ਮੁੰਬਈ – ਪੁਲੀਸ ਨੇ ਬੌਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰੋਂ ਲੱਖ ਰੁਪਏ ਦੀ ਹੀਰੇ ਦੀ ਵਾਲੀ, 35000 ਰੁਪਏ ਨਕਦ ਅਤੇ 500 ਅਮਰੀਕੀ ਡਾਲਰ ਚੋਰੀ ਕਰਨ ਦੇ ਦੋਸ਼ ਹੇਠ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਮੀਰ ਅੰਸਾਰੀ ਵਜੋਂ ਹੋਈ ਹੈ, ਜੋ ਪੇਂਟਰ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਸਮੀਰ ਨੂੰ 28 ਦਸੰਬਰ ਤੋਂ 5 ਜਨਵਰੀ ਦਰਮਿਆਨ ਖਾਰ ਇਲਾਕੇ ਵਿੱਚ ਸਥਿਤ ਢਿੱਲੋਂ ਦੇ ਫਲੈਟ ਦਾ ਰੰਗ-ਰੋਗਨ ਕਰਦਾ ਰਿਹਾ ਹੈ। ਉਸ ਨੇ ਅਲਮਾਰੀ ਖੁੱਲ੍ਹੀ ਦੇਖ ਕੇ ਚੋਰੀ ਕੀਤੀ। ਅੰਸਾਰੀ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ।
ਸਮੀਰ ਅੰਸਾਰੀ ਨੇ ਫਲੈਟ ਨੂੰ ਪੇਂਟ ਕਰਨ ਵਾਲੀ ਟੀਮ ਵਿਚ ਸ਼ਾਮਲ ਆਪਣੇ ਹੋਰ ਸਾਥੀਆਂ ਨੂੰ ਪਾਰਟੀ ਦੇਣ ਲਈ 9,000 ਰੁਪਏ ਖਰਚ ਕਰ ਦਿੱਤੇ। ਉਸ ਕੋਲੋਂ 25,000 ਰੁਪਏ, 500 ਅਮਰੀਕੀ ਡਾਲਰ ਅਤੇ ਹੀਰੇ ਦੀ ਵਾਲੀ ਬਰਾਮਦ ਕਰ ਲਈ। ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਢਿੱਲੋਂ ਦਾ ਬੇਟਾ ਅਨਮੋਲ 5 ਜਨਵਰੀ ਨੂੰ ਦੁਬਈ ਤੋਂ ਵਾਪਸ ਆਇਆ, ਜਿਸ ਤੋਂ ਬਾਅਦ ਉਸ ਦੇ ਮੈਨੇਜਰ ਸੰਦੇਸ਼ ਚੌਧਰੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦਸਿਆ ਕਿ ਉਸ ਨੂੰ ਭਾਰਤੀ ਨਿਆਂਇਕ ਜ਼ਾਬਤਾ (ਬੀ.ਐਨ.ਐਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।