Articles

“ਔਰੈਟ ਅੰਕਲ” (ਵਿਅੰਗ)

ਵਿਦੇਸ਼ ਵਿੱਚ ਜੀਵਨ ਦੇ ਕਈ ਸਾਲ ਬਿਤਾਉਣ ਮਗਰੋਂ ਜਦ ਦੇਸ਼ ਪਰਤਿਆ ਤਾਂ ਅੰਗੂਠਾ ਛਾਪ ‘ਚਾਚਾ’ ਔਰੈਟ ਅੰਕਲ ਹੋ ਗਿਆ!
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

‘ਔਰੈਟ’ ਅੰਗਰੇਜ਼ੀ ਦੇ ਦੋ ਸ਼ਬਦਾਂ‘ਔਲ+ਰਾਈਟ’ ਦੇ ਸੁਮੇਲ ਤੋਂ ਬਣੇ ਸ਼ਬਦ ਦਾ ‘ਦੇਸੀ’ ‘ਤੇ ਵਿਗੜਿਆ ਰੂਪ ਹੈ। ‘ਔਲਰਾਈਟ’ ਦਾ ਅਰਥ ਸਹੀ, ਸੰਤੁਸ਼ਟੀਜਨਕ, ਸਵੀਕਾਰਨ/ਸਹਿਮਤੀਯੋਗ ਹੈ। ਹਿੰਦੀ ਫਿਲਮ ‘3 ਈਡੀਅਟਸ’ ਦੇ ‘ਆਲ ਇਜ ਵੈਲ’ ਵਰਗਾ ਸਮਝ ਲਉ। ‘ਅੰਕਲ’ ਵੀ ਅੰਗਰੇਜ਼ੀ ਦਾ ਹੀ ਸ਼ਬਦ ਹੈ ਪਰ ਹੈ ਬਹੁ-ਅਰਥਾ। ਪਰ ਆਪਾਂ ਇਥੇ ਇਸ ਨੂੰ ‘ਚਾਚੇ’ ਵਜੋਂ ਹੀ ਵਰਤਾਂਗੇ।

‘ਔਲਰਾਈਟ’ ਅੰਗਰੇਜ਼ੀ ਦੇ ਇੱਕ ਹੋਰ ਬਹੁਤ ਪ੍ਰਚੱਲਿਤ ਸ਼ਬਦ ‘ਓ.ਕੇ.’ ਵਾਂਗ ਹੀ ਹੈ ਪਰ ਦੋਵਾਂ ‘ਚ ਥੋੜਾ ਫਰਕ ਵੀ ਹੈ। ਪਹਿਲਾ ਵਧੇਰੇ ਉਚੇਚ ਵਾਲਾ/ਰਸਮੀ (‘ਫੌਰਮਲ’) ਹੈ ਅਤੇ ਦੂਜਾ ਗੈਰ-ਰਸਮੀ ਤੇ ਇਤਫਾਕੀਆ (‘ਕੈਯੂਅਲ’); ਇੱਕ ਆਮ ਕਰਕੇ ਲਿਖਤੀ ਰੂਪ ਵਿੱਚ ਵਧ ਵਰਤਿਆ ਜਾਂਦੈ ਤੇ ਦੂਸਰਾ ਬੋਲ-ਚਾਲ ਵਿੱਚ। ਉਂਝ ਦੋਵਾਂ ਦੇ ਵਰਤਣ ‘ਚ ਅਜੋਕੇ ਸਮੇਂ ‘ਚ ਕੋਈ ਜ਼ਿਆਦਾ ਫਰਕ ਨਹੀਂ ਕੀਤਾ ਜਾਂਦਾ।

ਇਥੇ ਅਸੀਂ ਆਪਣੇ ਨਾਇਕ ‘ਔਰੈਟ ਅੰਕਲ’ ਵਲੋਂ ਇਸ ਸ਼ਬਦ ਦੀ ਵੱਖ ਵੱਖ ਵਰਤੋਂ ਕਰਨ ਦੀ ਕਲਾਕਾਰੀ ਦੀ ਤਸਵੀਰਕਸ਼ੀ ਕਰਾਂਗੇ। ਜਾਣੀ ਗੱਲ ਕਹਿਣ ਦੇ ਲਹਜੇ ਨਾਲ ਗੱਲ ਦੇ ਬਦਲਦੇ ਅਰਥਾਂ ਵਾਰੇ।

ਪਹਿਲਾਂ ਇੱਕ ਫਿਲਮੀ ਗੱਲ ਸੁਣ/ਪੜ੍ਹ ਲਉ।

ਹਿੰਦੀ ਫਿਲਮ ‘ਪੀ.ਕੇ.’ ਵਿੱਚ ਬਾਹਰੀ ਮੰਡਲ ਤੋਂ ਆਇਆ ਇੱਕ ‘ਏਲੀਅਨ’ (ਨਾਇਕ ਆਮਿਰ ਖਾਨ (ਪੀ.ਕੇ.) ਇਸ ਉਪ-ਗ੍ਰਹਿ ਦੀ ਵਸਨੀਕ (ਨਾਇਕਾ ਅਨੁਸ਼ਕਾ ਸ਼ਰਮਾ/ਜਗਤ ਜਨਨੀ ਸਾਹਨੀ) ਨੂੰ ਇਥੋਂ ਦੀਆਂ ਅਜੀਬੋ-ਗਰੀਬ ਗੱਲਾਂ ਵਾਰੇ ਦਸਦਾ ਹੋਇਆ ਹੈਰਾਨੀ ਪ੍ਰਗਟ ਕਰਦਾ ਹੈ ਕਿ ਇਥੇ ਇੱਕ ਹੀ ਸ਼ਬਦ ਦੇ ਚਾਰ ਚਾਰ ‘ਮਤਬਲ’ ਹੁੰਦੇ ਹਨ। ਉਦਾਹਰਨ ਵਜੋਂ ਉਹ ਸ਼ਬਦ ‘ਅੱਛਾ’ ਦਾ ਹਵਾਲਾ ਦਿੰਦਾ ਹੈ। ਉਸ ਅਨੁਸਾਰ-ਜੇ ਆਸੇ ਪਾਸੇ ਵਲ ‘ਮੁੰਡੀ’ ਹਲਾ ਕੇ ਅੱਛਾ ਕਹੋ ਤਾਂ ਇਸ ਦਾ ਮਤਬਲ ‘ਸਭ ਠੀਕ ਠਾਕ ਹੈ, ਵੈਰੀ ਗੁੱਡ’; ਜੇ ਅੱਖ ਅੱਡ ਕੇ ਕਹੋ ਤਾਂ ‘ਸਾਕ’(ਸ਼ੌਕ) ਹੈ, ਤੁਮਹਾਰੀ ਅੰਮਾ ਕਾ ਐਕਸੀਡੈਂਟ ਹੋ ਗਯਾ, ਅੱਛਾ; ਗੁੱਸੇ ‘ਚ ਆਵਾਜ਼ ‘ਲਾਊਡ’ ਹੋ ਜਾਂਦੀ ਹੈ- ‘ਅੱਛਾ, ਹਮ ਕੋ ਸਿਖਾ ਰਿਹਾ ਹੈ’ ਅਤੇ ਸੋਚਦੇ ਵਕਤ ਲੰਬਾ ਵਾਲਾ ‘ਅੱਛਾ’ ਬੋਲਿਆ ਜਾਂਦਾ ਹੈ!

ਇਸ ਮਜ਼ਾਹੀਆ ਬਿਰਤਾਂਤ ਦਾ ‘ਮਤਬਲ’ ਹੈ ਕਿ ਗੱਲ ਕਹਿਣਾ ਆਪਣੇ ਆਪ ਵਿੱਚ ਮਾਇਨਾਖੇਜ਼ ਤਾਂ ਹੈ ਪਰ ਜਿਸ ਲਹਿਜੇ ਵਿੱਚ ਗੱਲ ਕਹੀ ਜਾਂਦੀ ਹੈ ਉਹ ਵਧੇਰੇ ਮਾਇਨੇ ਰਖਦੈ। ਫਿਰਾਕ ਗੋਰਖਪੁਰੀ ਦਾ ਇੱਕ ਬੜਾ ਖੂਬਸੂਰਤ ਸ਼ੇਅਰ ਹੇੈ-

“ਮੈਂ ਦੇਰ ਤਕ ਤੁਝੇ ਖੁਦ ਹੀ ਨ ਰੋਕਤਾ ਲੇਕਿਨ
ਤੁੂ ਜਿਸ ਅਦਾ ਸੇ ਉਠਾ ਹੈ ਉਸੀ ਕਾ ਰੋਨਾ ਹੈ”।

ਲਹਜਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ- ਉੱਚਾਰਨ/ਕਹਿਣ ਢੰਗ/ਲਹਜਾ। ਇਸ ਦਾ ਇੱਕ ਹੋਰ ਅਰਥ ਵੀ ਹੈ- ਅੱਖ ਦਾ ਫੋਰ, ਪਰ ਇਥੇ ਅਸੀਂ ਪਹਿਲੇ ਵਾਲੇ ਅਰਥ ਨੂੰ ਹੀ ਵਰਤ ਰਹੇ ਹਾਂ।

ਬਹੁਤੀ ਵਾਰੀ ਬੋਲਣਾ ਐਨਾ ਮਾੜਾ ਨਹੀਂ ਹੁੰਦਾ ਜਿੰਨਾ ਮਾੜੇ ਲਹਜੇ ਵਿੱਚ ਬੋਲਣਾ! ਬਹੁਤਾ ਬੋਲਣਾ ਤਾਂ ਹੁੰਦਾ ਹੀ ਮਾੜਾ ਪਰ ਬਹੁਤੀ ‘ਅਵਾ-ਤਵਾ’ ਬਹੁਤ ਹੀ ਮਾੜੀ ਹੁੰਦੀ ਹੈ! ਗੁਰਬਾਣੀ ਵਿੱਚ ਫੁਰਮਾਨ ਹੈ-“ਬਹੁਤਾ ਬੋਲਣੁ ਝਖਣੁ ਹੋਇ॥ ਵਿਣੁ ਬੋਲੇ ਜਾਣੈ ਸਭੁ ਸੋਇ”॥ (ਸ.ਗ.ਗ.ਸ.ਅੰਗ 661-62)। ਇੱਕ ਥਾਂ ਇਹ ਨਸੀਹਤ ਦਿਤੀ ਗਈ ਹੈ- “ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ”॥ (ਅੰਗ 149)

ਬੇਲੋੜਾ ਅਤੇ ਬੇਵਕਤਾ ਬੋਲਣਾ ਬਕੜਵਾਹ ਬਣ ਜਾਂਦੈ; ਸਿਤਮੀ ਸਮਿਆਂ ਵੇਲੇ ਸਿਤਮਜ਼ਰੀਫੀ ਵਿਰੁੱਧ ਬੋਲਣਾ ‘ਤੇ ਸਮੇਂ ਸਿਰ ਸੱਚ ਬੋਲਣਾ ਸੂਰਮਤਾਈ ਦੀ ਸੰਗਿਆ ਨਾਲ ਸੁਭਾਇਮਾਨ ਹੁੰਦੈ ਅਤੇ ਸਮਾ ਵਿਹਾਜਣ ਮਗਰੋਂ ਬੋਲਿਆ ਗਿਆ ਸੱਚ, ਕੂੜ-ਕੁਫਰ ਦੀ ਸ਼੍ਰੇਣੀ ਵਿੱਚ ਹੀ ਆਉਂਦੈ! ”ਕੁਛ ਲੋਗ ਖਾਮੋਸ਼ ਹੈਂ ਸ਼ਾਇਦ ਯੇ ਸੋਚ ਰਹੇ ਹੈਂ,/ ਕਿ ਸੱਚ ਬੋਲੇਂਗੇ ਜਬ ਸੱਚ ਕੇ ਦਾਮ ਬੜੇਂਗੇ”!

ਪਰ Eਧਰ ਇਹ ਵੀ ਸਦੀਵੀ ਸੱਚ ਹੈ ਕਿ “ਸਚ ਕੀ ਬਾਣੀ ਨਾਨਕੁ ਆਖੇੈ ਸਚੁ ਸੁਣਾਇਸੀ ਸਚ ਕੀ ਬੇਲਾ”॥ (ਸ.ਗ.ਗ.ਸ.ਅੰਗ-723)

ਯੁਗ-ਕਵੀ ਪਦਮ ਸ਼੍ਰੀ ਡਾ.ਸੁਰਜੀਤ ਪਾਤਰ ਦਾ ਇੱਕ ਬਹੁਤ ਹੀ ਕੋਟ ਕੀਤਾ ਜਾਣ ਵਾਲਾ ਸ਼ੇਅਰ ਹੈ-

“ਏਨਾ ਸਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰਖ ਲੈ ਮੋਢਾ ਦੇਣ ਲਈ”।

ਪਰ ਲੋਕ-ਸ਼ਾਇਰ ਪਾਤਰ ਨੇ ਆਪ ਇਸ ਸ਼ੇਅਰ ਨੂੰ ਇੱਕ ਹੋਰ ਥਾਂ ‘ਅੱਪਡੇਟ’ ਕੀਤੈ-

“ਖਲਕਤ ਮਰਦੀ ਪਈ ਮਸੀਹਾ/ ਜੇ ਹੋਣਾ ੲਂੇ ਅਜ ਕਲ੍ਹ ਹੋ ਜਾ,
ਸੱਚ ਕਹਿ ਦੇ ਪੀ ਲੈ ਵਿਸ਼ ਪਿਆਲਾ, /ਦੇ ਦੇ ਜਾਨ ਮੁਕੰਮਲ ਹੋ ਜਾ”।
(ਇਸ ‘ਅਪਡੇਟਿੰਗ’ ਵਾਰੇ ਖੁਦ ਪਾਤਰ ਸਾਹਿਬ ਨੇ ਕੁਝ ਸਾਲ ਪਹਿਲਾਂ ਮੇਰੇ ਨਾਲ ਗੱਲਬਾਤ ਕਰਦਿਆਂ ਦਸਿਆ ਸੀ)

ਖੈਰ, ਗੱਲ ਜ਼ਰਾ ਗੰਭੀਰ ਹੋ ਗਈ ਐ, ਇਸ ਦਾ ਰੁਖ ਮੋੜਦੇ ਹਾਂ।

‘ਔਰੈਟ ਅੰਕਲ’ ਦੀ ਗੱਲ ਕਰਦੇ ਹਾਂ।

ਸਾਰੇ ਮੁਹੱਲੇ ਵਿੱਚ ਉਸ ਦਾ ਅਸਲੀ ਨਾਮ ਕੋਈ ਨਹੀਂ ਸੀ ਜਾਣਦਾ। ਸਭ ਉਸ ਨੂੰ ‘ਔਰੈਟ ਅੰਕਲ’ ਹੀ ਕਹਿੰਦੇ ਸਨ। ਉਹ ਵੀ ਇਸ ਦਾ ਬੁਰਾ ਨਹੀਂ ਸੀ ਮਨਾਉਂਦਾ। ਜਿਵੇਂ ਕਈ ‘ਜਗਤ ਚਾਚਾ’, ’ਜਗਤ ਮਾਮਾ’ ਜਾਂ ‘ਜਗਤ ਤਾਊ/ਤਾਈ’ ਬਣ ਜਾਂਦੇ ਹਨ, ਉਵੇਂ ਹੀ ਉਹ ਜਗਤ ‘ਔਰੈਟ ਅੰਕਲ’ ਬਣ ਗਿਆ ਸੀ।

ਵਿਦੇਸ਼ ਵਿੱਚ ਜੀਵਨ ਦੇ ਕਈ ਸਾਲ ਬਿਤਾਉਣ ਮਗਰੋਂ ਜਦ ਦੇਸ਼ ਪਰਤਿਆ ਤਾਂ ਅੰਗੂਠਾ ਛਾਪ ‘ਚਾਚਾ’ ਔਰੈਟ ਅੰਕਲ ਹੋ ਗਿਆ! ਉਹ ਅੰਗਰੇਜ਼ੀ ਨੂੰ ਮੂੰਹ ਮਾਰਨ ਲਗ ਪਿਆ ਸੀ। ‘ਔਰੈਟ’ ਉਚਾਰਨ ਕਾਰਨ ਉਸ ਦਾ ਇਹ ਨਾਮਕਰਨ ਹੋ ਗਿਆ ਸੀ। ਨਾਮਕਰਨ ਕਾਹਦਾ, ਅੱਲ ਹੀ ਸਮਝੋ।

ਜੇ ਔਰੈਟ ਅੰਕਲ ਦਾ ਹਾਲ-ਚਾਲ ਪੁੱਛੀਏ ਤਾਂ ਉਹ ਝਟ ਦੇਣੀ ‘ਔਰੈਟ’ ਕਹਿੰਦਾ, ਜਿਸ ਦਾ ਅਰਥ ਹੁੰਦਾ’ਹਾਲ ਚਾਲ ਬਿਲਕੁਲ ਠੀਕ ਠਾਕ ਹੈ’!

ਜੇ ਕੰਮ ਧੰਦੇ ਬਾਰੇ ਕੋਈ ਪੁੱਛਦਾ ਤੇ ਕੰੰਮਕਾਰ ਬਹੁਤਾ ਅੱਛਾ ਨਾ ਹੁੰਦਾ ਤਾਂ ਉਹ ਮਸੋਸਿਆ ਜਿਹਾ ਜਵਾਬ ਦਿੰਦਾ- ‘ਬਸ ਔਰੈਟ ਈ ਹੈ’! ਭਾਵ ਬਹੁਤਾ ਠੀਕ ਨਹੀਂ ਹੈ।

ਜੇ ਕਿਸੇ ਦੀ ਗੁੱਡੀ ਅੰਬਰੀਂ ਚੜ੍ਹੀ ਹੁੰਦੀ ਤਾਂ ਉਹ ਕਹਿੰਦਾ- ਉਹ ਤਾਂ ‘ਔਰੈਟੋ-ਰੈਟ’ ਹੈ!

ਜੇ ਕੋਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੁੰਦਾ ਤਾਂ ‘ਔਰੈਟ ਅੰਕਲ’ ਸਹਿਜ ਜਿਹੇ ਨਾਲ ਕਹਿੰਦਾ- “ਉਹ ਤਾਂ ਪਿਛਲੇ ਸਾਲ ਹੀ ‘ਔਰੈਟ’ ਹੋ ਗਿਆ ਸੀ”!

ਅਸੀਂ ਪਹਿਲਾਂ ਹੀ ਦਸ ਚੁਕੇ ਹਾਂ ਕਿ ਬੋਲਣਾ ਆਪਣੀ ਥਾਂ ਹੈ ਪਰ ਬੋਲਣ ਦਾ ਲਹਜਾ ਆਪਣੀ ਥਾਂ। ਕਿਸੇ ਬੇਗਾਨੇ ਦੀ ਕਹੀ ਭੈੜੀ ਗਲ Eਨੀ ਭੈੜੀ ਨਹੀਂ ਲਗਦੀ ਜਿੰਨੀ ਆਪਣੇ ਦੀ ਭੈੜੇ ਅੰਦਾਜ਼ ਵਿਚ ਕਹੀ ਗਲ- “ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤਕ ਰੋਈ/ਲੋਕਾਂ ਦਿਆਂ ਪੱਥਰਾਂ ਦੀ ਮੈਨੂੰ ਪੀੜ ਵੀ ਰਤਾ ਨਾ ਹੋਈ”।

ਲੋਕ ਤਾਂ ਆਖਿਰ ਲੋਕ ਹੁੰਦੇ ਐ,ਗੱਲ ਦਾ ਗਲੈਣ ਬਨਾਉਣਗੇ। ਇੱਕ ਸ਼ਾਇਰਾ ਨੇ ਬੜਾ ਸੋਹਣਾ ਕਿਹੈ-

“ਲੋਕ ਸੁਨੇਹਾ ਠੀਕ ਨਹੀਂ ਦਿੰਦੇ,
ਜੋ ਕਹਿਣਾ ਏਂ ਮੂੰਹ ਤੇ ਕਹਿ ਜਾ’।

ਲ਼ਹਜਾ ਬਦਲਣਾ ਅਸੰਭਵ ਤਾਂ ਨਹੀਂ, ਔਖਾ ਜ਼ਰੂਰ ਹੈ। ਇੱਕ ਜਣੇ ਨੂੰ ਗੱਲ-ਗੱਲ ‘ਚ ਗਾਲ ਕੱਢਣ ਦੀ ਭੈੜੀ ਆਦਤ ਸੀ। ਉਸ ਨੂੰ ਕਿਸੇ ਸਿਆਣੇ ਨੇ ਸਮਝਾਇਆ ਕਿ ਗਾਲ ਕੱਢਣੀ ਬੜੀ ਮਾੜੀ ਐ ਪਰ ਧੀਆਂ-ਭੈਣਾਂ ਦੀ ਮੌਜੂਦਗੀ ਵਿੱਚ ਇੰਝ ਗੱਲ-ਗੱਲ ‘ਤੇ ਗਾਲ ਕੱਢਣੀ ਤਾਂ ਬਿਲਕੁਲ ਹੀ ਸ਼ੋਭਾ ਨਹੀਂ ਦਿੰਦੀ, ਤਾਂ ਉਸ ਨੇ ਅੱਗੋਂ ਧੜੀ-ਪੱਕੀ ਗਾਲ ਕੱਢਦਿਆਂ ਕਿਹਾ ਕਿ ਕਿਹੜਾ ਭੈ… ਕਹਿੰਦੈ ਕਿ ਮੈਂ ਗਾਲਾਂ ਕੱਢਦਾ ਹਾਂ?

”ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ/ਭਾਂਵੇਂ ਕਟੀਏ ਪੋਰੀਆਂ ਪੋਰੀਆਂ ਜੀ’!

ਮੁਨੱਵਰ ਰਾਣਾ ਦਾ ਇੱਕ ਸ਼ੇਅਰ ਹੈ-

‘ਮੀਆਂ ਮੈਂ ਸ਼ੇਰ ਹੂੰ ਸ਼ੇਰੋਂ ਕੀ ਗੁਰਾਹਟ ਨਹੀਂ ਜਾਤੀ,
ਮੈਂ ਲਹਜਾ ਨਰਮ ਭੀ ਕਰ ਲੂੰ ਤੋ ਝੁੰਜਲਾਹਟ ਨਹੀਂ ਜਾਤੀ’।

ਤਾਂ ਹੀ ਤਾਂ ਕਹਿੰਦੇ ਹਨ ਕਿ ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ!

ਪਰ ਸਿਰਾਂ ਨਾਲ ਨਿਭਣ ਵਾਲੀਆਂ ਇਹ ਵਾਦੜੀਆਂ ਕਈ ਵਾਰ ਸਿਰ ਪੜਵਾ ਵੀ ਦਿੰਦੀਆਂ ਹਨ।

ਇੱਕ ਸਿੱਧੜ ਘਰੋਂ ਕਮਾਈ ਕਰਨ ਨਿਕਲਿਆ। ਘਰ ਦਿਆਂ ਨੇ ਕਿਹਾ ਕਿ ਜੇ ਕੋਈ ਮਿਲੇ ਤਾਂ ਕਹਿ ਦਈ ‘ਰੱਬ ਏਦਾਂ ਈ ਕਰੇ’! ਰਾਹ ਵਿੱਚ ਅਰਥੀ ਮਿਲੀ ਤਾਂ ਉਸ ਨੇ ਘਰ ਦਿਆਂ ਦੀ ਸਲਾਹ ਮੁਤਾਬਕ ਫਟ ਦੇਣੀ ਕਹਿ ਦਿਤਾ ਕਿ ‘ਰੱਬ ਏਦਾਂ ਈ ਕਰੇ’। ਬੜੀ ਛਿੱਤਰ ਪਰੇਡ ਹੋਈ। ਨਾਲ ਹੀ ਮੁਫਤ ‘ਚ ਮਸ਼ਵਰਾ ਮਿਲਿਆ ਕਿ ਇਸ ਦੀ ਬਜਾਏ ਇਹ ਕਹੀਂ ਕਿ ‘ਰੱਬ ਏਦਾਂ ਨਾ ਕਰੇ’। ਅਗੋਂ ਵਿਆਹ ਲਈ ਜੰਜ ਜਾ ਰਹੀ ਸੀ ਤਾਂ ਉਸ ਫਟ ਕਹਿ ਦਿਤਾ ਕਿ ਰੱਬ ਏਦਾਂ ਨਾ ਕਰੇ। ਫਿਰ ਵਾਹਵਾ ਸੇਵਾ ਹੋਈ ਤੇ ਸਲਾਹ ਵੀ ਮਿਲੀ ਕਿ ਕਹੀਂ ਕਿ ‘ਰੱਬ ਏਦਾਂ ਹੋਰ ਕਰੇ’। ਅਗੋਂ ਕਿਸੇ ਦਾ ਜਵਾਨ ਪੁੱਤ ਮਰਨ ਕਾਰਨ ਚੀਕ ਚਿਹਾੜਾ ਪਿਆ ਦੇਖ ਉਸ ਨੇ ਫੌਰਨ ਕਿਹਾ ਕਿ ਰੱਬ ਏਦਾਂ ਹੋਰ ਕਰੇ। ਅਗੋਂ ਕੀ ਵਾਪਰਿਆ ਹੋਊ, ਉਹ ਦੱਸਣ ਦੀ ਲੋੜ ਨਹੀਂ। ਤੁਸੀਂ ਆਪ ਸਿਆਣੇ ਹੋ।

ਬਿਨ ਧੇਲਾ ਕਮਾਇਆਂ ਲਹੂ ਲੁਹਾਨ ਹੋਇਆ ਘਰ ਪਰਤਿਆ ਤਾਂ ਘਰ ਦਿਆਂ ਨੇ ਚੋਂਦੇ ਲਹੂ ਵੱਲ ਦੇਖ ਕੇ ਪੁੱਛਿਆ ਕਿ ਆਹ ਕੀ ਹੋਇਆ? ਉਸ ਜਵਾਬ ਦਿਤਾ- ਜ਼ੁਬਾਨ ਦਾ ਰਸ ਚੋ ਰਿਹੈ ਅਤੇ ਲਹਿਜਾ ਲਹੂ-ਲੁਹਾਨ ਹੋ ਰਿਹੈ!

ਚਲੋ, ਐਨੀ ਮੁਰੰਮਤ ਹੋਣ ਮਗਰੋਂ ਵੀ ‘ਔਰੈਟ’ ਹੋਣੋਂ (ਮਰਨੋ) ਬਚ ਗਿਆ!

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin