ਫਗਵਾੜਾ – ਫਗਵਾੜਾ ਸ਼ਹਿਰ ਦੇ ਪ੍ਰਮੁੱਖ ਲੇਖਕਾਂ ਦਾ ਇੱਕ ਵਫ਼ਦ ਡਾ. ਅਕਸ਼ਿਤਾ ਗੁਪਤਾ, ਕਮਿਸ਼ਨਰ ਨਗਰ ਨਿਗਮ ਫਗਵਾੜਾ ਅਤੇ ਸ. ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਫਗਵਾੜਾ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੂੰ ਕਮਿਸ਼ਨਰ ਨਗਰ ਨਿਗਮ ਦੇ ਦਫ਼ਤਰ ‘ਚ ਮਿਲਿਆ ਅਤੇ ਫਗਵਾੜਾ ਸ਼ਹਿਰ ‘ਚ ਬਣੀ ਲਾਇਬ੍ਰੇਰੀ-ਕਮ-ਰੀਡਿੰਗ ਰੂਮ ਨੂੰ ਮੁੜ ਚਾਲੂ ਕਰਨ ਲਈ ਮੈਮੋਰੰਡਮ ਦਿੱਤਾ।
ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਨਗਰ ਕੌਂਸਲ ਫਗਵਾੜਾ ਵੱਲੋਂ ਪੈਪਸੂ ਵੇਲੇ ਤੋਂ ਲਾਇਬ੍ਰੇਰੀ-ਕਮ-ਰੀਡਿੰਗ ਰੂਮ ਚੱਲ ਰਹੀ ਸੀ ਅਤੇ 1984 ‘ਚ ਇਥੇ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਇਮਾਰਤ ਬਣਾਈ ਗਈ ਸੀ। ਇਸ ਵਿੱਚ ਵੱਡੀ ਗਿਣਤੀ ‘ਚ ਪੁਸਤਕਾਂ, ਖੋਜ਼ ਪੁਸਤਕਾਂ, ਅਲਮਾਰੀਆਂ ਸਨ ਅਤੇ ਇਥੇ ਲਾਇਬ੍ਰੇਰੀ ਰਿਸਟੋਰਰ ਦੀ ਪੋਸਟ ਸੀ। ਪਰ ਹੁਣ ਇਥੇ ਪੁਸਤਕਾਂ ਦੀ ਹਾਲਾਤ ਖਰਾਬ ਹੋ ਚੁੱਕੀ ਹੈ ਅਤੇ ਇਹ ਇਮਾਰਤ ਨਗਰ ਨਿਗਮ ਫਗਵਾੜਾ ਵੱਲੋਂ ਵਰਤੀ ਜਾ ਰਹੀ ਹੈ। ਇਸ ਲਾਇਬ੍ਰੇਰੀ-ਕਮ-ਰੀਡਿੰਗ ਰੂਮ ‘ਚ ਲੇਖਕ ਮੀਟਿੰਗਾਂ, ਕਵੀ ਦਰਬਾਰ, ਸਾਹਿੱਤਕ ਫੰਕਸ਼ਨ ਵੀ ਕਰਦੇ ਸਨ।
ਨਗਰ ਨਿਗਮ ਕਮਿਸ਼ਨਰ ਡਾ: ਅਕਸ਼ਿਤਾ ਗੁਪਤਾ ਅਤੇ ਸ.ਜੋਗਿੰਦਰ ਸਿੰਘ ਮਾਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਲਾਇਬ੍ਰੇਰੀ -ਕਮ-ਰੀਡਿੰਗ ਰੂਮ ਨਗਰ ਨਿਗਮ ਵੱਲੋਂ ਮੁੜ ਚਾਲੂ ਕਰ ਦਿੱਤਾ ਜਾਵੇਗਾ।
ਵਫ਼ਦ ਵਿੱਚ ਸਕੇਪ ਪ੍ਰਧਾਨ ਰਵਿੰਦਰ ਚੋਟ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਪੰਜਾਬੀ ਵਿਰਸਾ ਟਰੱਸਟ, ਤਰਨਜੀਤ ਸਿੰਘ ਕਿੰਨੜਾ ਪ੍ਰਧਾਨ ਪੰਜਾਬੀ ਕਲਾ ਤੇ ਸਾਹਿਤ ਕੇਂਦਰ, ਕਮਲੇਸ਼ ਸੰਧੂ , ਐਡਵੋਕੇਟ ਐਸ.ਐਲ. ਵਿਰਦੀ, ਮਾਸਟਰ ਸੁਖਦੇਵ ਸਿੰਘ, ਪਰਵਿੰਦਰਜੀਤ ਸਿੰਘ, ਪ੍ਰਸਿੱਧ ਗ਼ਜ਼ਲਗੋ ਬਲਦੇਵ ਰਾਜ ਕੋਮਲ ਸ਼ਾਮਲ ਸਨ।