲ ਹੋ ਗਿਆ। ਦੋਵੇਂ ਫੌਜਾਂ ਲਗਾਤਾਰ 8 ਘੰਟਿਆਂ ਤੋਂ ਲੜ ਰਹੀਆਂ ਸਨ ਕਿ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਲਾਰਡ ਗਫ ਦੀਆਂ ਕੁਝ ਪਲਟਣਾਂ ਚੁੱਪ ਚੁਪੀਤੇ ਸਿੱਖ ਫੌਜ ਵਿੱਚ ਘੁਸ ਗਈਆਂ। ਪਰ ਕੁਦਰਤੀ ਬਾਰੂਦ ਨੂੰ ਅੱਗ ਲੱਗ ਜਾਣ ਕਾਰਨ ਹੋਏ ਚਾਨਣ ਵਿੱਚ ਉਹ ਸਿੱਖਾਂ ਦੀ ਨਜ਼ਰ ਚੜ੍ਹ ਗਏ ਤੇ ਤਕਰੀਬਨ ਸਾਰੇ ਹੀ ਮਾਰੇ ਗਏ ਤੇ ਅੰਗਰੇਜ ਫੌਜ ਨੂੰ ਪਿੱਛੇ ਧੱਕ ਦਿੱਤਾ ਗਿਆ। ਲਾਰਡ ਗਫ ਨੇ ਆਪ ਮੰਨਿਆਂ ਸੀ ਕਿ ਅੰਗਰੇਜਾਂ ਦੀ ਹਾਲਤ ਬਹੁਤ ਹੀ ਨਾਜ਼ਕ ਸੀ। ਜੰਗ ਵਿੱਚ ਹਾਜ਼ਰ ਜਨਰਲ ਆਈਸੋਪ ਗਰਾਂਟ ਨੇ ਲਿਖਿਆ ਹੈ ਕਿ ਲਾਰਡ ਹਾਰਡਿੰਗ ਨੂੰ ਡਰ ਸੀ ਕਿ ਅਗਲੇ ਦਿਨ ਹਥਿਆਰ ਸੁੱਟਣੇ ਪੈਣਗੇ। ਉਸ ਨੇ ਸਾਰੇ ਅਹਿਮ ਸਰਕਾਰੀ ਕਾਗਜ਼ਾਤ ਸਾੜ ਦਿੱਤੇ ਤੇ ਮਹਾਰਾਣੀ ਵਿਕਟੋਰੀਆ ਵੱਲੋਂ ਇਨਾਮ ਵਜੋਂ ਦਿੱਤੀ ਗਈ ਨੈਪੋਲੀਅਨ ਦੀ ਤਲਵਾਰ ਅਤੇ ਮੈਡਲ ਆਪਣੇ ਪੁੱਤਰ ਨੂੰ ਦੇ ਕੇ ਫਿਰੋਜ਼ਪੁਰ ਵੱਲ ਭਜਾ ਦਿੱਤਾ। ਪਰ ਲਾਲ ਸਿੰਘ ਨੇ ਹਮਲਾ ਕੀ ਕਰਨਾ ਸੀ, ਉਹ ਤਾਂ ਸਗੋਂ ਰਾਤ ਦੇ ਹਨੇਰੇ ਵਿੱਚ ਮੈਦਾਨ ਛੱਡ ਕੇ ਭੱਜ ਗਿਆ। ਇਹ ਖਬਰ ਪਹਾੜਾ ਸਿੰਘ ਦੇ ਸੂਹੀਆਂ (ਜੋ ਸਿੱਖ ਹੋਣ ਦਾ ਫਾਇਦਾ ਉਠਾ ਕੇ ਖਾਲਸਾ ਫੌਜ ਵਿੱਚ ਰਲੇ ਹੋਏ ਸਨ) ਨੇ ਉਸ ਤੱਕ ਪਹੁੰਚਾਈ ਜੋ ਉਸ ਨੇ ਲਾਰਡ ਹਾਰਡਿੰਗ ਨੂੰ ਦੇ ਦਿੱਤੀ। ਇਸ ਖਬਰ ਕਾਰਨ ਲਾਰਡ ਹਾਰਡਿੰਗ ਅਤੇ ਲਾਰਡ ਗਫ ਨੂੰ ਕੁਝ ਹੌਂਸਲਾ ਮਿਲਿਆ ਤੇ ਅਗਲੇ ਦਿਨ ਬੰਗਾਲੀ ਅਤੇ ਅੰਗਰੇਜ ਪਲਟਣਾਂ ਨੇ ਸਿੱਖ ਫੌਜ ਨੂੰ ਮੋਰਚਿਆਂ ਤੋਂ ਖਦੇੜ ਦਿੱਤਾ। ਉਸੇ ਸਮੇ ਤੇਜ ਸਿੰਘ ਸੱਜਰ ਸਾਹ ਫੌਜ ਲੈ ਕੇ ਪਹੁੰਚ ਗਿਆ। ਗਫ ਦੀ ਥੱਕੀ ਹੋਈ ਫੌਜ ਨੂੰ ਅੱਖਾਂ ਸਾਹਮਣੇ ਮੌਤ ਦਿਖਾਈ ਦੇਣ ਲੱਗ ਪਈ। ਪਰ ਤੇਜ ਸਿੰਘ ਵੀ ਬਿਨਾਂ ਕਿਸੇ ਕਾਰਨ ਜਿੱਤੀ ਹੋਈ ਲੜਾਈ ਛੱਡ ਕੇ ਮੈਦਾਨ ਵਿੱਚੋਂ ਨੱਸ ਗਿਆ। ਉਸ ਨੇ ਬਹਾਨਾ ਬਣਾਇਆ ਕਿ ਅੰਗਰੇਜ ਪਿੱਛੇ ਨਹੀਂ ਹਟ ਰਹੇ ਸਨ, ਸਗੋਂ ਸਿੱਖ ਫੌਜ ਨੂੰ ਨਸ਼ਟ ਕਰਨ ਲਈ ਇਹ ਇੱਕ ਜੰਗੀ ਚਾਲ ਸੀ। ਪਰ ਅੰਗਰੇਜਾਂ ਨੂੰ ਜਿੱਤ ਬਹੁਤ ਮਹਿੰਗੀ ਪਈ। ਭਾਰਤ ਵਿਖੇ ਪਹਿਲੀ ਵਾਰ ਕਿਸੇ ਜੰਗ ਵਿੱਚ ਉਨ੍ਹਾਂ ਦੇ 1560 ਜਵਾਨ ਅਤੇ ਅਫਸਰ ਮਾਰੇ ਗਏ ਤੇ 1721 ਜ਼ਖਮੀ ਹੋਏ। ਸਿੱਖ ਫੌਜ ਦੇ ਵੀ 2000 ਅਫਸਰ ਤੇ ਜਵਾਨ ਮਾਰੇ ਗਏ ਤੇ 73 ਤੋਪਾਂ ਦੁਸ਼ਮਣ ਨੇ ਖੋਹ ਲਈਆਂ।
ਪਹਾੜਾ ਸਿੰਘ ਫਰੀਦਕੋਟ ਰਿਆਸਤ ਦਾ 7ਵਾਂ ਰਾਜਾ ਸੀ ਤੇ ਉਸ ਨੇ ਰਾਜਾ ਅਤਰ ਸਿੰਘ ਦੇ ਮਰਨ ਤੋਂ ਬਾਅਦ 1827 ਤੋਂ ਲੈ ਕੇ 1849 ਤੱਕ ਕਰੀਬ 22 ਸਾਲ ਤੱਕ ਰਾਜ ਕੀਤਾ ਸੀ। ਪਹਾੜਾ ਸਿੰਘ ਦਾ ਨਾਮ ਭਾਵੇਂ ਸਿੱਖ ਇਤਿਹਾਸ ਵਿੱਚ ਬਹੁਤ ਨਫਰਤ ਨਾਲ ਲਿਆ ਜਾਂਦਾ ਹੈ, ਪਰ ਉਹ ਬਹੁਤ ਹੀ ਪਰਜਾ ਪਾਲਕ ਰਾਜਾ ਸੀ। ਉਸ ਦੇ ਰਾਜ ਕਾਲ ਦੌਰਾਨ ਫਰੀਦਕੋਟ ਵਿੱਚ ਸ਼ਾਂਤੀ ਰਹੀ ਤੇ ਰਿਆਸਤ ਨੇ ਕਾਫੀ ਤਰੱਕੀ ਕੀਤੀ। ਉਸ ਨੇ ਰਿਆਸਤ ਦੇ ਸੈਂਕੜੇ ਏਕੜ ਜ਼ਮੀਨ ਵਿੱਚੋਂ ਜੰਗਲ ਸਾਫ ਕਰਵਾਏ ਤੇ ਉਹ ਜ਼ਮੀਨ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਵੰਡ ਦਿੱਤੀ। ਉਸ ਨੇ ਪੀਣ ਵਾਲੇ ਪਾਣੀ ਤੇ ਫਸਲਾਂ ਦੀ ਸਿੰਚਾਈ ਵਾਸਤੇ ਸਤਲੁਜ ਦਰਿਆ ਤੋਂ ਇੱਕ ਨਹਿਰ ਵੀ ਕਢਵਾਈ ਸੀ। ਕੁਝ ਕਾਰਨਾਂ ਕਰ ਕੇ ਉਹ ਨਹਿਰ ਜਿਆਦਾ ਸਾਲ ਚੱਲ ਨਾ ਸਕੀ ਤੇ ਰਿਆਸਤ ਦੇ ਖਜ਼ਾਨੇ ਵਿੱਚ ਨਵੀਂ ਨਹਿਰ ਬਣਾਉਣ ਲਈ ਪੈਸੇ ਨਹੀਂ ਸਨ। ਪਹਾੜਾ ਸਿੰਘ ਨੇ ਨਵੀਂ ਨਹਿਰ ਬਣਾਉਣ ਦੀ ਬਜਾਏ ਰਿਆਸਤ ਵਿੱਚ ਸੈਂਕੜੇ ਖੂਹ ਪੁਟਵਾ ਦਿੱਤੇ ਤਾਂ ਜੋ ਖੇਤੀਬਾੜੀ ਲਈ ਪਾਣੀ ਦੀ ਕਮੀ ਨਾ ਰਹੇ। ਫਿਰੋਜ਼ ਸ਼ਾਹ ਦੀ ਜੰਗ ਤੋਂ ਇਲਾਵਾ ਮੁਦਕੀ ਦੀ ਜੰਗ ਵਿੱਚ ਵੀ ਉਸ ਨੇ ਅੰਗਰੇਜ਼ਾਂ ਦੀ ਰੱਜ ਕੇ ਮਦਦ ਕੀਤੀ ਸੀ।
ਇਸ ਮਦਦ ਕਾਰਨ ਲਾਰਡ ਹਾਰਡਿੰਗ ਨੇ ਪਹਾੜਾ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਪ੍ਰਦਾਨ ਕੀਤਾ ਅਤੇ ਨਾਭਾ ਦੀ ਰਿਆਸਤ ਤੋਂ ਖੋਹੇ ਹੋਏ ਇਲਾਕੇ ਵਿੱਚੋਂ ਅੱਧ ਉਸ ਨੂੰ ਦੇ ਦਿੱਤਾ। ਇਸ ਕਾਰਨ ਬਾਕੀ ਦੀਆਂ ਰਿਆਸਤਾਂ ਵਿੱਚ ਉਸ ਦੇ ਰੁਤਬੇ ਅਤੇ ਮਾਨ ਸਨਮਾਨ ਵਿੱਚ ਭਾਰੀ ਵਾਧਾ ਹੋਇਆ। ਪਹਾੜਾ ਸਿੰਘ ਦੇ ਤਿੰਨ ਵਿਆਹ ਸਨ। ਪਹਿਲਾ ਵਿਆਹ ਦੀਨਾ ਵਾਲਾ ਦੇ ਜਗੀਰਦਾਰ ਸਮੁੰਦ ਸਿੰਘ ਦੀ ਲੜਕੀ ਚੰਦ ਕੌਰ ਨਾਲ ਹੋਇਆ ਸੀ ਜਿਸ ਦੀ ਦੀ ਕੁੱਖੋਂ ਵਜ਼ੀਰ ਸਿੰਘ ਦਾ ਜਨਮ ਹੋਇਆ ਜੋ ਉਸ ਦੀ ਮੌਤ ਤੋਂ ਬਾਅਦ ਗੱਦੀ ‘ਤੇ ਬੈਠਾ। ਪਹਾੜਾ ਸਿੰਘ ਦੇ ਬਾਕੀ ਪਤਨੀਆਂ ਤੋਂ ਤਿੰਨ ਹੋਰ ਪੁੱਤਰ ਪੈਦਾ ਹੋਏ ਜੋ ਬਚਪਨ ਵਿੱਚ ਹੀ ਚੱਲ ਵੱਸੇ ਸਨ। ਪਹਾੜਾ ਸਿੰਘ ਦੀ ਮੌਤ ਅਪਰੈਲ 1849 ਵਿੱਚ ਸਿਰਫ 50 ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਹੋ ਗਈ ਸੀ ਤੇ ਉਸ ਨੂੰ ਅੰਗਰੇਜ਼ਾਂ ਵੱਲੋਂ ਮਿਲੇ ਇਨਾਮ ਇਕਰਾਮ ਭੋਗਣ ਦਾ ਬਹੁਤਾ ਸਮਾਂ ਨਾ ਮਿਲਿਆ।