Articles

ਮਾਂ ਬੋਲੀ ਸਾਡੇ ਵਜੂਦ ਦਾ ਅਤੇ ਸਾਡੀ ਸਖਸ਼ੀਅਤ ਦਾ ਇਕ ਅਟੁੱਟ ਅੰਗ ਹੁੰਦੀ ਹੈ !

“ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ ।
ਲੇਖਕ: ਸੇਵਾਮੁਕਤ ਪ੍ਰਿੰਸੀਪਲ, ਐਜੂਕੇਸ਼ਨਲ ਕਾਲਮਨਿਸਟ, ਮਲੋਟ।

ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿੱਖਦਾ ਹੈ ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ। ਮਾਤ ਭਾਸ਼ਾ ਦਾ ਜਨਮ ਮਾਂ ਦੇ ਦੁੱਧ, ਮਾਂ ਦੀ ਲੋਰੀ ਤੇ ਨਵਜੰਮੇ ਬੱਚੇ ਦੇ ਕੰਨਾਂ ਵਿਚ ਪਏ ਮਾਂ ਦੇ ਪਹਿਲੇ ਬੋਲਾਂ ਨਾਲ ਹੁੰਦਾ ਹੈ । ਇਹ ਮਾਂ ਦੇ ਦੁੱਧ ਵਰਗੀ ਅੰਮ੍ਰਿਤ ਅਤੇ ਮਮਤਾ ਵਰਗੀ ਮਿੱਠੀ ਹੁੰਦੀ ਹੈ । ਗੁੜਤੀ ਵਜੋਂ ਮਿਲਣ ਵਾਲੀ ਇਹ ਬੋਲੀ ਸਾਡੇ ਵਜੂਦ ਅਤੇ ਸਖਸ਼ੀਅਤ ਦਾ ਸਿਰਫ ਅਟੁੱਟ ਅੰਗ ਹੀ ਨਹੀਂ ਹੁੰਦੀ, ਸਗੋਂ ਸਾਡੀ ਸਮੁੱਚੀ ਹੋਂਦ ਵੀ ਇਸੇ ਉੱਪਰ ਨਿਰਭਰ ਹੁੰਦੀ ਹੈ । ਮਾਂ ਬੋਲੀ ਹੀ ਇਕ ਅਜਿਹਾ ਜ਼ਰੀਆ ਹੈ, ਜੋ ਸਭਨਾਂ ਨੂੰ ਸਾਂਝੇ ਸੂਤਰ ਵਿਚ ਪਰੋਂਦਾ ਹੈ ਤੇ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਂਦਾ ਹੈ । ਇਹ ਇਕ ਮਨੋਂਵਿਗਿਆਨਕ ਸੱਚਾਈ ਹੈ ਕਿ ਮਾਂ ਬੋਲੀ ਵਿਚ ਸਿੱਖਿਆ ਲੈਣ ਵਾਲਾ ਬੱਚਾ ਵੱਧ ਤੋਂ ਵੱਧ ਅਕਲ ਵਾਲਾ ਹੁੰਦਾ ਹੈ ਤੇ ਇਹ ਵੀ ਕੌੜਾ ਸੱਚ ਹੈ ਕਿ ਕੋਈ ਵਿਅਕਤੀ ਆਪਣੇ ਵਿਚਾਰ ਬੇਸ਼ੱਕ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਪ੍ਰਗਟਾਉਣ ਦੇ ਸਮਰੱਥ ਹੋ ਸਕਦਾ ਹੈ, ਲੇਕਿਨ ਆਪਣੇ ਦਿਲੀ ਜਜਬਾਤ, ਭਾਵਨਾਵਾਂ ਅਤੇ ਵਲਵਲਿਆਂ ਦੀ ਸਹੀ ਤਰਜ਼ਮਾਨੀ ਸਿਰਫ ਤੇ ਸਿਰਫ ਆਪਣੀ ਮਾਂ ਬੋਲੀ ਵਿਚ ਹੀ ਸਹੀ ਤਰਾਂ ਨਾਲ ਕਰ ਸਕਦਾ ਹੈ ।

ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇ ਤਰ੍ਹਾਂ ਸੰਸਾਰ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦਾ ਸਥਾਨ ਨਹੀਂ ਦੇ ਸਕਦੇ। ਹੋਰ ਇਸਤਰੀ ਦਾਦੀ, ਨਾਨੀ, ਚਾਚੀ, ਤਾਈ, ਭੂਆ, ਮਾਸੀ, ਆਂਟੀ ਆਦਿ ਤਾਂ ਹੋ ਸਕਦੀ ਹੈ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ। ਹੋਰ ਕੋਈ ਔਰਤ ਆਪਣੀ ਮਾਂ ਨਾਲੋਂ ਸੁਹਣੀ ਹੋਵੇ, ਅਮੀਰ ਹੋਵੇ, ਪੜ੍ਹੀ-ਲਿਖੀ ਹੋਵੇ, ਪਰ ਕਦੇ ਮਾਂ ਨਹੀਂ ਬਣ ਸਕਦੀ। ਮਾਂ, ਮਾਂ ਹੀ ਹੁੰਦੀ ਹੈ। ਕੋਈ ਆਪਣੀ ਮਾਂ ਨੂੰ ਘਰੋਂ ਕੱਢਕੇ ਉਸ ਇਸਤਰੀ ਨੂੰ ਮਾਂ ਦੀ ਥਾਂ ‘ਤੇ ਨਹੀਂ ਬਿਠਾ ਲੈਂਦਾ ਕਿਉਂਕਿ ਮਾਂ ਦੀ ਮਮਤਾ ਤੇ ਪਿਆਰ ਦਾ ਨਿੱਘ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ। ਆਪਣੀ ਮਾਂ ਆਪਣੀ ਹੀ ਹੁੰਦੀ ਹੈ। ਇਕ ਪਾਕਿਸਤਾਨੀ ਸ਼ਾਇਰ ਆਪਣੇ ਹੀ ਅੰਦਾਜ਼ ਵਿਚ ਮਾਤ-ਭਾਸ਼ਾ ਬਾਰੇ ਬਿਆਨ ਕਰਦਿਆਂ ਹੋਇਆ ਆਖਦਾ ਹੈ ਕਿ “ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ ।”
ਦੂਜੇ ਸ਼ਬਦਾਂ ਵਿਚ ਦਿਲ ਦੇ ਭਾਵਾਂ ਦੀ ਸਹੀ ਤਰਜਮਾਨੀ ਕਰਨ ਦੀ ਜਾਂਚ ਸਿਰਫ ਮਾਤ ਭਾਸ਼ਾ ਦੀ ਸਮਝ ਨਾਲ ਹੀ ਆਉਂਦੀ ਹੈ ਤੇ ਇਸੇ ਰਾਹੀਂ ਹੀ ਕੋਈ ਵਿਅਕਤੀ ਆਪਣੇ ਸਮਾਜਿਕ ਸਿਸਟਮ ਵਿਚੋਂ ਵਿਚਰਦਾ ਹੋਇਆ, ਉਸ ਨੂੰ ਚੰਗੀ ਤਰਾਂ ਸਮਝਣ ਦੇ ਸਮਰੱਥ ਹੁੰਦਾ ਹੈ ਤੇ ਪਰਵਾਨ ਚੜ੍ਹਦਾ ਹੈ । ਸ਼ਾਇਦ ਇਸੇ ਕਾਰਨ ਹੀ ਕਿਹਾ ਜਾਂਦਾ ਹੈ ਕਿ ਮਾਂ ਬੋਲੀ ਕਿਸੇ ਕੌਮ ਦੇ ਭਾਵੁਕ, ਬੌਧਿਕ ਅਤੇ ਸੱਭਿਆਚਾਰਕ ਪੱਖਾਂ ਦੀ ਪਹਿਚਾਣ ਦਾ ਸਹੀ ਪੈਮਾਨਾ ਹੁੰਦੀ ਹੈ । ਮੇਰਾ ਇਕ ਦੋਸਤ ਇਸ ਨੁਕਤੇ ਨੂੰ ਆਪਣੇ ਹੀ ਅੰਦਾਜ਼ ਵਿਚ ਬੜੇ ਵਧੀਆ ਢੰਗ ਨਾਲ ਇਸ ਤਰਾਂ ਕਹਿੰਦਾ ਹੈ ਕਿ “ਵਿਚਾਰ ਤਾਂ ਅਸੀਂ ਕਿਸੇ ਵੀ ਸਿੱਖੀ ਹੋਈ ਭਾਸ਼ਾ ਵਿਚ ਪ੍ਰਗਟਾ ਸਕਦੇ ਹਾਂ, ਪਰ ਹੱਸਣਾ ਅਤੇ ਰੋਣਾ ਸਿਰਫ ਤੇ ਸਿਰਫ ਮਾਤ ਭਾਸ਼ਾ ਵਿਚ ਹੀ ਸੰਭਵ ਹੁੰਦਾ ਹੈ ।” ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ। ਮਾਂ ਸਾਨੂੰ ਜਨਮ ਦਿੰਦੀ ਹੈ, ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ ਹੈ ਮਾ-ਬੋਲੀ, ਜੋ ਅਸੀ ਅਪਣੀ ਮਾਂ ਤੋਂ ਬੋਲਣਾ ਸਿਖਦੇ ਹਾਂ। ਮਾਂ-ਬੋਲੀ ਸਾਡੇ ਵਜੂਦ ਦਾ, ਸਾਡੀ ਸਖਸੀਅਤ ਦਾ ਇਕ ਅਟੁੱਟ ਅੰਗ ਹੁੰਦੀ ਹੈ।
ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਡਾ. ਤ੍ਰਿਲੋਕ ਸਿੰਘ ਅਨੰਦ ਨੇ ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ’ ਵਿਸ਼ੇ ਤੇ ਬੋਲਦਿਆਂ ਕਿਹਾ, ‘‘ਅਸਲ ਵਿੱਚ ਮਾਤ-ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸ ਦੀ ਹੋਂਦ ਅਤੇ ਉਸ ਦੇ ਜੀਉਂਦੇ ਰਹਿਣ ਦੀ ਗਵਾਹੀ ਹੈ। ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ, ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਹੈ ਅਤੇ ਇਹੋ ਮਾਤ ਭਾਸ਼ਾ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿਚਰਦੀ ਹੈ ਅਤੇ ਮਨੁੱਖ ਮਾਤ ਭਾਸ਼ਾ ਵਿੱਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਹਾਰਦਿਕ ਵਲਵਲਿਆਂ ਜ਼ਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਹੈ।’’
ਧਰਮ ਤਾਂ ਕਿਸੇ ਦਾ ਨਿੱਜੀ ਵਿਅਕਤੀਗਤ ਵਿਸ਼ਵਾਸ਼ ਹੈ, ਪਰ ਮਾਂ-ਬੋਲੀ ਤਾਂ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿਚ ਜੋੜਦੀ ਹੈ, ਉਨ੍ਹਾਂ ਦੀ ਸਾਂਝ ਬਣਦੀ ਹੈ, ਪਛਾਣ ਬਣਦੀ ਹੈ, ਉਨ੍ਹਾ ਦੀ ਕੌਮੀਅਤ ਬਣਦੀ ਹੈ। ਧਰਮ ਬਦਲਿਆ ਜਾ ਸਕਦਾ ਹੈ,ਪਰ ਮਾਂ-ਬੋਲੀ ਨਹੀਂ। ਇਕ ਮਾਂ-ਬੋਲੀ ਬੋਲਣ ਵਾਲੇ ਲੋਕ ਵੱਖ ਵੱਖ ਧਰਮਾਂ ਜਾ ਦੇਸ਼ਾ ਨਾਲ ਸਬੰਧ ਰਖ ਸਕਦੇ ਹਨ। ਜਿਵੇਂ ਕਿ ਭਾਰਤੀ ਪੰਜਾਬ ਜਿਸ ਵਿਚ ਵਧੇਰੇ ਵਸੋਂ ਹਿੰਦੂ ਤੇ ਸਿੱਖ ਹਨ, ਅਤੇ ਪਾਕਿਸਤਾਨੀ ਪੰਜਾਬ ਵਿਚ ਬਹੁ-ਵਸੋਂ ਮੁਸਲਮਾਨ ਹਨ, ਪਰ ਦੋਨਾਂ ਦੇ ਵਸਨੀਕਾਂ ਦੀ ਮਾਂ-ਬੋਲੀ ਪੰਜਾਬੀ ਹੈ। ਇਸੇ ਤਰ੍ਹਾਂ ਕਿਸੇ ਵੀ ਦੁੱਖ ਤਕਲੀਫ ਜਾਂ ਖੁਸ਼ੀ ਸਬੰਧੀ ਹਾਵ ਭਾਵ ਅਸੀਂ ਆਚੇਤਨ ਰੂਪ ਵਿਚ ਹੀ ਆਪਣੀ ਮਾਤ ਭਾਸ਼ਾ ਵਿਚ ਪ੍ਰਗਟਾਉਂਦੇ ਹਾਂ । ਇਹੀ ਕਾਰਨ ਹੈ ਕਿ ਮਾਤ ਭਾਸ਼ਾ ਨੂੰ ਕਿਸੇ ਸਮਾਜ ਵਿਚਲੇ ਸੱਭਿਆਚਾਰ ਰੂਪੀ ਦਰਖਤ ਦੀ ਜੜ੍ਹ ਕਿਹਾ ਜਾਂਦਾ ਹੈ ਅਤੇ ਸੱਭਿਆਚਾਰ ਰੂਪੀ ਰੁੱਖ ਤੋਂ ਜੋ ਫਲ ਅਤੇ ਫੁੱਲ ਪੈਦਾ ਹੁੰਦੇ ਹਨ, ਉਸ ਨੂੰ ਸਾਹਿਤ ਕਿਹਾ ਜਾਂਦਾ ਹੈ। ਸੋ ਮਾਤ ਭਾਸ਼ਾ ਕਿਸੇ ਸੱਭਿਆਚਾਰ ਦੀ ਸ਼ਾਹ ਰਗ ਹੁੰਦੀ ਹੈ, ਜੋ ਕਿਸੇ ਸੱਭਿਆਚਾਰ ਨੂੰ ਜਿਊਂਦਾ ਅਤੇ ਵਿਕਸਤ ਰੱਖਣ ਵਾਸਤੇ ਅਤੀ ਜਰੂਰੀ ਹੁੰਦੀ ਹੈ ।
ਪੰਜਾਬੀ ਦੇ ਚਾਚਾ, ਤਾਇਆ, ਮਾਮਾ, ਮਾਸੜ, ਫੁੱਫੜ ਆਦਿ ਰਿਸ਼ਤਿਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਇਕ ਸ਼ਬਦ ਸਿਰਫ ਅੰਕਲ ਵਿਚ ਹੀ ਜਜ਼ਬ ਕਰਕੇ ਸਾਰ ਲਿਆ ਜਾਂਦਾ ਹੈ, ਜਿਸ ਨਾਲ ਪੰਜਾਬੀ ਸੱਭਿਆਚਾਰ ਵਿਚ ਪ੍ਰਚੱਲਿਤ ਰਿਸ਼ਤਾ ਨਾਤਾ ਪ੍ਰਣਾਲੀ ਵਿਚ ਅਸਪੱਸ਼ਤਾ ਪੈਦਾ ਹੁੰਦੀ ਹੈ ਅਤੇ ਇਹਨਾਂ ਰਿਸ਼ਤਿਆਂ ਦੇ ਅਸਲੀ ਅਰਥ ਹੀ ਗੁਆਚ ਜਾਂਦੇ ਹਨ । ਇਸ ਤਰਾਂ ਦੀਆਂ ਹੋਰ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਹਨਾਂ ਦਾ ਭਾਵ ਇਹੀ ਹੈ ਕਿ ਮਾਤ ਭਾਸ਼ਾ ਹੀ ਕਿਸੇ ਸੱਭਿਆਚਾਰ ਨੂੰ ਸਹੀ ਤਰਾਂ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਕਿਸੇ ਦੂਜੇ ਸੱਭਿਆਚਾਰ ਵਿਚਲੇ ਵਰਤਾਰੇ ਦਾ ਸਹੀ ਪ੍ਰਗਟਾਵਾ ਕਰਨ ਦੀ ਸਮਰੱਥਾ ਕਿਸੇ ਵੀ ਦੂਸਰੀ ਭਾਸ਼ਾ ਵਿਚ ਨਹੀਂ ਹੁੰਦੀ । ਇਹੀ ਕਾਰਨ ਹੈ ਕਿ ਵਿਦਵਾਨ ਮੰਨਦੇ ਹਨ ਕਿ ਦੁਨੀਆਂ ਦੀ ਕਿਸੇ ਵੀ ਭਾਸ਼ਾ ਦਾ ਹੂ ਬ ਹੂ ਤਰਜ਼ਮਾ ਸੰਭਵ ਹੀ ਨਹੀਂ ਹੈ ਕਿਉਂਕਿ ਤਰਜ਼ਮਾ ਸ਼ਬਦਾਂ ਦੇ ਬਾਹਰੀ ਅਰਥਾਂ ਦਾ ਨਹੀਂ, ਬਲਕਿ ਉਹਨਾਂ ਦੇ ਨਾਲ ਜੁੜੇ ਗੂੜ੍ਹੇ ਸੱਭਿਆਚਾਰਕ ਅਰਥਾਂ ਦਾ ਕਰਨਾ ਹੁੰਦਾ ਹੈ, ਜੋ ਕਿ ਇਕ ਬਹੁਤ ਹੀ ਕਠਿਨ ਅਤੇ ਜ਼ੌਖਮ ਭਰਿਆ ਕਾਰਜ਼ ਹੁੰਦਾ ਹੈ।
ਇਹ ਦਿਨ ਸਾਡੇ ਇਕ ਗਵਾਂਢੀ ਮੁਲਕ ਬੰਗਲਾ ਦੇਸ਼ ਦੀ ਦੇਣ ਹੈ। ਏਸ਼ੀਆ ਵਿਚ ਜੇਕਰ ਕਿਸੇ ਨੇ ਆਪਣੀ ਮਾਂ ਬੋਲੀ ਦੇ ਮਹੱਤਵ ਨੂੰ ਸਮਝਿਆ ਹੈ ਤਾਂ ਉਹ ਹਨ ਬੰਗਲਾ ਦੇਸ਼ੀ, ਜਿਹਨਾਂ ਨੇ ਆਪਣੀ ਮਾਂ ਬੋਲੀ ਬੰਗਲਾ ਦੀ ਹੋਂਦ ਬਚਾਉਣ ਵਾਸਤੇ ਪੱਛਮੀਂ ਪਾਕਿਸਤਾਨ ਵਲੋਂ ਪਾਏ ਜਾ ਰਹੇ ਅਰਬੀ ਫਾਰਸੀ ਦੇ ਗਲਬੇ ਦੇ ਵਿਰੋਧ ਵਿਚ ਉੱਠ ਖੜੇ ਹੋਏ ਅਤੇ ਸੰਘਰਸ਼ ਸ਼ੁਰੂ ਕਰ ਦਿੱਤਾ। ਮਾਂ-ਬੋਲੀ ਦੇ ਸਨਮਾਨ ਲਈ ਵਿੱਢੇ ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਵਲੋਂ ਬੜੀ ਸਖ਼ਤੀ ਵਰਤੀ ਗਈ, ਜ਼ੁਲਮ ਤਸੱਦਦ ਕੀਤਾ ਗਿਆ, ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਵਲੋਂ ਢਾਕਾ ਵਿਖੇ 21 ਫਰਵਰੀ 1952 ਨੂੰ ਗੋਲੀ ਚਲਾਈ ਗਈ, ਜਿਸ ਵਿਚ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਸਲਾਮ, ਬਰਕਤ, ਰਫ਼ੀਕ ਤੇ ਜਬਾਰ ਸਮੇਤ ਅਨੇਕਾਂ ਲੋਕ “ਸ਼ਹੀਦ” ਹੋ ਗਏ। ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਦਾ ਇਹ ਦਿਨ ਬੰਗਲਾ ਦੇਸ਼ (ਉਸ ਸਮੇਂ ਪੁਰਬੀ ਬੰਗਾਲ) ਦੇ ਇਤਿਹਾਸ ਵਿਚ ਇਕ “ਟਰਨਿੰਗ ਪੁਆਇੰਟ” (ਮੋੜ ਦੇਣ ਵਾਲਾ ਦਿਨ) ਸਾਬਤ ਹੋਇਆ ਕਿਓਂ ਜੋ ਇਸ ਦਿਨ ਹੀ ਬੰਗਲਾ ਦੇਸ਼ ਰਾਸ਼ਟਰ ਦੀ ਨੀਂਹ ਰਖੀ ਗਈ। ਲੰਮਾ ਸੰਘਰਸ਼ ਕਰਨ ਤੋਂ ਬਾਅਦ ਪਾਕਿਸਤਾਨ ਨਾਲੋਂ ਅਲੱਗ ਹੋ ਕੇ 1971 ਵਿਚ ਇਕ ਵੱਖਰਾ ਸੁਤੰਤਰ ਖਿੱਤਾ ਪ੍ਰਾਪਤ ਕੀਤਾ ਜਿਸ ਦਾ ਨਾਮ ਆਪਣੀ ਮਾਂ ਬੋਲੀ ਦੇ ਨਾਮ ਤੇ ਬੰਗਲਾ ਦੇਸ਼ ਰੱਖਿਆ ਤੇ ਆਪਣੀ ਬੋਲੀ ਦੀ ਖੁਰਦੀ ਜਾ ਰਹੀ ਹੋਂਦ ਨੂੰ ਬਚਾਇਆ । ਇਥੇ ਹੀ ਬੱਸ ਨਹੀਂ ਇਹ ਬੰਗਲਾ ਦੇਸ਼ੀਆਂ ਦੇ ਸੰਘਰਸ਼ ਦਾ ਹੀ ਸਿੱਟਾ ਹੈ ਕਿ ਹਰ ਸਾਲ 21 ਫਰਵਰੀ ਨੂੰ ਯੂ ਐਨ ਓ ਵਲੋਂ ਕੌਮਾਂਤਰੀ ਪੱਧਰ ਉੱਤੇ 2009 ਤੋਂ ਲਗਾਤਾਰ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ । ਬੰਗਲਾਦੇਸ਼ੀ ਆਪਣੀ ਮਾਂ ਬੋਲੀ ਨਾਲ ਕਿੰਨਾ ਪਿਆਰ ਕਰਦੇ ਹਨ ਇਸ ਦਾ ਸਬੂਤ ਇਹ ਹੈ ਕਿ ਅੱਜ ਵੀ ਬੰਗਲਾਦੇਸ਼ ਨੂੰ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਉਥੋਂ ਦੇ ਲੋਕ ਦੁਨੀਆਂ ਦੀ ਕਿਸੇ ਵੀ ਹੋਰ ਬੋਲੀ ਤੋਂ ਪਹਿਲਾਂ ਆਪਣੀ ਮਾਂ ਬੋਲੀ ਵਿਚ ਗੱਲ ਕਰਨ ਨੂੰ ਤਰਜੀਹ ਦੇਂਦੇ ਹਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨੇਮ ਬੋਰਡ ਬੰਗਲਾ ਵਿਚ ਹਨ, ਸੜਕਾਂ ਉੱਤੇ ਮੀਲ ਪੱਥਰ ਅਤੇ ਦਿਸ਼ਾ ਨਿਰਦੇਸ ਮਾਂ ਬੋਲੀ ਵਿਚ ਹਨ, ਦੁਕਾਨਾਂ ਅਤੇ ਘਰਾਂ ਦੇ ਨੇਮ ਪਲੇਟ ਬੰਗਲਾ ਵਿਚ ਹਨ। ਬੰਗਲਾ ਭਾਸ਼ਾ ਨੂੰ ਵਿਕਸਤ ਕਰਨ ਵਾਸਤੇ ਸਰਕਾਰਾਂ ਵਲੋਂ ਵੱਡੇ ਵੱਡੇ ਵਿਦਿਅਕ ਅਦਾਰਿਆਂ ਦੀ ਸਹਾਇਤਾ ਨਾਲ ਨਿਤ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਇਸੇ ਤਰਾਂ ਭਾਰਤ ਵਿਚ ਮਾਤ ਭਾਸ਼ਾ ਦਾ ਮਹੱਤਵ ਤਾਮਿਲ ਅਤੇ ਕੇਰਲਾ ਦੇ ਲੋਕ ਜਾਣਦੇ ਹਨ ਜੋ ਆਪਣੀ ਮਾਂ ਬੋਲੀ ਨਾਲ ਜ਼ਨੂੰਨ ਦੀ ਹੱਦ ਤੱਕ ਪ੍ਰੇਮ ਕਰਦੇ ਹਨ । ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਨੂੰ ਅਜੇ ਤੱਕ ਆਪਣੀ ਮਾਂ ਬੋਲੀ ਦੇ ਮਹੱਤਵ ਦੀ ਸਮਝ ਨਹੀਂ ਆਈ । ਕਹਿਣ ਨੂੰ ਤਾਂ ਅੱਜ ਵਿਸ਼ਵ ਭਰ ਦੀਆਂ 6 ਹਜ਼ਾਰ ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ 14ਵੀਂ ਥਾਂ ਤੇ ਹੈ ਪਰ ਫਿਰ ਅੱਜ ਪੰਜਾਬੀ ਭਾਸ਼ਾ ਦੇ ਖ਼ਤਮ ਹੋ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਆਖਿਰ ਕਿਉਂ ਵਿਸ਼ਵ ਦੀਆਂ 6 ਹਜ਼ਾਰ ਭਾਸ਼ਾਵਾਂ ਵਿੱਚੋਂ 14ਵੇਂ ਸਥਾਨ ਤੇ ਆਉਣ ਵਾਲੀ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਜਿੰਮੇਵਾਰ ਅਸੀਂ ਖੁਦ ਹੀ ਹਾਂ ਕਿ ਅੱਜ ਪੰਜਾਬੀ ਭਾਸ਼ਾ ਖਤਮ ਹੋਣ ਦਾ ਡਰ ਬਣ ਗਿਆ ਹੈ ਕਿਉਂਕਿ ਅਸੀਂ ਬਹੁਤੇ ਪੰਜਾਬੀ ਹੀ ਪੰਜਾਬੀ ਮਾਂ ਬੋਲੀ ਤੋਂ ਕਿਨਾਰਾ ਕਰਨ ਲੱਗ ਪਏ ਹਾਂ। ਤਾਂ ਹੀ ਅੱਜ ਇਹ ਹਾਲਤ ਨੇ ਕਿ ਪੰਜਾਬੀ ਮਾਂ ਬੋਲੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ ਬਹੁਤ ਸਾਰੇ ਪੰਜਾਬੀ ਹੀ ਅਜਿਹੇ ਹਨ ਜਿਹੜੇ ਪੰਜਾਬ ਰਹਿ ਕੇ ਵੀ ਪੰਜਾਬੀ ਬੋਲੀ ਤੋਂ ਦੂਰ ਹਨ ਤੇ ਬਹੁਤ ਸਾਰੇ ਪੰਜਾਬੀ ਅਜਿਹੇ ਵੀ ਹਨ, ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਨੂੰ ਨਹੀਂ ਭੁੱਲੇ। ਇਹੀ ਕਾਰਨ ਹੈ ਕਿ ਵਾਰ ਵਾਰ ਹੋਕਾ ਦੇਣਾ ਪੈ ਰਿਹਾ ਹੈ ਕਿ ਮਾਤ ਭਾਸ਼ਾ ਸਿੱਖੋ, ਬੋਲੋ, ਪੜ੍ਹੋ ਅਤੇ ਲਿਖੋ, ਜੋ ਕਿ ਸਾਡੇ ਸਭਨਾਂ ਵਾਸਤੇ ਬਹੁਤ ਹੀ ਸ਼ਰਮ ਅਤੇ ਨਾਮੋਸ਼ੀ ਵਾਲੀ ਗੱਲ ਹੈ। ਚੰਡੀਗੜ੍ਹ ਜੋ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ, ਉਸ ਵਿਚ ਪੰਜਾਬੀ ਭਾਸ਼ਾ ਦਾ ਲਗਭਗ ਭੋਗ ਹੀ ਪੈਣ ਵਾਲਾ ਹੈ ਤੇ ਏਹੀ ਹਾਲ ਪੂਰੇ ਪੰਜਾਬ ਵਿਚ ਚੱਲ ਰਿਹਾ ਹੈ । ਮਾਤ ਭਾਸ਼ਾ ਤਾਂ ਕਿਸੇ ਕੌਮ ਦੀ ਰਗ ਰਗ ਵਿਚ ਸਮੋਈ ਹੁੰਦੀ ਹੈ । ਇਸ ਦਾ ਮਨੁੱਖ ਦੀ ਸਖਸ਼ੀਅਤ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੁੰਦਾ ਹੈ, ਜਿਸ ਨੂੰ ਕਦੇ ਵੀ ਨਿਖੇੜਕੇ ਨਹੀਂ ਦੇਖਿਆ ਜਾ ਸਕਦਾ । ਇਸੇ ਕਰਕੇ ਮਾਤ ਭਾਸ਼ਾ ਤੋਂ ਮੁਨਕਰ ਹੋਣ ਦਾ ਭਾਵ ਨਿਸਚੇ ਹੀ ਆਪਣੀ ਹੋਂਦ ਨੂੰ ਖਤਮ ਕਰਨਾ ਹੁੰਦਾ ਹੈ। ਜਿਸ ਕੌਮ ਦੀ ਮਾਤ ਭਾਸ਼ਾ ਖਤਮ ਸਮਝੋ ਉਹ ਕੌਮ ਵੀ ਖਤਮ।
ਆਪਣੇ ਵਿਰਸੇ ਨੂੰ ਜਿੰਦਾ ਰੱਖਣ ਵਾਸਤੇ ਅਗਲੀਆਂ ਪੀੜ੍ਹੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਬਣਾਈ ਰੱਖਣ ਵਾਸਤੇ ਮਾਂ ਬੋਲੀ ਦੀ ਸਮਝ ਹੋਣਾ ਬਹੁਤ ਜਰੂਰੀ ਹੈ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਜੋ ਅਜਕਲ੍ਹ ਪੱਛਮ ਵਿਚ ਹੋ ਰਿਹਾ ਹੈ, ਉਹੀ ਕੁੱਝ ਸਾਡੇ ਸੱਭਿਆਚਾਰ ਵਿਚ ਵੀ ਹੋਣਾ ਸ਼ੁਰੂ ਹੋ ਜਾਵੇਗਾ, ਜਿਸ ਦੇ ਅਸਾਰ ਬਹੁਤ ਹੀ ਸਾਫ ਅਤੇ ਸਪੱਸ਼ਟ ਤੌਰ ‘ਤੇ ਨਜ਼ਰ ਆ ਰਹੇ ਹਨ । ਬੇਸ਼ੱਕ ਅਸੀਂ ਮਾਂ ਬੋਲੀ ਦੀ ਸਾਂਭ ਸੰਭਾਲ ਪੱਖੋਂ ਹੁਣ ਕਾਫੀ ਵੇਲਾ ਵਿਹਾ ਲਿਆ ਹੈ, ਪਰੰਤੂ ਅਜੇ ਵੀ ਸਥਿਤੀ ਅਜਿਹੀ ਨਹੀਂ ਬਣੀ ਕਿ ਕੋਈ ਤੋੜ ਬਾਕੀ ਨਾ ਰਹਿ ਗਿਆ ਹੋਵੇ , ਡੁੱਲ੍ਹੇ ਹੋਏ ਬੇਰ ਇਕੱਠੇ ਕੀਤੇ ਜਾ ਸਕਦੇ ਹਨ, ਹਾਲਾਤਾਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ, ਬੱਸ ਲੋੜ ਹੈ ਤਾਂ ਸਿਰਫ ਨੇਕ ਨੀਅਤ ਦੀ । ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦਾ ਨਾਂ ਹੀ ਮਾਤ-ਭਾਸ਼ਾ ਦੇ ਨਾਂ ਤੇ ਰੱਖਿਆ ਗਿਆ ਹੈ, ਨੇ ਇਸੇ ਨੇਕ ਨੀਅਤੀ ਨਾਲ ਤਕਨੀਕ ਦੀ ਸਹਾਇਤਾ ਨਾਲ ਕੰਮ ਕਰਦੇ ਹੋਏ ਪੰਜਾਬੀ ਦੇ ਡਿਜਟਲੀਕਰਨ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਹੁਣ ਤਾਂ ਗੂਗਲ, ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਨੇ ਵੀ ਪੰਜਾਬੀ ਕੀ-ਬੋਰਡ ਲੇ-ਆਊਟ ਦੇ ਦਿੱਤੇ ਹਨ ਜਿਸ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਨਾਲ ਪੰਜਾਬੀ ਲਿਖ ਸਕਦੇ ਹਾਂ। ਸੱਚਮੁੱਚ ਇਹ ਇੱਕ ਸ਼ਲਾਘਾਯੋਗ ਕਦਮ ਹੈ। ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਆਓ, ਉਠੀਏ, ਜਾਗੀਏ ਤੇ ਹੋਰ ਦੇਰੀ ਨਾ ਕਰਦੇ ਹੋਏ, ਮਾਂ ਬੋਲੀ ਦੇ ਸੁਨਿਹਰੇ ਭਵਿੱਖ ਵਾਸਤੇ ਹੰਭਲਾ ਮਾਰੀਏ ਅਤੇ ਇਸ ਦੀ ਚੜ੍ਹਦੀ ਕਲਾ ਲਈ ਦੁਆ ਕਰੀਏ। ਆਓ, ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ !

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

admin

ਐਂਬੂਲੈਂਸ ਵਿਕਟੋਰੀਆ ਦੀ ਕ੍ਰਾਂਤੀਕਾਰੀ VAT ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ

admin

ਜਦੋਂ ਭਾਰਤ ‘ਚ ਪਹਿਲੀ ਵਾਰ ‘ਨਕਲੀ ਮੀਂਹ’ ਪੈਂਦਾ-ਪੈਂਦਾ ਰਹਿ ਗਿਆ !

admin