ਜਿਸ ਵਿਅਕਤੀ ਨੂੰ ਗੂੜ੍ਹਾ ਆਤਮਵਿਸ਼ਵਾਸ ਹੋਵੇ ਉਹਨਾਂ ਦਾ ਹਮੇਸ਼ਾ ਇਤਿਹਾਸ ਬਣਦਾ ਹੈ। ਅਜਿਹੇ ਵਿਅਕਤੀ ਠੋਕਰਾਂ ਰੁਕਾਵਟਾਂ ਨੂੰ ਮਿੱਧ ਕੇ ਆਪਣੇ ਨਿਸ਼ਾਨੇ ਦੀ ਪੂਰਤੀ ਵੱਲ ਤੇਜ਼ੀ ਨਾਲ ਵੱਧਦੇ ਜਾਂਦੇ ਹਨ। ਇਸੇ ਪ੍ਰਸੰਗ ਵਿੱਚ ਮਾਣ ਮੱਤੇ ਸਿਤਾਰੇ ਗੁਰਦਾਸ ਮਾਨ ਜੀ ਦਾ ਨਾਮ ਆਉਂਦਾ ਹੈ। ਚਾਲੀ ਪੰਤਾਲੀ ਸਾਲ ਪਹਿਲਾਂ ਮੈਂ ਕਿਸੇ ਪਿੱਛੇ ਸਾਇਕਲ ਤੇ ਬੈਠਾ ਸੀ। ਉਸ ਨੇ ਗੁਣ ਗੁਣਾਇਆ, “ਦਿਲ ਦਾ ਮਾਮਲਾ ਹੈ”ਗਾਣਾ ਮਨ ਨੂੰ ਭਾਇਆ। ਖੋਜ ਕੀਤੀ ਤਾਂ ਪਤਾ ਚੱਲਿਆ ਕਿ ਗਿੱਦੜਬਾਹੇ ਦੇ ਛੋਹਰੇ ਗੁਰਦਾਸ ਮਾਨ ਨੇ ਲਿਖਿਆ ਗਾਇਆ ਹੈ। 4 ਜਨਵਰੀ 1957 ਨੂੰ ਜਨਮ ਲੈ ਕੇ ਅਦਾਕਾਰੀ, ਗੀਤਕਾਰੀ ਅਤੇ ਗਾਇਕੀ ਦਾ ਸ਼ਿਖਰ ਟੁੰਬਿਆ,ਅੱਜ ਵੀ ਬਾ-ਦਸਤੂਰ ਜਾਰੀ ਹੈ। ਸੈਂਕੜੇ ਗਾਣਿਆਂ ਨਾਲ 30 ਦੇ ਲਗਭਗ ਫਿਲਮਾਂ ਕੀਤੀਆਂ। ਅਜਿਹੇ ਦੌਰ ਵਿੱਚ ਉੱਗਿਆ ਜਦੋਂ ਹਰ ਤਰ੍ਹਾਂ ਦੀਆਂ ਅੜਚਨਾਂ ਸਨ। ਉਸ ਸਮੇਂ ਦੋਗਾਣਾ ਗਾਇਕੀ ਦਾ ਜੋਰ ਸੀ, ਇਸ ਸਿਤਾਰੇ ਨੇ ਇਕੱਲੇ ਗਾ ਕੇ ਆਪਣਾ ਸਦਾਬਹਾਰ ਲੋਹਾ ਮੰਨਵਾਇਆ। ਅੱਜ ਤੱਕ ਚੱਲ ਸੋ ਚੱਲ, ਹਰ ਵਿਵਾਦ ਚੋਂ ਗਾਇਕੀ ਦੀ ਤਰਜ਼ ਨਾਲ ਨਿਰਲੇਪ ਹੋਣ ਦਾ ਹੁਨਰ ਵੀ ਰੱਖਦਾ ਹੈ। 67 ਸਾਲਾਂ ਵਿੱਚੋਂ 50-51 ਸਾਲ ਦਾ ਸ਼ਾਨਦਾਰ ਗੌਣ ਪਾਣੀ ਦਾ ਇਤਿਹਾਸ ਰਚਿਆ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਨੇ ਆਪਣੀ ਮਿੱਟੀ ਨਾਲੋਂ ਮੋਹ ਭੰਗ ਨਹੀਂ ਹੋਣ ਦਿੱਤਾ। ਪੇਂਡੂ ਸੱਭਿਆਚਾਰ ਨੂੰ ਸਮਰਪਿਤ ਹੋ ਕੇ ਰੰਗ ਮੰਚ ਦੇ ਨਾਲ ਨਾਲ ਗਿਆਨ ਅਤੇ ਜਾਗਰੂਕਤਾ ਵੀ ਦਿੱਤੀ। ਅਗਿਆਤ ਦੇ ਕਥਨ ਢੁਕਵੇਂ ਹਨ, “ਸੰਗੀਤ ਰੂਹ ਦੀ ਖੁਰਾਕ, ਆਤਮਾ ਦੀ ਖ਼ੁਸ਼ਬੂ ਹੈ, ਇਹ ਪਿਆਰ ਦੀ ਬੋਲੀ ਹੈ, ਇਹ ਕੁਦਰਤ ਦਾ ਵਰਦਾਨ ਹੈ, ਸੰਗੀਤ ਵਿਹੂਣਾ ਪੱਥਰ ਹੈ, ਉਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ” ਰੱਬ ਦਾ ਅਜਿਹਾ ਸਾਥ ਮਿਲਿਆ ਕਿ ਸਿਹਤਯਾਬੀ ਦੇ ਨਾਲ ਨਾਲ ਹੁਨਰ ਦੀ ਲਗਾਤਾਰਤਾ ਵੀ ਸਦਾਬਹਾਰ ਬਣ ਗਈ। ਇਸ ਦੀ ਸ਼ਖ਼ਸੀਅਤ ਹਰ ਪੱਖੋਂ ਪਵਿੱਤਰ ਹੈ। ਪੰਜਾਬੀ ਹੋਣ ਦਾ ਮਾਣ ਅਤੇ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਪੰਜਾਬੀਆਂ ਦੇ ਦਿੱਤੇ ਮਾਣ ਸਤਿਕਾਰ ਨਾਲ ਇੱਕ ਗਿਲਾ ਸ਼ਿਕਵਾ ਵੀ ਹੈ ਕਿ ਪੰਜਾਬ ਛੱਡ ਮੁੰਬਈ ਜਾ ਵਸਿਆ। ਇਸੇ ਕਰਕੇ ਸ਼ਾਇਦ ਰਾਜ ਗਾਇਕੀ ਤੋਂ ਦੂਰ ਹੋਇਆ ਸੀ। ਸੋਨੇ ਦੀ ਖ਼ੁਸ਼ਬੂ ਨਹੀਂ ਹੁੰਦੀ, ਪਰ ਚਮਕ ਅਤੇ ਕੀਮਤ ਹੁੰਦੀ ਹੈ, ਮਰਜਾਣੇ ਵਿੱਚ ਚਮਕ, ਖ਼ੁਸ਼ਬੂ ਸਿਰੇ ਦੀ ਹੈ, ਪੰਜਾਬੀਅਤ ਵਿੱਚ ਇਸ ਦੀ ਕੀਮਤ ਨੂੰ ਆਂਕਣ ਦਾ ਪੈਮਾਨਾ ਨਹੀਂ, ਬੇਹੱਦ ਕੀਮਤ। ਅੰਮ੍ਰਿਤਾ ਪ੍ਰੀਤਮ ਦੇ ਵਿਚਾਰ ਸ਼ਾਇਦ ਗੁਰਦਾਸ ਮਾਨ ਲਈ ਹੀ ਬਣੇ ਸਨ, “ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਵਿੱਚੋਂ ਮੂੰਹ ਮੋੜ ਕੇ ਜਿਹੜੇ ਲੋਕ ਆਪਣੀ ਤੀਬਰਤਾ ਦੇ ਜ਼ੋਰ ਨਾਲ ਕਲਪਨਾ ਦੇ ਅਸਮਾਨ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਵਿੱਚੋ ਜਿਹਨਾਂ ਨੂੰ ਧਰਤੀ ਉੱਤੇ ਆਉਣ ਦਾ ਰਾਹ ਚੇਤੇ ਰਹਿ ਜਾਂਦਾ ਹੈ, ਉਹ ਕਲਾਕਾਰ ਬਣ ਜਾਂਦੇ ਹਨ।” ਆਪਣੀ ਸਫਲਤਾ ‘ਤੇ ਮਾਣ ਨਹੀਂ ਕੀਤਾ ਸਦਾ ਨਿਮਾਣਾ ਬਣ ਕੇ ਰਿਹਾ। ਇੱਕ ਦੌਰ ਅਤੇ ਯੁੱਗ ਦਾ ਨਾਂ ਹੈ ਗੁਰਦਾਸ ਮਾਨ।
ਮਾਹੀਏ, ਢੋਲੇ, ਖੇਤ, ਜ਼ਮੀਨਾਂ, ਕਿੱਸੇ, ਇਸ਼ਕ, ਆਸ਼ਿਕ ਵਗੈਰਾ ਨੂੰ ਸੱਭਿਆਚਾਰ ਦਾ ਗੂੜ੍ਹਾ ਰੰਗ ਕੀਤਾ, ਜਿਸ ਦੀ ਚਮਕ ਮੱਧਮ ਨਹੀਂ ਹੋ ਸਕਦੀ। “ਦਿਲ ਦਾ ਮਾਮਲਾ ਹੈ ਕੁਝ ਤੇ ਕਰੋ ਸੱਜਣ, ਤੌਬਾ ਖ਼ੁਦਾ ਦੇ ਵਾਸਤੇ ਕੁੱਝ ਤੇ ਕਰੋ ਸੱਜਣ” ਰਾਹੀਂ ਦਿਲ ਦੇ ਅਰਮਾਨਾਂ ਨੂੰ ਇਸ਼ਕ ਹਕੀਕੀ ਦਾ ਸੁਨੇਹਾ ਦਿੱਤਾ। ਇਸ਼ਕ, ਆਸ਼ਿਕ ਅਤੇ ਦਿਲ ਦੀ ਹੂਕ ਨੂੰ ਸੁਲਤਾਨ ਬਾਹੂ ਦਾ ਰੰਗ ਚਾੜਿਆ, “ਜ਼ਬਾਨੀ ਕਲਮਾਂ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ ਹੂ, ਦਿਲ ਦਾ ਕਲਮਾਂ ਆਸ਼ਿਕ ਪੜ੍ਹਦੇ, ਕੀ ਜਾਨਣ ਯਾਰ ਗਲੋਟੀ ਹੂ” ਦਿਲ ਦੀ ਨਾਜ਼ੁਕਤਾ ਨੂੰ ਸੋਚ ਸਮਝਣ ਦਾ ਸੁਨੇਹਾ ਦਿੱਤਾ। ਇਸ਼ਕ ਦਾ ਗਿਰਦਾ, ਜੱਟ ਰਿਸ਼ਕੀ ਆਫਟਰ ਵਿਸਕੀ, ਸੁਰਮਾ ਤੇ ਹਰ ਕੋਈ ਪਾਵੇ ਮਟਕਾਉਣ ਜਾਣ ਦਾ ਕੋਈ ਕੋਈ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਹੀਰ, ਲੈਲਾ ਮਜਨੂੰ, ਮਿਰਜ਼ਾ ਅਤੇ ਛੱਲਾ ਵਗੈਰਾ ਨੂੰ ਸੱਭਿਆਚਾਰ ਦੀ ਗੂੜ੍ਹੀ ਪੁੱਠ ਚਾੜ੍ਹ ਕੇ ਸਿਰੇ ‘ਤੇ ਗੰਢ ਮਾਰ ਦਿੱਤੀ। ਇਸ਼ਕ ਹਕੀਕੀ ਅਤੇ ਇਸ਼ਕ ਮਿਜਾਜ਼ੀ ਦਾ ਵੱਖਰੀ ਵੰਨਗੀ ਦਿੱਤੀ ਤੇ ਹਾਸ਼ਿਮ ਦੀ ਸੁਰ ਨੂੰ ਅਜੋਕੇ ਸਮੇਂ ਦਾ ਰੰਗ ਚਾੜਿਆ, “ਹਾਸ਼ਿਮ ਇਸ਼ਕ ਸੁਖਾਲਾ ਨਾਹੀ, ਮਰਕੇ ਆਸ਼ਿਕ ਥੀਂਏ, ਹਰ ਦਮ ਜਿਗਰ ਦਾ ਲਹੂ ਚੂਲੀਆਂ ਭਰ ਭਰ ਪੀਂਦੇ”।
ਜ਼ਿੰਦਗੀ ਦਾ ਹਰ ਰੰਗ ਆਪਣੀ ਗਾਇਕੀ ਵਿੱਚ ਸਿਰਜਣ ਵਾਲਾ ਨਿਵੇਕਲਾ ਗੁਰਦਾਸ ਵਾਕਿਆ ਹੀ ਗੁਰਾਂ ਦਾ ਦਾਸ ਵੀ ਹੈ। ਇਸ ਦੇ ਧਾਰਮਿਕ ਗਾਣਿਆਂ ਨੂੰ ਜਦੋਂ ਸੁਣਦੇ ਹਾਂ ਤਾਂ ਜਜ਼ਬਾਤਾਂ ‘ਤੇ ਕਾਬੂ ਨਹੀਂ ਰਹਿੰਦਾ। ਦੇਸ਼ ਪਿਆਰ ਦੀ ਇਬਾਰਤ ਨੂੰ ਇਬਾਦਤ ਦਾ ਰੰਗ ਦੇ ਕੇ ਦੇਸ਼ ਭਗਤੀ ਲਈ ਵੱਡਾ ਪ੍ਰੇਰਨਾ ਸਰੋਤ ਵੀ ਹੈ, “ਲੱਖ ਪ੍ਰਦੇਸੀ ਹੋਈਏ ਅਪਣਾ ਦੇਸ਼ ਨੀ ਭੰਡੀਦਾ, ਜਿਸ ਦੇਸ਼ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ” ਦੇਸ਼ ਭਗਤੀ ਵਾਲੀ ਗਾਇਕੀ ਰਾਹੀਂ ਸੰਤ ਰਾਮ ਉਦਾਸੀ ਦੇ ਵਿਚਾਰਾਂ ਨੂੰ ਸਹੀ ਠਹਿਰਾਇਆ, “ਦੇਸ਼ ਹੈ ਪਿਆਰਾ ਸਾਨੂੰ, ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ” ਗੁਰਦਾਸ ਮਾਨ ਖੁਦ ਸੱਭਿਆਚਾਰ ਹੋ ਨਿਬੜਿਆ ਜਾਂ ਕਹਿ ਲਓ ਕਿ ਸੱਭਿਆਚਾਰ ਦੇ ਸਮੁੰਦਰ ਵਿੱਚ ਗੁਰਦਾਸ ਮਾਨ ਇੱਕਮਿੱਕ ਹੈ।
ਪੰਜਾਬ ਦੀ ਰੂਹ ਅਤੇ ਜੂਹ ਨੂੰ ਅੰਦਰੋਂ ਖੁੱਭ ਕੇ ਪੜ੍ਹਦਾ ਹੋਇਆ ਭਾਈਚਾਰੇ ਦੀ ਏਕਤਾ ਦਾ ਸੁਨੇਹਾ ਵੀ ਦਿੰਦਾ ਹੈ। ਪੰਜਾਬੀਅਤ ਬਾਰੇ ਸ਼ੀਸ਼ੇ ਵਰਗੀ ਸੋਚ ਰੱਖ ਕੇ ਇਸ ਦੀ ਮਿੱਟੀ ਨੂੰ ਮੈਲ਼ੀ ਨਾ ਕਰਨ ਦਾ ਹੋਕਾ ਦਿੰਦਾ ਹੈ। “ਮੇਰਾ ਯਾਰ ਪੰਜਾਬੀ ਏ, ਮੇਰਾ ਪਿਆਰ ਪੰਜਾਬੀ ਏ, ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ” ਜਦੋਂ ਇਹੋ ਜਿਹੇ ਗਾਣੇ ਦੀ ਅਵਾਜ਼ ਕੰਨੀ ਪੈਂਦੀ ਹੈ ਤਾਂ ਪਹਿਲੀ ਝਲਕੇ ਤਾਂ ਲੱਗਦਾ ਹੈ ਕਿ ਗੁਰਦਾਸ ਮਾਨ ਖੁਦ ਹੀ ਪੰਜਾਬ ਹੈ। ਕੁਝ ਵਿਵਾਦਾਂ ਨੇ ਘੇਰ ਲਿਆ ਸੀ ਉਸ ਦਾ ਜਵਾਬ ਬਾ-ਖੂਬੀ ਦਿੱਤਾ ਗਿਆ ਹੈ। ਉਂਝ ਵਿਵਾਦਾਂ ਅਤੇ ਰਾਜਨੀਤੀ ਤੋਂ ਦੂਰ ਰਹਿਣ ਦੀ ਉਸ ਦੀ ਪੱਕੀ ਆਦਤ ਹੈ। ਪੰਜਾਬੀ ਮਾਂ ਬੋਲੀ ਦਾ ਸ਼ੈਦਾਈ ਬਣ ਹਰ ਸਮੇਂ ਇਸ ਦੀ ਸੇਵਾ ਵਿੱਚ ਡਟਿਆ ਰਹਿੰਦਾ ਹੈ। ਸੱਭਿਆਚਾਰ ਅਤੇ ਪੰਜਾਬੀਅਤ ਦੇ ਬਾਬਾ ਬੋਹੜ ਨੂੰ ਸਿਜਦਾ ਹੈ। ਸਮਾਂ ਆਵੇਗਾ ਇਤਿਹਾਸ ਲਿਖਿਆ ਜਾਵੇਗਾ ਅਤੇ ਖੋਜਾਂ ਹੋਣਗੀਆਂ ਕਿ ਮਰਜਾਣਾ ਪੰਜਾਬੀ ਦਾ ਪਿਆਰ ਅਤੇ ਪੰਜਾਬੀਅਤ ਦਾ ਗੂੜ੍ਹਾ ਹਮਦਰਦ ਹੈ।