Articles

ਡੀਪਸੀਕ ਨੇ ਅਮਰੀਕਾ ਦੀਆਂ ਸਾਫਟਵੇਅਰ ਕੰਪਨੀਆਂ ਦੇ ਸ਼ੇਅਰ ਮੂਧੇ ਮੂੰਹ ਸੁੱੱਟ ਦਿੱਤੇ !

ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਚੀਨੀ ਆਰਟੀਫੀਸ਼ਲ ਇੰਨਟੈਲੀਜੈਂਸ (ਏ.ਆਈ.) ਐਪ ਡੀਪਸੀਕ ਨੇ ਦੁਨੀਆਂ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕੀ ਟੈੱਕ ਕੰਪਨੀਆਂ ਦੇ ਸ਼ੇਅਰਾਂ ਨੂੰ ਅਜਿਹਾ ਧੱਕਾ ਲੱਗਾ ਜੋ ਉਨ੍ਹਾਂ ਨੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਰਾਸ਼ਟਰਪਤੀ ਟਰੰਪ ਨੂੰ ਇਸ ਬਾਰੇ ਇੱਕ ਬਿਆਨ ਜਾਰੀ ਕਰਨਾ ਪਿਆ ਹੈ। 20 ਜਨਵਰੀ 2025 ਨੂੰ ਇਸ ਚੀਨੀ ਕੰਪਨੀ ਨੇ ਆਪਣਾ ਚੈਟਬੋਟ ਲਾਂਚ ਕੀਤਾ ਹੈ ਜਿਸ ਦਾ ਨਾਮ ਡੀਪਸੀਕ ਆਰ ਵੰਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਨੇ ਆਪਣਾ ਰਿਸਰਚ ਪੇਪਰ ਜਾਰੀ ਕੀਤਾ ਹੈ ਜਿਸ ਅਨੁਸਾਰ ਇਹ ਮੈਥ, ਸਾਇੰਸ ਅਤੇ ਹੋਰ ਵਿਸ਼ਿਆਂ ਵਿੱਚ ਦੁਨੀਆਂ ਦੀਆਂ ਸਾਰੀਆਂ ਏ.ਆਈ. ਨਾਲੋ ਬੇਹਤਰ ਹੈ। ਇਸ ਨੇ ਉਪਨਏਆਈ ਦੇ ਚੈਟਜੀਪੀਟੀ 01 ਮਾਡਲ, ਮੈਟਾ ਦੇ ਲਾਮਾ ਅਤੇ ਗੂਗਲ ਦੇ ਜੈਮੀਨੀ ਐਡਵਾਂਸਡ ਨੂੰ ਇੱਕ ਝਟਕੇ ਵਿੱਚ ਹੀ ਕਿਤੇ ਪਿੱਛੇ ਛੱਡ ਦਿੱਤਾ ਹੈ। ਡੀਪਸੀਕ ਨੂੰ ਬਣਾਉਣ ਲਈ ਇਨ੍ਹਾਂ ਸਾਰਿਆਂ ਨਾਲੋਂ ਘੱਟ ਸਮਾਂ ਅਤੇ ਬਹੁਤ ਹੀ ਘੱਟ ਲਾਗਤ ਲੱਗੀ ਹੈ ਤੇ ਇਸ ਨੂੰ ਇਸਤੇਮਾਲ ਕਰਨਾ ਬਿਲਕੁਲ ਮੁਫਤ ਹੈ ਜਦ ਕਿ ਉਪਨਏਆਈ ਗਾਹਕਾਂ ਕੋੋਲੋਂ ਹਰ ਮਹੀਨੇ 200 ਅਮਰੀਕਨ ਡਾਲਰ ਵਸੂਲਦਾ ਹੈ।

ਇਸ ਤੋਂ ਇਲਾਵਾ ਡੀਪਸੀਕ ਨੂੰ ਤਿਆਰ ਕਰਨ ਵਾਸਤੇ ਸਿਰਫ 56 ਲੱਖ ਡਾਲਰ ਖਰਚ ਹੋਏ ਹਨ। ਇਹ ਰਕਮ ਸਾਨੂੰ ਬਹੁਤ ਵੱਡੀ ਲੱਗ ਰਹੀ ਹੈ ਪਰ ਜੇ ਅਮਰੀਕਨ ਏ.ਆਈ. ਕੰਪਨੀਆਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਇਹ ਕੁਝ ਵੀ ਨਹੀਂ ਹੈ ਕਿਉਂਕਿ ਅਮਰੀਕੀ ਕੰਪਨੀਆਂ ਇਸ ਕੰਮ ਵਾਸਤੇ ਕਰੋੜਾਂ ਡਾਲਰ ਖਰਚ ਕਰ ਰਹੀਆਂ ਹਨ। ਗੂਗਲ ਨੇ ਜੈਮੀਨੀ ਨੂੰ ਤਿਆਰ ਕਰਨ ਲਈ ਵਾਸਤੇ ਇੱਕ ਅਰਬ ਡਾਲਰ ਅਤੇ ਉਪਨਏਆਈ ਨੇ ਚੈਟਜੀਪੀਟੀ 01 ਲਈ 3 ਅਰਬ ਡਾਲਰ ਖਰਚ ਕੀਤਾ ਹੈ। ਵਰਨਣ ਯੋਗ ਹੈ ਕਿ ਜਦੋਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਉਪਨਏਆਈ ਦੇ ਮਾਲਕ ਸੈਮ ਆਲਟਮੈਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਵਰਗੇ ਚੈਟਬੋਟ ਨੂੰ ਭਾਰਤ ਵੀ ਬਣਾ ਸਕਦਾ ਹੈ ਤਾਂ ਉਸ ਨੇ ਹੰਕਾਰ ਭਰਿਆ ਜਵਾਬ ਦਿੱਤਾ ਕਿ ਇਸ ਤਰਾਂ ਦਾ ਚੈਟਬੋਟ ਕੋਈ ਵੀ ਨਹੀਂ ਬਣਾ ਸਕਦਾ, ਇਹ ਅਸੰਭਵ ਹੈ। ਪਰ ਅੱਜ ਸੈਮ ਆਲਟਮੈਨ ਖੁਦ ਨੂੰ ਕੋਸ ਰਿਹਾ ਹੋਵੇਗਾ ਕਿਉਂਕਿ ਉਸ ਦੇ ਬਿਆਨ ਤੋਂ ਦੋ ਹਫਤੇ ਬਾਅਦ ਹੀ ਡੀਪਸੀਕ ਐਪਲ ਸਟੋਰ ਅਤੇ ਗੂਗਲ ਪਲੇ ‘ਤੇ ਦੁਨੀਆਂ ਦਾ ਸਭ ਤੋਂ ਵੱਧ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਹੈ।

27 ਜਨਵਰੀ ਤੱਕ ਅਮਰੀਕਾ ਦੀ ਸ਼ੇਅਰ ਮਾਰਕੀਟਾਂ ਵਿੱਚ ਤਹਿਲਕਾ ਮੱਚ ਗਿਆ ਸੀ। ਟੈੱਕ ਕੰਪਨੀਆਂ ਦੇ ਸ਼ੇਅਰ ਅਸਮਾਨ ਤੋਂ ਧਰਤੀ ‘ਤੇ ਆਣ ਡਿੱਗੇ ਸਨ ਜਿਸ ਕਾਰਨ ਨਿਵੇਸ਼ਕਾਂ ਨੂੰ 100 ਅਰਬ ਡਾਲਰ ਦੇ ਕਰੀਬ ਘਾਟਾ ਪਿਆ ਹੈ। ਕਈ ਛੋਟੀਆਂ ਮੋਟੀਆਂ ਟੈੱਕ ਕੰਪਨੀਆਂ ਤਾਂ ਦੀਵਾਲੀਆਂ ਹੋ ਗਈਆ ਹਨ। ਡੀਪਸੀਕ ਦੇ ਆਉਣ ਤੋਂ ਪਹਿਲਾਂ ਦੁਨੀਆਂ ਦੀ ਸਭ ਤੋਂ ਅਮੀਰ ਟੈੱਕ ਕੰਪਨੀ ਅਮਰੀਕਾ ਦੀ ਨਵੀਡੀਆ ਸੀ ਜਿਸ ਦੀ ਮਾਰਕੀਟ ਵੈਲੀਊ 3500 ਅਰਬ ਡਾਲਰ ਸੀ। ਨਵੀਡੀਆ ਆਮ ਚਿੱਪ ਤੋਂ ਇਲਾਵਾ ਏ.ਆਈ. ਨੂੰ ਟਰੇਨਿੰਗ ਦੇਣ ਅਤੇ ਸੰਚਾਲਣ ਕਰਨ ਵਾਲੇ ਕੰਪਿਊਟਰਾਂ ਵਾਸਤੇ ਚਿੱਪ ਬਣਾਉਣ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਹੈ। ਪਰ ਇੱਕ ਹੀ ਦਿਨ ਵਿੱਚ 17% ਸ਼ੇਅਰ ਡਿੱਗ ਪੈਣ ਕਾਰਨ ਇਸ ਦੀ ਵੈਲੀਊ 2900 ਅਰਬ ਡਾਲਰ ਰਹਿ ਗਈ ਸੀ ਜੋ ਅੱਜ ਤੱਕ ਦਾ ਕਿਸੇ ਟੈੱਕ ਕੰਪਨੀ ਨੂੰ ਪਿਆ ਸਭ ਤੋਂ ਵੱਡਾ ਘਾਟਾ ਹੈ। ਅਮਰੀਕਾ ਦੀ ਸ਼ੇਅਰ ਮਾਰਕੀਟ ਵਿੱਚ ਕੁੱਲ 3.1% ਦੀ ਗਿਰਾਵਟ ਦਰਜ਼ ਕੀਤੀ ਗਈ ਹੈ।

ਅਮਰੀਕਾ ਸਮੇਤ ਸਾਰੀ ਦੁਨੀਆਂ ਵਿੱਚ ਤਰਥੱਲੀ ਮਚਾਉਣ ਵਾਲੀ ਇਸ ਡੀਪਸੀਕ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਡੀਪਸੀਕ ਨੂੰ ਬਣਾਉਣ ਵਾਲਾ ਚੀਨੀ ਉੱਦਮੀ ਲਿਆਨ ਵਿੰਗਫੌਂਗ ਹੈ ਜਿਸ ਦੀ ਉਮਰ ਸਿਰਫ 40 ਸਾਲ ਹੈ। ਚਕਾਚੌਂਧ ਤੋਂ ਦੂਰ ਰਹਿਣ ਵਾਲੇ ਵਿੰਗਫੌਂਗ ਨੂੰ 20 ਜਨਵਰੀ ਤੋਂ ਪਹਿਲਾਂ ਕੋਈ ਨਹੀਂ ਸੀ ਜਾਣਦਾ। ਅੱਜ ਵੀ ਇਸ ਦੇ ਪਰਿਵਾਰ ਜਾਂ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਇੰਟਰਨੈੱਟ ‘ਤੇ ਉਪਲਭਦ ਨਹੀਂ ਹੈ। ਇਸ ਨੇ 2015 ਵਿੱਚ ਹਾਈ ਫਲਾਈਰ ਨਾਮ ਦੇ ਇੱਕ ਹੈੱਜ ਫੰਡ ਦੀ ਸਥਾਪਨਾ ਕੀਤੀ ਸੀ ਜੋ ਬਜ਼ਾਰ ਤੋਂ ਪੂੰਜੀ ਹਾਸਲ ਕਰਨ ਅਤੇ ਨਿਵੇਸ਼ ਕਰਨ ਲਈ ਮੈਥ ਅਤੇ ਏ.ਆਈ. ਦਾ ਪ੍ਰਯੋਗ ਕਰਦਾ ਸੀ। 2019 ਵਿੱਚ ਇਸ ਨੇ ਏ.ਆਈ. ਸਬੰਧੀ ਸ਼ੋਧ ਕਰਨ ਲਈ ਹਾਈ ਫਲਾਈਰ ਏ.ਆਈ. ਦੀ ਸਥਾਪਨਾ ਕੀਤੀ ਤੇ ਮਈ 2023 ਵਿੱਚ ਇਸ ਨੇ ਆਪਣੇ ਹੈੱਜ ਫੰਡ ਦੀ ਵਰਤੋਂ ਡੀਪਸੀਕ ਨੂੰ ਵਿਕਸਿਤ ਕਰਨ ਵਾਸਤੇ ਕਰਨੀ ਸ਼ੁਰੂ ਕਰ ਦਿੱਤੀ। ਵਿੰਗਫੌਂਗ ਦਾ ਕਹਿਣਾ ਹੈ ਕਿ ਉਹ ਅਜਿਹਾ ਏ.ਆਈ. ਮਾਡਲ ਬਣਾਉਣਾ ਚਾਹੁੰਦਾ ਸੀ ਜੋ ਦੁਨੀਆਂ ਦੇ ਸਾਰੇ ਏ.ਆਈ. ਮਾਡਲਾਂ ਤੋਂ ਉੱਚਤਮ ਹੋਵੇ।

ਜਦੋਂ ਇਸ ਨੇ ਡੀਪਸੀਕ ਬਣਾਉਣ ਲਈ ਟੀਮ ਦੇ ਗਠਨ ਦਾ ਕੰਮ ਸ਼ੁਰੂ ਕੀਤਾ ਤਾਂ ਇਸ ਨੇ ਇੰਜੀਨੀਅਰਾਂ ਦੀ ਬਜਾਏ ਚੀਨ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਇਸ ਖੇਤਰ ਵਿੱਚ ਪੀ ਐਚ ਡੀ ਕਰਨ ਵਾਲੇ ਚੋਟੀ ਦੇ ਵਿਦਿਆਰਥੀ ਭਰਤੀ ਕੀਤੇ। ਡੀਪਸੀਕ ਨੂੰ ਟਰੇਨਿੰਗ ਦੇਣ ਵਾਸਤੇ ਦੁਨੀਆਂ ਦੇ ਸਭ ਤੋਂ ਔਖੇ ਸਵਾਲ ਫੀਡ ਕੀਤੇ ਗਏ ਤੇ ਦੋ ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਹੀ ਕੁਝ ਲੱਖ ਡਾਲਰਾਂ ਦੇ ਖਰਚੇ ਨਾਲ ਡੀਪਸੀਕ ਆਰ ਵੰਨ ਮਾਡਲ ਨੂੰ ਦੁਨੀਆਂ ਸਾਹਮਣੇ ਲਾਂਚ ਕਰ ਦਿੱਤਾ ਗਿਆ। ਇਸ ਨੂੰ ਤਿਆਰ ਕਰਨ ਲਈ ਸਿਰਫ 200 ਕਰਮਚਾਰੀਆਂ ਨੇ ਕੰਮ ਕੀਤਾ ਜਿੰਨ੍ਹਾਂ ਵਿੱਚੋਂ 95% 30 ਸਾਲ ਤੋਂ ਘੱਟ ਉਮਰ ਦੇ ਸਨ। ਇਸ ਦੀ ਤੁਲਨਾ ਵਿੱਚ ਉਪਨਏਆਈ ਕੰਪਨੀ ਨੇ 3500 ਕਰਮਚਾਰੀਆਂ ਦੀ ਮਦਦ ਲਈ ਸੀ। ਡੀਪਸੀਕ ਚੀਨ ਦੀ ਇਕਲੌਤੀ ਅਜਿਹੀ ਏ.ਆਈ. ਕੰਪਨੀ ਹੈ ਜਿਸ ਨੇ ਬਾਇਡੂ, ਅਲੀਬਾਬਾ ਅਤੇ ਬਾਈਟਡਾਂਸ ਵਰਗੀਆਂ ਖਰਬਪਤੀ ਚੀਨੀ ਇਨਵੈਸਮੈਂਟ ਕੰਪਨੀਆਂ ਕੋਲੋਂ ਇੱਕ ਪੈਸਾ ਵੀ ਉਧਾਰ ਨਹੀਂ ਲਿਆ।

ਇਸ ਦੀ ਸੰਰਚਨਾ ਅਤੇ ਇਸਤੇਮਾਲ ਵੀ ਬਹੁਤ ਹੀ ਸੁਖਾਲਾ ਹੈ। ਡੀਪਸੀਕ ਵੀ ਉਪਨਏਆਈ ਦੇ ਚੈਟਜੀਪੀਟੀ ਉ ਵੰਨ ਮਾਡਲ ਵਾਂਗ ਇੱਕ ਚੇਨ ਆਫ ਥੌਟ ਮਾਡਲ ਹੈ। ਮਤਲਬ ਇਹ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਕਾਊਂਟਰ ਸਵਾਲ ਕਰਦਾ ਹੈ ਕਿ ਸਵਾਲ ਦਾ ਸਭ ਤੋਂ ਸਹੀ ਅਤੇ ਵਧੀਆ ਜਵਾਬ ਕੀ ਹੋ ਸਕਦਾ ਹੈ? ਇਹ ਹਰ ਸਵਾਲ ਨੂੰ ਕਈ ਤਰੀਕਆਂ ਨਾਲ ਜਾਂਚਦਾ ਪਰਖਦਾ ਹੈ ਤੇ ਫਿਰ ਜਵਾਬ ਦੇਂਦਾ ਹੈ। ਮਤਲਬ ਇਹ ਫੀਡ ਕੀਤੇ ਹੋਏ ਜਵਾਬ ਨਹੀਂ ਦੇਂਦਾ ਬਲਕਿ ਖੁਦ ਵੀ ਸੋਚ ਸਕਦਾ ਹੈ। ਚੇਨ ਆਫ ਥੌਟ ਅਸਲ ਵਿੱਚ ਇਨਸਾਨੀ ਦਿਮਾਗ ਦੇ ਸੋਚਣ ਦੀ ਨਕਲ ਹੈ। ਇਹ ਪੁਰਾਣੀਆਂ ਏ.ਆਈ. ਨਾਲੋਂ ਬਹੁਤ ਬੇਹਤਰ ਮਾਡਲ ਹੈ ਤੇ ਇਸ ਨੂੰ ਏ.ਆਈ ਦਾ ਭਵਿੱਖ ਕਿਹਾ ਜਾ ਰਿਹਾ ਹੈ। ਡੀਪਸੀਕ ਦੀ ਇੱਕ ਹੋਰ ਨਵੀਂ ਗੱਲ ਇਹ ਹੈ ਕਿ ਇਹ ਆਪਣੇ ਸਕਰੀਨ ‘ਤੇ ਇਹ ਵੀ ਵਿਖਾਉਂਦਾ ਹੈ ਕਿ ਉਹ ਜਵਾਬ ਦੇਣ ਤੋਂ ਪਹਿਲਾਂ ਕੀ ਸੋਚ ਰਿਹਾ ਹੈ।

ਪਰ ਡੀਪਸੀਕ ਦੇ ਲਾਂਚ ਹੋਣ ਤੋਂ ਬਾਅਦ ਇਸ ਦਾ ਇੱਕ ਮਾੜਾ ਪੱਖ ਵੀ ਸਾਹਮਣੇ ਆਇਆ ਹੈ। ਇਹ ਚੀਨੀ ਸਰਕਾਰ ਵੱਲੋਂ ਥੋਪੀ ਗਈ ਸੈਂਸਰਸ਼ਿੱਪ ਅਧੀਨ ਕੰਮ ਕਰਦਾ ਹੈ। ਚੀਨੀ ਸਿਆਸੀ ਸਿਸਟਮ ਬਾਰੇ ਜੇ ਇਸ ਨੂੰ ਕੋਈ ਚੁਭਵਾਂ ਸਵਾਲ ਪੁੱਛਿਆ ਜਾਵੇ ਜਿਵੇਂ ਕਿ ਸੰਨ 1989 ਵਿੱਚ ਤਿਆਨਮੈੱਨ ਚੌਂਕ ਵਿੱਚ ਚੀਨੀ ਫੌਜ ਦੇ ਹਮਲੇ ਵਿੱਚ ਕਿੰਨੇ ਵਿਦਿਆਰਥੀ ਮਾਰੇ ਗਏ ਸਨ, ਚੀਨੀ ਰਾਸ਼ਟਰਪਤੀ ਜਿੰਨਪਿੰਗ ਦੇ ਸਭ ਤੋਂ ਵੱਡੇ ਆਲੋਚਕ ਕੌਣ ਹਨ, ਕੀ ਤਾਇਵਾਨ ਇੱਕ ਅਜ਼ਾਦ ਦੇਸ਼ ਹੈ ਅਤੇ ਚੀਨ ਦੀ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਆਲੋਚਨਾ ਕਿਉਂ ਹੁੰਦੀ ਹੈ ਆਦਿ ਬਾਰੇ ਡੀਪਸੀਕ ਦਾ ਇਕ ਹੀ ਜਵਾਬ ਆਉਂਦਾ ਹੈ, ਸੌਰੀ, ਮੈਂ ਫਿਲਹਾਲ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਇਸ ਦੀ ਬਜਾਏ ਮੈਥ, ਤਕਨੀਕ ਅਤੇ ਹੋਰ ਮੁਸ਼ਕਿਲਾਂ ਬਾਰੇ ਗੱਲ ਕਰਦੇ ਹਾਂ। ਪਰ ਜੇ ਇਸ ਨੂੰ ਮੋਦੀ, ਟਰੰਪ ਅਤੇ ਪੂਤਿਨ ਆਦਿ ਬਾਰੇ ਸਵਾਲ ਪੁੱਛੇ ਜਾਣ ਤਾਂ ਇਹ ਬਹੁਤ ਵਿਸਥਾਰ ਨਾਲ ਜਵਾਬ ਦੇਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਚੀਨ ਵਿੱਚ ਜਿੰਨੇ ਵੀ ਏ.ਆਈ. ਮਾਡਲ ਬਣਦੇ ਹਨ, ਉਨ੍ਹਾਂ ਕੋਲੋਂ ਚੀਨੀ ਸਰਕਾਰੀ ਸੰਸਥਾ ਸਾਈਬਰਸਪੇਸ ਐਡਮਿਨਿਸਟਰੇਸ਼ਨ ਆਫ ਚਾਈਨਾ ਵੱਲੋਂ ਕਰੀਬ 70000 ਸਵਾਲ ਇੱਕ ਟੈਸਟ ਵਜੋਂ ਇਹ ਜਾਨਣ ਵਾਸਤੇ ਪੁੱਛੇ ਜਾਂਦੇ ਹਨ ਕਿ ਕਿਤੇ ਉਹ ਚੀਨੀ ਰਾਜਨੀਤਕ ਸਿਸਟਮ ਬਾਰੇ ਕੋਈ ਨੈਗੇਟਿਵ ਜਵਾਬ ਤਾਂ ਨਹੀਂ ਦੇ ਰਿਹਾ? ਇਸ ਕਾਰਨ ਚੀਨ ਵਿੱਚ ਬਣਿਆ ਕੋਈ ਵੀ ਏ.ਆਈ. ਮਾਡਲ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ।
ਪਰ ਡੀਪਸੀਕ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਸੈਂਸਰਸ਼ਿੱਪ ਦਾ ਤੋੜ ਵੀ ਨਾਲ ਹੀ ਦੇ ਦਿੱਤਾ ਹੈ। ਇਹ ਇੱਕ ਉਪਨ ਸੋਰਸ ਸਾਫਟਵੇਅਰ ਹੈ ਜਿਸ ਕਾਰਨ ਕੋਈ ਵੀ ਟੈਕਨੀਕਲ ਵਿਅਕਤੀ ਇਸ ਦਾ ਕੋਡ ਬਦਲ ਕੇ ਸੈਂਸਰਸ਼ਿੱਪ ਨੂੰ ਬਾਈਪਾਸ ਕਰ ਸਕਦਾ ਹੈ ਤੇ ਆਪਣੇ ਆਪਣੇ ਮਨ ਮੁਤਾਬਕ ਸਵਾਲ ਪੁੱਛ ਸਕਦਾ ਹੈ। ਪਰਿਪੈਕਸਫਲਾਈ ਅਤੇ ਮਾਈਕਰੋਸਾਫਟ ਵਰਗੀਆਂ ਅਮਰੀਕੀ ਕੰਪਨੀਆਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੀਪਸੀਕ ਦਾ ਬਗੈਰ ਸੈਂਸਰਸ਼ਿੱਪ ਵਾਲਾ ਮਾਡਲ ਬਜ਼ਾਰ ਵਿੱਚ ਪੇਸ਼ ਕਰ ਦਿੱਤਾ ਹੈ। ਅਸਲ ਵਿੱਚ ਇਨਸਾਨ ਦੇ ਦਿਮਾਗ ਦੀ ਅੱਜ ਤੱਕ ਕੋਈ ਵੀ ਥਾਹ ਨਹੀਂ ਪਾ ਸਕਿਆ। ਅੱਜ ਡੀਪਸੀਕ ਦੁਨੀਆਂ ਵਿੱਚ ਤਰਥੱਲੀ ਮਚਾ ਰਹੀ ਹੈ ਪਰ ਹੋ ਸਕਦਾ ਹੈ ਕੱਲ੍ਹ ਨੂੰ ਕੋਈ ਕੰਪਨੀ ਇਸ ਤੋਂ ਵੀ ਉੱਤਮ ਮਾਡਲ ਬਜ਼ਾਰ ਵਿੱਚ ਪੇਸ਼ ਕਰ ਦੇਵੇ।

Related posts

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ ?

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin