Articles Religion

ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਦਿਆਂ !

ਗੁਰਮਤਿ ਕਾਵਿ ਧਾਰਾ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਪੰਜਾਬੀ ਸਾਹਿਤ ਦੀ ਝੋਲੀ ਵੱਡਮੁੱਲੀ ਸੇਵਾ ਦਿੱਤੀ ਉੱਥੇ ਆਪਣੇ ਗੁਰੂ ਕਾਲ ਦੌਰਾਨ ਕਈ ਅਸਥਾਨ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨਤਾਰਨ ਸ਼ਹਿਰ ਦੀ ਸਥਾਪਨਾ, ਕਰਤਾਰਪੁਰ ਤੇ ਹਰਗੋਬਿੰਦਪੁਰ ਦੇ ਨੀਂਹ, ਲਹੌਰ ਵਿੱਚ ਬਾਉਲੀ ਦਾ ਨਿਰਮਾਣ, ਛੇਹਰਟਾ ਸਾਹਿਬ ਆਦਿ ਵੀ ਬਣਾਏ ਜੋ ਕਿ ਸਮਾਜਿਕ ਤੇ ਰਾਜਨੀਤਕ ਪੱਖ ਤੋਂ ਸਿੱਖੀ ਦੇ ਵਿਕਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ।
ਲੇਖਕ: ਸੁਖਚੈਨ ਸਿੰਘ ਕੁਰੜ, ਅਧਿਆਪਕ ਅਤੇ ਭਾਸ਼ਾ ਮੰਚ ਸਰਪ੍ਰਸਤ।

ਸਿੱਖ ਇਤਿਹਾਸ ਦੀ ਗੱਲ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਦੀ ਗੱਲ ਕਰਦਿਆਂ,ਬਾਬਰ ਨੂੰ ਲਲਕਾਰਦਿਆਂ ਅੱਗੇ ਤੁਰਦੀ-ਤੁਰਦੀ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੀ ਹੈ‌। ਗੁਰੂ ਨਾਨਕ ਜੀ ਆਪਣੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ‘ਤੇ ਸਿਰੀ ਰਾਗ ਵਿੱਚ ਲਿਖਦੇ ਹੋਏ “ਸ਼ਹੀਦ” ਨੂੰ ਪੀਰਾਂ ਪੈਗੰਬਰਾਂ ਦੀ ਪੰਕਤੀ ਵਿੱਚ ਖੜ੍ਹਾ ਕਰਦੇ ਹਨ:

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ।।
ਸ਼ਹੀਦ ਅਤੇ ਸ਼ਹਾਦਤ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲ਼ਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲ਼ਾ ਹੈ। ਇਹ ਪਵਿੱਤਰ ਸ਼ਬਦ ਹੈ ਜਿਸ ਵਿੱਚ ਨਿੱਜੀ ਲਾਲਸਾ ਲਈ ਕੋਈ ਥਾਂ ਨਹੀਂ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲ਼ਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ਼ ਭਰਮ ਭਉ ਤੋਂ ਰਹਿਤ ਹੋ ਕੇ ਦਿੰਦਾ ਹੈ। ਭਾਈ ਗੁਰਦਾਸ ਦੀ ਆਪਣੀ ਤੀਜੀ ਵਾਰ ਦੀ ਅਠਾਰ੍ਹਵੀਂ ਪਉੜੀ ਵਿੱਚ ਸ਼ਹੀਦ ਸ਼ਬਦ ਬਾਰੇ ਲਿਖਦੇ ਹਨ:-
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।।
ਭਾਵ ਉਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿੱਚ ਸਬਰ,ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ। ਇਹ ਉਪਰੋਕਤ ਗੁਣ ਬਾਬੇ ਨਾਨਕ ਦੀ ਸਿੱਖੀ ਵਿੱਚ ਸਮੇਂ ਤੇ ਹਾਲਾਤਾਂ ਦਾ ਸਫ਼ਰ ਤੈਅ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਖ਼ਸੀਅਤ ਦੇ ਹਾਣੀ ਹੋ ਨਿਬੜਦੇ ਹਨ। ਸਿੱਖ ਧਰਮ ਵਿੱਚ ਪਹਿਲੀ ਸ਼ਹਾਦਤ ਦਾ ਮਾਣ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ।
ਸ਼ਾਂਤੀ ਦੇ ਪੁੰਜ, ਸੁਖਮਨੀ ਸਾਹਿਬ ਦੇ ਰਚੇਤਾ, ਬਾਣੀ ਦੇ ਬੋਹਿਥਾ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ (ਜੋ ਕਿ ਗੁਰੂ ਅਮਰਦਾਸ ਜੀ ਦੀ ਧੀ ਸੀ।) ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ। ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਦੁਨਿਆਵੀ ਤੌਰ ਉਤੇ ਸਿਆਣਾ ਤੇ ਚਤੁਰ ਬੁੱਧੀ ਵਾਲਾ ਸੀ। ਜਿਸ ਦੀ ਦੀ ਅੱਖ ਸ਼ੁਰੂ ਤੋਂ ਹੀ ਗੁਰਗੱਦੀ ਉਤੇ ਸੀ। ਜਿਸਨੇ ਬਾਅਦ ਵਿੱਚ ਗੁਰੂ ਜੀ ਲਈ ਕਈ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ। ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਬਚਪਨ ਦੇ ਮੁੱਢਲੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ। ਇਸ ਦੌਰਾਨ ਹੀ ਗੁਰੂ ਅਰਜਨ ਜੀ ਨੇ ਇਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ‘ਚ ਮੁਹਾਰਤ ਹਾਸਲ ਕੀਤੀ। ਇਸ ਸਮੇਂ ਹੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਅਸ਼ੀਰਵਾਦ ਦਿੱਤਾ ਸੀ।
ਛੋਟੀ ਉਮਰੇ ਆਪ ਜੀ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. ਨੂੰ ਸ਼ੁੱਕਰਵਾਰ ਵਾਲੇ ਦਿਨ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ।
ਆਪ ਜੀ ਦਾ ਗੁਰੂ ਕਾਲ 1581 ਤੋਂ 1606 ਤੱਕ ਰਿਹਾ। ਇਸ ਦੌਰਾਨ ਆਪਣੇ ਸਿੱਖੀ ਦੇ ਵਿਕਾਸ ਵਿੱਚ ਮਹਾਨ ਕਾਰਜ ਕੀਤੇ।
ਸਭ ਤੋਂ ਮਹਾਨ ਕਾਰਜ ਦੀ ਗੱਲ ਕਰੀਏ ਤਾਂ ਉਹ ਹੈ ਪਹਿਲੇ ਗੁਰੂ ਸਾਹਿਬਾਨ ਜੀ ਦੀ ਬਾਣੀ ਇੱਕਠੀ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ। ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਜੋ ਕਿ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ।
ਆਦਿ ਗ੍ਰੰਥ ਸਾਹਿਬ (ਹੁਣ ਗੁਰੂ ਗ੍ਰੰਥ ਸਾਹਿਬ) ਮੱਧ ਕਾਲ ਦੀ ਸਭ ਤੋਂ ਮਹਾਨ ਅਧਿਆਤਮਕ ਰਚਨਾ ਹੈ। ਗੁਰੂ ਅਰਜਨ ਜੀ ਨੇ ਕੱਚੀ ਤੇ ਸੱਚੀ ਬਾਣੀ ਦਾ ਨਿਖੇੜ ਕਰਨ ਲਈ ਅਤੇ ਗੁਰੂਆਂ ਦੇ ਮਿਸ਼ਨ ਨੂੰ ਸਦੀਵਤਾ ਦੇਣ ਲਈ ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਦਾ ਫ਼ੈਸਲਾ ਕੀਤਾ।
ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਡੰਕਨ ਗ੍ਰੀਨੀਲੀਜ਼ ਲਿਖਦਾ ਹੈ:- “ ਵਿਸ਼ਵ ਦੀਆਂ ਧਰਮ ਪੁਸਤਕਾਂ ਵਿਚੋਂ, ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿਤਕ ਖ਼ੂਬਸੂਰਤੀ ਹੋਵੇ ਜਾਂ ਇਕ-ਰਸ ਅਨੁਭਵੀ, ਗਿਆਨ ਦੀ ਉੱਚਤਾ ਹੋਵੇ।”
ਪ੍ਰੋ. ਬ੍ਰਹਮਜਗਦੀਸ਼ ਅਨੁਸਾਰ “ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਦੀ ਸਾਹਿਤਿਕ ਵਿਰਾਸਤ ਦਾ ਇੱਕ ਗੌਰਵਮਈ ਅਤੇ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਵਿੱਚ ਵੇਦਾਂ, ਉੱਪਨਿਸ਼ਦਾਂ, ਸਿਮ੍ਰਤੀਆਂ, ਸ਼ਾਸਤਰਾਂ, ਨਾਥ-ਬਾਣੀ, ਪੱਵਿਤਰ ਕੁਰਾਨ ਅਤੇ ਸੂਫੀ ਕਵਿਤਾ ਨਾਲ ਬੜਾ ਜੀਵੰਤ ਸੰਵਾਦ ਰਚਾਇਆ ਗਿਆ ਹੈ।”
ਸ਼੍ਰੀ ਗੁਰੂ ਗ੍ਰੰਥ ਸਾਹਿਬ ਕਾਵਿ ਰੂਪਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਇੱਕ ਬਹੁਮੁੱਲਾ ਭੰਡਾਰ ਹੈ। ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਏਨੇ ਕਾਵਿ ਰੂਪਾਂ ਦਾ ਪ੍ਰਯੋਗ ਨਹੀਂ ਮਿਲਦਾ। ਇਹਨਾਂ ਵਿਚੋਂ ਬਹੁਤ ਸਾਰੇ ਰੂਪ ਲੋਕ ਸਾਹਿਤ ਦੇ ਭੰਡਾਰ ਵਿਚੋਂ ਆਏ ਹਨ ਜਿਵੇਂ: – ਆਰਤੀ, ਅਲਾਹੁਣੀਆਂ, ਅੰਜਲੀਆਂ, ਸੋਹਿਲਾ, ਸੁਚਜੀ, ਕੁਚਜੀ, ਕਰਹਲੇ, ਰੁਤੀ, ਘੋੜੀਆਂ, ਬਾਰਾਂਮਾਹ, ਪੱਟੀ, ਪਹਿਰੇ, ਥਿਤੀ, ਦਿਨ ਰੈਣ, ਸੱਤ-ਵਾਰਾ, ਗਾਥਾ,ਬਿਰਹੜੇ, ਲਾਵਾਂ, ਡੱਖਣੇ ਅਦਿ ਸਾਮਿਲ ਸਨ। ਇੱਥੇ ਕੁਲ 55 ਕਾਵਿ ਰੂਪ ਵਰਤੇ ਗਏ ਹਨ। ਇਸੇ ਲੜੀ ਵਿੱਚ ਸੱਦ, ਕਾਫ਼ੀ, ਬਾਵਨਅੱਖਰੀ, ਵਾਰ, ਪਉੜੀ, ਛੰਤ, ਨੀਸਾਣ ਅਤੇ ਛਕਾਂ ਆਦਿ ਕਾਵਿ ਰੂਪ ਆ ਜਾਂਦੇ ਹਨ।
ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਜੀ ਬਾਣੀ ਨੂੰ ਸ਼ਾਮਲ ਕਰਦਿਆਂ 1708 ਈ. ਵਿੱਚ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਉਥੇ ਨਾਲ ਹੀ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤਾਂ,ਗਿਆਰਾਂ ਭੱਟਾਂ ਤੇ 4 ਗੁਰਸਿੱਖਾਂ ਸਮੇਤ 36 ਰੱਬੀ ਰੂਹਾਂ ਦੀ ਰਚਨਾ 31 ਰਾਗਾਂ ਵਿੱਚ ਜੋ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਦਰਜ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ (30 ਰਾਗ) ਤੇ ਸਭ ਤੋਂ ਵੱਧ ਬਾਣੀ (2216 ਸ਼ਬਦ) ਰਚਨਾ ਦਾ ਮਾਣ ਵੀ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਇਆ ਹੈ।
ਗੁਰੂ ਅਰਜਨ ਸਾਹਿਬ ਜੀ ਦੀਆਂ ਮੁੱਖ ਰਚਨਾਵਾਂ-ਸੁਖਮਨੀ, ਬਾਰਾਂਮਾਹ, ਬਾਵਨ ਅੱਖਰੀ, ਫੁਨਹੇ, ਮਾਰੂ ਡਖਣੇ, ਵਾਰਾਂ, ਥਿਤੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਸੁਖਮਨੀ: ਸੁਖਮਨੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਹੈ। ਜਿਸ ਨੂੰ ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 262 ਤੋਂ 296 ਉੱਤੇ ਅੰਕਤ ਹੈ। ਆਦਿ ਗ੍ਰੰਥ ਦੇ 35 ਵੱਡੇ ਪੰਨਿਆ ‘ਤੇ ਦਰਜ ‘ਸੁਖਮਨੀ’ ਆਦਿ ਗ੍ਰੰਥ ਵਿਚਲੀਆਂ ਬਾਣੀਆਂ ‘ਚੋਂ ਸਭ ਤੋਂ ਲੰਮੀ ਬਾਣੀ ਹੈ। ਗੁਰਮਤਿ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਅਰਜਨ ਜੀ ਨੇ ਸੁਖਮਨੀ ਦੀ ਇਹ ਬਾਣੀ ‘ਰਾਮਸਰ’ ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਅਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ। ਹਰ ਅਸ਼ਟਪਦੀ ਵਿੱਚ 8 ਪਉੜੀਆਂ (ਬੰਦ) ਅਤੇ ਹਰ ਪਊੜੀ ਵਿੱਚ 10 ਤੁਕਾਂ ਹਨ। ਇਸ  ਦੀਆਂ 1977 ਤੁਕਾਂ ਹਨ।
ਬਾਰਾਂਮਾਹ: ਗੁਰੂ ਸਾਹਿਬ ਦੁਆਰਾ ਬਾਰਾਂਮਾਹ ਦੀ ਰਚਨਾ ਇਕ ਅਨਮੋਲ ਕਿਰਤ ਹੋ ਨਿੱਬੜੀ ਹੈ। ਵੱਡੀ ਗੱਲ ਗੁਰੂ ਸਾਹਿਬ ਨੇ ਬਾਰਾਂਮਾਹ ਦੀ ਰਚਨਾ ਮਾਝ ਰਾਗ ਵਿਚ ਕੀਤੀ। ਸਿਰੀਰਾਗੁ ਤੋਂ ਬਾਅਦ ਮਾਝ ਦੂਸਰਾ ਮੁੱਖ ਰਾਗ ਹੈ। ਇਸ ਰਾਗ ਨੂੰ ਦਰਦ ਅਤੇ ਵੇਦਨਾ ਦਾ ਰਾਗ ਮੰਨਿਆ ਜਾਂਦਾ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 133 ਤੋਂ 136 ਤੱਕ ਦਰਜ ਕੀਤੀ ਹੋਈ ਹੈ। ਬਾਰਾਂਮਾਹ ਬਾਰ੍ਹਾਂ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਲੋਕ-ਕਾਵਿ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਕੁਦਰਤ ਹੈ। ਰਾਗ ਮਾਝ ਵਿੱਚ ਲਿਖਿਆ ਬਾਰਾਂਮਾਹ ਗੁਰੂ ਅਰਜਨ ਜੀ ਦੀ ਸ੍ਰੇਸ਼ਟ ਰਚਨਾ ਹੈ। ਗੁੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਦੋ ਹੀ ਬਾਰਹਮਾਹ ਦਰਜ ਹਨ। ਗੁਰੂ ਅਰਜਨ ਸਾਹਿਬ ਰਚਿਤ ਬਾਰਾਂਮਾਹ ਵਿੱਚ ਪੰਜਾਬੀ ਦੀ ਪ੍ਰਧਾਨਤਾ ਹੈ। ਬਾਰਾਂਮਾਹ ਮਾਝ ਦਾ ਵਿਸ਼ਾ ਅਧਿਆਤਮਕ ਹੈ। ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ਾਤਮਕ ਆਸ਼ੇ ਨੂੰ ਇਸ ਵਿੱਚ ਮੁੱਖ ਰੱਖਿਆ ਹੈ।
ਬਾਵਨ ਅੱਖਰੀ:  ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ‘ਦੇਵ ਨਾਗਰੀ’ ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ ‘ਆਦਿ ਗ੍ਰੰਥ’ ਦੇ ‘ਗਉੜੀ’ ਰਾਗ ਵਿੱਚ ਅੰਗ 250 ਤੋਂ 262 ਤੇ ਅੰਕਿਤ ਹੈ। ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ।
ਵਾਰਾਂ: ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ। ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ। ਅਸਲ ਵਿੱਚ ਗੁਰੂ ਸਾਹਿਬਾਨ ਨੇ ਇਸ ਲੋਕ-ਕਾਵਿ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਸਾਝਾਂ ਸੰਦੇਸ਼ ਦੇਣ ਦਾ ਉਪਰਾਲਾ ਕੀਤਾ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ-ਨਾਲ ਛੇ ਵਾਰਾਂ ਦੀ ਰਚਨਾ ਵੀ ਕੀਤੀ, ਜਿਸ ਵਿੱਚ ਉਹਨਾਂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਪੂਰਨ ਗੁਰਸਿੱਖ ਦੀ ਪਰਿਭਾਸ਼ਾ ਦਰਸਾਉਣ ਦਾ ਵਡੇਰਾ ਯਤਨ ਕੀਤਾ। ਗੁਰੂ ਸਾਹਿਬ ਦੁਆਰਾ ਰਚਿਤ ਇਹਨਾਂ ਛੇ ਵਾਰਾਂ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਾਗਾਂ ਅਧੀਨ ਮਿਲਦਾ ਹੈ। ਉਹਨਾਂ ਨੇ ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਮ ਮਾਰੂ, ਅਤੇ ਰਾਗ ਬਸੰਤ ਵਿੱਚ ਬਾਣੀ ਰਚੀ। ਆਪ ਜੀ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਸਰੇ ਗੁਰੂਆਂ ਦੇ ਵੀ ਸ਼ਲੋਕ ਹਨ। ਉਥੇ ਗੁਰੂ ਅਰਜਨ ਸਾਹਿਬ ਜੀ ਦੀਆਂ ਵਾਰਾਂ ਦੇ ਸ਼ਲੋਕ ਆਪਣੇ ਹੀ ਹਨ।
ਡਖਣੇ: ਲਹਿੰਦੀ ਬੋਲੀ ਭਾਵ ਮੁਲਤਾਨ, ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖਿਆ ਸਲੋਕ ‘ਡੱਖਣਾ’ ਕਹਾਉਂਦਾ ਹੈ। ਇਸ ਵਿੱਚ ਵਧੇਰੇ ਕਰ ਕੇ ‘ਦ’ ਦੀ ਥਾਂ ‘ਡ’ ਵਰਤਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ‘ਡਖਣੇ’ ਸਿਰਲੇਖ ਹੇਠ ਉਚਾਰਨ ਕੀਤੇ ਜੋ ਕਿ ਇਸੇ ਰਾਗ ਦੀ ਵਾਰ ਨਾਲ ਜੋੜ ਦਿੱਤੇ ਗਏ ਹਨ। ਸਿਰੀ ਰਾਗ ਦੇ ਛੰਤਾਂ ਨਾਲ ਵੀ ਪੰਜ ਸ਼ਬਦ ‘ਡਖਣੇ’ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਹੋਏ ਮਿਲਦੇ ਹਨ।
ਥਿਤੀ: ਦੇਸੀ ਤਿਥੀਆਂ ਦੇ ਅਧਾਰ ‘ਤੇ ਲਿਖੀ ਕਾਵਿ-ਰਚਨਾ ‘ਥਿਤੀ’ ਕਹਾਉਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਥਿਤੀ ਬਾਣੀ 17 ਪਉੜੀਆਂ ਵਿੱਚ ਸਲੋਕਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 296-300 ਤੱਕ ਦਰਜ ਹੈ। ਇਸ ਬਾਣੀ ਰਚਨਾ ਦਾ ਕੇਂਦਰੀ ਭਾਵ ਸਾਧਸੰਗਤਿ ਵਿਚ ਮਿਲਕੇ ਹਰ ਪਲ ਪਰਮਾਤਮਾ ਦਾ ਜਸ ਹਰ ਰੋਜ਼ ਗਾਇਨ ਕਰਨ ਦੀ ਤਾਕੀਦ ਕੀਤੀ ਗਈ ਹੈ।
ਗੁਰਮਤਿ ਕਾਵਿ ਧਾਰਾ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਪੰਜਾਬੀ ਸਾਹਿਤ ਦੀ ਝੋਲੀ ਵੱਡਮੁੱਲੀ ਸੇਵਾ ਦਿੱਤੀ ਉੱਥੇ ਆਪਣੇ ਗੁਰੂ ਕਾਲ ਦੌਰਾਨ ਕਈ ਅਸਥਾਨ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨਤਾਰਨ ਸ਼ਹਿਰ ਦੀ ਸਥਾਪਨਾ, ਕਰਤਾਰਪੁਰ ਤੇ ਹਰਗੋਬਿੰਦਪੁਰ ਦੇ ਨੀਂਹ, ਲਹੌਰ ਵਿੱਚ ਬਾਉਲੀ ਦਾ ਨਿਰਮਾਣ, ਛੇਹਰਟਾ ਸਾਹਿਬ ਆਦਿ ਵੀ ਬਣਾਏ ਜੋ ਕਿ ਸਮਾਜਿਕ ਤੇ ਰਾਜਨੀਤਕ ਪੱਖ ਤੋਂ ਸਿੱਖੀ ਦੇ ਵਿਕਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ।
ਜਿਵੇਂ-ਜਿਵੇਂ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੇ ਉਹਨਾਂ ਦੇ ਯਤਨਾਂ ਸਦਕਾ ਸਿੱਖ ਧਰਮ ਦਾ ਵਿਕਾਸ ਹੋ ਰਿਹਾ ਸੀ, ਉਵੇਂ-ਉਵੇਂ ਆਲ਼ੇ-ਦੁਆਲ਼ੇ ਵਿਰੋਧ ਕਰਨ ਵਾਲੀਆਂ ਧਿਰਾਂ ਵੀ ਖੜ੍ਹੀਆਂ ਹੋ ਰਹੀਆਂ ਸਨ, ਜਿੰਨ੍ਹਾਂ ਵਿੱਚ ਪ੍ਰਿਥੀਏ ਦਾ ਗੁਰਗੱਦੀ ਨੂੰ ਲੈਕੇ ਵਿਰੋਧ, ਕੁੱਝ ਕੁ ਕੱਟੜ ਮੁਸਲਮਾਨਾਂ (ਸ਼ੇਖ ਫੈਜ਼ੀ ਸਰਹਿੰਦੀ) ਦਾ ਵਿਰੋਧ, ਬ੍ਰਾਹਮਣਾਂ ਦਾ ਵਿਰੋਧ, ਲਹੌਰ ਦੇ ਦੀਵਾਨ ਚੰਦੂ ਸ਼ਾਹ ਦਾ ਵਿਰੋਧ ਤੇ ਸਭ ਤੋਂ ਵੱਡੀ ਜਹਾਂਗੀਰ ਦੀ ਕੱਟੜਤਾ ਸੀ। ਅਖੀਰ ਜਹਾਂਗੀਰ ਦੇ ਪੁੱਤਰ ਖ਼ੁਸਰੋ ਦੀ ਮਦਦ ਕਰਨ ਦੇ ਦੋਸ ਵਿੱਚ ਗੁਰੂ ਸਾਹਿਬ ਜੀ ਨੂੰ ਗਿਰਫ਼ਤਾਰ ਕਰਕੇ ਅਣਮਨੁੱਖੀ ਤਸੀਹੇ ਦਿੰਦਿਆਂ 30 ਮਈ 1606 ਈ ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਧਰਮ ਵਿੱਚ ਇੱਥੋਂ ਸ਼ਹਾਦਤਾਂ ਦੀ ਸ਼ੁਰੂਆਤ ਹੁੰਦੀ ਹੈ, ਇਹੋ ‘ਸ਼ਹਾਦਤ’ ਅੱਗੇ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਦੀ ਹੋਈ ਖਾਲਸੇ ਰਾਜ ਨੂੰ ਜਨਮ ਦਿੰਦੀ ਹੋਈ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਤੋਰਦੀ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੀਂਹਾਂ ਵਿੱਚ ਖੜ੍ਹਨ ਦਾ ਹੌਂਸਲਾ ਬਖ਼ਸ਼ਦੀ ਹੈ।

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin