
ਅਬਿਆਣਾਂ ਕਲਾਂ
ਸਮਾਜ ਵਿੱਚ ਸੰਤੁਲਨ ਬਣਾਈ ਰੱਖਣ ਲਈ ਲਿੰਗ ਅਨੁਪਾਤ ਬੇਹੱਦ ਜ਼ਰੂਰੀ ਹੈ।ਇਸ ਤੋਂ ਪਹਿਲਾਂ ਸਾਨੂੰ ਲਿੰਗ ਅਨੁਪਾਤ ਬਾਰੇ ਸਮਝਣਾ ਪਵੇਗਾ। ਲਿੰਗ ਅਨੁਪਾਤ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਹੁੰਦੀ ਹੈ। ਮੈਡੀਕਲ ਮਾਹਰਾਂ ਅਨੁਸਾਰ ਨਰ ਮਾਦਾ ਲਿੰਗ ਅਨੁਪਾਤ 50:50 ਹੁੰਦਾ ਹੈ। ਲਿੰਗ ਅਨੁਪਾਤ ਸਮਾਜ ਦੀ ਕਿਤਾਬ ਦਾ ਪਹਿਲਾ ਵਰਕਾ ਹੁੰਦਾ ਹੈ।ਇਸ ਦੇ ਵਿਗੜਨ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੁੰਦਾ ਹੈ ਇਸ ਵਿਗਾੜ ਪਿੱਛੇ ਵਿਗੜੀ ਸੰਸਕ੍ਰਿਤੀ ਹੁੰਦੀ ਹੈ।ਇਹ ਦਿਸ਼ਾ ਅਤੇ ਦਸ਼ਾ ਅਸੀਂ ਹੰਢਾਈ ਵੀ ਹੈ। ਸਾਡੀ ਸੰਸਕ੍ਰਿਤੀ ਵਿੱਚ 105 ਮੁੰਡਿਆਂ ਪਿੱਛੇ 100 ਕੁੜੀਆਂ ਦਾ ਜਨਮ ਹੋਣਾ ਚਾਹੀਦਾ ਹੈ। ਲਿੰਗ ਅਨੁਪਾਤ ਵਿੱਚ ਸਭ ਤੋਂ ਵੱਡਾ ਮੁੱਦਾ ਮਾਦਾ ਲਿੰਗ ਅਨੁਪਾਤ ਨਾਲ ਹੁੰਦਾ ਹੈ। ਮਾਦਾ ਲਿੰਗ ਨੂੰ ਪਰੇ ਕਰਨ ਲਈ ਹਰ ਸੋਚ ,ਹਰਬਾ- ਜ਼ਰਬਾ ਭਾਰੂ ਹੁੰਦਾ ਹੈ। ਮਾਦਾ ਭਰੂਣ ਮਾਰਨ ਲਈ ਨਰ ਨੂੰ ਪੈਦਾ ਕਰਨ ਲਈ ਸਾਧਾਂ ਦੇ ਡੇਰਿਆਂ, ਦਾਈਆਂ,ਟਰੇਂਡ ਦਾਈਆਂ ਅਤੇ ਝੋਲਾ ਛਾਪ ਡਾਕਟਰਾਂ ਵੱਲ ਰੁੱਖ ਕੀਤਾ ਜਾਂਦਾ ਹੈ।ਇਸ ਵਿਸ਼ੇ ਤੇ ਖਿਲਵਾੜ ਦੀ ਕੋਸ਼ਿਸ਼ ਅੱਜ ਵੀ ਹੁੰਦੀ ਹੈ ਇਸ ਦੀ ਤਾਂਘ ਵੀ ਰਹਿੰਦੀ ਹੈ।ਗੱਲ ਇੰਨੀ ਹੈ ਕਿ ਪਹਿਲਾਂ ਗਲ ਵਿੱਚ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ ਫਿਰ ਸਾਇੰਸ ਨੇ ਤਰੱਕੀ ਕਰਕੇ ਛੁਰੀਆਂ ਕਟਾਰੀਆਂ ਨਾਲ ਮਾਦਾ ਭਰੂਣ ਮਾਰੇ ਗਏ। ਲਿੰਗ ਅਨੁਪਾਤ ਨੂੰ ਸਭ ਤੋਂ ਵੱਧ ਮਾਰ ਸੋਚ ਅਤੇ ਭਰੂਣ ਹਤਿਆਵਾਂ ਨੇ ਮਾਰੀ।ਇੱਕ ਵਾਰ ਤਾਂ ਭਰੂਣ ਹਤਿਆਵਾਂ ਨੇ ਲਿੰਗ ਅਨੁਪਾਤ ਦੀ ਪ੍ਰੀਭਾਸ਼ਾ ਹੀ ਲਿੰਗ ਗਰਭਪਾਤ ਬਣਾ ਦਿੱਤੀ ਸੀ।ਇਸ ਪਿੱਛੇ ਸਮਾਜ ਦੀ ਸੋਚ,ਦਾਜ, ਦਰਿੰਦਗੀ ਅਤੇ ਅਣਖ ਵੱਡੇ ਕਾਰਨ ਹਨ।ਲੱਖ ਉਪਰਾਲਿਆਂ ਦੇ ਬਾਵਜੂਦ ਸੋਚ ਅੱਜ ਵੀ ਉੱਥੇ ਹੀ ਖੜ੍ਹੀ ਹੈ।