ਨਿਊਜ਼ੀਲੈਂਡ ਨੇ ਆਪਣੇ ਵੀਜ਼ਾ ਨਿਯਮਾਂ ‘ਚ ਬਦਲਾਅ ਕਰ ਕੇ ਕਈ ਹੋਰ ਅਹਿਮ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਦਾ ਸਿੱਧਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਉੱਥੇ ਨੌਕਰੀ ਲਈ ਜਾਣਾ ਚਾਹੁੰਦੇ ਹਨ। ਨਿਯਮਾਂ ਵਿੱਚ ਤਬਦੀਲੀ ਦਾ ਮੁੱਖ ਉਦੇਸ਼ ਕਰਮਚਾਰੀਆਂ ਅਤੇ ਰੁਜ਼ਗਾਰਦਾਤਾਵਾਂ ਲਈ ਕੰਮ ਦੇ ਤਜਰਬੇ ਦੀਆਂ ਸੀਮਾਵਾਂ, ਤਨਖ਼ਾਹ ਦੀ ਵਿਵਸਥਾ ਅਤੇ ਵੀਜ਼ਾ ਦੀ ਸਮਾਂ ਸੀਮਾ ਵਿੱਚ ਬਦਲਾਅ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਸ਼ਾਮਿਲ ਹੈ।
ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀਆਂ ਲਈ ਕੰਮ ਦੇ ਤਜ਼ਰਬੇ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਇਸ ਨੂੰ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਇਸ ਕਦਮ ਨਾਲ ਯੋਗ ਕਾਮਿਆਂ ਨੂੰ ਉੱਥੇ ਆਸਾਨੀ ਨਾਲ ਰੁਜ਼ਗਾਰ ਮਿਲ ਸਕੇਗਾ। ਨਵੇਂ ਨਿਯਮਾਂ ਨਾਲ ਨਿਊਜ਼ੀਲੈਂਡ ਵਿੱਚ ਨੌਕਰੀ ਦੇ ਮੌਕੇ ਲੱਭ ਰਹੇ ਭਾਰਤੀ ਪ੍ਰਵਾਸੀਆਂ ਨੂੰ ਵੀ ਮਦਦ ਮਿਲਣ ਦੀ ਉਮੀਦ ਹੈ।
ਨਿਊਜ਼ੀਲੈਂਡ ਨੇ ਮੌਸਮੀ ਕਾਮਿਆਂ ਨੂੰ ਦੇਸ਼ ਵਿੱਚ ਰਹਿਣ ਲਈ ਦੋ ਨਵੇਂ ਬਦਲ ਵੀ ਦਿੱਤੇ ਹਨ। ਨਿਯਮਾਂ ਦੇ ਅਨੁਸਾਰ, ਤਜਰਬੇਕਾਰ ਮੌਸਮੀ ਕਾਮਿਆਂ ਲਈ ਤਿੰਨ-ਸਾਲ ਦਾ ਮਲਟੀ-ਐਂਟਰੀ ਵੀਜ਼ਾ ਅਤੇ ਘੱਟ ਹੁਨਰਮੰਦ ਕਾਮਿਆਂ ਲਈ ਸੱਤ ਮਹੀਨਿਆਂ ਦਾ ਸਿੰਗਲ-ਐਂਟਰੀ ਵੀਜ਼ਾ ਦਾ ਵਿਕਲਪ ਹੈ। ਦੱਸਿਆ ਜਾਂਦਾ ਹੈ ਕਿ ਇਹ ਨਿਯਮ ਸੀਜ਼ਨਲ ਵਰਕਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ।
ਇਸ ਦੇ ਨਾਲ ਹੀ, ਨਿਊਜ਼ੀਲੈਂਡ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ (AEWV) ਅਤੇ ਵਿਸ਼ੇਸ਼ ਉਦੇਸ਼ ਵਰਕ ਵੀਜ਼ਾ (SPWV) ਲਈ ਔਸਤ ਤਨਖਾਹ ਦੇ ਮਾਪਦੰਡ ਨੂੰ ਹਟਾ ਦਿੱਤਾ ਗਿਆ ਹੈ। ਨਵੇਂ ਨਿਯਮਾਂ ਵਿੱਚ ਬਦਲਾਅ ਦੇ ਅਨੁਸਾਰ, ਰੁਜ਼ਗਾਰਦਾਤਾ ਨੌਕਰੀ ਦੇ ਮੌਕੇ ਪੋਸਟ ਕਰ ਸਕਦੇ ਹਨ ਅਤੇ ਉਸ ਕੰਮ ਲਈ ਮਾਰਕੀਟ ਰੇਟ ਦੇ ਅਨੁਸਾਰ ਤਨਖਾਹ ਦੀ ਪੇਸ਼ਕਸ਼ ਕਰ ਸਕਦੇ ਹਨ। ਹੁਣ ਉਨ੍ਹਾਂ ਨੂੰ ਪਹਿਲਾਂ ਤੋਂ ਨਿਰਧਾਰਤ ਤਨਖਾਹ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ।
ਜੇਕਰ ਕੋਈ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਲਿਆਉਣ ਦਾ ਇੱਛੁਕ ਹੈ, ਤਾਂ AEWV ਧਾਰਕਾਂ ਨੂੰ ਹੁਣ ਘੱਟੋ-ਘੱਟ NZ$55,844 ਡਾਲਰ ਪ੍ਰਤੀ ਸਾਲ ਕਮਾਉਣੇ ਪੈਣਗੇ। ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਪ੍ਰਵਾਸੀ ਪਰਿਵਾਰ ਨਿਊਜ਼ੀਲੈਂਡ ਵਿੱਚ ਆਸਾਨੀ ਨਾਲ ਆਪਣੇ ਆਪ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਰੱਖ ਸਕਣ। ਇਹ ਘੱਟੋ-ਘੱਟ ਸੀਮਾ ਸਾਲ 2019 ਤੋਂ ਨਹੀਂ ਬਦਲੀ ਗਈ ਸੀ।
ਨਿਊਜ਼ੀਲੈਂਡ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮਿਆਰੀ ਵਰਗੀਕਰਣ ਕਿੱਤਿਆਂ ਵਿੱਚ ਹੁਨਰ ਪੱਧਰ 4 ਜਾਂ 5 ਤੋਂ ਹੇਠਾਂ ਆਉਣ ਵਾਲੀਆਂ ਨੌਕਰੀਆਂ ਲਈ ਦੋ ਸਾਲ ਦੇ ਵੀਜ਼ੇ ਦੀ ਮਿਆਦ ਤਿੰਨ ਸਾਲ ਤੱਕ ਵਧਾ ਦਿੱਤੀ ਹੈ। ਮੌਜੂਦਾ ਨਿਯਮਾਂ ਦੇ ਅਨੁਸਾਰ, ਇਸ ਸਹੂਲਤ ਦੇ ਤਹਿਤ ਸਿਰਫ ਦੋ ਸਾਲਾਂ ਦਾ ਵੀਜ਼ਾ ਉਪਲਬਧ ਹੈ, ਹਾਲਾਂਕਿ, ਇਹਨਾਂ ਨੌਕਰੀਆਂ ਵਿੱਚ ਲੋੜਾਂ ਪੂਰੀਆਂ ਕਰਨ ਵਾਲੇ ਕਰਮਚਾਰੀ ਇੱਕ ਸਾਲ ਦੇ ਵਾਧੇ ਦੀ ਮੰਗ ਕਰ ਸਕਦੇ ਹਨ।
ਵੀਜ਼ਾ ਨਿਯਮਾਂ ਵਿੱਚ ਬਦਲਾਅ ਦਾ ਸਿੱਧਾ ਫਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਜੋ ਨਿਊਜ਼ੀਲੈਂਡ ਵਿੱਚ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ। ਨਿਊਜ਼ੀਲੈਂਡ ਨੇ ਪੋਸਟ ਸਟੱਡੀ ਵਰਕ ਵੀਜ਼ਾ (PSWV) ਨੂੰ ਵੀ ਸੋਧਿਆ ਹੈ। ਇਸ ਦਾ ਸਿੱਧਾ ਫਾਇਦਾ ਵਿਦਿਆਰਥੀਆਂ ਨੂੰ ਹੋਵੇਗਾ। ਇਸ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਤਿੰਨ ਸਾਲ ਤੱਕ ਦੇਸ਼ ‘ਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਊਜ਼ੀਲੈਂਡ ਦੇ ਨਵੇਂ ਵੀਜ਼ਾ ਨਿਯਮ ਇਹ ਯਕੀਨੀ ਬਣਾਉਣਗੇ ਕਿ ਪੋਸਟ ਗ੍ਰੈਜੂਏਟ ਡਿਪਲੋਮਾ ਤੋਂ ਬਾਅਦ ਮਾਸਟਰ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀ ਪੋਸਟ ਸਟੱਡੀ ਵਰਕ ਵੀਜ਼ਾ ਲਈ ਯੋਗਤਾ ਨਹੀਂ ਗੁਆਉਂਦੇ।