
ਮਾਲਵਾ ਰਿਸਰਚ ਸੈਂਟਰ ਵੱਲੋਂ ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਲਿਟਰੇਚਰ ਫੈਸਟੀਵਲ ਦਾ ਆਗਾਜ਼ ਹੋਇਆ। ਇਸ ਲਿਟਰੇਚਰ ਫੈਸਟੀਵਲ ਦੀ ਪ੍ਰਧਾਨਗੀ ਸਾਹਿਤ ਰਤਨ ਡਾ. ਤੇਜਵੰਤ ਸਿੰਘ ਮਾਨ, ਕੇਂਦਰੀ ਸਾਹਿਤ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਕੀਤੀ। ਸਮਾਗਮ ਦੇ ਸ਼ੁਰੂਆਤ ਵਿੱਚ ਹੀ ਅਮਰ ਗਰਗ ਕਲਮਦਾਨ ਨੇ ਆਪਣੀ ਪੁਸਤਕ “ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ” ਵਿੱਚੋਂ ਪਰਚਾ ਪੜ੍ਹਿਆ, ਜਿਸਦਾ ਸਿਰਲੇਖ ਸੀ : ਜੜ੍ਹ ਸੱਭਿਅਤਾ ਅਤੇ ਸੱਭਿਆਚਾਰ ਮਨੁੱਖੀ ਸ਼ਾਂਤੀ ਅਤੇ ਸਰਵਗੁਣ ਉੱਨਤੀ ਲਈ ਧਰਾਤਲ ਹਨ। ਇਸ ਪਰਚੇ ਦਾ ਕੇਂਦਰੀ ਬਿੰਦੂ ਸੀ, ਜੇਕਰ ਸਾਰੇ ਗਲੋਬ ਨੂੰ ਭਾਰਤ –ਪਾਕਿ ਵੰਡ ਰੇਖਾ ਨਾਲ਼ ਵੰਡ ਦਿੱਤਾ ਜਾਵੇ ਤਾਂ ਸਾਡੇ ਸਾਹਮਣੇ ਦੋ ਸੰਸਾਰ ਨਜ਼ਰ ਆਉਂਦੇ ਹਨ, ਇੱਕ ਪੂਰਬੀ ਅਤੇ ਦੂਜਾ ਪੱਛਮੀ। ਜੇਕਰ ਪਿਛਲੇ 125 ਸਾਲ ਦੇ ਇਤਿਹਾਸ ਵਿੱਚ ਯੁੱਧਾਂ ਅਤੇ ਅੱਤਵਾਦੀ ਕਾਰਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਤੇ ਨਜ਼ਰ ਮਾਰੀ ਜਾਵੇ ਤਾਂ ਪੱਛਮੀ ਸੰਸਾਰ ਵਿੱਚ ਲਗਭਗ 20 ਕਰੌੜ ਲੋਕ ਮਾਰੇ ਗਏ ਹਨ ਅਤੇ ਪੂਰਬੀ ਸੰਸਾਰ ਵਿੱਚ ਲਗਭਗ 20 ਲੱਖ। ਇਸ 20 ਲੱਖ ਵਿੱਚ ਵੀ ਅੱਧਾ ਆਂਕੜਾ ਉਹ ਹੈ, ਜਿਹੜਾ ਪੱਛਮੀ ਸੰਸਾਰ ਦੁਆਰਾ ਪੂਰਬੀ ਸੰਸਾਰ ਵਿੱਚ ਘਟਿਤ ਕੀਤਾ ਗਿਆ ਹੈ। ਦੂਜਾ ਬਿੰਦੂ ਦੁਨੀਆਂ ਭਰ ਦੀਆਂ 100% ਅੱਤਵਾਦੀ ਜੱਥੇਬੰਦੀਆਂ ਪੱਛਮੀ ਸੰਸਾਰ ਵਿੱਚ ਹੀ ਕਿਉਂ ਪੈਦਾ ਹੁੰਦੀਆਂ ਹਨ? ਤੀਜਾ ਬਿੰਦੂ ਹੈ ਦੇਸ਼ਾਂ ਵਿਚਲੀਆਂ ਘਰੇਲੂ ਜੰਗਾਂ, ਲੋਕਾਂ ਦੀ ਹਿਜ਼ਰਤ, ਖੂਨੀ ਰਾਜ ਪਲਟੇ, ਪੱਛਮੀ ਸੰਸਾਰ ਵਿੱਚ ਹੀ ਕਿਉਂ ਹੁੰਦੇ ਹਨ? ਚੌਥਾ ਬਿੰਦੂ ਹੈ, ਦੇਸ਼ਾਂ ਵਿਚਲੀਆਂ ਲੰਬੀਆਂ ਜੰਗਾਂ ਕੇਵਲ ਪੱਛਮੀ ਸੰਸਾਰ ਵਿੱਚ ਹੀ ਕਿਉਂ ਵਾਪਰਦੀਆਂ ਹਨ? ਪਰਚੇ ਵਿਚਲੀ ਖੋਜ਼ ਮੁਤਾਬਿਕ ਇਨ੍ਹਾਂ ਅਲਾਮਤਾਂ ਦਾ ਮੁੱਖ ਕਾਰਨ ਪੱਛਮੀ ਸੰਸਾਰ ਇੱਕ ਈਸ਼ਵਰਵਾਦ ਦੀ ਨਿਰਪੇਖ ਸੋਚ ਨਾਲ਼ ਵੱਝਿਆ ਹੈ। ਜਦੋਂ ਕਿ ਪੂਰਬੀ ਸੰਸਾਰ ਕੁਦਰਤ ਅਤੇ ਇਸ ਦੇ ਤੱਤਾਂ ਦੀ ਮਾਨਤਾ ਅਤੇ ਪੂਜਾ ਪੱਦਤੀ ਨਾਲ਼ ਜੁੜਿਆ ਹੈ। ਇੱਕ ਈਸ਼ਵਰਵਾਦੀ ਸੋਚ ਆਪਣਾ ਪਹਿਲਾ ਹਮਲਾ ਲੋਕਾਂ ਦੀ ਜੜ ਸੱਭਿਅਤਾ ਅਤੇ ਜੀਵੰਤ ਸੱਭਿਆਚਾਰਾਂ ਉੱਪਰ ਕਰਦੀ ਹੈ। ਪੱਛਮੀ ਸੰਸਾਰ ਦਾ ਆਪਣੀਆਂ ਜੜ ਸੱਭਿਅਤਾਵਾਂ ਅਤੇ ਸੱਭਿਆਚਾਰਾਂ ਤੋਂ ਟੁੱਟਣਾ ਹੀ ਇਨ੍ਹਾਂ ਅਲਾਮਤਾਂ ਨੂੰ ਜਨਮ ਦੇ ਰਿਹਾ ਹੈ, ਜਦੋਂ ਕਿ ਪੂਰਬੀ ਜਗਤ ਆਪਣੀਆਂ ਜੜ ਸੱਭਿਅਤਾਵਾਂ ਅਤੇ ਸੱਭਿਆਚਾਰਾਂ ਨਾਲ਼ ਪੂਰੀ ਤਰਾਂ ਜੁੜਿਆ ਹੋਇਆ ਹੈ। ਪਰਚੇ ਰਾਹੀਂ ਮੱਧਕਾਲ ਵਿੱਚ ਯੂਰੋਪ ਵਿੱਚ ਆਏ “ਪੁਨਰਜਾਗਰਣ” ਕਾਰਨ ਯੂਰੋਪ ਦੀ ਸਰਵ ਗੁਣ ਤਰੱਕੀ ਬਾਰੇ ਵਿਸਥਾਰ ਨਾਲ਼ ਚਾਨਣਾ ਪਾਇਆ ਗਿਆ।
ਪਰਚੇ ਉੱਪਰ ਗੰਭੀਰ ਚਰਚਾ ਦਾ ਆਰੰਭ ਸਾਹਿਤਕਾਰ ਨਿਹਾਲ ਸਿੰਘ ਨੇ ਕੀਤਾ। ਡਾ. ਭਗਵੰਤ ਸਿੰਘ ਨੇ ਜੋਰ ਦੇਕੇ ਕਿਹਾ, ਅੱਜ ਪੰਜਾਬ ਵਿੱਚ ਪੈਦਾ ਹੋਈਆਂ ਅਲਾਮਤਾਂ ਨੂੰ ਜੜ ਤੋਂ ਖ਼ਤਮ ਕਰਨ ਲਈ ਅਜਿਹੀਆਂ ਗੋਸ਼ਠੀਆਂ ਆਪਣੀ ਸਾਰਥਕ ਭੂਮਿਕਾ ਨਿਭਾ ਸਕਦੀਆਂ ਹਨ। ਪਵਨ ਹਰਚੰਦਪੁਰੀ ਨੇ ਪਰਚੇ ਦੇ ਕੇਂਦਰੀ ਬਿੰਦੂ ਨੂੰ ਸਹੀ ਠਹਿਰਾਉਂਦੇ ਹੋਏ, ਇਸ ਗੋਸ਼ਠੀ ਨੂੰ ਅਤੀ ਸਾਰਥਕ ਦੱਸਿਆ। ਡਾ. ਤੇਜਵੰਤ ਮਾਨ ਨੇ ਕਿਹਾ ਜੇਕਰ ਧਰਮ ਸਾਂਪੇਖਿਕ ਕਦਰਾਂ ਕੀਮਤਾਂ ਨਾਲ਼ ਜੁੜਿਆ ਹੋਵੇਗਾ ਤਾਂ ਉਹ ਲੋਕਾਂ ਦੇ ਹਿੱਤ ਵਿੱਚ ਹੋਵੇਗਾ। ਸਾਬਕਾ ਫੌਜੀ ਅਨੋਖ ਸਿੰਘ ਵਿਰਕ ਨੇ ਦੱਸਿਆ ਕਿ ਉਹ ਅਸਟ੍ਰੇਲੀਆ ਵਿੱਚ ਬਹੁਤ ਸਾਰੇ ਅਜਿਹੇ ਅੰਗ੍ਰੇਜਾਂ ਨੂੰ ਮਿਲਿਆ ਹੈ, ਜਿਹੜੇ ਆਪਣੇ ਆਪ ਨੂੰ ਨਾਸਤਿਕ ਦੱਸਦੇ ਹਨ, ਪਰ ਉਨ੍ਹਾਂ ਵਿੱਚ ਨੈਤਿਕਤਾ ਸਾਥੋਂ ਉੱਪਰ ਨਜ਼ਰ ਆਈ। ਗੋਸ਼ਠੀ ਵਿੱਚ ਰਣਜੀਤ ਅਜਾਦ ਕਾਂਝਲਾ, ਸੁਰਿੰਦਰ ਨਾਗਰਾ, ਗੁਲਜਾਰ ਸਿੰਘ ਸ਼ੌਂਕੀ, ਸੰਤ ਸਿੰਘ, ਰਾਕੇਸ਼ ਸ਼ਰਮਾ, ਐਡਵੋਕੇਟ ਜਗਦੀਪ ਸਿੰਘ ਗੰਧਾਰਾ, ਅਮਰਜੀਤ ਸਿੰਘ, ਜੋਰਾ ਸਿੰਘ ਮੰਡੇਰ ਅਤੇ ਮਾਸਟਰ ਪ੍ਰੇਮ ਚੰਦ ਨੇ ਭਾਗ ਲਿਆ। ਡਾ. ਭਗਵੰਤ ਸਿੰਘ ਨੇ ਦੱਸਿਆ, ਲਿਟਰੇਚਰ ਫੈਸਟੀਵਲ ਦਾ ਆਯੋਜਨ ਹਰੇਕ ਸਾਲ ਫਰਵਰੀ ਮਹੀਨੇ ਵਿੱਚ ਇਸੇ ਵਿੱਦਿਅਕ ਅਦਾਰੇ ਵਿੱਚ ਕੀਤਾ ਜਾਇਆ ਕਰੇਗਾ। ਮੰਚ ਸੰਚਾਲਨ ਦੀ ਭੂਮਿਕਾ ਗੁਰਨਾਮ ਸਿੰਘ ਕਾਨੂੰਗੋ ਨੇ ਬਾ-ਖੂਬੀ ਨਿਭਾਈ।