Articles

“ਤੇਰੇ ਯਾਰ ਨੂੰ ਲੱਭਣ ਨੂੰ ਫਿਰਦੇ ਸੀ, ਹੁਣ ਲੱਭਦਾ ਕਿੱਥੇ ਐ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (ਫੋਟੋ: ਏ ਐਨ ਆਈ)
ਲੇਖਕ: ਮੁਹੰਮਦ ਜਮੀਲ ਐਡਵੋਕੇਟ, ਕਿਲਾ ਰਹਿਮਤਗੜ੍ਹ, ਮਲੇਰਕੋਟਲਾ

ਸੂਬੇ ‘ਚ ਐਮਰਜੈਂਸੀ ਵਰਗੇ ਹਾਲਾਤ, ਅਜਿਹੇ ‘ਚ ਮੁੱਖ ਮੰਤਰੀ ਦਾ ਵਿਦੇਸ਼ ਦੌਰੇ ‘ਤੇ ਜਾਣਾ ਕਿੰਨਾ ਕੁ ਵਾਜ਼ਿਬ?

ਪੰਜਾਬ ਦੀ ਸਿਆਸਤ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਉਦੋਂ ਤੋਂ ਦੋ ਚੀਜ਼ਾਂ ਖਾਸ ਤੌਰ ‘ਤੇ ਪ੍ਰਚਿੱਲਤ ਹੋ ਗਈਆਂ । ਪਹਿਲੀ ਸ਼ਹੀਦ ਸ. ਭਗਤ ਸਿੰਘ ਵਾਲੀ ਪੀਲੀ ਪੱਗ ਅਤੇ ਦੂਜਾ ਇਹ ਗਾਣਾ “ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਐ” । ਇਹ ਦੋਵੇਂ ਚੀਜ਼ਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੋਣ ਰੈਲੀਆਂ ਅਤੇ ਮੀਟਿੰਗਾਂ ਵਿੱੱਚ ਖੂਬ ਚੱਲੀਆਂ । ਪਰੰਤੂ ਅੱਜ ਜਦੋਂ ਪੰਜਾਬ ਵਿੱਚ ਮੁਕੰਮਲ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 33 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਪਾਰਟੀ ਦੀ ਕਹਿਣੀ ਅਤੇ ਕਰਨੀ ਦਾ ਫਰਕ ਲੋਕਾਂ ਨੂੰ ਸਾਫ ਦਿਸਣ ਲੱਗ ਪਿਆ ਹੈ ਤਾਂ ਲੋਕਾਂ ਵਿੱਚ ਉਹੀ ਗਾਣਾ ਇਸ ਤਰ੍ਹਾਂ ਚੱਲ ਰਿਹਾ ਹੈ “ਤੇਰੇ ਯਾਰ ਨੂੰ ਲੱਭਣ ਨੂੰ ਫਿਰਦੇ ਸੀ, ਹੁਣ ਲੱਭਦਾ ਕਿੱਥੇ ਐ” । ਅੱਜ ਪੰਜਾਬ ਦੀ ਜਮੀਨੀ ਹਕੀਕਤ ਇਹ ਹੈ ਕਿ ਸੂਬੇ ਅੰਦਰ ਐਮਰਜੈਂਸੀ ਵਰਗੇ ਹਾਲਾਤ ਬਣੇ ਪਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਿੱਜੀ ਅਸਟ੍ਰੇਲੀਆ ਦੇ ਵਿਦੇਸ਼ ਦੌਰੇ ਉੱਤੇ ਚਲੇ ਗਏ ਹਨ ਅਤੇ ਪੰਜਾਬ ਉਹਨਾਂ ਨੂੰ ਲੱਭ ਰਿਹੈ। ਆਪਣੀਆਂ ਜ਼ਿੰਮੇਵਾਰੀ ਨੂੰ ਅੱਖੋਂ-ਪਰੋਖੇ ਕਰ ਭਗਵੰਤ ਮਾਨ ਦੇਸ਼ ਦੀ ਅਜ਼ਾਦੀ ਤੋਂ ਬਾਦ ਦੇ ਸਭ ਤੋਂ ਗੈਰ ਜ਼ਿੰਮੇਵਾਰ ਮੁੱਖ ਮੰਤਰੀ ਵਜੋਂ ਜਾਣੇ ਜਾਣਗੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਦਾਰਾ ਅਬੂ ਜ਼ੈਦ ਦੇ ਬਿਉਰੋ ਚੀਫ ਮੁਹੰਮਦ ਜਮੀਲ ਐਡਵੋਕੇਟ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਜਾਬ ਤੋਂ ਦਿੱਲੀ ਜਾਣ ਵਾਲੇ ਸਾਰੇ ਬਾਰਡਰਾਂ ਉੱਤੇ ਕਿਸਾਨ ਆਪਣੀ ਮੰਗਾਂ ਲਈ ਸਾਢੇ ਦਸ ਮਹੀਨਿਆਂ ਤੋਂ ਧਰਨਾ ਲਗਾਕੇ ਬੈਠੇ ਹਨ ਮੁੱਖ ਮੰਤਰੀ ਨੇ ਇੱਕ ਵਾਰ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਕਿ ਉਹਨਾਂ ਨੂੰ ਮਿਲਕੇ ਸਮੱਸਿਆ ਦਾ ਕੋਈ ਹੱਲ ਤਲਾਸ਼ ਕੀਤਾ ਜਾਵੇ । 26 ਨਵੰਬਰ ਤੋਂ ਇੱਕ 75 ਸਾਲ ਦਾ ਬਜ਼ੁਰਗ ਕਿਸਾਨ ਨੇਤਾ ਮਰਨ ਵਰਤ ਉੱਤੇ ਖਨੌਰੀ ਬਾਰਡਰ ਉੱਤੇ ਬੈਠਾ ਹੈ ਜਿਸਨੂੰ ਅੱਜ 32 ਦਿਨ ਬੀਤ ਚੁੱਕੇ ਹਨ ਕਿਸੇ ਸਮੇਂ ਵੀ ਉਸ ਦੀ ਸਿਹਤ ਨੂੰ ਲੈ ਕੇ ਬੁਰੀ ਖਬਰ ਆ ਸਕਦੀ ਹੈ ਪਰੰਤੂ ਮੁੱਖ ਮੰਤਰੀ ਸੱਤਾ ਦੇ ਨਸ਼ੇ ‘ਚ ਚੂਰ ਵਿਦੇਸ਼ਾਂ ਦੀ ਸੈਰ ਕਰ ਰਿਹੈ ।

ਸੂਬੇ ਅੰਦਰ ਆਏ ਦਿਨ ਥਾਣਿਆਂ ਉੱਤੇ ਹਮਲੇ ਹੋ ਰਹੇ ਨੇ ਉਸਦੇ ਨਤੀਜੇ ਵਜੋਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਮਾਰਿਆ ਜਾ ਰਿਹੈ । ਪਿਛਲੇ ਹਫਤੇ ਗੁਰਦਾਸਪੁਰ ਦੇ ਤਿੰਨ ਨੌਜਵਾਨਾਂ ਦੇ ਹੋਏ ਇਨਕਾਉਂਟਰ ਉੱਤੇ ਸਾਰਾ ਪੰਜਾਬ ਕਿੰਤੂ-ਪਰੰਤੂ ਕਰ ਰਿਹੈ । ਸੂਬੇ ਦੀ ਕਾਨੂੰਨ ਵਿਵਸਥਾ ਦਾ ਹਾਲ ਬੇਹੱਦ ਖਰਾਬ ਹੋ ਚੁੱਕਾ ਹੈ ਅਜਿਹੇ ਵਿੱਚ ਮੁੱਖ ਮੰਤਰੀ ਦਾ ਵਿਦੇਸ਼ੀ ਦੌਰੇ ਕਰਨਾ ਸ਼ੋਭਾ ਨਹੀਂ ਦਿੰਦਾ ।

ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਇਨਸਾਫ ਦਿਲਵਾਉਣ ਲਈ ਪੱਕਾ ਧਰਨਾ ਲੱਗਾ ਹੋਇਆ ਹੈ । ਇਸ ਮੋਰਚੇ ਤੋਂ ਰੋਜ਼ਾਨਾ 31 ਮੈਂਬਰੀ ਜੱਥਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਮੁੱਖ ਮੰਤਰੀ ਦੀ ਕੋਠੀ ਵੱਲ ਜਾਂਦੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੋ ਸਾਲ ਦੇ ਸਮੇਂ ‘ਚ ਇੱਕ ਵਾਰ ਵੀ ਉਹਨਾਂ ਨੂੰ ਨਹੀਂ ਮਿਲੇ ਨਾ ਉਹਨਾਂ ਦੀ ਪੀੜ੍ਹ ਸੁਣੀ ਬਸ ਬੈਰੀਕੇਡ ਲਗਾਕੇ ਜੱਥੇ ਨੂੰ ਪਿਛੇ ਹੀ ਰੋਕ ਲਿਆ ਜਾਂਦੈ । ਅਜਿਹੇ ਹਾਲਾਤਾਂ ਵਿੱਚ ਇੱਕ ਚੁਣੇ ਹੋਏ ਜਨਤਾ ਦੇ ਰਾਜੇ ਨੂੰ ਵਿਦੇਸ਼ਾਂ ਵਿੱਚ ਘੁੰਮਣਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੈ ।

ਸਮਾਣਾ ਵਿਖੇ ਭਾਈ ਗੁਰਜੀਤ ਸਿੰਘ ਖਾਲਸਾ 7 ਅਕਤੂਬਰ ਤੋਂ 400 ਫੁੱਟ ਉੱਚੇ ਟਾਵਰ ਉੱਤੇ ਚੜਿਆ ਹੋਇਆ ਹੈ ਉਹਨਾਂ ਦੀ ਮੰਗ ਹੈ ਕਿ ਦੇਸ਼ ਅੰਦਰ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਲਈ ਮੌਤ ਦੀ ਸਜ਼ਾ ਜਾਂ 20 ਸਾਲ ਦੀ ਕੈਦ ਜਿਹਾ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਬੇਅਦਬੀ ਕਰਨ ਤੋਂ ਪਹਿਲਾਂ ਸੋ ਬਾਰ ਸੋਚੇ । ਭਾਈ ਗੁਰਜੀਤ ਸਿੰਘ ਖਾਲਸਾ 82 ਦਿਨ ਤੋਂ ਟਾਵਰ ਉੱਤੇ ਹੀ ਬੈਠੇ ਹਨ, ਤਾਪਮਾਨ ਜ਼ੀਰੋ ਡਿਗਰੀ ਤੋਂ ਮਾਇਨਸ ਵਿੱਚ ਜਾ ਚੁੱਕਾ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਸੇ ਸਮੇਂ ਵੀ ਅਣਸੁਖਾਵੀ ਖਬਰ ਆ ਸਕਦੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਦੀ ਪੀੜ ਜਾਨਣ ਦੀ ਬਜਾਏ ਵਿਦੇਸ਼ੀ ਦੌਰਿਆਂ ‘ਚ ਰੁਝੇ ਹੋਏ ਹਨ ।

ਅਧਿਆਪਕ ਆਪਣੀਆਂ ਨਿਯੁੱਕਤੀਆਂ ਅਤੇ ਪਟਵਾਰੀ, ਮੁਲਾਜ਼ਮ ਜੱਥੇਬੰਦੀਆਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ ਮੁੱਖ ਮੰਤਰੀ ਕੋਲ ਉਹਨਾਂ ਨਾਲ ਮੀਟਿੰਗ ਕਰਨ ਜਾਂ ਉਹਨਾਂ ਦੀਆਂ ਸਮੱਸਿਆਵਾਂ ਸੁਨਣ ਦਾ ਸਮਾਂ ਨਹੀਂ ਹੈ । ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦਸੰਬਰ ਤੱਕ ਮੰਡੀਆਂ ਵਿੱਚ ਰੁਲਦੀ ਰਹੇ । ਕਿਧਰੇ ਅਮਿਤੋਜ ਮਾਨ, ਲੱਖੇ ਸਿਧਾਨੇ ਵਰਗੇ ਕਾਲੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਤਰਲੇ ਕੱਢ ਰਹੇ ਹਨ ਕਿ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਡਾਇੰਗ ਫੈਕਟਰੀਆਂ, ਸੀਵਰੇਜ, ਡੇਅਰੀ ਵਾਲਿਆਂ ਅਤੇ ਹੋਰ ਫੈਕਟਰੀਆਂ ਦਾ ਕੈਮੀਕਲਾਂ ਵਾਲਾ ਪਾਣੀ ਬੰਦ ਕਰਵਾਇਆ ਜਾਵੇ ਜੋ ਅੱਗੇ ਜਾਕੇ ਸਤਲੁਜ ਵਿੱਚ ਸ਼ਾਮਲ ਹੋ ਜਾਂਦੈ ਅਤੇ ਉਹੀ ਪਾਣੀ ਅਬੋਹਰ, ਫਜ਼ਿਲਕਾ, ਗੰਗਾਨਗਰ ਤੱਕ ਲੋਕ ਪੀਂਦੇ ਨੇ ਜੋ ਬੀਮਾਰੀਆਂ ਦਾ ਕਾਰਣ ਬਣਦੈ । ਉਹਨਾਂ ਦੀ ਟੀਮ ਨਾਲ ਵੀ ਮੀਟਿੰਗ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਮਾਂ ਨਹੀਂ ਹੈ ।

ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਬਾਣੀ ਅਤੇ ਬਾਣੇ ਦੇ ਲੜ ਲਗਾਉਣ ਦੇ ਉਪਰਾਲੇ ਕਰ ਰਿਹਾ ਦੁਬਈ ਤੋਂ ਆਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਅਤੇ ਦਰਜਨਾਂ ਨੂੰ ਪੰਜਾਬ ਦੀਆਂ ਜੇਲ੍ਹਾ ਵਿੱਚ ਡੱਕ ਦਿੱਤਾ ਅਤੇ ਨਸ਼ੇ ਦੇ ਵਪਾਰੀ ਖੁੱਲੇਆਮ ਨਸ਼ਾ ਵੇਚ ਰਹੇ ਨੇ । ਇਸ ਗੰਭੀਰ ਮੁੱਦੇ ਉੱਤੇ ਸਾਰੇ ਸਿੱਖ ਪੰਥ ਦੀ ਨਜ਼ਰ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਸਾਲਾਂ ਤੋਂ ਅੱਖਾਂ ਮੀਟ ਕੇ ਬੈਠਾ ਹੈ ਅਤੇ ਸੱਤਾ ਦੇ ਨਸ਼ੇ ‘ਚ ਅੰਨ੍ਹਾਂ ਹੋ ਕੇ ਵਿਦੇਸ਼ਾਂ ਵਿੱਚ ਘੁੰਮ ਰਿਹੈ ਇਹ ਕਿੱਥੋਂ ਤੱਕ ਵਾਜ਼ਬ ਹੈ? ਇਸ ਸਵਾਲ ਦਾ ਜਵਾਬ ਜਨਤਾ ਨੇ ਖੁਦ ਤਲਾਸ਼ ਕਰਨਾ ਹੈ ।

ਸੱਤਾ ਇੱਕ ਰੰਗੀਨ ਰਾਤ ਵਾਂਗ ਹੁੰਦੀ ਹੈ ਜਿਸ ਦੀ ਸਵੇਰ ਵੀ ਬਹੁਤ ਛੇਤੀ ਚੜ੍ਹ ਜਾਂਦੀ ਹੈ । ਜੇਕਰ ਕਿਸੇ ਨੂੰ ਰੱਬ ਸ਼ਕਤੀ ਦੇਵੇ ਤਾਂ ਉਸਦੀ ਸਹੀ ਸਮੇਂ ਉੱਤੇ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸੱਤਾ ਹੱਥੋਂ ਖੁਸਣ ਤੋਂ ਬਾਦ ਪਛਤਾਵਾ ਨਾ ਰਹੇ । ਮੇਰੇ ਇੱਕ ਵਜ਼ੀਰ ਦੋਸਤ ਨੂੰ ਮੈਂ ਸਵਾਲ ਕੀਤਾ ਕਿ ਯਾਰ ਜਦੋਂ ਤੇਰੇ ਕੋਲ ਵਜ਼ੀਰੀ ਸੀ ਤਾਂ ਤੂੰ ਫਟਾਫਟ ਆਪਣੇ ਇਲਾਕੇ ਅਤੇ ਪੰਜਾਬ ਦੇ ਕੰਮ ਕਿਉਂ ਨਹੀਂ ਕਰਵਾਏ ਤਾਂ ਉਸਦਾ ਜਵਾਬ ਸੀ ਕਿ ਯਾਰ ਪਤਾ ਹੀ ਨਹੀਂ ਚੱਲਿਆ ਕਿ ਪੰਜ ਸਾਲ ਕਦੋਂ ਬੀਤ ਗਏ ਇੰਝ ਜਾਪ ਰਿਹੈ ਜਿਵੇਂ ਰਾਤ ਨੂੰ ਸੁੱਤੇ ਅਤੇ ਸਵੇਰ ਹੋ ਗਈ । ਅਜਿਹਾ ਹੀ ਕੁਝ ਭਗਵੰਤ ਮਾਨ ਨਾਲ ਵੀ ਹੋਣ ਵਾਲਾ ਹੈ ਕਿਉਂਕਿ ਉਹਨਾਂ ਦੀ ਪਾਰੀ ਦੇ ਤਿੰਨ ਸਾਲ ਬੀਤ ਚੁੱਕੇ ਨੇ, ਉਹਨਾਂ ਤੋਂ ਵਾਧੂ ਸ਼ਕਤੀਆਂ ਵੀ ਪਾਰਟੀ ਨੇ ਵਾਪਸ ਲੈ ਲਈਆਂ ਨੇ, ਆਉਣ ਵਾਲੇ ਦਿਨਾਂ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ 2027 ਨੂੰ ਦੇਖਦਿਆਂ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਤੋਂ ਵੀ ਹਟਾ ਦਿੱਤਾ ਜਾਵੇ ਫਿਰ ਸਾਰੀ ਜ਼ਿੰਦਗੀ ਇਹ ਸੋਚਦੇ ਰਹਿਣਗੇ ਕਿ ਕਾਸ਼ ਮੈਂ ਉਹਨਾਂ ਦਿਨਾਂ ਵਿੱਚ ਆਪਣੇ ਲੋਕਾਂ ਵਿੱਚ ਵਿਚਰਿਆ ਹੁੰਦਾ । ਕਦੇ ਬੰਦੀ ਸਿੰਘਾਂ ਦੇ ਮੋਰਚੇ ਵਿੱਚ ਜਾਂਦਾ, ਕਦੇ ਕਿਸਾਨਾਂ ਨਾਲ ਮਿਲਦਾ, ਕਦੇ ਕਾਲੇ ਪਾਣੀ ਦੇ ਮੋਰਚੇ ਵਿੱਚ ਜਾ ਕੇ ਲੋਕਾਂ ਫਸਲਾਂ ਅਤੇ ਜਾਨਵਰਾਂ ਜੀਵਨ ਨੂੰ ਬਚਾਉਣ ਲਈ ਗੰਭੀਰਤਾ ਨਾਲ ਵਿਚਾਰਾਂ ਕਰਦਾ, ਕਦੇ ਅਧਿਆਪਕਾਂ ਨੂੰ ਮਿਲਦਾ, ਕਦੇ ਪਟਵਾਰੀਆਂ ਨੂੰ ਮਿਲਕੇ ਉਹਨਾਂ ਦੀਆਂ ਸਮੱਸਿਆਵਾਂ ਇੱਕ ਆਮ ਵਿਅਕਤੀ ਵਾਂਗ ਸੁਣਦਾ ਤਾਂ ਅੱਜ ਆਹ ਪਛਤਾਵਾ ਨਾ ਹੁੰਦਾ ਲੋਕ ਮੈਨੂੰ ਉਸੇ ਤਰ੍ਹਾਂ ਪਿਆਰ ਕਰਦੇ ।

Related posts

ਇਸਨੂੰ ਸ਼ੁਰੂ ਵਿੱਚ ਰੋਕੋ – ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਦੀ ਮੁਹਿੰਮ

admin

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin