
ਕਿਸਾਨਾਂ ‘ਤੇ ਕੋਈ ਨਾ ਕੋਈ ਮੁਸੀਬਤ ਟੁੱਟਦੀ ਹੀ ਰਹਿੰਦੀ ਹੈ। ਤੀਸਰੇ ਚੌਥੇ ਸਾਲ ਬੇਮੌਸਮੀ ਬਰਸਾਤ, ਸੋਕਾ, ਗੁਲਾਬੀ ਸੁੰਡੀ, ਨਕਲੀ ਕੀਟ ਨਾਸ਼ਕ, ਨਦੀਨ ਨਾਸ਼ਕ ਤੇ ਖਾਦਾਂ ਆਦਿ ਦੀ ਮਾਰ ਪੈ ਹੀ ਜਾਂਦੀ ਹੈ। ਜੇ ਰੱਬ-ਰੱਬ ਕਰਦਿਆਂ ਫਸਲ ਸਹੀ ਸਲਾਮਤ ਅੰਜ਼ਾਮ ਨੂੰ ਪਹੁੰਚ ਵੀ ਜਾਵੇ ਤਾਂ ਫਿਰ ਇਸ ਸਾਲ ਦੇ ਝੋਨੇ ਵਾਂਗ ਮੰਡੀਆਂ ਵਿੱਚ ਬੇਕਦਰੀ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਵਿਅਕਤੀ ਸਾਹ ਲੈਣ ਵਾਲਾ (ਪੋਲਟਰੀ ਅਤੇ ਡੇਅਰੀ), ਸੜਕ ‘ਤੇ ਚੱਲਣ ਵਾਲਾ (ਟਰੱਕ ਟੈਕਸੀਆਂ ਆਦਿ) ਅਤੇ ਕੁਦਰਤ ‘ਤੇ ਨਿਰਭਰ (ਖੇਤੀਬਾੜੀ) ਧੰਦਾ ਕਰਦਾ ਹੈ, ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਆਮ ਲੋਕ ਸਮਝਦੇ ਹਨ ਕਿ ਖੇਤੀਬਾੜੀ ਤਾਂ ਸੌਖੀ ਹੀ ਬਹੁਤ ਹੈ। ਬੱਸ ਬੀਜ ਤੇ ਖਾਦ ਪਾਈ ਅਤੇ ਛੇ ਮਹੀਨਿਆਂ ਵਿੱਚ ਫਸਲ ਤਿਆਰ। ਉਨ੍ਹਾਂ ਨੂੰ ਨਹੀਂ ਪਤਾ ਕਿ ਮੰਡੀ ਵਿੱਚ ਪਈ ਕਣਕ ਜਾਂ ਝੋਨੇ ਦੀ ਢੇਰੀ ਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ। ਸੌਣ ਭਾਦਰੋਂ ਦੀਆਂ ਹੁੰਮਸ ਭਰੀਆਂ ਧੁੱਪਾਂ ਤੇ ਪੋਹ ਮਾਘ ਦੀ ਹੱਡ ਜਮਾਂ ਦੇਣ ਵਾਲੀ ਸਰਦੀ ਵਿੱਚ ਨੰਗੇ ਪੈਰੀਂ ਖੇਤਾਂ ਨੂੰ ਪਾਣੀ ਲਗਾਉਣਾ, ਖਾਦ ਖਿਲਾਰਨੀ ਅਤੇ ਕੀਟ ਨਾਸ਼ਕ – ਨਦੀਨ ਨਾਸ਼ਕ ਸਪਰੇਅ ਕਰਨੇ ਪੈਂਦੇ ਹਨ। ਜਿਸ ਵੇਲੇ ਅੱਧਾ ਭਾਰਤ ਏ.ਸੀ. ਦੀ ਠੰਡਕ ਜਾਂ ਹੀਟਰ ਦੇ ਨਿੱਘ ਦਾ ਅਨੰਦ ਮਾਣ ਰਿਹਾ ਹੁੰਦਾ ਹੈ, ਉਸ ਵੇਲੇ ਕਿਸਾਨ ਖੇਤਾਂ ਵਿੱਚ ਡਟੇ ਹੁੰਦੇ ਹਨ। ਇਹ ਦੁਨੀਆਂ ਦਾ ਇੱਕੋ-ਇੱਕ ਵਪਾਰ ਹੈ ਜਿਸ ਵਿੱਚ ਵਿਕਰੇਤਾ ਦੀ ਬਜਾਏ ਰੇਟ ਖਰੀਦਦਾਰ ਤਹਿ ਕਰਦਾ ਹੈ।