Literature Articles

ਚਾਨਣ ਵੰਡਦੀ ਕਹਿਕਸ਼ਾਂ : ਡਾ. ਗੁਰਚਰਨ ਕੌਰ ਕੋਚਰ !

ਤਿੰਨ ਵਿਸ਼ਿਆਂ ਵਿੱਚ ਐਮਏ, ਚਾਰ ਭਾਸ਼ਾਵਾਂ ਦੀ ਗਿਆਤਾ, 16 ਕਿਤਾਬਾਂ ਦੀ ਲੇਖਕਾ, 75 ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾ. ਕੋਚਰ ਨਿਰੰਤਰ ਸਾਹਿਤ ਦੇ ਖੇਤਰ ਵਿੱਚ ਗਤੀਸ਼ੀਲ ਹੈ।
ਲੇਖਕ: ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

ਡਾ. ਗੁਰਚਰਨ ਕੌਰ ਕੋਚਰ ਪਿਛਲੇ ਲੰਮੇ ਸਮੇਂ (2003) ਤੋਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਕਾਰਜਸ਼ੀਲ ਹਨ। ਹੁਣ ਤਾਂ ਡਾ. ਕੋਚਰ ਅਤੇ ਗ਼ਜ਼ਲ ਇੱਕ ਦੂਜੇ ਦੇ ਪਰਿਆਇ ਹੋ ਗਏ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਦੇ 6 ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ- ਅਹਿਸਾਸ ਦੀ ਖੁਸ਼ਬੂ, ਅਹਿਸਾਸ ਦਾ ਸਫ਼ਰ, ਅਹਿਸਾਸ ਦੀਆਂ ਰਿਸ਼ਮਾਂ, ਹਰਫ਼ਾਂ ਦੀ ਮਹਿਕ, ਗ਼ਜ਼ਲ ਅਸ਼ਰਫ਼ੀਆਂ, ਚੋਣਵੀਂ ਪੰਜਾਬੀ ਨਾਰੀ ਗ਼ਜ਼ਲ (ਸੰਪਾਦਿਤ)। ਇਸਤੋਂ ਬਿਨਾਂ ਉਨ੍ਹਾਂ ਨੇ 2 ਨਿਬੰਧ ਸੰਗ੍ਰਹਿ ਅਤੇ ਅਨੁਵਾਦ ਦੀਆਂ ਕੁਝ ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘ਗ਼ਜ਼ਲ ਅਸ਼ਰਫ਼ੀਆਂ’ ਦਾ ਸ਼ਾਹਮੁਖੀ ਵਿੱਚ ਵੀ ਲਿਪੀਅੰਤਰਨ ਹੋ ਚੁੱਕਾ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਬਾਰੇ ਡਾ. ਬਲਦੇਵ ਸਿੰਘ ਬੱਦਨ ਦੀ ਸੰਪਾਦਨਾ ਹੇਠ ਇੱਕ ਆਲੋਚਨਾਤਮਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ- ‘ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ’।

ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਨਵੀਂ ਕਾਵਿ ਕਿਤਾਬ ਪ੍ਰਕਾਸ਼ਿਤ ਹੋਈ ਹੈ – ‘ਚਾਨਣ ਵੰਡਦੀ ਕਹਿਕਸ਼ਾਂ’, ਜਿਸ ਵਿੱਚ 47 ਗ਼ਜ਼ਲਾਂ, 16 ਗੀਤ ਅਤੇ 8 ਕਵਿਤਾਵਾਂ ਸ਼ਾਮਲ ਹਨ। ਉਨ੍ਹਾਂ ਦੇ ਗੀਤਾਂ/ਗ਼ਜ਼ਲਾਂ ਨੂੰ ਪ੍ਰਸਿੱਧ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਆਪਣੀ ਸ਼ਾਇਰੀ ਵਿੱਚ ਉਨ੍ਹਾਂ ਨੇ ਜੀਵਨ ਦੇ ਹਰ ਰੰਗ ਨੂੰ ਪੇਸ਼ ਕੀਤਾ ਹੈ – ਪਿਆਰ, ਅਮਨ, ਪੀੜਾ, ਦਰਦ, ਵਿਸ਼ਵੀਕਰਨ, ਕਦਰਾਂ ਕੀਮਤਾਂ, ਬੇਰੁਜ਼ਗਾਰੀ, ਨਸ਼ਿਆਂ ਦਾ ਰੁਝਾਨ, ਔਰਤ ਦੀ ਸਥਿਤੀ, ਕਿਸਾਨ-ਮਜ਼ਦੂਰ ਦੀ ਮੰਦਹਾਲੀ, ਦਲਿਤਾਂ ਦੀ ਤਰਸਯੋਗ ਹਾਲਤ ਆਦਿ। ਤਿੰਨ ਵਿਸ਼ਿਆਂ ਵਿੱਚ ਐਮਏ, ਚਾਰ ਭਾਸ਼ਾਵਾਂ ਦੀ ਗਿਆਤਾ, 16 ਕਿਤਾਬਾਂ ਦੀ ਲੇਖਕਾ, 75 ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾ. ਕੋਚਰ ਨਿਰੰਤਰ ਸਾਹਿਤ ਦੇ ਖੇਤਰ ਵਿੱਚ ਗਤੀਸ਼ੀਲ ਹੈ।
ਰੰਗਾਂ ਦੀ ਆਬਸ਼ਾਰ, ਰੌਸ਼ਨੀ ਵੰਡਦੀ ਕਹਿਕਸ਼ਾਂ, ਨਾਰੀ ਗ਼ਜ਼ਲ ਦੀ ਪ੍ਰਮੁੱਖ ਹਸਤਾਖਰ, ਸੁਰੀਲੀ ਸਿਨਫ਼ ਦਾ ਸਫ਼ਰ, ਪੰਜਾਬੀ ਗ਼ਜ਼ਲ ਦੀ ਆਬਰੂ ਆਦਿ ਲਕਬਾਂ ਦੀ ਧਾਰਨੀ, ਨੈਸ਼ਨਲ ਅਤੇ ਸਟੇਟ ਅਵਾਰਡੀ ਡਾ. ਕੋਚਰ ਦੀ ਨਵੀਨਤਮ ਕਿਤਾਬ ‘ਚੋਂ ਕੁਝ ਰਚਨਾਵਾਂ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ :
                     (1)
ਮੇਰਾ ਦਿਲ ਜੋ ਚਾਹਵੇ ਪਾਵਾਂ, ਤੈਨੂੰ ਕੀ।
ਕੀ ਮੈਂ ਪੀਵਾਂ ਤੇ ਕੀ ਖਾਵਾਂ, ਤੈਨੂੰ ਕੀ।
ਵਾਹਿਗੁਰੂ, ਅੱਲਾ, ਰਾਮ ਧਿਆਵਾਂ, ਤੈਨੂੰ ਕੀ।
ਕਿਸ ਨੂੰ ਆਪਣਾ ਪੀਰ ਬਣਾਵਾਂ, ਤੈਨੂੰ ਕੀ।
ਮੇਰੇ ਲਈ ਤਾਂ ਸਾਰੇ ਧਰਮ ਬਰਾਬਰ ਨੇ
ਮੰਦਰ ਜਾਂ ਗੁਰੂਦੁਆਰੇ ਜਾਵਾਂ, ਤੈਨੂੰ ਕੀ।
ਤੂੰ ਤਾਂ ਮੇਰਾ ਹਾਲ ਕਦੇ ਵੀ ਨਾ ਪੁੱਛਿਆ
ਜੇ ਕੋਈ ਪੁੱਛੇ, ਹਾਲ ਸੁਣਾਵਾਂ, ਤੈਨੂੰ ਕੀ।
ਤੋੜ ਕੇ ਨਾਤਾ ਹੁਣ ਕਿਉਂ ਮੇਰਾ ਫ਼ਿਕਰ ਕਰੇਂ
ਹੱਸਾਂ, ਰੋਵਾਂ ਜਾਂ ਕੁਰਲਾਵਾਂ, ਤੈਨੂੰ ਕੀ।
ਤੂੰ ਨੇਰੇ ਦ‍ਾ ਪੂਜਕ ਮੈਂ ਹਾਂ ਚਾਨਣ ਦੀ
ਬੁਝੇ ਹੋਏ ਜੇ ਦੀਪ ਜਗਾਵਾਂ, ਤੈਨੂੰ ਕੀ।
                     (2)
ਹਰ ਵੇਲੇ ਗੁੱਸੇ ਵਿੱਚ ਰਹਿਣਾ ਛੱਡ ਪਰੇ।
ਮੱਥੇ ਤੇ ਵੱਟ ਪਾ ਕੇ ਬਹਿਣਾ ਛੱਡ ਪਰੇ।
ਲੋਕਾਂ ਦ‍ਾ ਤੂੰ ਦਰਦ ਵੰਡਾ ਕੇ ਪੁੰਨ ਕਮਾ
“ਮੈਂ ਕੀ ਲੈਣਾ” ਇਹ ਸਭ ਕਹਿਣਾ ਛੱਡ ਪਰੇ।
ਦਗਾ ਕਮਾਇਆ ਬਹੁਤ ਰੁਆਇਆ ਜਿਹਨਾਂ ਨੇ
ਕੋਲ ਉਨ੍ਹਾਂ ਦ ਜੁੜ ਜੁੜ ਬਹਿਣਾ ਛੱਡ ਪਰੇ।
ਬੁੱਲ੍ਹਾਂ ਨੂੰ ਹੁਣ ਖੋਲ੍ਹ ਤੇ ਮੂੰਹੋਂ ਡਟ ਕੇ ਬੋਲ
ਜ਼ਾਲਮ ਦੇ ਜ਼ੁਲਮਾਂ ਨੂੰ ਸਹਿਣਾ ਛੱਡ ਪਰੇ।
ਸਿਦਕੀ ਸਿਰੜੀ ਹਿੰਮਤੀ ਬਣ ਕੇ ਸਾਹਵੇਂ ਆ
ਕੱਚੀਆਂ ਕੰਧਾਂ ਵਾਂਗਰ ਢਹਿਣਾ ਛੱਡ ਪਰੇ।
ਨਾਲ ਸਲੀਕੇ ਤੁਰ ਕੇ ਆਪਣੀ ਸ਼ਾਨ ਵਧਾ
ਨਦੀਏ! ਕੰਢਿਆਂ ਨਾਲ ਤੂੰ ਖਹਿਣਾ ਛੱਡ ਪਰੇ।
                        (3)
ਹਰ ਬਸਤੀ ਦੀਆਂ ਕੰਧਾਂ ਉੱਤੇ ਇੱਕੋ ਲਫ਼ਜ਼ ਮੁਹੱਬਤ ਲਿਖੀਏ।
ਤੇ ਹਰ ਚੌਕ-ਚੁਰਾਹੇ ਉੱਤੇ ‘ਮਾਂ-ਬੋਲੀ ਹੈ ਤਾਕਤ’ ਲਿਖੀਏ।
ਬਹੁਤ ਅਨੂਠੀ ਬਹੁਤ ਪਿਆਰੀ ਮਾਂ ਬੋਲੀ ਪੰਜਾਬੀ ਸਾਡੀ
ਗੁੜ, ਸ਼ਹਿਦ ਤੇ ਮਿਸ਼ਰੀ ਵਰਗੀ, ਮਿੱਠੀ ਵਾਂਗੂੰ ਸ਼ਰਬਤ ਲਿਖੀਏ।
ਸ਼ਬਦਾਂ ਦਾ ਅਨਮੋਲ ਖਜ਼ਾਨਾ ਰੱਖੇ ਮਾਂ ਬੋਲੀ ਪੰਜਾਬੀ
ਤੋਟ ਨਾ ਆਵੇ ਬੋਲਣ ਵੇਲੇ ਇਸ ਵਿੱਚ ਐਨੀ ਬਰਕਤ ਲਿਖੀਏ।
ਕਰੇ ਤਰੱਕੀ ਰਾਤ ਦਿਨੇ ਇਹ ਮਹਿਮਾ ਹੋਵੇ ਦੂਣ ਸਵਾਈ
ਰਹੇ ਕਿਆਮਤ ਤੱਕ ਸਲਾਮਤ ਦਿਲ ਦੀ ਡੂੰਘੀ ਹਸਰਤ ਲਿਖੀਏ।
ਕਰੀਏ ਹੋਰ ਭਾਸ਼ਾਵਾਂ ਦਾ ਵੀ ਮਾਣ ਦਿਲੋਂ, ਐ ਕੋਚਰ! ਐਪਰ
ਮਾਂ ਬੋਲੀ ਪੰਜਾਬੀ ਨੂੰ ਤਾਂ ਜੀਵਨ ਦਾਤੀ ਅੰਮ੍ਰਿਤ ਲਿਖੀਏ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin