
ਅਸੀਂ ਅਕਸਰ ਸਾਧਾਰਨ ਗੱਲਬਾਤ ਵਿਚ ਕਈ ਵਾਰ ਇਹ ਆਖਦੇ ਹਾਂ ਕਿ ‘ਫਲਾਣਾ’ ਕਵੀ ਗਿਆਨਵਾਨ ਹੈ, ਵਿਚਾਰਵਾਨ ਹੈ, ਬੌਧਿਕ ਹੈ, ਸੂਖਮਤਾ ਫੜਨ ਵਾਲਾ ਸੂਝਵਾਨ ਹੈ ਅਤੇ ‘ਫਲਾਣਾ’ ਨਹੀਂ। ਇਹ ਗਲ ਕਹਿੰਦਿਆਂ, ਇਹ ਗੱਲ ਸੋਚਦਿਆਂ ਸ਼ਾਇਦ ਅਸੀਂ ਡਾ: ਰੌਸ਼ਨ ਲਾਲ ਆਹੂਜਾ ਦੇ ਕਥਨ ਅਨੁਸਾਰ ਇਹ ਨਹੀਂ ਕਹਿਣਾ ਚਾਹੁੰਦੇ ਕਿ ਇਹਨਾਂ ਕਵੀਆਂ ਦੇ ‘ਵਿਚਾਰਾਂ ਵਿਚ ਭੇਦ’ ਹੈ ਪਰ ਸ਼ਾਇਦ ਇਹ ਕਿ ‘ਇਹਨਾਂ ਦੇ ਭਾਵਾਂ ਵਿਚ ਭੇਦ’ ਹੈ। ਅਸਲ ਵਿਚ ਜਿਸ ਨੂੰ ਅਸੀਂ ਵਿਚਾਰਸ਼ੀਲ ਕਹਿੰਦੇ ਹਾਂ ਉੱਥੇ ਕਵੀ ਕੇਵਲ ਆਪਣੇ ਵਿਚਾਰ ਹੀ ਨਹੀਂ ਪੇਸ਼ ਕਰ ਰਿਹਾ ਹੁੰਦਾ, ਜਿਸ ਕਾਰਨ ਕਿ ਉਹ ਕਵੀ ਹੈ, ਸਗੋਂ ਵਿਚਾਰ ਦਾ ਭਾਵ-ਰੂਪ ਵੀ ਪ੍ਰਗਟ ਕਰ ਰਿਹਾ ਹੁੰਦਾ ਹੈ। ਇਹ ਵਿਚਾਰ ਤੇ ਭਾਵ ਧੁੰਧਲੇ ਵੀ ਹੋ ਸਕਦੇ ਹਨ, ਸਪਸ਼ਟ ਅਤੇ ਨਿਸਚਤ ਵੀ। ਸਾਡੇ ਸਾਹਮਣੇ ਇਕ ਵੱਡੀ ਸਮੱਸਿਆ ਕਵਿਤਾ ਨੂੰ ਸਮਝਣ ਅਤੇ ਪੜਚੋਲਣ ਲਈ ਵਿਚਾਰ ਅਤੇ ਭਾਵਾਂ ਦਾ ਸਮਤੋਲ ਕਰਨ ਦੀ ਹੈ। ਇਹ ਸਮਤੋਲ, ਕਵਿਤਾ ਦੀ ਪਰਿਭਾਸ਼ਾ ਮਿੱਥਦਿਆਂ-ਲੱਭਦਿਆਂ ਹੋਰ ਵੀ ਕਠਨ ‘ ਤੇ ਸੰਕਟ ਵਾਲੀ ਬਣ ਜਾਂਦੀ ਹੈ।
ਬਰਤਾਨੀਆ ਵੱਸਦਾ ਨਛੱਤਰ ਸਿੰਘ ਭੋਗਲ (ਭਾਖੜੀਆਣਾ) ਗਿਆਨ ਅਤੇ ਸੂਝ ਰੱਖਣ ਵਾਲਾ ਨੇਕ-ਦਿਲ ਇਨਸਾਨ ਹੀ ਨਹੀਂ ਸਗੋਂ ਚੰਗੇ ਵਿਚਾਰਾਂ ਦਾ ਧਾਰਨੀ ਅਤੇ ਸਰਬਤ ਦਾ ਭਲਾ ਮੰਗਣ ਵਾਲਾ, ਕਵਿਤਾ ਨੂੰ ਸਮਰਪਿਤ, ਵਿਚਾਰ ਅਤੇ ਭਾਵਾਂ ਵਿੱਚ ਸਮਤੋਲ ਰੱਖਣ ਵਾਲਾ ਸੰਵੇਦਨਸ਼ੀਲ ਲੋਕ ਕਵੀ ਹੈ। 1977 ਤੋਂ ਲਿਖਣਾ ਆਰੰਭ ਕਰਨ ਮਗਰੋਂ ਉਸ ਦੇ ਕਦਮ ਪਿਛਾਂ ਨਹੀਂ ਮੁੜੇ। ਕਲਮ ਖੜੋਤ ਵਿੱਚ ਨਹੀਂ ਆਈ ਅਤੇ ਉਹ ਨਿਰੰਤਰਤਾ ਨਾਲ ਲਿਖਦਾ ਆ ਰਹਾ ਹੈ।
ਪਰਸੰਨਤਾ ਵਾਲੀ ਗੱਲ ਇਹ ਹੈ ਕਿ ਲੋਕ ਕਵੀ ਭੋਗਲ ਆਪਣੇ ਚਾਰ ਕਾਵਿ ਸੰਗ੍ਰਹਿ: (1) ‘ਕਲਮ ਤਾਈਂ ਫਰਿਆਦ’ (2014) ਕਰਦਿਆਂ, (2) ‘ਦੱਸ ਕਿੱਥੇ ਵਸੀਏ’, ਦਾ ਝੋਰਾ ਲਈ, (3) ‘ਸੁੱਖ ਦੇ ਸਾਥੀ’ (2023) ਲੱਭਦਿਆਂ ਭਾਲਦਿਆਂ, (4) ‘ਕਲਮ’ ਦੇ ਸਹਾਰੇ ਕਲਮ ਦੀ ਨੋਕ ਤਿੱਖੀ ਕਰਦਿਆਂ ਹੁਣ 85 ਕਵਿਤਾਵਾਂ ਨਾਲ ਲਬਰੇਜ਼ ‘ਜੀਵਨਧਾਰਾ’ ਦਾ ਕਾਵਿ-ਢੋਆ ਲੈ ਕੇ ਪੰਜਾਬੀ-ਸਾਹਿਤ ਨੂੰ ਮਾਲਾ-ਮਾਲ ਕਰਨ ਦੀ ਆਪਣੀ ਚਾਹ ਨੂੰ ਹੋਰ ਉਚਿਆਈਆਂ ਬਖਸ਼ਣ ਦੇ ਰਾਹ ਤੁੱਰ ਪਿਆ ਹੈ। ਕਵੀ ਭੋਗਲ ਨੇ ਅਤਿ ਦੇ ਸੁੰਦਰ ਸ਼ਬਦਾਂ ਰਾਹੀਂ ਆਪਣੀ 52 ਪੰਨੇ ‘ਤੇ ਦਰਜ ‘ਕਵਿਤਾ’ ਨਾਂ ਦੀ ਕਵਿਤਾ ਵਿੱਚ ਆਪਣੇ ਵੱਖਰੇ ਅੰਦਾਜ਼ ਰਾਹੀਂ ਕਵਿਤਾ ਦੀ ਜੋ ਪਰਿਭਾਸ਼ਾ ਬੰਨ੍ਹੀ ਹੈ, ਉਹ ਵਿਚਾਰਨ ਯੋਗ ਹੈ ਅਤੇ ‘ਜੀਵਨਧਾਰਾ’ ਦੀ ਇਸ ਲੜੀ ਵਿੱਚ ਉਸ ਦਾ ਜ਼ਿਕਰ ਕਰਨਾ ਬੜਾ ਉਚਿੱਤ ਰਹੇਗਾ।
ਬਾਰਾਂ ਬੰਦਾਂ ਦੀ ‘ਕਵਿਤਾ’ ਪੜ੍ਹਨ, ਜਾਨਣ ਅਤੇ ਮਾਨਣ ਯੋਗ ਇੱਕ ਬਾ-ਕਮਾਲ ਰਚਨਾ ਹੈ ਜਿਸ ਰਾਹੀਂ ਕਵੀ ਆਪਣੀ ਸਿਰਜਣਾ ਸਬੰਧੀ ਕੁਝ ਹੱਦਾਂ ਸਿਰਜਦਾ ਵੀ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਆਪਣੇ ਵਰਤੀਂਦੇ ਸ਼ਬਦਾਂ ਦੀ ਚੋਣ, ਵਰਤੋਂ ਅਤੇ ਨਿਭਾਅ ਦੇ ਦਰਸ਼ਣ ਵੀ ਕਰਾ ਦਿੰਦਾ ਹੈ। ਕਵੀ ਭੋਗਲ ਦੀ ਸ਼ਬਦ-ਰਚਨਾ ਸੁਹਿਰਦ ਮਨੁੱਖੀ ਜਜ਼ਬਿਆਂ/ਭਾਵਨਾਵਾਂ ਦਾ ਪ੍ਰਗਟਾਅ ਲੈ-ਬੱਧ ਰੂਪ ਵਿੱਚ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਵਿਚਾਰਾਂ ਨੂੰ ਗਿਆਨ ਦੀ ਪੁੱਠ ਦੇਂਦਿਆਂ ਕਲਪਨਾ ਦੀ ਸਹਾਇਤਾ ਨਾਲ ਸੱਚਾਈ ਦੇ ਰੂ-ਬ-ਰੂ ਕਰਾ ਦਿੰਦਾ ਹੈ। ਜੀ ਕਰਦਾ ਹੈ ਕਿ ਸਾਰੀ ਕਵਿਤਾ ਹੀ ਪਾਠਕਾਂ ਗੋਚਰੇ ਕਰ ਦੇਵਾਂ ਪਰ ਨਹੀਂ, ਕੇਵਲ ਕੁਝ ਬੰਦ ਹੀ ‘ਰਿੱਝ੍ਹੀ ਦਾਲ’ ਨੂੰ ਟੋਹਣ ਹਿੱਤ ਹਾਜ਼ਰ ਹਨ:
ਕੁਝ ਕਵਿਤਾਵਾਂ ਗਾਈਆਂ ਜਾਵਣ,
ਕੁਝ ਪੜ੍ਹੀਆਂ ਕੁਝ ਸੁਣੀਆਂ।
ਕੁਝ ਉਮਰਾਂ ਦੇ ਦਰਦ ਹੰਢਾਵਣ,
ਸੀਨੇ ਉੱਤੇ ਖੁਣੀਆਂ।
ਕੁਝ ਵਿਹੜੇ ਦੇ ਰੁੱਖਾਂ ਉੱਤੇ,
ਲੱਗਣ ਸੂਹੇ ਰੰਗੀਆਂ।
ਕੁਝ ਹਵਾ ਦੇ ਬੁੱਲੇ ਬਣਕੇ,
ਦਰਦ-ਏ-ਦਿਲ ਬਣ ਡੰਗੀਆਂ।
__
ਕੁਝ ਕਵਿਤਾਵਾਂ ਪਰੀਆਂ ਵਰਗੀਆਂ,
ਅਰਸ਼ੋਂ ਉੱਤਰ ਆਈਆਂ।
ਨੈਣਾਂ ਵਿੱਚੋਂ ਮਸਤੀ ਡਲ੍ਹਕੇ,
ਪਿਆਰ ਦੀਆਂ ਤ੍ਰਿਹਾਈਆਂ।
ਅੱਖਰਾਂ ਦੀ ਬਾਤ ਪਾਉਂਦਿਆਂ ਉਹ ਲਿਖਦਾ ਹੈ:
ਕਈ ਕਵੀ ਲਿਖ ਦਿੰਦੇ ਕਵਿਤਾ
ਬਣ ਸ਼ਬਦਾਂ ਦੇ ਸਾਥੀ।
ਅੱਖਰਾਂ ਸੰਗ ਉਹ ਤੁਰਦੇ ਜਾਂਦੇ,
ਜਿਉਂ ਮਸਤੀ ਵਿੱਚ ਹਾਥੀ।
ਉਮੱਰਾਂ ਦੇ ਦਰਦ ਹੰਢਾਵਣ, ਖੁਣੀਆਂ, ਮਸਤੀ ਦਾ ਦੁਹਰਾਉ, ਆਦਿ ਸ਼ਬਦਾਂ ਦੀ ਚੋਣ, ਸ਼ਬਦਾਂ ਦੀ ਯੋਗ ਵਰਤੋਂ ਦਾ ਆਨੰਦ ਮਾਣਦਿਆਂ ਹੀ ਪਾਠਕ/ਸਰੋਤਾ ਕੀਲਿਆ ਜਾਂਦਾ ਹੈ। ਲੈ ਵਿੱਚ ਪਰੋਏ ਸ਼ਬਦ, ਦਿਲ ਨੂੰ ਧੂਹ ਤਾਂ ਪਾਉਂਦੇ ਹੀ ਹਨ ਪਰ ਨਾਲ ਹੀ ਕਾਵਿ-ਪਠਨ ਕਰਨ ਵਾਲੇ ਜਾਂ ਕਵਿਤਾ ਸੁਣਨ ਵਾਲਿਆਂ ਨੂੰ ਵੀ ਆਪਣੇ ਨਾਲ ਨਾਲ, ਕਾਵਿ ਦਰਿਆ ਦੀਆਂ ਲਹਿਰਾਂ ਸੰਗ ਲੋਟ-ਪੋਟ ਹੋ ਜਾਣ ਲਈ ਮਜ਼ਬੂਰ ਕਰਦੀਆਂ ਹਨ। ਕਵੀ ਅਣਦਿਸਦੇ ਰਾਹਾਂ ਵੱਲ ਤੋਰਦਿਆਂ ਵੇਦਨਾ ਨਾਲ ਪੀੜਤ ਹੋਇਆ ਸੰਵੇਦਨਸ਼ੀਲ ਹੋ ਜਾਂਦਾ ਹੈ। ਸੰਗੀਤਕ ਲੈ, ਧੁੰਨ, ਸ਼ਬਦ-ਕਲਪਨਾ ਅਤੇ ਚਿੰਤਨ ਨਾਲ ਲਬਰੇਜ਼ ਲਹਿਜੇ ਵਿੱਚ ਉਹ ਪਾਠਕ ਨੂੰ ਆਪਣੇ ਨਾਲ ਤੋਰਨ-ਜੋੜਨ ਵਿਚ ਸਫ਼ਲਤਾ ਪਰਾਪਤ ਕਰਦਾ ਹੈ। ਫਿਰ ਕਵੀ ਨੂੰ ਕਵਿਤਾ ‘ਮਹਿਬੂਬਾ’ ਵਰਗੀ ਲੱਗਦੀ ਹੈ ਅਤੇ ਕਦੇ ਅੰਮੀ ਜਾਈ, ਕਦੇ ਸਕੇ ਭਰਾਵਾਂ ਵਰਗੀ ਅਤੇ ਕਦੇ ਕਵਿਤਾ ਦਰਿਆ ਦੇ ਵਹਿਣ ਵਾਂਗ ਆਪਣਾ ਰਾਹ ਬਣਾਉਂਦੀ ਦਿਸਦੀ ਹੈ:
ਇੱਕ ਕਵਿਤਾ ਮੈਨੂੰ ਸੋਹਣੀ ਲੱਗੀ,
ਵਾਂਗ ਸੁਰਾਹੀ ਸੂਰਤ।
ਉਹ ਉੱਮਰਾਂ ਦੀ ਸਾਥਣ ਵਰਗੀ,
ਪਾਕਿ ਪਵਿੱਤਰ ਮੂਰਤ।
ਕਵੀ ਨਛੱਤਰ ਸਿੰਘ ਭੋਗਲ ਨੇ ਕਵਿਤਾਵਾਂ ਵਿੱਚ ਲਏ ਵਿਸ਼ਿਆਂ ਸਬੰਧੀ ‘ਕੁਝ ਸ਼ਬਦ ਮੇਰੇ ਵੱਲੋਂ’ ਵਿੱਚ ਸਪਸ਼ਟ ਕੀਤਾ ਹੈ:
‘ਮੇਰੀਆਂ ਰਚਨਾਵਾਂ ਦੇ ਵਿਸ਼ੇ ਜਿੱਥੇ ਪਿੰਡ, ਸ਼ਹਿਰ, ਗਲੀਆਂ-ਮੁਹੱਲੇ, ਨਹਿਰਾਂ-ਕੱਸੀਆਂ, ਛੱਪੜ-ਟੋਭੇ, ਦਰਿਆਵਾਂ, ਝੀਲਾਂ, ਦਰਖ਼ਤਾਂ, ਪਸ਼ੂ-ਪੰਛੀਆਂ ਅਤੇ ਕੁਦਰਤੀ ਨਜ਼ਾਰਿਆਂ ਨਾਲ ਓਤ-ਪੋਤ ਹਨ ਉੱਥੇ ਜ਼ਾਤਿ-ਪਾਤ, ਗੰਧਲੀ ਸਿਅਸਤ, ਨਿਆ-ਪ੍ਰਣਾਲੀ, ਸਮਾਜਿਕ ਬੁਰਿਆਈਆਂ ਅਤੇ ਖੂਬੀਆਂ, ਖ਼ਾਸ ਤੌਰ ‘ਤੇ, ਧਰਮਾਂ ਦੀ ਆੜ ਵਿੱਚ ਸਦੀਆਂ ਤੋਂ ਲਤਾੜੇ ਜਾ ਰਹੇ ਇਨਸਾਨਾਂ ਦੇ ਦਰਦ ਨੂੰ ਹਮੇਸ਼ਾਂ ਆਪਣੀ ਬੁੱਕਲ ਵਿੱਚ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੁੰਦੇ ਰਹੇ ਹਨ।’
ਇਸ ਕਾਵਿ ਸੰਗ੍ਰਹਿ ਦਾ ਨਾਮ ‘ਜੀਵਨਧਾਰਾ’ ਰੱਖਿਆ ਗਿਆ ਹੈ: ਜੀਵਨ ਅਤੇ ਧਾਰਾ। ‘ਜੀਵਨਧਾਰਾ’ ਇੱਕ ਅਤਿ ਵਿਆਪਕ ਸੰਕਲਪ ਹੈ। ਇਹ ਵਿਆਪਕ ਸੰਕਲਪ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੀਵਨ ਇੱਕ ਲਗਾਤਾਰ ਜਾਂ ਨਿਰੰਤਰ ਚੱਲਣ ਵਾਲੀ ਯਾਤਰਾ ਹੈ। ਇਹ ‘ਜੀਵਨਧਾਰਾ’ ਬਿਨਾਂ ਕਿਸੇ ਠਹਿਰਾਅ ਦੇ, ਨਦੀ ਵਾਂਗ, ਸਦਾ ਹੀ ਅਗ੍ਹਾਂ ਹੋਰ ਅਗ੍ਹਾਂ ਵੱਗਦੀ ਚਲੀ ਜਾਂਦੀ ਹੈ। ਜੀਵਨ ਤੇ ਧਾਰਾ ਦਾ ਚੋਲੀ-ਦਾਮਨ ਦਾ ਸਾਥ ਹੈ। ਧਾਰਾ ਲਗਾਤਾਰ ਵਹਿਣ ਵਾਲੀ ਤਾਕਤ ਹੁੰਦੀ ਹੈ ਜੋ ਜੀਵਨ ਨੂੰ ਇੱਕ ਨਦੀ ਵਾਂਗ ਆਪਣੇ ਰਸਤੇ ਵਿੱਚ ਆਉਣ ਵਾਲੇ ਹਰ ਪੱਥਰ ਅਤੇ ਰੁਕਾਵਟ ਨੂੰ ਪਾਰ ਕਰਦੀ ਹੋਈ ਆਪਣੀ ਮਸਤ ਚਾਲੇ ਵਗਦੀ ਰਹਿੰਦੀ ਹੈ। ਜੀਵਨ ਕਦੇ ਵੀ ਇਕਸਾਰ ਨਹੀਂ ਰਹਿੰਦਾ। ਮਨੁੱਖੀ ਜੀਵਨ ਤਜਰਬਿਆਂ, ਨਿੱਜੀ ਸੰਘਰਸ਼ਾਂ ਅਤੇ ਭਾਵਨਾਵਾਂ ਦੀਆਂ ਲਪਟਾਂ ਤੋਂ ਬੱਚਦਾ, ਸਿੱਖਦਾ, ਸਦਾ ਹੀ ਅੱਗੇ ਹੋਰ ਅੱਗੇ, ਹੁਣ ਨਾਲੋਂ ਨਵਾਂ-ਨਕੋਰ ਜਾਂ ਬੇਹਿਤਰ ਬਣਨ ਦੀ ਕੋਸ਼ਿਸ ਵਿੱਚ ਜੁੱਟਿਆ ਰਹਿੰਦਾ ਹੈ।
‘ਜੀਵਨਧਾਰਾ’ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਹੈ ਜਿਸਦੇ ਨਾਂ ‘ਤੇ ਹੀ ਇਸ ਕਾਵਿ-ਸੰਗ੍ਰਹਿ ਦਾ ਨਾਮ ਰੱਖਿਆ ਗਿਆ। ਇਹ ਕਵਿਤਾ ‘ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ’ ਦੇ ਕਾਰਨਾਮਿਆਂ ਨੂੰ ਸਮਰਪਿਤ ਸੁੰਦਰ ਸ਼ੇਅਰ ਨਾਲ ਆਰੰਭ ਹੁੰਦੀ ਹੈ:
ਲਾ ਕੇ ਟਿੰਡ ਦਾ ਸਿਰ੍ਹਾਣਾ, ਸੁੱਤਾ ਮਾਹੀ ਮਤਵਾਲਾ।
ਨੰਗੇ ਪੈਰ, ਪੈਰੀਂ ਛਾਲੇ, ਸ਼ਾਹੀ ਸ਼ਹਿਨਸ਼ਾ ਨਿਰਾਲਾ।
ਆਪੇ ਗੁਰੂ ਆਪੇ ਚੇਲਾ, ਕਿੱਸਾ ਡੂੰਘੇ ਰਾਜਾਂ ਵਾਲਾ।
ਜੇ ਕੋਈ ਧਰਮ ਪਿਤਾ ਜੱਗ ਦਾ, ਉਹ ਮੇਰਾ ਪ੍ਰੀਤਮ ਬਾਜਾਂ ਵਾਲ਼ਾ।
ਇਸ ਕਵਿਤਾ ਵਿੱਚ ਬੜੇ ਹੀ ਸੁੰਦਰ ਢੰਗ ਨਾਲ, ਭਾਵਨਾ ਵਿੱਚ ਗੜੁੱਚ ਹੋ ਕੇ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਚਿੱਤਰ ਪੇਸ਼ ਕੀਤਾ ਹੈ। ਸਾਰਾ ਪਰਵਾਰ ਵਿਛੜਿਆ ਤਾਂ ਸਰਸਾ ਨਦੀ ਧਾਹਾਂ ਮਾਰ ਉੱਠੀ:
ਸਰਸਾ ਨੇ ਧਾਹਾਂ ਮਾਰੀਆਂ,
ਜਦੋਂ ਵਿਛੜਿਆ ਸੀ ਪਰਵਾਰ।
ਹੋ ਲਾਲਚੀ ਦਗ਼ਾ ਕਮਾ ਗਿਆ,
ਉਹ ਗੰਗੂ ਜਿਹਾ ਬਦਕਾਰ।
ਅਸੀਂ ਵੇਖਦੇ ਹਾਂ ਕਿ ‘ਜੀਵਨਧਾਰਾ’ ਕਾਵਿ-ਸੰਗ੍ਰਹਿ ਵਿੱਚ ਹੋਰ ਵੀ ਬੇਅੰਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਸਿੱਖ ਧਰਮ ਅਤੇ ਸਿਖ ਗੁਰੂ ਸਾਹਿਬਾਨ ਸਬੰਧੀ ਕਵਿਤਾਵਾਂ, ਸਿੱਖੀ ਲਈ ਆਪਾ ਵਾਰਨ ਵਾਲੇ ਗੁਰ-ਸਿੱਖਾਂ ਦੀ ਗਾਥਾ, ਸਿਰਲੱਥ ਯੋਧਿਆਂ-ਜਰਨੈਲਾਂ ਨਾਲ ਸਬੰਧਤ ਇਤਿਹਾਸਕ ਘਟਨਾਵਾਂ, ਪਰਾਪਤ ਹੋਈਆਂ ਜਿੱਤਾਂ ਦਾ ਵਰਨਣ, ਭਗਤ ਸਾਹਿਬਾਨਾਂ ਦੀਆਂ ਜੀਵਨੀਆਂ ਅਤੇ ਧਾਰਮਿਕ-ਸਮਾਜਕ ਤਿਉਹਾਰਾਂ ਅਦਿ ਸਬੰਧੀ ਰਚਨਾਵਾਂ ਵੀ ਅਤਿ ਸੁੰਦਰ ਸ਼ਬਦਾਂ, ਬਿੰਬਾਂ, ਪ੍ਰਤੀਕਾਂ ਅਤੇ ਅਲੰਕਾਰਾਂ ਰਾਹੀਂ ਦਰਜ ਕੀਤੀਆਂ ਗਈਆਂ ਹਨ। ਇਹ ਕਵਿਤਾਵਾਂ ਜਿੱਥੇ ਸਿੱਖ ਗੁਰੂਆਂ ਅਤੇ ਭਗਤ ਸਾਹਿਬਾਨਾਂ, ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਹਨ ਉਸਦੇ ਨਾਲ ਹੀ ਵਿਅੰਗਾਤਮਿਕ ਢੰਗ ਵਰਤਦਿਆਂ ਡੇਰਾਵਾਦ ਦੇ ਕੋੜ੍ਹ ਅਤੇ ਧਰਮ ਅਤੇ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਵੀ ਉਜਾਗਰ ਕਰਦੀਆਂ ਹਨ।
ਪੰਨਾ 85 ਉੱਪਰ ‘ਅੰਧ ਵਿਸ਼ਵਾਸੀ ਸਿੱਖ’ ਨਾਂ ਦੀ ਦਰਜ ਕਵਿਤਾ ‘ਸਿੱਖਾਂ’ ਵਿੱਚ ਆ ਰਹੀ ਅੱਧੋ-ਗਤੀ ਦਾ ਬੜਾ ਹੀ ਵਿਅੰਗਮਈ ਦ੍ਰਿਸ਼ ਪੇਸ਼ ਕਰਦੀ ਹੈ। ਗੁਰੂ ਨਾਨਕ ਦੇ ਪੈਰੋਕਾਰ ਆਪਣੇ ਗੁਰਾਂ ਦੇ ਉਪਦੇਸ਼ ਨੂੰ ਭੁਲਾ ਕੇ ਕਿਵੇਂ ਕਰਮ-ਕਾਂਡ ਦੇ ਚੱਕਰਾਂ ਵਿੱਚ ਗਲਤਾਨ ਹੋ ਕੇ ‘ਸਿੱਖ’ ਅਖਵਾਉਣ ਦਾ ਹੱਕ ਵੀ ਗੁਆ ਰਹੇ ਹਨ। ਸਿੱਖਾਂ ਦੀ ਇਹ ਹਾਲਤ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਵੀ ਸਮਝਣੀ ਬਣਦੀ ਹੈ। ਮੁਸੀਬਤਾਂ ਤੋਂ ਘਬਰਾ ਕੇ ਬੰਦਾ-ਕੇਵਲ ਸਿੱਖ ਹੀ ਨਹੀਂ, ਸਾਰੇ ਹੀ, ਕੀ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ? ਨਮੂਨਾ ਵੇਖਣ ਵਾਲਾ ਹੈ:
ਮੜੀਆਂ-ਮੱਠ, ਮੂਰਤਾਂ ਪੂਜਾਂ
ਧਾਗੇ ਤਵੀਤ ਕਰਵਾ ਲੈਨਾਂ ਹਾਂ।
ਜਾਦੂ-ਟੂਣੇ, ਤੰਤਰ-ਮੰਤਰ,
ਪੱਤਰੀ ਵੀ ਖੁਲਵਾ ਲੈਨਾਂ ਹਾਂ।
ਰਾਹੂ-ਕੇਤੂ ਤੋਂ ਮੈਂ ਡਰਦਾ,
ਪਾਂਧੇ ਨੂੰ ਹੱਥ ਵਿਖਾ ਲੈਨਾਂ ਹਾਂ।
ਵਹਿਮਾਂ-ਭਰਮਾਂ ਦੇ ਵਿੱਚ ਫਸਕੇ,
ਜੀਵਨ ਨਰਕ ਬਣਾ ਚੁੱਕਾ ਹਾਂ।
ਸਿੱਖ ਅਖਵਾਉਣ ਦੇ ਕਾਬਲ ਨਹੀਂ ਮੈਂ,
ਇਹ ਹੱਕ ਆਪ ਗੁਆ ਚੁੱਕਾ ਹਾਂ।
‘ਸੱਚ ਬਨਾਮ ਝੂਠ’ ਕਵਿਤਾ ਵਿੱਚ ਬੜੇ ਹੀ ਸਹਿਜ ਨਾਲ ਅਤੇ ਦਾਰਸ਼ਨਿਕ ਅੰਦਾਜ਼ ਵਿੱਚ ਕਵੀ ਸਪਸ਼ਟ ਕਰਦਾ ਹੈ ਕਿ ਸੰਸਾਰ ਦੇ ਕਿਸੇ ਖ਼ਿੱਤੇ ਵਿੱਚ ਵੀ ਚਲੇ ਜਾਈਏ ਕਈ ਵਾਰ, ਕਈ ਸਥਿੱਤੀਆਂ ਵਿੱਚ ਸੱਚ ਬੋਲਣਾ ਬਹੁਤ ਔਖਾ ਬਹਿੰਦਾ ਹੈ। ਸੱਚ ਬੋਲਣ ਨਾਲ ਅੱਗ ਮਚਣ ਦਾ ਡਰ ਰਹਿੰਦਾ ਹੈ ਪਰ ਬੰਦਾ ਕਰੇ ਤਾਂ ਕੀ ਕਰੇ? ਕੀ ਚੁੱਪ ਹੋ ਜਾਵੇ ਜਾਂ ਚੁੱਪ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋ ਜਾਵੇ? ਜਦੋਂ ਆਪਣੇ ਹੀ ਖ਼ੁੱਦਗਰਜ਼ ਹੋ ਕੇ, ਆਪਣਾ ਮਤਲਬ ਕੱਢ ਕੇ ਪਰਾਏ ਹੋ ਜਾਣ ਅਤੇ ਆਪਣੇ ਹੀ ਪਿੱਠ ਵਿੱਚ ਛੁਰਾ ਮਾਰ ਜਾਣ ਤਾਂ ਕੀ ਹੋਵੇ? ਕੀ ਕੀਤਾ ਜਾਵੇ? ਬਿਡੰਬਣਾ ਵੇਖੋ ਕਿ ਜਿੱਥੇ ਕੌਮ ਦੇ ਵਾਰਸਾਂ ਅਤੇ ਸਿਰਲੱਥ ਜੋਧਿਆਂ ਨੇ ਬੇਲਣਿਆਂ ਵਿੱਚ ਪੀੜੇ ਜਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਹੀ ਸੱਤਾ ਨੇ, ਉਸੇ ਕੌਮ ਦੇ ਨੌਜਵਾਨਾਂ ਨੂੰ ਅਤਿਵਾਦੀ ਕਹਿ ਕਹਿ ਨਾ ਕੇਵਲ ਭੰਡਿਆ ‘ਤੇ ਜ਼ਲੀਲ ਹੀ ਕੀਤਾ ਸਗੋਂ ਉਨ੍ਹਾਂ ਉੱਪਰ ਤਸ਼ਦੱਦ ਢਾਹੁਣ ਦੀ ਇੰਤਹਾ ਵੀ ਕੀਤੀ ਅਤੇ ਕੋਹ ਕੋਹ ਮਾਰਿਆ ਵੀ। ਸੰਵੇਦਨਸ਼ੀਲ ਕਵੀ ਭੋਗਲ ਦਾ ਮਨ ਅਜਿਹੀ ਹਾਲਤ ਵੇਖਦਿਆਂ ਕੁਰਲਾ ਉੱਠਦਾ ਹੈ, ‘ਹਰਖ ਹੁੰਦਾ ਤੇ ਜਾਗੇ ਰੋਸਾ, ਨੇਕੀ ਜਦੋਂ ਕੋਈ ਭੁੱਲਦਾ’, ਅਤੇ ਉਹ ਆਪਣਾ ਰੋਸਾ ਦਰਜ ਕਰਵਾਉਣੋਂ ਨਹੀਂ ਝਿੱਝਕਦਾ:
ਆਪਣਿਆਂ ਕਲ੍ਹ ਕਰੀ ਕੁਤਾਹੀ,
ਅੱਜ ਭੁਗਤਣੀ ਪੈਂਦੀ।
ਸੱਪ ਦੇ ਮੂੰਹ ਵਿੱਚ ਆਈ ਕਿਰਲੀ,
ਨਾ ਛੱਡੇ ਨਾ ਖਾਏ।
ਸਿਵਿਆਂ ਦੇ ਵਿੱਚ ਧੂੰਆਂ ਚੜ੍ਹਿਆ,
ਮਾਂਵਾਂ ਦੀ ਅੱਖ ਰੋਈ।
ਬੇਦੋਸ਼ਾਂ ਦੇ ਲਹੂ ਨੁਹਾਵਣ,
ਇੱਕੋ ਕੁੱਖ ਦੇ ਜਾਏ।
‘ਕਲਮਾਂ ਨੂੰ ਤਾਹਨਾਂ’ ਨਾਂ ਦੀ ਕਵਿਤਾ ਵਿੱਚ ਕਵੀ ਭੋਗਲ ਨੇ ਬਹੁਤ ਹੀ ਸੁੰਦਰ, ਮਾਰਮਿਕ ਅਤੇ ਦਿਲ ਨੂੰ ਧੂਹ ਪਾਉਣ ਵਾਲੇ ਸ਼ਬਦਾਂ ਰਾਹੀਂ ‘ਮਨੀਪੁਰ ਕਾਂਡ ਦੇ ਜ਼ਬਰਜਿਨਾਹ ਅਤੇ ਦਹਿਸ਼ਤ ਵਿਰੁੱਧ ਆਪਣੀ ਆਵਾਜ਼ ਉਠਾਈ ਹੈ। ਇਨਸਾਨੀਅਤ ਦੇ ਆਲਮੀ ਇਤਿਹਾਸ ਵਿੱਚ ਕਈ ਵਾਰ ਅਜਿਹੇ ਦਰਦਨਾਕ ਪਲ ਆਉਂਦੇ ਹਨ ਜਦੋਂ ਸਮਾਜਕ ਸੋਚ, ਵਿਧੀਆਂ ਅਤੇ ਸੰਸਕਾਰਾਂ ਦਾ ਆਧਾਰ ਸਾਡੀ ਆਤਮਾ ਤੱਕ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਇਹ ਕਵਿਤਾ ਬੇ-ਹਿੱਸ ਜਾਂ ਅਹਿਸਾਸ ਵਿਹੂਣੇ ਸਮਾਜ ਦੀ ਕਰੂਰਤਾ ਨੂੰ ਉਜਾਗਰ ਕਰਨ ਵਿੱਚ ਸਫ਼ਲ ਰਹੀ ਹੈ। ਕਈ ਕਿੰਤੂ-ਪਰੰਤੂ ਕੀਤੇ ਜਾ ਸਕਦੇ ਹਨ ਕਿ ਸਮੁੱਚੇ ਸਮਾਜ ਜਾਂ ਦੇਸ਼ ਨੂੰ ਦੋਸ਼ੀ ਨਹੀਂ ਗਰਦਾਨਿਆ ਜਾਣਾ ਚਾਹੀਦਾ। ਪਰ ਇਸ ਗੱਲ ਵਿੱਚ ਵੀ ਤਾਂ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਵਾਸੀ ਧਰਮ ਦੇ ਨਾਂ ਤੇ ਡੀਂਗਾਂ ਮਾਰਦਿਆਂ ‘ਇਸਤਰੀ ਨੂੰ ਦੇਵੀ’ ਬਣਾ ਕੇ ਪੂਜਣ ਤੱਕ ਜਾਂਦੇ ਹਨ ਪਰ ਮਾਵਾਂ, ਭੈਣਾਂ, ਬੇਟੀਆਂ ਦੀ ਬੇਹੁਰਮਤੀ ਕਰਨ ਵੇਲੇ ਪੈਰਾਂ ਵਿੱਚ ਰੋਲਣ ਨੂੰ ਕੋਈ ਗੁਨਾਹ ਨਹੀਂ ਸਮਝਦੇ। ਅੱਜ ਔਰਤ ਦੀ ਇੱਜ਼ਤ, ਉਸਦੇ ਮੌਲਿਕ ਅਧਿਕਾਰਾਂ ਅਤੇ ਉਸ ਦੀ ਆਜ਼ਾਦੀ ਨੂੰ ਇੱਕ ਖਿਡੌਣਾ ਬਣਾਇਆ ਜਾਂਦਾ ਹੈ। ਸਿਤਮ ਦੀ ਗੱਲ ਇਹ ਹੈ ਕਿ ‘ਇਸਤਰੀ’ ਦੀ ਪੱਤ ਦੀ ਸੁਰੱਖਿਆ ਲਈ ਅਤੇ ਉਸ ਉੱਪਰ ਹੋ ਰਹੇ ਜ਼ੁਲਮਾਂ ਦੀ ਰਾਖੀ ਲਈ ਪੁਲਸ, ਆਮ ਲੋਕ, ਸਰਕਾਰ, ਨੇਤਾ, ਲਿਖਾਰੀ, ਮੀਡੀਆ ਆਦਿ ਦੇ ਮੂੰਹੀਂ ਜੰਦਰੇ ਵੱਜੇ ਰਹਿੰਦੇ ਨੇ। ਇਹ ‘ਸਸ਼ਕਤ-ਕਵਿਤਾ’ ਦੱਬੀਆਂ-ਕੁਚਲੀਆਂ ਅਬਲਾਵਾਂ ਦੀ ਵਿਆਕੁਲ ਆਵਾਜ਼ ਨੂੰ ਉਭਾਰਦਿਆਂ, ਚੁੱਪ ਰਹਿਣ ਵਾਲਿਆਂ ਨੂੰ ਝੰਝੋੜਦੀ ਹੈ, ਲਲਕਾਰਦੀ ਹੈ ਅਤੇ ਅਜਿਹੇ ਗੰਦੇ ਸਮਾਜ ਵਿਰੁੱਧ ਰੋਹ ਉਪਜਾਉਣ ਦੇ ਯਤਨ ਕਰਦਿਆਂ ‘ਮਨੁੱਖਤਾ’ ਨੂੰ ਜਾਗਣ ਲਈ ਸੁਚੇਤ ਕਰਦਿਆਂ ਜੀਵਨ ਦੀ ਧਾਰਾ ਨੂੰ ਬਦਲਣ ਲਈ ਕਵੀ ਭੋਗਲ ਵੰਗਾਰਦਿਆਂ ਕੂਕ ਉੱਠਦਾ ਹੈ:
ਸੁੱਤੀਏ ਕਲਮੇਂ ਜਾਗ ਪੈ,
ਤੈਨੂੰ ਅਣੱਖ ਰਹੀ ਲਲਕਾਰ,
ਹੈ ਛਲਣੀਂ ਹੋਈ ਆਬਰੂ,
ਰੋਂਦੀ ਇਜ਼ਤ ਭੁੱਬਾਂ ਮਾਰ।
ਨਿਰਬਸਤਰ ਤੱਕ ਵਿਚਾਰੀਆਂ,
ਸ਼ਰਮ ‘ਚ ਡੁੱਬਾ ਜੱਗ।
ਦਰਿੰਦਿਆਂ ਮੂਹਰੇ ਲਾ ਲਈਆਂ,
ਜਿਉਂ ਗਊਆਂ ਦਾ ਵੱਗ।
ਸ਼ਰਮਾਂ ਨੇ ਘੁੰਡ ਕੱਢ ਲਏ,
ਸਾਡਾ ਵਿਰਸਾ ਚੁੱਕਾ ਖੋ।
ਹੋਈ ਦਾਗ਼ੀ ਚਿੱਟੀ ਪੱਗ ਹੈ,
ਰਹੀ ਅੱਗ ਦੇ ਅੱਥਰੂ ਰੋ।
—
ਦੇਵੀ ਪੂਜਾ ਕਰਨ ਲਈ,
ਰਹੇ ਮੂਰਤੀਆਂ ਤਾਂਈਂ ਸਜਾਅ।
ਔਰਤਾਂ ਕਰਕੇ ਨੰਗੀਆਂ,
ਰਹੇ ਗਲੀਆਂ ਵਿੱਚ ਘੁਮਾਅ।
ਸਮੁੱਚੀ ਕਵਿਤਾ ਸਾਡੇ ਸਮਾਜ ਦੀ ਵਿਡੰਬਨਾ ਨੂੰ ਸਪਸ਼ਟ ਕਰਨ ਦਾ ਜੇਰਾ ਕਰਦੀ ਹੈ। ਅੱਜ ਜਦੋਂ ਕਿ ਅਸੀਂ 21ਵੀਂ ਸਦੀ ਵਿੱਚ ਆ ਪੁੱਜੇ ਹਾਂ, ਤਾਂ ਵੀ ਅਬਲਾਵਾਂ/ਇਸਤਰੀਆਂ ਨਾਲ ਹਿੰਸਾ ਅਤੇ ਉਹਨਾਂ ਦੀ ਇਜ਼ਤ ਨਾਲ ਖੇਡਣ ਵਾਲੇ ਅਖਾਉਤੀ ਇਖਲਾਕੀ, ਆਰਥਿਕ, ਧਾਰਮਿਕ, ਸਮਾਜਕ/ਰਾਜਨੀਤਕ ਜਾਂ ਤਕਨੀਕੀ ਉੱਨਤੀ ਦੀਆਂ ਸਿੱਖਰਾਂ ਛੋਹ ਰਹੇ ਲੋਕ ਕਿਸੇ ਜੰਗਲੀ ਦੌਰ ਦੇ ਜਾਨਵਰ ਦਿਸਦੇ ਹਨ। ਸ਼ਹੀਦ ਭਗਤ ਸਿੰਘ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਆਖਿਆ ਸੀ: ਕਿਸੇ ਵੀ ਸਮਾਜ ਵਿੱਚ ਸਭ ਤੋਂ ਵੱਡੀ ਗੁਲਾਮੀ ਉਹ ਹੁੰਦੀ ਹੈ ਜਦੋਂ ਲੋਕ ਸੋਚਣਾਂ ਅਤੇ ਸੁਆਲ ਕਰਨਾ ਛੱਡ ਦਿੰਦੇ ਹਨ। ਇਸ ਲਈ, ਕਵੀ ਭੋਗਲ ਦੇ ਆਖਣ ਅਨੁਸਾਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਸੰਸਾਰ ਬਿਹਤਰ ਹੋਵੇ, ਹਿੰਸਾ ਘਟੇ, ਅਬਲਾਵਾਂ ਦੀ ਦੁਰਦਸ਼ਾ ਬੰਦ ਹੋਵੇ, ਕਿਸੇ ਵੀ ਮਜ਼ਲੂਮ ਉੱਪਰ ਜ਼ੁਲਮ ਕੀਤੇ ਜਾਣ ਦੀ ਸੰਭਾਵਨਾਂ ਦੀ ਲਗਾਮ ਕੱਸੀ ਜਾਵੇ ਤਾਂ ਚੁੱਪੀ ਦਾ ਤਿਆਗ ਕਰਨਾ ਪਵੇਗਾ। ਹਰ ਅਨਿਆਇ ਦੇ ਵਿਰੁੱਧ ਬੋਲਣਾ ਪਵੇਗਾ, ਲਿਖਣਾ ਪਵੇਗਾ ਅਤੇ ਇਨਸਾਫ਼ ਦੀ ਪ੍ਰਾਪਤੀ ਲਈ ਯਤਨ ਕਰਨਾ ਪਵੇਗਾ।
ਕਵੀ ਆਪਣੇ ਆਲੇ-ਦੁਆਲੇ ਵਾਪਰਨ ਵਾਲੇ ਵਰਤਾਰਿਆਂ ਸਬੰਧੀ ਜਾਗਰੂਕ ਹੈ ਅਤੇ ਉਹ ਆਪਣੇ ਪਾਠਕਾਂ ਨੂੰ ਆਪਣੀ ਕਵਿਤਾ ਨਾਲ ਜੋੜੀ ਰੱਖਣ ਵਿੱਚ ਸਫ਼ਲ ਰਹਿੰਦਿਆਂ ‘ਖ਼ਤਰੇ ਦੀ ਖੇਡ’ ਵਿੱਚ ਸ਼ਾਮਿਲ ਇਨਸਾਨਾਂ ਨੂੰ ਸਾਵਧਾਨ ਕਰਨੋਂ ਵੀ ਪਿੱਛੇ ਨਹੀਂ ਹਟਦਾ। ਉਸਦੀ ਕਵਿਤਾ ਸਿੱਧਾ ਕੋਈ ਪਰਚਾਰ ਨਹੀਂ ਕਰਦੀ ਸਗੋਂ ਉਹ ਪੋਲੇ-ਪੋਲੇ ਸ਼ਬਦਾਂ ਨਾਲ ਟਕੋਰਾਂ ਲਾ ਲਾ, ਹੁੱਜਾਂ ਮਾਰਦਿਆਂ ਪਾਠਕਾਂ ਅਤੇ ਕਾਵਿ-ਸਰੋਤਿਆਂ ਦੀ ਸੋਚ ਨੂੰ ਟੁੰਬਦਾ ਹੈ। ਧੋਖੇ ਕਰਨ ਵਾਲਿਆਂ, ਮੌਤ ਦਾ ਸਾਮਾਨ ਚੁੱਕੀ, ਵੇਚਦੇ ਫਿਰਦੇ ਪ੍ਰਮਾਣੂ ਹਥਿਆਰਾਂ ਵਾਲਿਆਂ, ਮਜ੍ਹਬੀ ਦੰਗੇ ਕਰਵਾਉਣ ਵਾਲਿਆਂ ਅਤੇ ਰਾਜਨੀਤਕਾਂ ਤੋਂ ਸੁਚੇਤ ਰਹਿਣ ਲਈ ਹੋਕਾ ਦੇਂਦਿਆਂ ਲਿਖਦਾ ਹੈ:
ਨਾਲ ਖ਼ਤਰਿਆਂ ਖੇਡਦਾ, ਅੱਜ ਕਲ੍ਹ ਦਾ ਇਨਸਾਨ,
ਮਾਨਵਤਾ ਨੂੰ ਖੂੰਜੇ ਲਾ ਕੇ, ਬਣਿਆਂ ਫਿਰੇ ਹੈਵਾਨ।
ਭਰਮੀ ਟੋਲੀ, ਵਹਿਮੀ ਲਾਣਾ, ਰਚਦਾ ਨਵੇਂ ਅਡੰਬਰ,
ਪੱਥਰਾਂ ਦੇ ਰੱਬ ਪੂਜੀ ਜਾਂਦਾ, ਮੜ੍ਹੀਆਂ, ਮੱਠ, ਮਸਾਣ।
—
ਮਜ੍ਹਬੀ ਦੰਗੇ ਆਪ ਕਰਾਵੇ, ਈਰਖਾ ਦੀ ਅੱਗ ਬਾਲ਼ੇ,
ਤਰਸ ਦੇ ਪਾਤਰ ਬਣੇ ਵਿਚਾਰੇ, ਗੀਤਾ, ਗ੍ਰੰਥ-ਕੁਰਾਨ।
ਰੁੱਖਾਂ ਨਾਲ ਦੁਸ਼ਮਣੀ ਕੀਤੀ, ਬਿੱਖ ਘੋਲੀ ਵਿੱਚ ਪਾਣੀ,
ਹਵਾਵਾਂ ਨੂੰ ਪ੍ਰਦੂਸ਼ਤ ਕਰਕੇ, ਖ਼ਤਰੇ ਪਾਈ ਜਾਨ।
ਅਤੇ ਅੰਤ ‘ਭੋਗਲ’ ਨਵੇਂ ਚੁਗਿਰਦੇ ਦੀ ਭਾਲ ਵਿੱਚ ਲਿਖਦਾ ਹੈ:
ਭੋਗਲ’ ਕੋਈ ਜੁਗਤ ਬਣਾ ਕੇ, ਸਿਰਜੀਏ ਨਵਾਂ ਚੁਗਿਰਦਾ,
ਜਿਹੜਾ ਸਮੇਂ ਦੀ ਨਬਜ਼ ਪਛਾਣੇ, ਲੱਭੇ ਕੋਈ ਲੁਕਮਾਨ।
ਕਾਵਿ ਪੁਸਤਕ ‘ਜੀਵਨਧਾਰਾ’ ਦੀਆਂ ਕਵਿਤਾਵਾਂ ਮਨੁੱਖੀ ਭਾਵਨਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਛੋਹੰਦੀਆਂ ਹਨ ਅਤੇ ਪਾਠਕਾਂ ਨੂੰ ਅਤਮ-ਮੰਥਨ ਲਈ ਉਤਸ਼ਾਹਿਤ ਕਰਦੀਆਂ ਹਨ। ਸਾਡਾ ਹਰਮਨ ਪਿਆਰਾ ਲੋਕ ਕਵੀ ਨਛੱਤਰ ਸਿੰਘ ਭੋਗਲ ਕਵਿਤਾ ਦੇ ਰੂਪ ਅਤੇ ਵਿਸ਼ੇ-ਵਸਤੂ ਸਬੰਧੀ ਚੇਤੰਨ ਹੈ। ਉਹ ਆਪਣੇ ਪੁਰਾਣੇ ਵਿਰਸੇ, ਤਿਉਹਾਰਾਂ, ਰਵਾਇਤਾਂ, ਸਿੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਢਾਂਚੇ ਅਤੇ ਵਰਤਾਰੇ ਦੀ ਰੱਗ ਰੱਗ ਤੋਂ ਵਾਕਿਫ਼ ਹੈ। ਕਵੀ ਭੋਗਲ ਆਪਣੀ ਪਰੰਪਰਾ ਨਾਲ ਪੂਰੀਂ ਤਰ੍ਹਾਂ ਜੁੜਿਆ ਹੋਇਆ ਹੈ। ਉਹ ਸਮਾਜਕ, ਸਭਿਆਚਾਰਕ, ਇਤਿਹਾਸਕ, ਧਾਰਮਕ ਅਤੇ ਅਧਿਆਤਮਕ ਸਰੋਕਾਰਾਂ ਦਾ ਖਿਆਲ ਰੱਖਣ ਵਾਲਾ ਮਾਨਵਤਾ ਦਾ ਸ਼ੈਦਾਈ ਕਵੀ ਹੈ। ਲੋਕ-ਭਲਾਈ ਲਈ ਉਸਦੀ ਕਵਿਤਾ ਵਿਚਲਾ ਸਹਿਜ, ਸੁਹਜ, ਸੱਚ ਸਾਦਗੀ, ਸੁਹੱਪਣ, ਅਤੇ ਸਿਅਣਪ ਸਦਾ ਹੀ ਕਾਇਮ ਰਹਿੰਦੀ ਹੈ। ਭਾਸ਼ਾਈ ਸੂਝ-ਬੂਝ, ਸੁਹਜ ਭਰੀ, ਤਾਲਬੱਧ, ਸੁੰਦਰ, ਸੰਗੀਤਕ ਸ਼ਬਦਾਂ ਦੀ ਜੜਤ ਅਤੇ ਬਿੰਬ, ਪ੍ਰਤੀਕ ਅਤੇ ਅਲੰਕਾਰਾਂ ਨਾਲ ਲਬਰੇਜ਼ ਕਵਿਤਾ ਕਹਿਣ ਵਾਲੇ ਕਵੀ ਨਛੱਤਰ ਸਿੰਘ ਭੋਗਲ ਨੂੰ ਇਸ ਪੰਜਵੇਂ ਕਾਵਿ-ਸੰਗ੍ਰਹਿ ‘ਜੀਵਨਧਾਰਾ’ ਲਈ ਮੁਬਾਰਕਾਂ।
128 ਪੰਨਿਆ ਦਾ ਕਾਵਿ-ਸੰਗ੍ਰਹਿ ‘ਜੀਵਨਧਾਰਾ’ ਸਾਹਿਬਦੀਪ ਪਬਲੀਕੇਸ਼ਨ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ।