Literature Punjab

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਉੱਘੇ ਕਵੀ ਪਦਮਸ੍ਰੀ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਤਿ-ਆਧੁਨਿਕ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਆਰਟੀਫਿਸ਼ਲ ਇੰਟੈਲੀਜੈਂਸ ਸਥਾਪਤ ਕਰਨ ਦਾ ਐਲਾਨ ਕੀਤਾ।

ਅੰਮ੍ਰਿਤਸਰ – ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਉੱਘੇ ਕਵੀ ਪਦਮਸ੍ਰੀ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਤਿ-ਆਧੁਨਿਕ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਆਰਟੀਫਿਸ਼ਲ ਇੰਟੈਲੀਜੈਂਸ ਸਥਾਪਤ ਕਰਨ ਦਾ ਐਲਾਨ ਕੀਤਾ। ਉਹ ਇੱਥੇ ਉੱਘੇ ਕਵੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਏ ਸਨ। ਇਹ ਸੈਂਟਰ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗਾ ਅਤੇ ਇਸ ਅਹਿਮ ਕਾਰਜ ਲਈ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਪੂਰੀ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਮਹਾਨ ਲੇਖਕ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਮੁੱਖ-ਮੰਤਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿੱਚ ਕਰਵਾਏ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ-2025 ਵਿੱਚ ਕਵੀਆਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਮਰਹੂਮ ਕਵੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸੁਣਾਈ ਆਪਣੀ ਕਵਿਤਾ ਵੀ ਸਾਂਝੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਸਨ ਅਤੇ ਇਸ ਮਰਹੂਮ ਲੇਖਕ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਸੀ, ਜਿਨ੍ਹਾਂ ਹਮੇਸ਼ਾ ਅੱਗੇ ਵਧਣ ਦਾ ਹੌਸਲਾ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਉਚੇਚੇ ਤੌਰ ’ਤੇ ਸੁਰਜੀਤ ਪਾਤਰ ਦੀ ਪਤਨੀ ਸ੍ਰੀਮਤੀ ਭੁਪਿੰਦਰ ਕੌਰ, ਭਰਾ ਉਪਕਾਰ ਸਿੰਘ, ਭੈਣ ਬਲਬੀਰ ਕੌਰ ਅਤੇ ਪੁੱਤਰ ਮਨਰਾਜ ਪਾਤਰ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਅਮਰਜੀਤ ਸਿੰਘ ਗਰੇਵਾਲ ਰਚਿਤ ਸੁਰਜੀਤ ਪਾਤਰ ਨਾਲ ਸਬੰਧਤ ਪੁਸਤਕ ‘ਪੋਇਟਿਕ ਟਰੁੱਥ: ਜਰਨੀਇੰਗ ਵਿਦ ਸੁਰਜੀਤ ਪਾਤਰ’ ਨੂੰ ਵੀ ਰਿਲੀਜ਼ ਕੀਤਾ।

ਇਸ ਤੋਂ ਪਹਿਲਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫ਼ੈਸਰ ਕਰਮਜੀਤ ਸਿੰਘ, ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮੰਤਰੀ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ। ਉੱਘੇ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੁਰਜੀਤ ਪਾਤਰ ਨੋਬੇਲ ਪੁਰਸਕਾਰ ਜਿੱਤਣ ਦੀ ਕਾਬਲੀਅਤ ਰੱਖਦੇ ਸਨ ਪਰ ਪੰਜਾਬੀਆਂ ਵੱਲੋਂ ਉਨ੍ਹਾਂ ਨੂੰ ਦੁਨੀਆਂ ਅੱਗੇ ਪੇਸ਼ ਹੀ ਨਹੀਂ ਕੀਤਾ ਜਾ ਸਕਿਆ। ਇਸ ਮੌਕੇ ਤਿੰਨ ਕਵੀਆਂ ਸਵਰਨਜੀਤ ਸਵੀ (ਚੇਅਰਮੈਨ ਕਲਾ ਪਰਿਸ਼ਦ), ਜਸਵੰਤ ਜ਼ਫ਼ਰ (ਡਾਇਰੈਕਟਰ , ਭਾਸ਼ਾ ਵਿਭਾਗ ਪੰਜਾਬ, ਪਟਿਆਲਾ) ਅਤੇ ਡਾ. ਮਨਮੋਹਨ (ਨਾਮਵਰ ਕਵੀ) ਨੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਉਪਰੰਤ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ, ਡਾ. ਯੋਗਰਾਜ ਨੇ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਉੱਘੇ ਚਿਤਰਕਾਰ ਸਿਧਾਰਥ ਵੱਲੋਂ ਸੁਰਜੀਤ ਪਾਤਰ ਕਾਵਿ ਦੀ ਕੈਲੀਗ੍ਰਾਫੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਮੁਖੀ ਅਸ਼ਵਨੀ ਚੈਟਲੇ ਨੇ ਸੁਰਜੀਤ ਪਾਤਰ ਸਾਹਿਤ ਸਭਿਆਚਾਰ ਸੈਂਟਰ ਦੇ ਨਿਰਮਾਣ ਲਈ ਵਿੱਤੀ ਮਦਦ ਅਤੇ ਹਰ ਸਾਲ ਯੂਨੀਵਰਸਿਟੀ ਵਿੱਚ ਕਰਾਏ ਜਾਣ ਵਾਲੇ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਤੇ ਐਵਾਰਡ ਲਈ ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ, ਡਾ. ਆਤਮ ਸਿੰਘ ਰੰਧਾਵਾ ਨੇ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਸੁਰਜੀਤ ਪਾਤਰ ਦੇ ਯੋਗਦਾਨ ਨੂੰ ਉਚੇਚੇ ਤੌਰ ’ਤੇ ਯਾਦ ਕੀਤਾ।

Related posts

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਸਾਂਝੇ ਅਧਿਆਪਕ ਮੋਰਚੇ ਵੱਲੋਂ 19 ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਰੋਸ ਰੈਲੀ ਕਰਨ ਦਾ ਐਲਾਨ 

admin