Bollywood Articles Pollywood

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਫੁੱਲ ਕਲੀਅਰੈਂਸ ਮਿਲਣ ਤੋਂ ਬਾਅਦ ਦਿਲਜੀਤ ਦੋਸਾਂਝ ਖੁਸ਼ ਹੈ ਅਤੇ ਆਪਣੀ ਫਿਲਮ ‘ਪੰਜਾਬ 95’ ਦੀ ਸ਼ੁੱਭ-ਰਿਲੀਜ਼ ਡੇਟ ਲਈ ਬਹੁਤ ਉਤਸਕ ਹੈ।

ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਫੁੱਲ ਕਲੀਅਰੈਂਸ ਮਿਲਣ ਤੋਂ ਬਾਅਦ ਦਿਲਜੀਤ ਦੋਸਾਂਝ ਖੁਸ਼ ਹੈ ਅਤੇ ਆਪਣੀ ਫਿਲਮ ‘ਪੰਜਾਬ 95’ ਦੀ ਸ਼ੁੱਭ-ਰਿਲੀਜ਼ ਡੇਟ ਲਈ ਬਹੁਤ ਉਤਸਕ ਹੈ। ਇਸ ਫਿਲਮ ’ਤੇ ਸੈਂਸਰ ਬੋਰਡ ਨੇ ਫਿਲਮਕਾਰਾਂ ਨੂੰ 120 ਕੱਟ ਲਗਾਉਣ ਲਈ ਕਿਹਾ ਸੀ। ਪੰਜਾਬੀ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪੰਜਾਬ 95’ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇੇ ਸਾਂਝੀਆਂ ਕੀਤੀਆਂ ਹਨ। ਇਹ ਫ਼ਿਲਮ ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ। ਦਿਲਜੀਤ ਵੱਲੋਂ ਫ਼ਿਲਮ ਦੀਆਂ ਤਸਵੀਰਾਂ ਜਨਤਕ ਕੀਤੇ ਜਾਣ ਮਗਰੋਂ ਫ਼ਿਲਮ ਅਗਲੇ ਮਹੀਨੇ ਸਿਨੇਮਾਘਰਾਂ ’ਚ ਰਿਲੀਜ਼ ਹੋ ਸਕਦੀ ਹੈ। ‘ਪੰਜਾਬ 95’ ਨੂੰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਆਰਐੱਸਵੀਪੀ ਮੂਵੀਜ਼ ਦੇ ਬੈਨਰ ਹੇਠ ਰੌਨੀ ਸਕਰਿਊਵਾਲਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿਚ ਅਰਜੁਨ ਰਾਮਪਾਲ ਤੋਂ ਇਲਾਵਾ ‘ਕੋਹਰਾ’ ਫੇਮ ਸੁਵਿੰਦਰ ਵਿੱਕੀ ਵੀ ਸ਼ਾਮਲ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿਚ ਆਪਣਾ ਕੰਸਰਟ ‘ਦਿਲ-ਲੂਮਿਨਾਟੀ ਇੰਡੀਆ ਟੂਰ’ ਮੁਕੰਮਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਫ਼ਿਲਮ ਵਿਚੋਂ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਫਿਲਮ ‘ਪੰਜਾਬ 95’ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਹੈ ਜਿਹਨਾਂ ਨੇ 1984 ਤੋਂ 1994 ਦੇ ਦਸ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਵਿਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਸਸਕਾਰ ਦੀ ਖੋਜ-ਬੀਣ ਕੀਤੀ ਸੀ। 1995 ਵਿਚ ਖਾਲੜਾ ਕਿਤੇ ਗਾਇਬ ਹੋ ਗਏ ਤੇ ਸਾਲ 2005 ਵਿਚ ਚਾਰ ਪੁਲੀਸ ਅਧਿਕਾਰੀਆਂ ਨੂੰ ਖਾਲੜਾ ਦੇ ਕਥਿਤ ਅਗਵਾ ਤੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2007 ਵਿਚ ਇਨ੍ਹਾਂ ਚਾਰ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਸੱਤ ਸਾਲ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ। ਫ਼ਿਲਮ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਉਜਾਗਰ ਕੀਤਾ ਹੈ।  ਜਸਵੰਤ ਸਿੰਘ ਖਾਲੜਾ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸਨ। ਜਿਨ੍ਹਾਂ ਨੇ ਪੰਜਾਬ ਵਿੱਚ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਸ ਸਮੇਂ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿਚ ਲਿਆ ਗਿਆ, ਝੂਠੇ ਮੁਕਾਬਲਿਆਂ ਵਿਚ ਮਾਰਿਆ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਗੁਪਤ ਸਸਕਾਰ ਕੀਤਾ ਗਿਆ। ਖਾਲੜਾ ਨੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗੁੰਮਸ਼ੁਦਗੀਆਂ ਅਤੇ ਕਤਲਾਂ ਦਾ ਪਰਦਾਫਾਸ਼ ਕੀਤਾ ਸੀ। ਉਸ ਸਮੇਂ ਉਨ੍ਹਾਂ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ ਕਿ ਉਥੇ 6000 ਤੋਂ ਵੱਧ ਲਾਸ਼ਾਂ ਦਾ ਗੁਪਤ ਰੂਪ ਵਿਚ ਸਸਕਾਰ ਕੀਤਾ ਗਿਆ ਸੀ। ਖਾਲੜਾ ਨੂੰ 6 ਸਤੰਬਰ 1995 ਨੂੰ ਪੁਲਿਸ ਨੇ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਉਸ ਦਾ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ।

ਫ਼ਿਲਮ ਦੀ ਰਿਲੀਜ਼ ਨੂੰ ਪਹਿਲ ਦਿੰਦੇ ਹੋਏ ਦਿਲਜੀਤ ਨੇ ਫ਼ਿਲਹਾਲ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਹੈ। ਦਿਲਜੀਤ ਵਲੋਂ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਉਸ ਵੱਲੋਂ ਫਿਲਮ ਵਿੱਚ ਨਿਭਾਏ ਕਿਰਦਾਰ ਦੀ ਝਲਕ ਪੇਸ਼ ਕਰਦੀਆਂ ਹਨ। ਇਸ ਨਾਲ ਲਿਖੀ ਕੈਪਸ਼ਨ ਵਿੱਚ ਦਿਲਜੀਤ ਨੇ ਲਿਖਿਆ ਹੈ, ‘‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ, ਪੰਜਾਬ 95’’। ਇਹ ਕੈਪਸ਼ਨ ਸਰਦਾਰ ਖਾਲੜਾ ਦੇ ਜੀਵਨ ਅਤੇ ਸੱਚ ਲਈ ਉਨ੍ਹਾਂ ਦੀ ਲੜਾਈ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ। ਇਨ੍ਹਾਂ ਵਿੱਚੋਂ ਪਹਿਲੀ ਫੋਟੋ ਵਿੱਚ ਦਿਲਜੀਤ ਫਰਸ਼ ’ਤੇ ਬੈਠਾ ਦਿਖਾਈ ਦਿੰਦਾ ਹੈ। ਉਸ ਨੇ ਇੱਕ ਕੁੜਤਾ ਪਾਇਆ ਹੋਇਆ ਹੈ ਅਤੇ ਪੱਗ ਬੰਨ੍ਹੀ ਹੋਈ ਹੈ। ਉਸ ਦਾ ਚਿਹਰਾ ਜ਼ਖ਼ਮੀ ਹੋਣ ਕਾਰਨ ਲਹੂ-ਲੁਹਾਣ ਹੋਇਆ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਇਨ੍ਹਾਂ ਵਿੱਚ ਇੱਕ ਫੋਟੋ ਵਿੱਚ ਦਿਲਜੀਤ ਨੂੰ ਜਸਵੰਤ ਸਿੰਘ ਖਾਲੜਾ ਵਜੋਂ ਦਿਖਾਇਆ ਗਿਆ ਹੈ। ਉਸ ਨਾਲ ਫੋਟੋ ਵਿੱਚ ਦੋ ਬੱਚੇ ਵੀ ਦਿਖਾਈ ਦੇ ਰਹੇ ਹਨ। ਸੈਂਸਰ ਬੋਰਡ ਵਲੋਂ 120 ਕੱਟ ਲਗਾਉਣ ਤੋਂ ਬਾਅਦ ਫੁੱਲ ਕਲੀਅਰੈਂਸ ਮਿਲਣ ‘ਤੇ ਫਿਲਮ ‘ਪੰਜਾਬ 95’ ਫਰਵਰੀ ਦੇ ਵਿੱਚ ਰਿਲੀਜ਼ ਹੋ ਰਹੀ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin