ਲੁਧਿਆਣਾ – ਕੋਰੋਨਾ ਕਾਲ ’ਚ ਲੋਕਾਂ ਦੀ ਮਦਦ ਕਰਨ ਕਾਰਨ ਕਾਫ਼ੀ ਮਸ਼ਹੂਰ ਹੋਏ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੀਆਂ ਮੁਸ਼ਕਲ ਵਧ ਗਈਆਂ ਹਨ। ਹਾਲ ਹੀ ’ਚ ਰਿਲੀਜ਼ ਉਨ੍ਹਾਂ ਦੀ ਫ਼ਿਲਮ ‘ਫ਼ਤਹਿ’ ਬੁਰੀ ਤਰ੍ਹਾਂ ਫ਼ਲਾਪ ਹੋਣ ਤੋਂ ਬਾਅਦ ਹੁਣ ਉਨ੍ਹਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਵਾਰੰਟ ਜਾਰੀ ਕੀਤੇ।
ਇਹ ਵਾਰੰਟ ਸੂਦ ਵਲੋਂ ਅਦਾਲਤ ’ਚ ਗਵਾਹੀ ਦੇਣ ਲਈ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ’ਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਵਿਰੁਧ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ’ਚ ਉਸ ਨੂੰ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦਿਤਾ ਗਿਆ ਸੀ ਅਤੇ ਇਸ ਸ਼ਿਕਾਇਤ ’ਚ ਗੰਭੀਰ ਦੋਸ਼ ਲਗਾਏ ਗਏ ਹਨ।
ਇਸੇ ਸ਼ਿਕਾਇਤ ਹੇਠ ਖੰਨਾ ਨੇ ਸੋਨੂ ਸੂਦ ਨੂੰ ਗਵਾਹੀ ਦੇਣ ਲਈ ਅਦਾਲਤ ’ਚ ਤਲਬ ਕੀਤਾ ਸੀ। ਹਾਲਾਂਕਿ, ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਸੂਦ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਕਾਰਨ ਹੁਣ ਅਦਾਲਤ ਨੇ ਉਨ੍ਹਾਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।
ਇਹ ਵਾਰੰਟ ਓਸ਼ਿਵਾਰਾ ਪੁਲਿਸ ਸਟੇਸ਼ਨ, ਅੰਧੇਰੀ ਵੈਸਟ, ਮੁੰਬਈ ਨੂੰ ਭੇਜਿਆ ਗਿਆ ਹੈ, ਜਿਸ ’ਚ ਉਨ੍ਹਾਂ ਨੇ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰਨ ਦਾ ਹੁਕਮ ਦਿਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਫ਼ਰਵਰੀ ਨੂੰ ਹੋਵੇਗੀ।