Articles

ਵਿਦਿਆਰਥੀ,ਮਾਪੇ,ਅਧਿਆਪਕ ਅਤੇ ਨਤੀਜੇ !

ਕਿਸੇ ਇੱਕ ਜਮਾਤ ਦੇ ਨਤੀਜੇ ਦਾ ਕੋਈ ਕੰਮਜ਼ੋਰ ਪੱਖ ਅਗਲੀ ਜਮਾਤ ਲਈ ਇੱਕ ਚੁਣੌਤੀ ਦੇ ਰੂਪ ਵਿੱਚ ਸਵੀਕਾਰ ਕਰਨਾ ਸਮਝਦਾਰ ਵਿਦਿਆਰਥੀ ਹੋਣ ਦੀ ਪਹਿਲੀ ਨਿਸ਼ਾਨੀ ਹੈ।
ਲੇਖਕ: ਸੁਖਚੈਨ ਸਿੰਘ ਕੁਰੜ, ਅਧਿਆਪਕ ਅਤੇ ਭਾਸ਼ਾ ਮੰਚ ਸਰਪ੍ਰਸਤ।

ਵਿਦਿਆਰਥੀ ਜੀਵਨ ਨਾਲ ਇਮਤਿਹਾਨ ਦਾ ਜੁੜੇ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਪੱਖ ਹੈ। ਇਹੀ ਵਿੱਦਿਅਕ ਇਮਤਿਹਾਨਾਂ ਦਾ ਸਫ਼ਰ ਮਿਹਨਤ ਤੇ ਸਬਰ ਸਹਾਰੇ ਅੱਗੇ ਨਤੀਜੇ ਤੱਕ ਪਹੁੰਚਦਾ ਹੈ। ਵਿਦਿਆਰਥੀ ਦੇ ਨਤੀਜੇ ਤੱਕ ਦੀ ਸਫ਼ਲਤਾ ਵਿੱਚ ਅਧਿਆਪਕ ਦੇ ਪੜ੍ਹਾਉਣ ਦੇ ਤਜ਼ੁਰਬੇ ਦਾ ਆਪਣਾ ਇੱਕ ਵਿਸ਼ੇਸ਼ ਰੋਲ ਹੁੰਦਾ ਹੈ। ਇਮਤਿਹਾਨ ਤੋਂ ਲੈ ਕੇ ਨਤੀਜੇ ਤੱਕ ਦੇ ਸਫ਼ਰ ਵਿੱਚ ਸਫ਼ਲਤਾ ਮਿਲ਼ਨ ‘ਤੇ ਜਿੱਥੇ ਵਿਦਿਆਰਥੀ ਤੇ ਉਸਦੇ ਮਾਪਿਆਂ ਨੂੰ ਖ਼ੁਸ਼ੀ ਮਿਲ਼ਦੀ ਹੈ, ਉੱਥੇ ਅਧਿਆਪਕ ਲਈ ਉਹ ਪਲ ਹੋਰ ਵੀ ਮਹੱਤਵਪੂਰਨ ਹੁੰਦੇ ਹਨ। ਵਿਦਿਆਰਥੀ ਦੀ ਸਫ਼ਲਤਾ ਵਿੱਚ ਪਰਿਵਾਰਕ ਮਾਹੌਲ ਤੇ ਸਕੂਲ ਦਾ ਵਿੱਦਿਅਕ ਮਾਹੌਲ ਦੋਵੇਂ ਬਰਾਬਰ ਦਾ ਯੋਗਦਾਨ ਪਾਉਂਦੇ ਹਨ। ਵਿਦਿਆਰਥੀ ਦੇ ਮਾਪੇ ਹਰ ਪੱਖ ਤੋਂ ਇਸ ਕੋਸ਼ਸ਼ ਵਿੱਚ ਰਹਿੰਦੇ ਹਨ ਕਿ ਵਿਦਿਆਰਥੀ ਨੂੰ ਘਰ ਵਿੱਚ ਪੜ੍ਹਨ ਲਈ ਸੁਖਾਵਾਂ ਮਾਹੌਲ ਦੇਣ ਦੀ ਹਰ ਸੰਭਵ ਕੋਸ਼ਸ਼ ਕਰਦੇ ਹਨ ਅਤੇ ਸਕੂਲ ਵਿੱਚ ਹਰ ਵਿਸ਼ੇ ਦੇ ਅਧਿਆਪਕ ਆਪਣੇ ਨਿੱਜੀ ਤਜ਼ੁਰਬੇ ਨਾਲ਼ ਵਿਦਿਆਰਥੀ ਦੇ ਮਾਨਸਿਕ ਪੱਧਰ ਨੂੰ ਉਸ ਦੀ ਉਮਰ ਪੱਧਰ ਮੁਤਾਬਕ ਸਹੀ ਅਗਵਾਈ ਦਿੰਦੇ ਹਨ। ਫਿਰ ਹੀ ਅਸਲ ਵਿੱਚ ਪੜ੍ਹਨ-ਪੜ੍ਹਾਉਣ ਤੇ ਸਿੱਖਣ-ਸਿਖਾਉਣ ਦਾ ਅਸਲ ਮਕਸਦ ਪੂਰਾ ਹੁੰਦਾ ਹੈ।

ਨਤੀਜੇ ਦਾ ਪੱਖ ਸਿਰਫ਼ ਵਿੱਦਿਅਕ ਪੱਖੋਂ ਪ੍ਰਾਪਤੀਆਂ ਨਾਲ਼ ਹੀ ਜੁੜਿਆ ਨਹੀਂ ਹੁੰਦਾ ਸਗੋਂ ਵਿਦਿਆਰਥੀ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਦਾ ਇੱਕ ਤਰ੍ਹਾਂ ਦਾ ਸ਼ੀਸ਼ਾ ਹੁੰਦਾ ਹੈ। ਕਿਸੇ ਵੀ ਇਮਤਿਹਾਨ ਦੇ ਨਤੀਜੇ ਉਹਦੀ ਮੰਜ਼ਿਲ ਦੇ ਰਸਤੇ ਵਿੱਚ ਸਹਾਈ ਹੁੰਦੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਬੋਰਡ ਦੀਆਂ ਵੱਖੋ-ਵੱਖ ਜਮਾਤਾਂ ਦੇ ਨਤੀਜੇ ਆਉਣ ਵਾਲੇ ਹਨ। ਜਿੱਥੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਵੀ ਹੁੰਦੀ ਹੈ ਉੱਥੇ ਵਿਦਿਆਰਥੀ ਅਤੇ ਮਾਪਿਆਂ ਦੇ ਮਨ ਵਿੱਚ ਇਸ ਗੱਲ ਦੇ ਲਈ ਉਤਸਾਹ ਵੀ ਬਹੁਤ ਹੁੰਦਾ ਹੈ।
ਵਿਦਿਆਰਥੀ ਦਾ ਨਤੀਜਾ ਸਿਰਫ ਵਿਦਿਆਰਥੀ ਨੂੰ ਹੀ ਨਹੀਂ ਉਸ ਦੇ ਅਧਿਆਪਕ ਦੀ ਕਾਰਗੁਜ਼ਾਰੀ ਦਾ ਵੀ ਪੱਖ ਸਾਹਮਣੇ ਲੈ ਕੇ ਆਉਂਦਾ। ਹਰ ਜਮਾਤ ਦਾ ਨਤੀਜਾ ਅਗਲੀ ਜਮਾਤ ਦੀ ਤਿਆਰੀ ਲਈ ਰਣਨੀਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਕੋਈ ਵੀ ਪਰੀਖਿਆ ਜਾਂ ਨਤੀਜਾ ਅੰਤਿਮ ਨਹੀਂ ਹੁੰਦਾ। ਹਰ ਨਤੀਜੇ ਤੋਂ ਬਾਅਦ ਪਰੀਖਿਆ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ। ਵਿਦਿਆਰਥੀ ਨੇ ਇਸ ਸਿੱਖਣ-ਸਿਖਾਉਣ ਦੀ ਪ੍ਰੀਕਿਰਿਆ ਵਿੱਚੋਂ ਲੰਘਦਿਆਂ ਆਪਣੇ ਆਪ ਨੂੰ ਮਿਥੀ ਮੰਜ਼ਿਲ ਵੱਲ ਲੈਕੇ ਜਾਣਾ ਹੁੰਦਾ ਹੈ। ਕਿਸੇ ਇੱਕ ਜਮਾਤ ਦੇ ਨਤੀਜੇ ਦਾ ਕੋਈ ਕੰਮਜ਼ੋਰ ਪੱਖ ਅਗਲੀ ਜਮਾਤ ਲਈ ਇੱਕ ਚੁਣੌਤੀ ਦੇ ਰੂਪ ਵਿੱਚ ਸਵੀਕਾਰ ਕਰਨਾ ਸਮਝਦਾਰ ਵਿਦਿਆਰਥੀ ਹੋਣ ਦੀ ਪਹਿਲੀ ਨਿਸ਼ਾਨੀ ਹੈ।
ਇਸੇ ਤਰ੍ਹਾਂ ਜ਼ਿੰਦਗੀ ਦੇ ਸਫ਼ਰ ਵਿੱਚ ਇਮਤਿਹਾਨਾਂ ਦਾ ਹੋਣਾ ਅਤੇ ਨਤੀਜਿਆਂ ਦਾ ਆਉਣਾ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੱਖ ਹੈ। ਸਿੱਖਣਾ ਇੱਕ ਵਿਦਿਆਰਥੀ ਲਈ ਇਬਾਦਤ ਵਾਂਗ ਹੋਣਾ ਚਾਹੀਦਾ ਹੈ।
ਪਿਆਰੇ ਵਿਦਿਆਰਥੀਓ ਜ਼ਿੰਦਗੀ ਦੇ ਹਰ ਪਲ ਤੋਂ ਸਿੱਖੋ। ਨਤੀਜੇ ਵਿੱਚ ਅੰਕਾਂ ਦੀ ਖੇਡ ਵਿੱਚ ਕਿਸੇ ਕਾਰਨ ਜੇ ਥੋੜ੍ਹਾ ਪਹਿਲਾਂ ਨਾਲੋਂ ਪਿੱਛੇ ਹੋ ਵੀ ਜਾਵੋਂ ਤਾਂ ਨਿਰਾਸ਼ ਤੇ ਉਦਾਸ ਨਾ ਹੋਣਾ। ਸਗੋਂ ਇਸ ਪੱਖ ਨੂੰ ਚੁਣੌਤੀ ਦੇ ਰੂਪ ਵਿੱਚ ਸਵੀਕਾਰ ਕਰਦਿਆਂ ਜ਼ਿੰਦਗੀ ਜ਼ਿੰਦਾਬਾਦ ਦੇ ਨਾਅਰੇ ਨਾਲ਼ ਅੱਗੇ ਵਧੋ। ਭਵਿੱਖ ਤੁਹਾਡੇ ਸਬਰ ਅਤੇ ਮਿਹਨਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈਣ ਲਈ ਅੱਗੇ ਖੜ੍ਹਾ ਉਡੀਕ ਰਿਹਾ ਹੈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin