Articles

ਆਪਣੀ ਸੋਚ ਦਾ ਦਾਇਰਾ ਵਿਸ਼ਾਲ ਰੱਖੋ !

ਹਰ ਇਨਸਾਨ ਦੇ ਸੋਚਣ ਦਾ ਤਰੀਕਾ ਵੱਖਰਾ ਵੱਖਰਾ ਹੈ, ਕਈ ਸਕਾਰਾਤਮਕ ਸੋਚ ਵਾਲੇ ਹੁੰਦੇ ਹਨ, ਕੁਝ ਨਕਰਾਤਮਕ ਸੋਚ ਵਾਲੇ ਅਤੇ ਕੁਝ ਦੋਨਾਂ ਪੱਖਾਂ ਨੂੰ ਨਾਲ ਲੈਕੇ ਚੱਲਦੇ ਹਨ।
ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਜਦੋਂ ਕੋਈ ਵੀ ਇਨਸਾਨ ਇਸ ਦੁਨੀਆਂ ਵਿੱਚ ਮਹਾਨ ਕੰਮ ਕਰਦਾ ਹੈ ਤਾਂ ਉਸਦੀ ਸੋਚ ਦੀ ਰੱਜ ਕੇ ਸਹਾਰਨਾ ਕੀਤੀ ਜਾਂਦੀ ਹੈ, ਕਿ ਫਲਾਣਾ ਬੰਦਾ ਬਹੁਤ ਸੁਚੱਜੀ ਸੋਚ ਦਾ ਮਾਲਿਕ ਹੈ । ਇਸੇ ਤਰ੍ਹਾਂ ਕੋਈ ਜੱਗੋ ਤੇਰਵੀਂ ਕਰ ਵਿਖਾਵੇ ਤਾਂ ਵੀ ਉਸਦੀ ਸੋਚ ਨੂੰ ਹੀ ਭੰਡਿਆ ਜਾਂਦਾ ਹੈ ਇੱਕ ਸੋਚ ਹੀ ਤਾਂ ਹੈ ਜੋ ਮਨੁੱਖ ਦੀ ਦੇਵਤੇ ਦੀ ਤਰ੍ਹਾਂ ਪੂਜਾ ਕਰਵਾ ਦਿੰਦੀ ਹੈ ਅਤੇ ਕਿਸੇ ਮਨੁੱਖ ਨੂੰ  ਫਿਟਕਾਰਾਂ। ਸੋ ਥੋੜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਮਨੁੱਖੀ ਸੋਚ ਮਨੁੱਖੀ ਸਖਸ਼ੀਅਤ ਨੂੰ ਉਭਾਰਣ ਵਿੱਚ ਖਾਸ ਭੂਮਿਕਾ ਨਿਭਾਉਂਦੀ ਹੈ।

ਹਰ ਇਨਸਾਨ ਦੇ ਸੋਚਣ ਦਾ ਤਰੀਕਾ ਵੱਖਰਾ ਵੱਖਰਾ ਹੈ, ਕਈ ਸਕਾਰਾਤਮਕ ਸੋਚ ਵਾਲੇ ਹੁੰਦੇ ਹਨ, ਕੁਝ ਨਕਰਾਤਮਕ ਸੋਚ ਵਾਲੇ ਅਤੇ ਕੁਝ ਦੋਨਾਂ ਪੱਖਾਂ ਨੂੰ ਨਾਲ ਲੈਕੇ ਚੱਲਦੇ ਹਨ। ਕਿਸੇ  ਇਨਸਾਨ ਦੀ ਸੋਚ ਦੇ ਕਾਰਣ ਹੀ ਕਿਸੇ ਨੂੰ ਗੁਲਾਬ ਦੇ ਪੌਦੇ ਉੱਪਰ ਗੁਲਾਬ ਦੇ ਫੁੱਲ ਨਜ਼ਰ ਆ ਰਹੇ ਹੁੰਦੇ ਹਨ, ਨਵੀਆਂ ਖਿੜਦੀਆਂ ਕਲੀਆਂ ਨਜ਼ਰ ਆ ਰਹੀਆਂ ਹਨ ਪਰ ਕਿਸੇ ਨੂੰ ਪੌਦੇ ਉੱਪਰ ਲੱਗੇ ਕੰਡੇ ਨਜ਼ਰੀ ਪੈ ਰਹੇ ਹਨ, ਉਸਦਾ ਧਿਆਨ ਨਵੀਆਂ ਖਿੜੀਆਂ ਕਲੀਆਂ ਵੱਲ ਨਾ ਜਾ ਕੇ ਮੁਰਝਾ ਕੇ ਜਮੀਨ ਉੱਤੇ ਡਿੱਗੀਆਂ ਸੁੱਕੀਆਂ ਪੱਤੀਆਂ ਵੱਲ ਜਾਵੇਗਾ, ਕੁਝ ਅਜਿਹੇ ਹੁੰਦੇ ਹਨ ਜੋ ਫੁੱਲ ਦੀ ਸੁੰਦਰਤਾ ਦੇ ਨਾਲ ਨਾਲ ਕੰਡਿਆਂ ਵੱਲ ਵੀ ਧਿਆਨ ਲੈਕੇ ਜਾਂਦੇ ਹਨ। ਸੋ ਕਹਿਣ ਤੋਂ ਭਾਵ ਕਿ ਜਿੰਨੀ ਤਰ੍ਹਾਂ ਦੇ ਮਨੁੱਖ ਹੁੰਦੇ ਹਨ ਸਾਰੇ ਆਪਣੀ ਆਪਣੀ ਸੋਚ ਦੇ ਮੁਹਤਾਜ਼ ਹੁੰਦੇ ਹਨ ।
ਅਸੀਂ ਆਪਣੀ ਸੋਚ ਦੇ ਅਨੁਸਾਰ ਹੀ ਇਨਸਾਨਾਂ ਦੇ ਕਿਰਦਾਰ ਆਪਣੇ ਮਨ ਅੰਦਰ ਬਣਾ ਲੈਂਦੇ ਹਾਂ। ਬਹੁਤ ਵਾਰ ਹੁੰਦਾ ਹੈ ਕਿ ਬਹੁਤਾਂਤ ਲੋਕਾਂ ਦੀ ਸੋਚ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ, ਜਿਸ ਕਾਰਣ ਉਹ ਹਰ ਚੀਜ਼ ਨੂੰ ਨਕਾਰਾਤਮਕ ਪੱਖ ਅਤੇ ਸੌੜੀ ਸੋਚ ਦੇ ਅਧੀਨ ਹੋਕੇ ਹੀ ਦੇਖਦੇ ਅਤੇ ਸੋਚਦੇ ਹਨ।
ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਲੋਕਾਂ ਦੇ ਚਰਿੱਤਰ ਬਾਰੇ ਆਪਣੀ ਸੋਚ ਦੇ ਦਾਇਰੇ ਅਨੁਸਾਰ ਕਿਆਸ ਅਰਾਂਈਆਂ  ਲਾਉਣ ਲੱਗਦੇ ਹਨ। ਇੱਕ ਲੜਕੀ ਲੜਕੇ ਨੂੰ ਕਿਸੇ ਜਨਤਕ ਥਾਂ ਤੇ ਗੱਲ ਕਰਦਿਆਂ ਵੇਖ ਜਾਵੇ ਤਾਂ ਬਹੁਤੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਰਿਸ਼ਤੇ ਨੂੰ ਲੈਕੇ ਹੀ ਵਿਚਾਰ ਚੱਲਣ ਲੱਗ ਪੈਂਦੇ ਹਨ, ਹਾਲਾਂਕਿ ਉਹ ਭੈਣ ਭਰਾ ਵੀ ਹੋ ਸਕਦੇ ਹਨ, ਚੰਗੇ ਦੋਸਤ ਵੀ ਹੋ ਸਕਦੇ ਹਨ। ਇਸੇ ਤਰ੍ਹਾਂ ਆਮ ਜਿੰਦਗੀ ਵਿੱਚ ਘਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਵੀ ਅਜਿਹੀਆਂ ਕਈ ਗੱਲਾਂ ਵੇਖਣ ਨੂੰ ਮਿਲਦੀਆਂ ਹਨ। ਪਰ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਜੋ ਕਾਰਣ ਹੈ ਉਹ ਹੈ ਸੋਚ ਦਾ ਦਾਇਰਾ।
ਅਸਲ ਵਿੱਚ ਸੋਚ ਦੀ ਦਾਇਰਾ ਛੋਟਾ ਹੋਣ ਕਰਕੇ ਹਰ ਗੱਲ  ਦੇ ਹੀਣੇ ਅਰਥ ਹੀ ਕੱਢੇ ਜਾਂਦੇ ਹਨ। ਇਸਦਾ ਅਰਥ ਇਹ ਬਿਲਕੁਲ ਨਹੀਂ ਕਿ ਮੈਂ ਕਿਸੇ ਅਸੱਭਿਅਕ  ਗੱਲ ਦੇ ਹੱਕ ਵਿੱਚ ਹਾਂ।ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਵਧੀਆ ਸ਼ਖਸੀਅਤ ਦੇ ਮਾਲਕ ਹੋਈਏ ਤਾਂ ਉਸ ਲਈ ਜਰੂਰੀ ਹੈ ਕਿ ਸਾਡੀ ਸੋਚ ਦਾ ਦਾਇਰਾ ਵੀ ਵਿਸ਼ਾਲ ਹੋਵੇ। ਜਿੰਨੀ ਵੱਡੀ ਸਾਡੀ ਸੋਚ ਹੋਵੇਗੀ ਉਨੇ ਹੀ ਖੁੱਲ੍ਹੇ ਤੇ ਸਕਾਰਾਤਮਕ ਵਿਚਾਰ ਸਾਡੀ ਸ਼ਖਸੀਅਤ ਦਾ ਸ਼ਿੰਗਾਰ ਬਣਨਗੇ । ਜਿੰਨਾ ਅਸੀਂ ਹਰ ਚੀਜ਼ ਨੂੰ ਸੁਚੱਜੇ ਢੰਗ ਨਾਲ ਦੇਖਾਂਗੇ ਉਨ੍ਹਾਂ ਹੀ ਹਰ ਪਾਸੇ ਵਧੀਆ ਚੀਜ਼ਾਂ ਸਾਨੂੰ ਨਜ਼ਰੀ ਆਉਣਗੀਆਂ।
ਮੇਰਾ ਦਾਅਵਾ ਹੈ ਕਿ ਅਜਿਹੀ ਸੋਚ ਅਪਨਾਉਣ ਨਾਲ ਸਾਨੂੰ ਸਾਡਾ ਆਲਾ ਦੁਆਲਾ ਜਾਂ ਜਿੱਥੇ ਅਸੀਂ ਵਿਚਰਦੇ ਹਾਂ ਵਧੇਰੇ ਚੰਗਾ ਲੱਗਣ ਲੱਗ ਜਾਂਦਾ ਹੈ, ਜਿਸ ਨਾਲ ਯਕੀਨਨ ਹੀ ਸਾਡੀਆਂ ਸ਼ਿਕਾਇਤਾਂ ਘੱਟ ਜਾਂਦੀਆਂ ਹਨ ਨਫ਼ਰਤ ਦੇ ਬੀਜ, ਈਰਖਾ ਦੀ ਝਿਣਗਾਂ  ਘੱਟ ਜਾਂਦੀਆਂ ਹਨ। ਕਿਉਂਕਿ ਅਸੀਂ ਹਰ ਇਨਸਾਨ ਵਿੱਚ ਚੰਗੇ ਗੁਣ ਹੀ ਦੇਖ ਰਹੇ ਹੋਵਾਂਗੇ। ਮੇਰਾ ਮੰਨਣਾ ਹੈ ਚੰਗੀ ਸ਼ਖਸੀਅਤ ਅਤੇ ਖੁਸ਼ਹਾਲ ਜੀਵਨ ਲਈ ਸਾਡੀ ਸੋਚ  ਦਾ ਵੱਡਾ ਹੋਣਾ ਬਹੁਤ ਜਰੂਰੀ ਹੈ। ਜਿੰਨੀ ਵਿਸ਼ਾਲ ਸਾਡੀ ਸੋਚ ਹੋਵੇਗੀ ਉਨੀਆਂ ਹੀ ਵੱਡੀਆਂ ਸਾਡੀਆਂ ਪ੍ਰਾਪਤੀਆਂ ਹੋਣਗੀਆਂ।

Related posts

ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ: ਧਰਤੀ ਹੇਠਲਾ ਪਾਣੀ ਬਚਾਓ !

admin

Coalition Will Build Our Skilled Workforce And Get Asussie Skills Back On Track

admin

ਸਬਰ, ਸੰਤੋਖ ਤੇ ਹੌਸਲੇ ਦੀ ਮੂਰਤ: ਮਾਤਾ ਮਹਿੰਦਰ ਕੌਰ ਢਿਲੋਂ !

admin