
ਦੁਨੀਆਦਾਰੀ ਜਿਵੇਂ-ਜਿਵੇਂ ਤਰੱਕੀਆਂ ਦੇ ਦੌਰ ‘ਚ ਪੈਸੇ ਦੀ ਦੌੜ ‘ਚ ਅੱਗੇ ਲੱਗੀ ਹੋਈ ਹੈ, ਉੱਥੇ ਰਿਸ਼ਤਿਆਂ ਨੂੰ ਜਿਊਣ ਤੇ ਨਿਭਾਉਣ ‘ਚ ਪਿੱਛੇ ਹੁੰਦੀਂ ਜਾ ਰਹੀ ਹੈ। ਕੁੱਝ ਰਿਸ਼ਤੇ ਖ਼ੂਨ ਨਾਲ਼ ਸਿੰਜੇ ਹੁੰਦੇ ਹਨ, ਕੁੱਝ ਰਿਸ਼ਤੇ ਭਾਵਨਾਵਾਂ ਨਾਲ਼ ਜਿਉਂਦੇ-ਵੱਸਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਨਿਭਾਉਣ ਦੀ ਆਪਣੀ ਦੁਨੀਆ ਤੇ ਆਪੋ ਆਪਣਾ ਢੰਗ ਹੁੰਦਾ। ਹਰ ਇਨਸਾਨ ਦਾ ਇਹ ਧਰਤੀ ‘ਤੇ ਆਉਣ ਦਾ ਸਬੱਬ ਮਾਂ-ਪਿਓ ਦੇ ਰਿਸ਼ਤੇ ਨਾਲ਼ ਹੀ ਹੁੰਦਾ। ਸੁਭਾਵਿਕ ਹੈ ਇਹ ਦੋਵੇਂ ਰਿਸ਼ਤੇ ਹਰ ਇੱਕਨਸਾਨ ਲਈ ਰੱਬ ਦਾ ਰੂਪ ਹੀ ਹੋਣਗੇ। ਇਹਨਾਂ ਦੋਵਾਂ ਰਿਸ਼ਤਿਆਂ ਦੇ ਦਿੱਤੇ ਮਹੌਲ ‘ਤੇ ਹੀ ਅੱਗੇ ਹੋਰ ਪਿਆਰੇ ਰਿਸ਼ਤਿਆਂ ਦੀ ਦੁਨੀਆ ਬਣਦੀ ਹੈ। ਵਿਸ਼ਵ ਪੱਧਰ ‘ਤੇ ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਹੁਣ ਰਿਸ਼ਤਿਆਂ ਨੂੰ ਨਿਭਾਉਣ ਲਈ ਜਾਂ ਇਹ ਕਹਿ ਲਓ ਕਿ ਰਿਸ਼ਤਿਆਂ ‘ਤੇ ਆਪਣਾ ਹੱਕ ਦਿਖਾਉਣ ਲਈ ਕੁੱਝ ਦਿਨ ਮਿਥ ਲਏ ਗਏ ਹਨ। ਹਰ ਰਿਸ਼ਤੇ ਨੂੰ ਸਾਲ ‘ਚ ਇੱਕ ਵਿਸ਼ੇਸ਼ ਦਿਨ ਦੇ ਕੇ ਮਨਾਉਣ ਦੀ ਰਵਾਇਤ ਚੱਲ ਰਹੀ ਹੈ। ਹਰ ਮੁਲਕ ਦੀ ਆਪਣੀ ਜੀਵਨ ਜਾਚ ਹੁੰਦੀ ਹੈ, ਕਿਸੇ ਮੁਲਕ ਦੇ ਸੱਭਿਆਚਾਰ ਵਿੱਚ,ਕਿਰਤ ਦੇ ਹੁਨਰ ਤੇ ਵਕਤ ਦੀ ਕਦਰ ਨੇ ਇਹ ਵਿਸ਼ੇਸ਼ ਦਿਨ ਮਨਾਉਣ ਦੀ ਰਵਾਇਤ ਨੂੰ ਅਪਣਾ ਲਿਆ। ਹੌਲ਼ੀ-ਹੌਲ਼ੀ ਵੱਖੋ-ਵੱਖ ਮੁਲਕਾਂ ਵਿੱਚ ਇਸ ਤਰ੍ਹਾਂ ਵਿਸ਼ੇਸ਼ ਦਿਹਾੜੇ ਮਨਾਉਣ ਦੀ ਇੱਕ ਪਿਰਤ ਪੈ ਗਈ। ਗੱਲ ਅੱਜ ਦੀ ਕਰੀਏ ਅੱਜ ਪਿਤਾ ਦਿਵਸ ਮਨਾਇਆ ਜਾ ਰਿਹਾ। ਵਿਸ਼ਵ ਪੱਧਰ ‘ਤੇ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਕੀ ਇਹ ਦਿਨ ਮਨਾਉਣਾ ਚਾਹੀਦਾ? ਕੀ ਇੱਕ ਦਿਨ ਹੀ ਆਪਣੇ ਪਿਤਾ ਲਈ ਪਿਆਰ ਦਾ ਦਿਨ ਹੁੰਦਾ? ਕੀ ਸਿਰਫ ਅਸੀਂ ਦਿਖਾਵਾ ਕਰਨ ਲਈ ਹੀ ਤਾਂ ਨਹੀਂ ਇਹ ਦਿਨ ਮਨਾ ਰਹੇ? ਜੇ ਆਪਾਂ ਸਾਰੇ ਪੰਜਾਬ ਦੀ ਧਰਤੀ ਨਾਲ਼ ਜੁੜੇ ਹੋਏ ਹਾਂ ਤਾਂ ਅਜਿਹੇ ਸਵਾਲ ਮਨ ‘ਚ ਆਉਣੇ ਸੁਭਾਵਿਕ ਹੀ ਨੇ ਕਿਉਂਕਿ ਸਾਡੇ ਮੁਲਕ ਦੀ ਜੀਵਨ ਜਾਚ ਵੱਖਰੀ ਹੈ। ਸਾਡੇ ਰਿਸ਼ਤੇ ਮਾਂ ਦੀ ਕੁੱਖ ‘ਚੋਂ, ਪਿਤਾ ਦੀ ਗੁੜ੍ਹਤੀ ਨਾਲ਼ ਅੱਗੇ ਤੁਰਦੇ ਹੋਏ, ਦਾਦਾ-ਦਾਦੀ ਦੀਆਂ ਬਾਤਾਂ ਸੁਣਦੇ, ਭੈਣਾਂ ਦੀਆਂ ਘੋੜੀਆਂ ਦਾ ਮਾਣ ਵਧਾਉਂਦੇ, ਭਰਾਵਾਂ ਦੇ ਲਲਕਾਰਿਆਂ ‘ਤੇ ਭੰਗੜੇ ਪਾਉਂਦੇ, ਆਪੋ-ਆਪਣੇ ਹਮਸਫ਼ਰ ਨਾਲ਼ ਸਾਥ ਨਿਭਾਉਂਦੇ ਹੋਏ, ਬੱਚਿਆਂ ਨਾਲ਼ ਬੱਚੇ ਬਣਕੇ ਸ਼ਮਸ਼ਾਨ ਘਾਟ ਤੱਕ ਨਿਭਦੇ ਹਨ। ਬੇਸ਼ੱਕ ਸਮੇਂ ਦੀ ਦੌੜ ‘ਚ ਰਿਸ਼ਤਿਆਂ ਨੂੰ ਨਿਭਾਉਣ ਦਾ ਢੰਗ ਬਦਲ ਜ਼ਰੂਰ ਗਿਆ ਪਰ ਮਾਂ-ਪਿਓ ਤੋਂ ਸਾਡੇ ਰਿਸ਼ਤੇ ਹਜੇ ਆਕੀ ਨਹੀਂ ਹੋਏ। ਅਸੀਂ ਦੁਆ ਕਰਦੇ ਹਾਂ ਕਿ ਇੰਝ ਕਦੇ ਹੋਵੇ ਵੀ ਨਾ। ਬਾਪ ਹੋਣਾ, ਬਾਬਲ ਹੋਣਾ ਸੌਖੀ ਗੱਲ ਨਹੀਂ,ਬੱਚੇ ਦਾ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਸਾਹ ਲੈਣਾ,ਪਿਤਾ ਦੀਆਂ ਜ਼ੁੰਮੇਵਾਰੀਆਂ ਅਤੇ ਮਾਣ ਨੂੰ ਦੁੱਗਣਾ ਕਰ ਦਿੰਦਾ।