Story

ਖ਼ੁਸ਼ੀਆਂ ਮੁੜ ਆਈਆਂ: (ਵਿਸਾਖੀ ਨਾਲ ਸੰਬੰਧਿਤ ਬਾਲ ਕਹਾਣੀ)

ਜੋਤੀ ਅਤੇ ਵਿੱਕੀ ਦੀ ਸੰਗਤ ਵਿੱਚ ਸਿੰਮੀ ਵੱਲੋਂ ਵੇਖਿਆ ਵਿਸਾਖੀ ਦਾ ਇਹ ਮੇਲਾ ਬਹੁਤ ਯਾਦਗਾਰੀ ਰਿਹਾ। ਇਸਤੋਂ ਬਾਦ ਉਹਨੇ ਕਦੇ ਵੀ ਆਪਣੇ ਮੰਮੀ ਪਾਪਾ ਨੂੰ ਸ਼ਹਿਰ ਜਾ ਕੇ ਰਹਿਣ ਦੀ ਜ਼ਿਦ ਨਹੀਂ ਕੀਤੀ।
ਲੇਖਕ: ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

ਸਿੰਮੀ ਤਲਵੰਡੀ ਸਾਬੋ ਦੇ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਉਹਦੇ ਪੇਪਰ ਹੋ ਚੁੱਕੇ ਸਨ ਤੇ ਉਹ ਅਕਸਰ ਸਕੂਲ ਦੀਆਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਨਾਲ, ਜੋ ਵੱਖ ਵੱਖ ਪ੍ਰਾਈਵੇਟ ਸੰਸਥਾਵਾਂ ਵਿੱਚ ਨੌਕਰੀ ਕਰਦੇ ਸਨ,  ਆਪਣੇ ਦਾਦਕੇ (ਪਟਿਆਲੇ) ਚਲੀ ਜਾਇਆ ਕਰਦੀ ਸੀ। ਸਿੰਮੀ ਦਾ ਜਨਮ ਵੀ ਪਟਿਆਲੇ ਹੋਇਆ ਸੀ ਤੇ ਉਹ ਚਾਹੁੰਦੀ ਸੀ ਕਿ ਉਹਦੇ ਮੰਮੀ ਪਾਪਾ ਵੀ ਪਟਿਆਲੇ ਵਰਗੇ ਵੱਡੇ ਸ਼ਹਿਰ ਵਿੱਚ ਹੀ ਨੌਕਰੀ ਕਰਨ, ਜਿੱਥੇ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਸਨ – ਵੱਡੇ ਵੱਡੇ ਸ਼ਾਪਿੰਗ ਮਾਲਜ਼, ਸੋਹਣੇ ਸੋਹਣੇ ਏਸੀ ਸਕੂਲ, ਸੋਹਣੀਆਂ ਸੋਹਣੀਆਂ ਵਰਦੀਆਂ ਪਹਿਨੀ ਬੱਚੇ, ਸਕੂਲਾਂ ਦੀਆਂ ਵਧੀਆ ਵੈਨਾਂ, ਖੁੱਲ੍ਹੇ ਡੁਲੇ ਪਾਰਕ, ਚੰਗੀਆਂ ਸੜਕਾਂ…। ਮੰਮੀ ਅਕਸਰ ਉਹਨੂੰ ਸਮਝਾਉਂਦੇ, “ਬੇਟਾ, ਨੌਕਰੀ ਆਪਣੀ ਮਰਜ਼ੀ ਦੀ ਥਾਂ ‘ਤੇ ਨਹੀਂ ਕੀਤੀ ਜਾਂਦੀ, ਜਿੱਥੇ ਮਿਲੇ ਉੱਥੇ ਕਰਨੀ ਪੈਂਦੀ ਹੈ…ਨਾਲੇ ਅਸੀਂ ਪ੍ਰਾਈਵੇਟ ਸੰਸਥਾਵਾਂ ਵਿੱਚ ਸਰਵਿਸ ਕਰਦੇ ਹਾਂ, ਇੱਥੋਂ ਟਰਾਂਸਫਰ ਵੀ ਨਹੀਂ ਹੋ ਸਕਦੀ। ਹਾਂ, ਰਿਟਾਇਰਮੈਂਟ ਪਿੱਛੋਂ ਪਟਿਆਲੇ ਚਲੇ ਚੱਲਾਂਗੇ…।”

ਸਿੰਮੀ ਨੂੰ ਮਾਪਿਆਂ ਦੀ ਇਹ ਦਲੀਲ ਠੀਕ ਨਾ ਲੱਗਦੀ ਤੇ ਉਹ ਅੱਗੋਂ ਕਹਿੰਦੀ, “ਅਮਨ ਦੇ ਪਾਪਾ ਬਠਿੰਡਾ ਕਿਵੇਂ ਨੌਕਰੀ ਕਰਦੇ ਨੇ ਫ਼ੇਰ…, ਖ਼ੁਸ਼ੀ ਦੇ ਮੰਮੀ ਡੈਡੀ ਭਾਵੇਂ ਨੌਕਰੀ ਤਲਵੰਡੀ ਸਾਬੋ ਕਰਦੇ ਨੇ, ਪਰ ਰਹਿੰਦੇ ਤਾਂ ਸਾਰੇ ਬਠਿੰਡੇ ਹੀ ਨੇ ਤੇ ਉਨ੍ਹਾਂ ਦੇ ਬੱਚੇ ਵੀ ਬਠਿੰਡਾ ਸ਼ਹਿਰ ਦੇ ਚੰਗੇ ਸਕੂਲਾਂ ਵਿੱਚ ਪੜ੍ਹਦੇ ਨੇ… ਚਲੋ, ਜੇ ਆਪਾਂ ਪਟਿਆਲੇ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਬਠਿੰਡੇ ਹੀ ਰਹਿਣ ਲੱਗ ਪਈਏ…।”
ਸਿੰਮੀ ਆਪਣੇ ਮਾਪਿਆਂ ਦੀ ਇਕਲੌਤੀ ਬੇਟੀ ਸੀ। ਮੰਮੀ ਪਾਪਾ ਸਿੰਮੀ ਨੂੰ ਖ਼ੁਸ਼ ਵੇਖਣਾ ਚਾਹੁੰਦੇ ਸਨ, ਪਰ ਵੱਡੇ ਸ਼ਹਿਰਾਂ ਦੀਆਂ ਵੱਡੀਆਂ ਮੁਸ਼ਕਿਲਾਂ। ਬਠਿੰਡਾ ਤੋਂ ਤਲਵੰਡੀ ਸਾਬੋ ਨੌਕਰੀ ਕਰਨ ਆਉਣਾ, ਫਿਰ ਬੇਟੀ ਦੇ ਸਕੂਲੋਂ ਮੁੜਨ ਤੇ ਉਹਨੂੰ ਘਰੇ ਕੌਣ ਸੰਭਾਲੇਗਾ, ਘਰੇ ਕੀਹਨੂੰ ਰੱਖਿਆ ਜਾਵੇ…ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਉਹ ਰਾਤ ਨੂੰ ਸਿੰਮੀ ਦੇ ਸੌਣ ਪਿੱਛੋਂ ਅਕਸਰ ਚਰਚਾ ਕਰਿਆ ਕਰਦੇ। ਪਰ ਗੱਲ ਕਿਸੇ ਸਿਰੇ ਨਾ ਲੱਗੀ ਤੇ ਉਨ੍ਹਾਂ ਨੂੰ ਮਜਬੂਰੀ ਵੱਸ ਤਲਵੰਡੀ ਸਾਬੋ ਹੀ ਰਿਹਾਇਸ਼ ਰੱਖਣੀ ਪਈ।
ਐਤਕੀ ਅਪਰੈਲ ਦੀਆਂ ਛੁੱਟੀਆਂ ਵਿੱਚ ਸਿੰਮੀ ਦੀ ਮਾਸੀ ਨੇ ਬੱਚਿਆਂ ਸਮੇਤ ਤਲਵੰਡੀ ਸਾਬੋ ਆਉਣ ਦਾ ਪ੍ਰੋਗਰਾਮ ਬਣਾ ਲਿਆ ਤਾਂ ਸਿੰਮੀ ਇਕਦਮ ਉਦਾਸ ਹੋ ਗਈ ਕਿ ਹੁਣ ਉਹਦਾ ਪਟਿਆਲੇ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਜਾਵੇਗਾ। ਮੰਮੀ ਪਾਪਾ ਨੇ ਕਿਵੇਂ ਨਾ ਕਿਵੇਂ ਕੁਝ ਦਿਨਾਂ ਲਈ, ਜਦੋਂ ਤੱਕ ਵਿਸਾਖੀ ਦਾ ਤਿਉਹਾਰ ਸੀ, ਸਿੰਮੀ ਨੂੰ ਤਲਵੰਡੀ ਸਾਬੋ ਰਹਿਣ ਲਈ ਮਨਾ ਲਿਆ, “ਬੇਟੇ, ਐਤਕੀ ਤੂੰ ਤੇ ਜੋਤੀ ਵਿਸਾਖੀ ਦਾ ਮੇਲਾ ਵੇਖ ਕੇ ਆਇਓ…ਏਥੇ ਦੂਰੋਂ ਦੂਰੋਂ ਲੋਕੀਂ ਮੇਲਾ ਵੇਖਣ ਆਉਂਦੇ ਨੇ…ਓਥੇ ਬਹੁਤ ਸਾਰੇ ਝੂਲੇ, ਚੰਡੋਲਾਂ ਤੇ ਦੁਕਾਨਾਂ ਹੋਣਗੀਆਂ, ਜਲੇਬੀਆਂ ਪਕੌੜੇ ਖਾ ਲਿਓ ਦੋਵੇਂ ਭੈਣਾਂ…” ਪਾਪਾ ਨੇ ਮਨਾਉਣ ਲਈ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ।
ਸਿੰਮੀ ਨੇ ‘ਊਂ.. ਆਂ..’ ਕਰਦਿਆਂ ਗੱਲ ਮੰਨ ਲਈ ਪਰ ਆਪਣੀਆਂ ਕਈ ਹੋਰ ਸ਼ਰਤਾਂ ਰੱਖ ਦਿੱਤੀਆਂ, “ਮੈਂ ਵੀ ਐਤਕੀ ਪਟਿਆਲੇ ਤੋਂ ਓਵਰ ਕੋਟ ਲੈ ਕੇ ਆਊਂ, ਪ੍ਰੀਤੀ ਸਕੂਲ ਪਾ ਕੇ ਆਉਂਦੀ ਹੈ, ਮੈਂ ਵੀ ਏਸ ਸਾਲ ਉਹਨੂੰ ਵਿਖਾਉਣਾ ਹੈ ਕਿ ਮੇਰੇ ਕੋਲ ਵੀ ਹੈ…ਨਾਲੇ ਫ਼ੈਬ ਇੰਡੀਆ ਤੋਂ ਕਾਟਨ ਦੀਆਂ ਦੋ ਡਰੈੱਸਿਜ਼…।” ਜੋਤੀ, ਸਿੰਮੀ ਦੀ ਹਮਉਮਰ ਸੀ ਤੇ ਇਸ ਲਈ ਵੀ ਉਹਨੇ ਤਲਵੰਡੀ ਸਾਬੋ ਰਹਿਣ ਦੀ ਗੱਲ ਮੰਨ ਲਈ ਕਿ ਜੇ ਹੋਰ ਨਹੀਂ ਤਾਂ ਜੋਤੀ ਨਾਲ ਕੈਰਮ, ਬੈਡਮਿੰਟਨ ਹੀ ਖੇਡ ਲਵੇਗੀ…।
ਵਿਸਾਖੀ ਤੋਂ 4-5 ਦਿਨ ਪਹਿਲਾਂ ਜੋਤੀ, ਉਹਦੀ ਮੰਮੀ ਤੇ ਭਰਾ ਵਿੱਕੀ ਤਲਵੰਡੀ ਸਾਬੋ ਆ ਗਏ। ਸਿੰਮੀ ਦੇ ਮੰਮੀ ਪਾਪਾ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਮਹਿਮਾਨਾਂ ਲਈ ਪਹਿਲਾਂ ਹੀ ਬਜ਼ਾਰੋਂ ਸਮੋਸੇ, ਮਿਠਾਈ, ਨਮਕੀਨ, ਕੋਲਡ ਡਰਿੰਕ ਤੇ ਆਈਸ ਕਰੀਮ ਵਗੈਰਾ ਚੀਜ਼ਾਂ ਲਿਆ ਕੇ ਰੱਖੀਆਂ ਹੋਈਆਂ ਸਨ। ਬੱਚਿਆਂ ਨੇ ਸਿਰਫ਼ ਕੋਲਡ ਡਰਿੰਕ ਤੇ ਆਈਸ ਕਰੀਮ ਹੀ ਲਈ। ਜੋਤੀ ਤੇ ਵਿੱਕੀ ਆਪਣੇ ਮੰਮੀ ਨੂੰ ਕਾਹਲੇ ਪੈ ਕੇ ਕਹਿਣ ਲੱਗੇ ਕਿ ਸਾਨੂੰ ਮੇਲਾ ਵਿਖਾ ਕੇ ਲਿਆਓ…। ਸਿੰਮੀ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਉਹ ਤਾਂ ਮੇਲਿਆਂ ਦੀ ਭੀੜ ‘ਚ ਜਾਣੋਂ ਹਮੇਸ਼ਾ ਬਚਦੀ ਹੁੰਦੀ ਸੀ, “ਕਿੰਨੇ ਗੰਦੇ ਲੋਕ ਨੇ ਐਵੇਂ ਭੀੜ ਕਰ ਰੱਖੀ ਹੈ ਇਨ੍ਹਾਂ ਨੇ, ਪਤਾ ਨਹੀਂ ਕੀ ਗੰਦ-ਮੰਦ ਨਿੱਕੀਆਂ-ਨਿੱਕੀਆਂ ਦੁਕਾਨਾਂ ਤੋਂ ਲੈ ਕੇ ਖਾ ਰਹੇ ਨੇ…” ਹੁਣ ਜਦੋਂ ਜੋਤੀ ਤੇ ਵਿੱਕੀ ਮੇਲੇ ਤੇ ਜਾਣ ਦੀ ਜ਼ਿਦ ਕਰਨ ਲੱਗੇ ਤਾਂ ਮੰਮੀ ਪਾਪਾ ਨੇ ਸਿੰਮੀ ਨੂੰ ਨਾਲ ਚੱਲਣ ਲਈ ਤਿਆਰ ਹੋਣ ਨੂੰ ਕਿਹਾ। ਸਿੰਮੀ ਅਣਮੰਨੇ ਜਿਹੇ ਮਨ ਨਾਲ ਤਿਆਰ ਹੋਈ ਤੇ ਸਾਰੇ ਜਣੇ ਪੈਦਲ ਹੀ ਮੇਲੇ ਲਈ ਚੱਲ ਪਏ, ਜੋ ਉਨ੍ਹਾਂ ਦੇ ਘਰ ਤੋਂ ਸਿਰਫ਼ ਪੰਦਰਾਂ ਮਿੰਟ ਦੀ ਦੂਰੀ ਤੇ ਸੀ। ਜੋਤੀ ਤੇ ਵਿੱਕੀ ਨੇ ਦੂਰੋਂ ਹੀ ਝੂਲੇ, ਚੰਡੋਲਾਂ ਨੂੰ ਵੇਖ ਕੇ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਛੇਤੀ ਤੋਂ ਛੇਤੀ ਝੂਟੇ ਲੈਣ ਲਈ ਕਾਹਲੇ ਸਨ। ਸਿੰਮੀ ਦੇ ਪਾਪਾ ਨੇ ਤਿੰਨਾਂ ਲਈ ਤਿੰਨ ਟਿਕਟਾਂ ਖਰੀਦੀਆਂ। ਸਿੰਮੀ ਦੋਹਾਂ ਦੇ ਵਿਚਾਲੇ ਬਹਿ ਗਈ। ਸਿੰਮੀ ਪਹਿਲੀ ਵਾਰ ਚੰਡੋਲ ਤੇ ਬੈਠੀ ਸੀ। ਉਹਨੂੰ ਬੜਾ ਮਜ਼ਾ ਆਇਆ। ਝੂਲੇ ਤੋਂ ਵਿਹਲੇ ਹੋ ਕੇ ਬੱਚਿਆਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਖਰੀਦੀਆਂ। ਫਿਰ ਉਹ ਇੱਕ ਪਕੌੜਿਆਂ ਵਾਲੀ ਦੁਕਾਨ ਤੋਂ ਪਕੌੜੇ ਖਾਣ ਲੱਗੇ। ਜੋਤੀ ਤੇ ਵਿੱਕੀ ਨਾਲ ਹੁਣ ਸਿੰਮੀ ਵੀ ਮੇਲੇ ਦਾ ਅਨੰਦ ਮਾਣ ਰਹੀ ਸੀ। ਅਸਲ ਗੱਲ ਇਹ ਸੀ ਕਿ ਉਹ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਤੇ ਉਹਦੀ ਏਥੇ ਕੋਈ ਗੂੜ੍ਹੀ ਸਹੇਲੀ ਨਹੀਂ ਸੀ।
ਹੁਣ ਸਾਰਿਆਂ ਨੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਜਾਣਾ ਸੀ। ਪਾਪਾ ਨੇ ਸਾਰਿਆਂ ਨੂੰ ਹਦਾਇਤ ਦਿੱਤੀ ਕਿ ਓਥੇ ਭੀੜ ਹੋਵੇਗੀ, ਇੱਕ ਦੂਜੇ ਦਾ ਹੱਥ ਫੜ ਕੇ ਰੱਖਣਾ ਕਿਤੇ ਗੁਆਚ ਨਾ ਜਾਇਓ। ਪਾਪਾ ਨੇ ਚੱਲਦੇ ਚੱਲਦੇ ਇੱਥੋਂ ਦਾ ਸੰਖੇਪ ਇਤਿਹਾਸ ਦੱਸਿਆ, “ਦਸ਼ਮੇਸ਼ ਪਿਤਾ ਨੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਏਥੇ ਆ ਕੇ ਦਮ ਲਿਆ, ਇਸੇਲਈ ਇਸ ਥਾਂ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ; ਦਸ਼ਮੇਸ਼ ਗੁਰੂ ਨੇ ਆਪਣੀ ਠਹਿਰ ਦੌਰਾਨ ਏਥੇ ਵਿਸਾਖੀ ਦਾ ਤਿਉਹਾਰ ਮਨਾਇਆ, ਜਿਸ ਵਿੱਚ ਸਵਾ ਲੱਖ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ; ਇਹ ਸਥਾਨ ਸਿੱਖ ਧਰਮ ਦਾ ਚੌਥਾ ਤਖ਼ਤ ਹੈ; ਏਥੇ ਹੀ ਗੁਰੂ ਜੀ ਨੇ ਚੌਧਰੀ ਡੱਲੇ ਦੇ ਸਿੱਖੀ ਸਿਦਕ ਦੀ ਪਰਖ ਕੀਤੀ ਤੇ ਬਾਬਾ ਬੀਰ ਸਿੰਘ-ਧੀਰ ਸਿੰਘ ਇਸ ਪ੍ਰੀਖਿਆ ‘ਚੋਂ ਪਾਸ ਹੋਏ; ਦਿੱਲੀਓਂ ਆਈਆਂ ਮਾਤਾਵਾਂ (ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ) ਨੂੰ ਦਸ਼ਮੇਸ਼ ਗੁਰੂ ਨੇ ਪੁੱਤਰਾਂ ਦਾ ਵਿਗੋਚਾ ਨਾ ਕਰਨ ਅਤੇ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਨਾਦੀ ਪੁੱਤਰ ਮੰਨਣ ਨੂੰ ਕਿਹਾ; ਇੱਥੇ ਬਾਬਾ ਦੀਪ ਸਿੰਘ ਜੀ ਦਾ 70 ਫੁੱਟ ਉੱਚਾ ਬੁਰਜ ਅਤੇ ਭੋਰਾ ਸਾਹਿਬ ਮੌਜੂਦ ਹੈ, ਜਿੱਥੇ ਬੈਠ ਕੇ ਉਹ ਭਗਤੀ ਕਰਿਆ ਕਰਦੇ ਸਨ ਤੇ ਏਸੇ ਭੋਰੇ ਵਿੱਚ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕੀਤੇ ਜੋ ਚਾਰੇ ਤਖ਼ਤਾਂ ‘ਤੇ ਭੇਜੇ ਗਏ; ਏਸੇ ਥਾਂ ਤੋਂ ਬਾਬਾ ਦੀਪ ਸਿੰਘ ਨੇ ਅਰਦਾਸਾ ਸੋਧ ਕੇ ਹਰਿਮੰਦਰ ਸਾਹਿਬ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਵਾਉਣ ਦੀ ਪੱਕੀ ਧਾਰੀ ਸੀ; ਲਿਖਣਸਰ ਵਿਖੇ ਗੁਰੂ ਜੀ ਨੇ ਆਦਿ ਗ੍ਰੰਥ ਦੀ ਸੰਪੂਰਨਤਾ ਕਰਵਾਈ; ਏਥੇ ਆ ਕੇ ਜੋ ਵੀ ਸ਼ਰਧਾ ਨਾਲ ਪੈਂਤੀ ਲਿਖਦਾ ਹੈ ਉਹ ਸਿਰਫ਼ ਕਿਤਾਬੀ ਹੀ ਨਹੀਂ, ਹਰ ਤਰ੍ਹਾਂ ਦੇ ਇਮਤਿਹਾਨ ‘ਚੋਂ ਪਾਸ ਹੁੰਦਾ ਹੈ…” ਪਾਪਾ ਦੀਆਂ ਗੱਲਾਂ ਨੂੰ ਜੋਤੀ ਤੇ ਵਿੱਕੀ ਸਮੇਤ ਸਿੰਮੀ ਵੀ ਧਿਆਨ ਨਾਲ ਸੁਣ ਰਹੇ ਸਨ। ਭਾਵੇਂ ਸਭ ਨੇ ਆਪੋ ਆਪਣੀਆਂ ਕਿਤਾਬਾਂ ‘ਚੋਂ ਦਮਦਮਾ ਸਾਹਿਬ ਦੇ ਇਤਿਹਾਸ ਅਤੇ ਵਿਸਾਖੀ ਬਾਰੇ ਬਹੁਤ ਕੁਝ ਪੜ੍ਹਿਆ ਸੀ, ਪਰ ਅੱਜ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਸਿੰਮੀ ਦੇ ਪਾਪਾ ਰਾਹ ਚੱਲਦਿਆਂ ਬੱਚਿਆਂ ਨੂੰ ਕਵਿਤਾਵਾਂ ਦੀਆਂ ਪੰਕਤੀਆਂ ਜੋੜ-ਜੋੜ ਕੇ ਸੁਣਾਉਂਦੇ ਤਾਂ ਬੱਚੇ ਬੜੇ ਗਹੁ ਨਾਲ ਉਨ੍ਹਾਂ ਦੇ ਮੂੰਹ ਵੱਲ ਵੇਖਦੇ :
ਆਈ ਹੈ ਵਿਸਾਖੀ ਤਲਵੰਡੀ ਚੱਲੀਏ
ਦੋਸਤਾਂ ਯਾਰਾਂ ਨੂੰ ਵੀ ਸੁਨੇਹੇ ਘੱਲੀਏ।
…                …                …
ਹੁਣ ਹਰ ਸਾਲ ਸਿੰਮੀ ਕੋਲ ਜਾਵਾਂਗੇ
‘ਨਵ-ਦੀਪ’ ਨਾਲ ਹੀ ਵਿਸਾਖੀ ਮਨਾਵਾਂਗੇ।
…                 …               …
ਮੇਲਿਆਂ ਨੂੰ ਨਾਲ ਖ਼ੁਸ਼ੀ ਦੇ ਮਨਾਈਏ ਜੀ
ਹਰ ਵੇਲੇ ਗੁਰੂ ਆਪਣਾ ਧਿਆਈਏ ਜੀ।
ਸਾਰਿਆਂ ਨੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਿਆ ਤੇ ਸ਼ਾਮ ਢਲੀ ਤੋਂ ਆਪਣੇ ਘਰ ਆ ਗਏ। ਜੋਤੀ ਅਤੇ ਵਿੱਕੀ ਦੀ ਸੰਗਤ ਵਿੱਚ ਸਿੰਮੀ ਵੱਲੋਂ ਵੇਖਿਆ ਵਿਸਾਖੀ ਦਾ ਇਹ ਮੇਲਾ ਬਹੁਤ ਯਾਦਗਾਰੀ ਰਿਹਾ। ਇਸਤੋਂ ਬਾਦ ਉਹਨੇ ਕਦੇ ਵੀ ਆਪਣੇ ਮੰਮੀ ਪਾਪਾ ਨੂੰ ਸ਼ਹਿਰ ਜਾ ਕੇ ਰਹਿਣ ਦੀ ਜ਼ਿਦ ਨਹੀਂ ਕੀਤੀ। ਉਹਨੂੰ ਸਮਝ ਆ ਗਈ ਸੀ ਕਿ ਜਿੱਥੇ ਐਨੇ ਵੱਡੇ ਗੁਰੂ ਨੇ ਇੰਨਾ ਸਮਾਂ ਧਰਤੀ ਨੂੰ ਭਾਗ ਲਾਏ ਹੋਣ, ਉਹ ਕਿਵੇਂ ਚੰਗੀ ਨਹੀਂ ਹੋਵੇਗੀ!

Related posts

ਡਾਕਟਰ ਦੀ ਪਰਚੀ !

admin

ਹਿੰਦੀ ਬਾਲ ਕਹਾਣੀ: ਹੋਲੀ ਅਤੇ ਪ੍ਰੀਖਿਆ

admin

ਮਿੰਨੀ ਕਹਾਣੀ: ਸਬਕ

admin