
ਵਰਕਸ਼ਾਪਾਂ ਤਾਂ ਬਹੁਤ ਚਲਦੀਆਂ ਹਨ ਪਰ ਕੰਮ ਕੋਈ ਨਹੀ ਕਰ ਰਿਹਾ । ਦੇਸ਼ ਦੀ ਵੰਡ ਤੋਂ ਬਾਅਦ ਲੋਕਾਂ ਨੂੰ ਭਾਰਤ ਦੀ ਅਜ਼ਾਦ ਸਰਕਾਰ ‘ਤੇ ਬਹੁਤ ਆਸਾਂ ਸਨ । ਨਵੇਂ ਢੰਗ ਨਾਲ ਦੇਸ਼ ਦੀ ਉਸਾਰੀ ਕਰਨ ਲਈ ਹੇਠਲੇ ਪੱਧਰ ਤੋਂ ਯਤਨ ਅਰੰਭੇ ਗਏ । ਇਹਨਾਂ ਯਤਨਾਂ ਵਿੱਚ ਸਕੂਲੀ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ । ਬੱਚਿਆਂ ਨੂੰ ਦੇਸ਼ ਭਗਤੀ ਦੀ ਚੇਟਕ ਲਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਦੇ ਨਾਲ ਨਾਲ ਸਕੂਲ ਅਤੇ ਆਲੇ ਦੁਆਲੇ ਦੀ ਸਫਾਈ ਕਰਨ ਅਤੇ ਪੌਦੇ ਲਾਉਣ ਲਈ ਉਤਸ਼ਾਹਿਤ ਕੀਤਾ ਜਾਣ ਲੱਗਾ । ਜਾਤ-ਪਾਤ ਖਤਮ ਕਰਨ ਲਈ ਹਫ਼ਤੇ ਦਾ ਇੱਕ ਦਿਨ ਚੁਣਿਆ ਗਿਆ । ਇਸ ਦਿਨ ਸਾਰੇ ਬੱਚੇ ਅਤੇ ਅਧਿਆਪਕ ਘਰੋਂ ਲਿਆਂਦੀ ਰੋਟੀ ਨੂੰ ਇਕੱਠੇ ਬੈਠ ਕੇ ਖਾਂਦੇ ਸਨ । ਬੱਚਿਆਂ ਨੂੰ ਗਰੁਪਾਂ ਵਿੱਚ ਵੰਡ ਕੇ ਬੂਟੇ ਲਾਉਣ ਲਈ ਕਿਆਰੀਆਂ ਅਲਾਟ ਕੀਤੀਆਂ ਜਾਂਦੀਆਂ ਸਨ । ਸਾਫ਼ ਸਫਾਈ ਦਾ ਕੰਮ ਦਿੱਤਾ ਜਾਂਦਾ ਸੀ । ਹਫ਼ਤੇ ਦੋ ਹਫ਼ਤੇ ਬਾਅਦ ਇਹਨਾਂ ਗਰੁੱਪਾਂ ਦੇ ਮੁਕਾਬਲੇ ਕਰਵਾਏ ਜਾਂਦੇ ਸਨ । ਵਧੀਆ ਕਾਰਗੁਜਾਰੀ ਵਾਲੇ ਗਰੁੱਪਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ । ਬੱਚੇ ਇਹਨਾਂ ਕੰਮਾਂ ਵਾਰੇ ਅਧਿਆਪਕਾਂ ਤੋਂ ਸਿੱਖ ਕੇ ਇਸ ਸਿਖਲਾਈ ਨੂੰ ਆਪਣੇ ਘਰਾਂ ਵਿੱਚ ਲਾਗੂ ਕਰਦੇ ਸਨ । ਉਹਨਾਂ ਅੰਦਰ ਕੰਮ ਕਰਨ ਦੀ ਰੁਚੀ ਪੈਦਾ ਹੁੰਦੀ ਸੀ । ਜਿਹੋ ਜਿਹਾ ਕਿੱਤਾ ਉਹਨਾਂ ਦੇ ਮਾਪੇ ਕਰਦੇ ਸਨ ਬੱਚੇ ਘਰ ਜਾ ਕੇ ਉਹਨਾਂ ਦਾ ਹੱਥ ਵਟਾਉਂਦੇ ਸਨ । ਇਹ ਕੰਮ ਸੱਤਰਵਿਆਂ ਤਕ ਬਾਖੂਬੀ ਚੱਲਦਾ ਰਿਹਾ । ਬੱਚਿਆਂ ਦੇ ਮਨਾਂ ਦੀ ਕੋਰੀ ਸਲੇਟ ਉੱਤੇ ਕਿਰਤ ਦਾ ਸਿਧਾਂਤ ਉਕਰਨ ਦਾ ਇਹ ਬਹੁਤ ਵਧੀਆ ਫਾਰਮੂਲਾ ਸੀ ।