Articles

ਬੇਅਦਬੀਆਂ ਦੀ ਸਾਜਿਸ਼ ਅਤੇ ਸਿੱਖ ਪੰਥ !

ਸੰਨ 2015 ਤੋਂ ਲੈ ਕੇ ਅੱਜ ਤੱਕ ਲਗਾਤਾਰ ਵਾਪਰਨ ਵਾਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕੋਈ ਆਮ ਵਰਤਾਰਾ ਨਹੀਂ ਹੈ । ਇਹ ਸਾਰਾ ਕੁਝ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹਾ ਹੈ, ਤਾਂ ਜੋ ‘ਹਿੰਦੂ ਰਾਸ਼ਟਰ’ ਵਾਲੀ ਸੋਚ ਨੂੰ ਅੱਗੇ ਵਧਾਇਆ ਜਾ ਸਕੇ । ਕਿਸੇ ਨੂੰ ਵੀ ਇਹ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦਾ ਸਿਧਾਂਤ ‘ਹਿੰਦੂ ਰਾਸ਼ਟਰਵਾਦੀਆਂ’ ਲਈ ਇਕ ਵੱਡੀ ਵੰਗਾਰ ਹੈ, ਜਿਸ ਵਿੱਚ ਝੂਠ-ਪਾਖੰਡ ਨੂੰ ਸੱਚ ਰਾਹੀਂ ਚੁਣੌਤੀ ਦਿੱਤੀ ਗਈ ਹੈ ।

ੴ ਤੋਂ ਸ਼ੁਰੂ ਹੋਣ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦਾ ਮੂਲ ‘ਸੱਚ’ ਹੈ ਕਿਉਂਕਿ ਇਸ ਤੋਂ ਪਹਿਲਾਂ ਧਰਮਾਂ ਵਿੱਚ ਜਿੱਥੇ ਕਰੋੜਾਂ ਦੇਵੀ-ਦੇਵਤੇ ਮਿਥੇ ਗਏ ਸਨ, ਉੱਥੇ ਆਮ ਮਨੁੱਖ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਕੇ ਨਿਮਾਣਾ ਕੇ ਨਿਤਾਣਾ ਵੀ ਬਣਾ ਦਿੱਤਾ ਗਿਆ ਸੀ । ਸਿੱਖ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਕੇ ਝੂਠ-ਪਾਖੰਡ ਨਾਲ ਲੜਨ ਦੀ ਸੁਚੱਜੀ ਜਾਚ ਸਿਖਾਈ, ਜਿਸਦਾ ਅਸਰ ਇਹ ਹੋਇਆ ਕਿ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ ਅਣਗਿਣਤ ਸਿੱਖਾਂ ਨੇ ਜਿਥੇ ਸ਼ਹਾਦਤਾਂ ਦੀ ਝੜੀ ਲਾਈ, ਉਥੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਨੂੰ ਰੂਪਮਾਨ ਕਰਨ ਲਈ ਦੋ ਵਾਰ ‘ਖਾਲਸਾ ਰਾਜ’ ਵੀ ਕਾਇਮ ਕੀਤਾ ।

ਸੰਨ 1849 ਵਿੱਚ ‘ਖਾਲਸਾ ਰਾਜ’ ਖਤਮ ਹੋਣ ਉਪਰੰਤ ਅੰਗਰੇਜ਼ਾਂ ਨੇ ਪੰਥ ਦੇ ਜੋ ਨੈਣ-ਨਕਸ਼ ਘੜੇ, ਉਨਾਂ ਨੇ ਗੁਰੂਆਂ ਵਲੋਂ ਚਲਾਈ ਸਿੱਖੀ ਦੀ ਰੀਤ ਦਾ ਮੂੰਹ-ਮੁਹਾਂਦਰਾ ਕਾਫੀ ਹੱਦ ਤੱਕ ਬਦਲ ਕੇ ਰੱਖ ਦਿੱਤਾ । ਇਸ ਨਾਲ ਜਿਥੇ ਸਿੱਖਾਂ ਵਿੱਚ ‘ਸੰਤ-ਬਾਬੇ’ ਪੈਦਾ ਹੋਣੇ ਸ਼ੁਰੂ ਹੋ ਗਏ, ਉਥੇ ਨਾਲ ਹੀ ਅਕਾਲ ਤਖਤ ਤੇ ਹੋਰ ਤਖਤਾਂ ਤੇ ‘ਜਥੇਦਾਰਾਂ’ ਦੀ ਇਕ ਸ਼੍ਰੇਣੀ ਵੀ ਪੈਦਾ ਹੋ ਗਈ । ਅੰਮ੍ਰਿਤਸਰ ਅਤੇ ਹੋਰਨਾਂ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਚਲਾਉਣ ਲਈ ਸਿੱਖਾਂ ਵਲੋਂ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਸਰਕਾਰੀ ਐਕਟ’ ਰਾਹੀਂ ਕੰਟਰੋਲ ਕਰ ਲਿਆ ਗਿਆ । ‘ਗੁਰੂ ਪੰਥ’,‘ਸੰਗਤ’ ਤੇ ‘ਸਰਬੱਤ ਖਾਲਸਾ’ ਵਰਗੇ ਸੰਕਲਪ ਪਿਛੇ ਕਰ ਦਿੱਤੇ ਗਏ ।

ਅੰਗਰੇਜ਼ਾਂ ਵਲੋਂ ਚਲਾਈ ਰੀਤ ਕਾਰਨ ਹੀ ਸਿੱਖਾਂ ਦੇ ਫੈਸਲੇ ਤਖਤਾਂ ਦੇ ਜਥੇਦਾਰ ਕਰਨ ਲੱਗ ਪਏ, ਜਿਸਦਾ ਝਲਕਾਰਾ ਬੇਅਦਬੀ ਦੇ ਅਜੋਕੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਮੌਕੇ ਵੀ 2 ਦਸੰਬਰ 2024 ਨੂੰ ਅਕਾਲ ਤਖਤ ਤੇ ਵੇਖਣ ਨੂੰ ਮਿਲਿਆ । ਚਾਹੀਦਾ ਤਾਂ ਇਹ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਪੰਥ ਦੇ ਹਵਾਲੇ ਕੀਤਾ ਜਾਂਦਾ, ਜਿਨ੍ਹਾਂ ‘ਅਕਾਲੀ’ ਕਹਾਉਂਦਿਆਂ ‘ਗੁਰੂ ਪੰਥ ਸਾਹਿਬ’ ਦੀ ਬੇਅਦਬੀ ਕਰਵਾ ਦਿੱਤੀ ਪਰ ਅਫਸੋਸ ਉਨਾਂ ਨੂੰ ਸੰਕੇਤਕ ਸਜ਼ਾ ਲਾ ਕੇ ਹੀ ਛੱਡ ਦਿੱਤਾ ਗਿਆ । ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ‘ਗੁਰੂ ਪੰਥ’ ਦੀ ਤਾਬਿਆ ਪੰਥ ਨੂੰ ਇਸ ਕਰਕੇ ਹੀ ਬਿਠਾਇਆ ਸੀ, ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਰਾਖੀ ਕੀਤੀ ਜਾ ਸਕੇ ।

‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੇ ਸਿਧਾਂਤ ਨੂੰ ਅਜੋਕੀ ਚੁਣੌਤੀ ਇਕੱਲੇ ਇਹਨਾਂ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਹੀ ਨਹੀਂ ਖੜ੍ਹੀ ਕੀਤੀ, ਸਗੋਂ ਇਹ ਉਨ੍ਹਾਂ ਸ਼ਕਤੀਆਂ ਦੀ ਖੜੀ ਕੀਤੀ ਹੋਈ ਹੈ, ਜਿਨ੍ਹਾਂ ਦੇ ਝੂਠ-ਪਾਖੰਡ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਉਜਾਗਰ ਕੀਤਾ ਗਿਆ ਹੈ । ਉਹ ਇਸਨੂੰ ‘ਹਿੰਦੂ ਰਾਸ਼ਟਰ’ ਦੇ ਰਾਹ ਵਿੱਚ ਰੋੜਾ ਸਮਝਦੇ ਹਨ । ਇਨ੍ਹਾਂ ਸ਼ਕਤੀਆਂ ਦੇ ਭਾਈਵਾਲ ਰਹੇ ਬੇਅਦਬੀਆਂ ਕਰਵਾਉਣ ਵਾਲੇ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਪੰਥ ਤੋਂ ਕਿਵੇਂ ਨਿਖੇੜਿਆ ਜਾਵੇ ਤੇ ਹਿੰਦੂ ਰਾਸ਼ਟਰਵਾਦੀ ਸ਼ਕਤੀਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ? ਇਸਦੀ ਵਿਚਾਰ ਕਰਨ ਲਈ ‘ਸਰਬੱਤ ਖਾਲਸਾ’ ਵਰਗੀ ਪੰਥਕ ਸੰਸਥਾ ਪੁਨਰ ਸੁਰਜੀਤ ਕਰਨ ਦੀ ਲੋੜ ਹੈ ।

ਸੰਨ 2015 ਵਿੱਚ ਬਰਗਾੜੀ ਤੇ ਹੋਰਨਾਂ ਥਾਵਾਂ ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵਜੋਂ ਉਭਰੇ ਰੋਸ ਮਗਰੋਂ ਅੰਮ੍ਰਿਤਸਰ ਨੇੜੇ ਚੱਬਾ ਵਿੱਚ ਹੋਏ ‘ਸਰਬੱਤ ਖਾਲਸਾ’ ਵਿਚ ਪੰਥਕ ਸਿਧਾਂਤ ਗਾਇਬ ਰਹੇ । ਫੈਸਲਾ ਤਾਂ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੇ ਸਿਧਾਂਤ ਦੀ ਰਾਖੀ ਦਾ ਕਰਨਾ ਸੀ ਪਰ ਇਹ ‘ਸਰਬੱਤ ਖਾਲਸਾ’ ਨਵੇਂ ‘ਜਥੇਦਾਰ’ ਥਾਪਕੇ ਹੀ ਸਮਾਪਤ ਹੋ ਗਿਆ । ‘ਜਥੇਦਾਰ’ ਤੇ ‘ਸੰਤਾਂ’ ਦੀ ਸ਼੍ਰੇਣੀ ਅੰਗਰੇਜ਼ਾਂ ਦੀ ਪੈਦਾ ਕੀਤੀ ਹੋਈ ਹੈ, ਜੋ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੇ ਸਿਧਾਂਤ ਲਈ ਵੱਡੀ ਚੁਣੌਤੀ ਹੈ । ਸਰਕਾਰੀ ਕੰਟਰੋਲ ਵਾਲੇ ਐਕਟ ਨਾਲ ਚੱਲਦੀ ਸ਼੍ਰੋਮਣੀ ਕਮੇਟੀ ਵੀ ਪੰਥ ਲਈ ਵੰਗਾਰ ਹੈ । ਸ਼੍ਰੋਮਣੀ ਕਮੇਟੀ ਚੁਣਨ ਦਾ ਅਧਿਕਾਰ ‘ਸਿੱਖ ਸੰਗਤ’ ਦਾ ਹੈ ਪਰ ਅਫਸੋਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਰਕਾਰ ਦੀ ਮਰਜ਼ੀ ਤੋਂ ਬਗੈਰ ਹੋ ਹੀ ਨਹੀਂ ਸਕਦੀਆਂ ।

ਅੱਜ ਲੋੜ ‘ਸਰਬੱਤ ਖਾਲਸਾ’ ਦੀ ਸੰਸਥਾ ਦੀ ਮੁੜ ਸੁਰਜੀਤੀ ਦੀ ਹੈ, ਜਿਸ ਵਿੱਚ ਪੰਥ ਦੇ ਹਰ ਹਿੱਸੇ, ਵਰਗ, ਧੜੇ, ਸੰਸਥਾ ਤੇ ਜਥੇਬੰਦੀ ਨੂੰ ਪ੍ਰਤੀਨਿਧਤਾ ਮਿਲੇ । ਸੁਹਿਰਦਤਾ ਨਾਲ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਪੰਥਕ ਮਸਲੇ ਵਿਚਾਰੇ ਜਾਣ । ਸ਼੍ਰੋਮਣੀ ਕਮੇਟੀ ਦੀ ਚੋਣ ਵੀ ‘ਸਰਬੱਤ ਖਾਲਸਾ’ ਰਾਹੀਂ ਹੋਵੇ । ਇਸ ਲਈ ਪ੍ਰਬੰਧਕ ਮਨੋਨੀਤ ਕੀਤੇ ਜਾ ਸਕਦੇ ਹਨ । ਜੇਕਰ ਸਿੱਖਾਂ ਨੇ ਇਸ ਪਵਿੱਤਰ ਸਿਧਾਂਤ ਦੀ ਰਾਖੀ ਲਈ ਸਮਾਂ ਰਹਿੰਦੇ ਕਦਮ ਨਾ ਉਠਾਏ ਤਾਂ ‘ਹਿੰਦੂ ਰਾਸ਼ਟਰ’ ਰਾਹੀਂ ਸਿੱਖੀ ਨੂੰ ਨਿਗਲ ਜਾਣ ਵਾਲੀਆਂ ਸ਼ਕਤੀਆਂ ਦੇ ਕਦਮ ਇਸਤੋਂ ਕਿਤੇ ਹੋਰ ਅੱਗੇ ਤੱਕ ਆ ਕੇ ਵੱਡੀ ਵੰਗਾਰ ਖੜੀ ਕਰ ਸਕਦੇ ਹਨ ।

– ਮਹਿੰਦਰ ਸਿੰਘ ਚਚਰਾੜੀ

Related posts

ਸਿੰਧੂ ਘਾਟੀ ਦੀ ਸਭਿਅਤਾ ਦੀ ਲਿਪੀ ਨੂੰ ਸਮਝਣ ਵਿੱਚ ਮੁਸ਼ਕਲਾਂ !

admin

ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਕੇਸ: 12 ਲੱਖ ਮੰਗੇ 42 ਲੱਖ ਦਾ ਨੁਕਸਾਨ !

admin

ਕੀ ਤੁਸੀਂ ਵਿਕਟੋਰੀਆ ਦੀ ਪੋਰਟੇਬਲ (ਨੌਕਰੀ ਬਦਲਣ ‘ਤੇ ਨਾਲ ਜਾਣ ਵਾਲੀ) ਲੰਬੀ ਸੇਵਾ ਲਾਭ ਸਕੀਮ ਬਾਰੇ ਜਾਣਦੇ ਹੋ?

admin