
ਤੁਸੀਂ ਸੋਚਦੇ ਹੋਵੋਂਗੇ ਕਿ ਸਾਡੀ ਖੋਪੜੀ ਪੈਦਲ ਚੱਲਣ ਲਗ ਪਈ ਹੈ ਜੋ ਅਜਿਹਾ ਮੂਰਖਾਨਾ ਸਵਾਲ ਕਰ ਮਾਰਿਐ।ਭਲਾ ਅਨੇਕਾਂ ਦਵਾਈਆਂ ਹਨ ਇਹਨਾਂ ਨਾਮੁਰਾਦਾਂ ਤੋਂ ਬਚਣ ਲਈ, ਜੋ ਡੰਗਰਾਂ, ਵਿਸ਼ੇਸ਼ ਕਰ ਕੇ ਦੁਧਾਰੂ ਮੱਝਾਂ ਅਤੇ ਦੂਸਰੇ ਪਾਲਤੂ ਜੀਵਾਂ ਨੂੰ ਚੰਬੜ ਕੇ ਉਹਨਾਂ ਦਾ ਖੁੂਨ ਚੂਸਦੇ ਰਹਿੰਦੇ ਹਨ।
ਤੁਸੀਂ ਠੀਕ ਵੀ ਹੋ ਤੇ ਗਲਤ ਵੀ। ਡੰਗਰਾਂ ਵਾਲੇ ਚਿੱਚੜਾਂ ਤੋਂ ਨਿਜਾਤ ਪਾਉਣ ਲਈ ਚਿਕਿਤਸਕ ਤੇ ਹੋਰ ਸਾਧਨ ਹਨ। ਪਰ ਅਸੀਂ ਬੰਦਿਆਂ ਨੂੰ ਚੰਬੜਨ ਵਾਲੇ ਚਿੱਚੜਾਂ ਦੀ ਗੱਲ ਕਰ ਰਹੇ ਹਾਂ ਜੋ ਅਕਸਰ ਅਕਾਰਨ ਹੀ ਆ ਕੇ ਅਲੱਖ ਜਗਾ ਦਿੰਦੇ ਹਨ ਤੇ ‘ਸੱਦੀ ਨਾ ਬੁਲਾਈ, ਮੈਂ ਲਾੜ੍ਹੇ ਦੀ ਤਾਈ’ ਬਣ ਬਹਿੰਦੇ ਹਨ! ਜਾਣੀ ‘ਤੂੰ ਮਾਨ ਨਾਂ ਮਾਨ, ਮੈਂ ਤੇਰਾ ਮਹਿਮਾਨ’!
ਤੁਸੀਂ 2010 ਦੀ ਉਹ ਹਿੰਦੀ ਫਿਲਮ ਤਾਂ ਦੇਖੀ ਹੀ ਹੋਣੀ ਹੈ, ਓਹੀ’ ਅਤਿਥੀ ਤੁਮ ਕਬ ਜਾਉਗੇ’? ਸਾਡੇ ਮੁਲਕ ਵਿਚ ਜਿਥੇ ‘ਅਤਿਥੀ ਦੇਵੋ ਭਵੋ’ ਕਹਿ ਕੇ ਮਹਿਮਾਨ-ਨਿਵਾਜ਼ੀ ਦਾ ਸਬੂਤ ਦਿੰਤਾ ਜਾਂਦੈ, ਉਸ ਮੁਲਕ ਵਿਚ ਫਿਲਮ ਦਾ ਅਜਿਹਾ ਟਾਈਟਲ?
ਇੱਕ ਪੰਛੀ-ਝਾਤ ਪਾ ਲੈਂਨੇ ਹਾਂ ਇਸ ਫਿਲਮ ‘ਤੇ। ਇੱਕ ਬਿਨ ਬੁਲਾਇਆ ਮਹਿਮਾਨ ਇਕ ਘਰ ਵਿਚ ‘ਘੁਸਪੈਂਠ’ ਕਰ ਜਾਂਦੈ। ਸਵੇਰੇ ਉੱਠ ਕੇ ਤੜਕੇ-ਤੜਕੇ ਗਰਾਰੇ ਐਂ ਕਰਦੈ ਜਿਵੇਂ ਬਰੂ ਖਾਧਾ ਆਫਰਿਆ ਝੋਟਾ ਅੜਾਟ ਪਾ ਰਿਹਾ ਹੋਵੇ। ਘਰ ਦੇ ਤਾਂ ਘਬਰਾ ਕੇ ਉਠਦੇ ਹੀ ਹਨ, ਗੁਆਂਢੀ ਵੀ ਅਬੜਵਾਹੇ ਜਾਗ ਪੈਂਦੇ ਹਨ। ਰੋਟੀ ਖਾਣ ਉਪਰੰਤ ‘ਅਥਿਤੀਗਣ’ ਡਕਾਰ ਐਂ ਛਡਦੇ ਹਨ ਜਿਵੇਂ 7-10 ਮਈ ਵਾਲੀ ਹਿੰਦ-ਪਾਕ ਜੰਗ ਵੇਲੇ ਡਰੋਨਾਂ ਰਾਹੀਂ ਸੁਟੇ ਜਾਂ ਹਵਾ ਵਿਚ ਹੀ ਰੋਕੇ ਬੰਬ ਫਟਦੇ ਸਨ! ਪਿਛਵਾੜੇ ਦਾ ਸੁਰਤਾਲ ਤਾਂ ਐੇਸਾ ਮਨੋਹਰ ਕਿ ਵਿਚਾਰਾ ਕੋਮੋਡ ਵੀ ਸੋਚਦਾ ਹੋਊ ਕਿ ਭਾਰਤ ਨੇ ਹਵਾਈ ਹਮਲੇ ਤਾਂ ਪਾਕਿਸਤਾਨ ਵਿਚਲੇ ਆਤੰਕੀ ਟਿਕਾਣਿਆਂ ‘ਤੇ ਕੀਤੇ ਸਨ ਪਰ ਫਿਰ ਇਹ ਬੰਬ-ਨੁਮਾ ਖੜਾਕ ਉਸ ਉੱਪਰ ਕਿਉਂ ਹੋ ਰਹੇ ਹਨ? ਹੋਰ ਵੀ ਅਨੇਕਾਂ ਖੂਬੀਆਂ ਹਨ ਆਪਣੇ ਇਸ ਅਚੰਭਾਜਨਕ ‘ਅਤਿਥੀ’ ਦੀਆਂ, ਜਿਸ ਕਾਰਣ ਘਰ ਵਾਲੇ ਉਸ ਦੇ ਜਾਣ ਦੀ ਨਿਸਦਿਨ ਅਰਦਾਸ ਕਰਦੇ ਹਨ ਤੇ ਜਦ ਉਹ ਕੀਲਾ ਗੱਡੀ ਹੀ ਰੱਖਦੈ ਤਾਂ ਉਹ ਆਪ ਘਰੋਂ ਭੱਜਣ ਦੀ ਯੋਜਨਾ ਉਲੀਕਣ ਲਗ ਪੈਂਦੇ ਹਨ।
ਅਜਿਹੇ ਚਿੱਚੜ ਤਾਂ ਚਮਟੀ/ਮੋਚਨੇ ਨਾਲ ਵੀ ਨਹੀਂ ਲੱਥਦੇ। ਇਹਨਾਂ ਨੂੰ ਤਾਂ ਲਵੇਰੀਆਂ ਦੇ ਲੇਵਿਆਂ/ਥਣਾਂ ਨਾਲੋਂ ਤੋੜ ਕੇ ਲਾਹੁਣਾ ਪੈਂਦੈ। ਫਿਰ ਵੀ ਕਈ ਅੱਧੇ-ਪਚੱਧੇ ਮਾਸ ਵਿੱਚ ਖੁੱਭੇ ਹੀ ਰਹਿ ਜਾਂਦੇ ਹਨ! ਇਹ ਫੇੈਵੀਕੋਲ ਜਾਂ ਬਬਲਗੰਮ ਵਰਗੇ ਮਹਿਮਾਨ ਬਸ ਸਮਝੋ ਲਸੂੜੇ ਵਾਂਗ ਹੀ ਚੰਬੜ ਜਾਂਦੇ ਹਨ! ਇਹਨਾਂ ਬਾਰੇ ਅਕਸਰ ਕਿਹਾ ਜਾਂਦੈ-‘ਇੱਕ ਦਿਨ ਪ੍ਰਾਹੁਣਾ, ਦੋ ਦਿਨ ਪ੍ਰਾਹੁਣਾ ਤੇ ਤੀਜੇ ਦਿਨ ਦਾਦੇ ਮੰਗਾਉਣਾ’! ਅੰਗਰੇਜ਼ੀ ਦਾ ਵੀ ਇੱਕ ਅਖਾਣ ਹੈ ਜਿਸ ਦਾ ਅਰਥ ਹੈ ਕਿ ‘ਕਦਰ ਘਟਾ ਦਿੰਦਾ ਹੈ ਨਿਤ ਦਾ ਆਉਣਾ ਜਾਣਾ’। ਸਾਡੀ ਆਪਣੀ ਕਵਿਤਾ ਦੀਆਂ ਸਤਰਾਂ ਹਨ-
“ਜਿਥੇ ਪੁੱਛ ਨਾ ਹੋਵੇ, ਉਥੋਂ ਪਿਛੇ ਹਟ ਜਾਈਏ
ਆਪਣੀ ਪੱਗ ਸਾਂਭੀਏ, ਨਾਂ ਪੱਤ ਲੁਹਾਈਏ”!
ਪਹਿਲੇ ਵੇਲਿਆਂ ਵਿਚ ਬਹੁਤੇ ਲੋਕ ਅਣਐਲਾਨੇ ਹੀ ਆ ਜਾਂਦੇ ਸਨ। ਨਜ਼ਦੀਕੀਆਂ ਦੀ ਗੱਲ ਛਡੋ, ਮਾੜੀ ਮੋਟੀ ਜਾਣ ਪਹਿਚਾਣ ਵਾਲੇ ਵੀ ਆ ਕੇ ਛਾਉਣੀ ਪਾ ਲੈਂਦੇ ਸਨ। ਸੇਵਾ ਵੀ ਖੁੂਬ ਚਾਹੀਦੀ ਐ। ਘਰ ਦੀ ਕੱਢੀ ਗਿਰੀਆਂ-ਸੰਤਰਿਆਂ ਵਾਲੀ ਰੂੜੀ ਮਾਰਕਾ ਦੇਸੀ ਦਾਰੂ, ਘਰ ਦਾ ਪਾਲਿਆ ਪੋਸਿਆ ਨਰੋਆ ਮੁਰਗਾ ਤੇ ਹੋਰ ਸੁਆਦਲੀਆਂ ਸੌਗਾਤਾਂ! ਆਪਣੇ ਘਰ ਬੇਸ਼ੱਕ ਅਚਾਰ-ਪਿਆਜ਼ ਨਾਲ ਹੀ ‘ਰੁਖੀ-ਸੁਖੀ ਖਾਇ ਕੈੇ ਠੰਢਾ ਪਾਣੀ ਪੀਉ’ ਵਾਲੀ ਸ਼ੇਖ ਫਰੀਦ ਦੀ ਸਲਾਹ ਮੰਨਦੇ ਹੋਣ, ਪਰ ਦੂਸਰੇ ਘਰ ‘ਚ ਆ ਕੇ ਵੀ ਜੇ ਸੇਵਾ ਨਹੀਂ ਕਰਵਾਉਣੀ ਤਾਂ ਫਿਰ ਕਾਹਦੀ ਪ੍ਰਾਹੁਣਚਾਰੀ ਤੇ ਕਾਹਦਾ ਪ੍ਰਾਹੁਣਾ?
ਅਜਿਹੇ ਬੰਦੇ ਨਖਰੇ ਵੀ ਬੜੇ ਕਰਨਗੇ। ‘ਮੀਟ ਠੰਡਾ ਹੋ ਗਿਐ, ਜ਼ਰਾ ਗਰਮ ਤਾਂ ਕਰ ਦਿਉ, ਰੋਟੀ ਜ਼ਰਾ ਰਾੜ੍ਹ ਕੇ ਪਰੋਸੋ, ਸਲਾਦ ਵਿਚਲੀ ਮੂਲੀ ਚੱਜ ਨਾਲ ਧੋਤੀ ਨਹੀਂ, ਰੇਤ ਦੀ ਕਿਰਕ ਆਉਂਦੀ ਐ’, ਵਗੈਰਾ-ਵਗੈਰਾ।
ਅਜਿਹੇ ਲਸੂੜਿਆਂ ਤੋਂ ਖਹਿੜਾ ਛੁਡਾਉਣ ਦਾ ਸੁਨਹਿਰੀ ਢੰਗ ਹੈ ਕਿ ਉਹਨਾਂ ਨੂੰ ਪਹਿਲੇ ਦਿਨ ਹੀ ਸਧਾਰਨ ਦਾਲ-ਫੁਲਕਾ ਖੁਆਉ,ਅਚਾਰ-ਗੰਢਾ ਨਾਲ ਛਕਾਉ।ਜੇ ਬਹੁਤੇ ਬੇਸ਼ਰਮ ਹੋਣ ਤਾਂ ਸਿਧਾ-ਪਧਰਾ ਪੁਛ ਮਾਰੋ ਕਿ ‘ਅਤਿਥੀ ਕਬ ਜਾਉਗੇ’?
ਸਾਡੇ ਕੁਝ ਪੁਰਾਣੇ ਜਾਣਕਾਰਾਂ ਨੇ ਅਜਿਹੇ ਲੋਕਾਂ ਤੋਂ ਬਚਣ ਦਾ ਇਕ ਅਨੋਖਾ ਰਾਹ ਲੱਭਿਆ ਸੀ। ਦੂਰੋਂ ਹੀ ਪ੍ਰਾਹੁਣਾ ਆਉਂਦਾ ਦੇਖ ਉਹਨਾਂ ਆਪਸ ਵਿੱਚ ਗਾਲੋ-ਗਾਲੀ ਤੇ ਛਿੱਤਰੋ-ਛਿੱਤਰੀ ਹੋਣ ਲੱਗ ਪੈਣਾ। ਪ੍ਰਾਹੁਣੇ ਨੇਂ ਦੇਖਣਾ ਕਿ ਇਥੇ ਤਾਂ ਪਹਿਲਾਂ ਹੀ ਸਿਆਪਾ ਪਿਐ, ਮੇਰੀ ਸੇਵਾ ਭਲਾ ਸੁਆਹ ਤੇ ਖੇਹ ਹੋਣੀ ਹੈ। ਸਗੋਂ ਉਹ ਦੂਸਰੀ ‘ਸੇਵਾ’ ਦੇ ਡਰੋਂ ਜਲਦੀ ਹੀ ਪਤਲੀ ਗਲੀ ਨਿਕਲ ਜਾਂਦਾ ਤੇ ਲੜਨ ਦਾ ਨਾਟਕ ਕਰਨ ਵਾਲੇ ਘਰ ਦੇ ਬਾਦ ‘ਚ ਕੱਛਾਂ ਵਜਾਉਂਦੇ ਤੇ ਲੁਡੀਆਂ ਪਾਉਂਦੇ!
ਇਹ ਤਾਂ ਸੀ ਸ਼ੁਧ ਅੰਗੂਠਾ-ਛਾਪ ਸ਼੍ਰੇਣੀ ਦਾ ਦੇਸੀ ਨੁਸਖਾ।
ਹੁਣ ਜ਼ਰਾ ਪੜ੍ਹੀ-ਲਿਖੀ ਪ੍ਰਜਾਤੀ ਦੀ ਗੱਲ ਕਰਦੇ ਹਾਂ। ਇੱਕ ਵਾਹਵਾ ਪੜ੍ਹਿਆ-ਲਿਖਿਆ ਅਤੇ ਰੁਤਬੇਦਾਰ ਬੰਦਾ ਜਦ ਕਿਸੇ ਅਣਐਲਾਨੇ ਘੁਸਪੈਠੀਏ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਤਾਂ ਉਹ ਫਟਾ-ਫਟਾ ਇੱਕ ਕਾਗਜ਼ ਉਪਰ ਕੁਝ ਲਿਖਣ ਦਾ ਬਹਾਨਾ ਕਰਨ ਲੱਗ ਪੈਂਦਾ। ਉਹ ਆਉਣ ਵਾਲੇ ਨਾਲ ਹੱਥ ਵੀ ਕਾਗਜ਼ ਉਪਰ ਧੌਣ ਗੱਡ ਕੇ ਹੀ ਮਿਲਾਉਂਦਾ, ਜਾਣੀ ਸਿਰਫ ਹੱਥ ਅੱਗੇ ਕਰ ਦਿੰਦਾ ਪਰ ਅੱਖ ਨਾਲ ਅੱਖ ਨਾ ਮਿਲਾਉਂਦਾ। ਭਾਵ ਬਹੁਤ ਰੁੱਝੇ ਹੋਣ ਦੀ ਅੇੈਕਟਿੰਗ ਕਰਦਾ, ਬਸ ਸਮਝੋ ਮਰਨ ਦਾ ਵੀ ਵਿਹਲ ਨਹੀਂ। ਮਾੜੀ-ਮੋਟੀ ਅਕਲ ਨੂੰ ਹੱਥ ਮਾਰਨ ਵਾਲਾ ਤਾਂ ਸਮਝ ਜਾਂਦਾ ਤੇ ਜਲਦੀ ਪਰਤ ਜਾਂਦਾ ਪਰ ਜੇ ਕੋਈ ਮੋਟੀ ਚਮੜੀ ਦਾ ਹੁੰਦਾ ਤਾਂ ਉਹ ਸਾਫ ਕਹਿ ਦਿੰਦਾ ਕਿ ਉਸ ਕੋਲ ਵਿਹਲ ਨਹੀਂ ਤੇ ‘ਆਪ ਜੀ’ (ਭਾਵ ਆਉਣ ਵਾਲਾ) ਦੇ ਵੀ ਰੁਝੇਵੇਂ ਹੋਣਗੇ, ਸੋ ਫਿਰ ਸਹੀ’!
ਤੇ ਹੁਣ ਆ ਜਾਉ ਅਜੋਕੇ ਡਿਜਿਟਲ ਯੁਗ ਵਿੱਚ, ਹਾਈ-ਟੈੱਕ/ਇੰਟਰਨੈੱਟ ਦੌਰ ਅਤੇ ਸੋਸ਼ਲ ਹੈਂਡਲਾਂ, ਮਸਨੂਹੀ-ਬੁੱਧੀ, ਇੰਸਟਾ, ਅੇੈਕਸ, ਵੱਟ੍ਹਸਐਪ, ਫੇਸਬੁੱਕ ਅਤੇ ਸਮਾਰਟ-ਫੋਨਾਂ ਵਾਲੀ ‘ਜੈਨਰੇਸ਼ਨ ਜ਼ੈੱਡ’ ਦੇ ਸਮਿਆਂ ਵਿੱਚ। ਇਸ ਯੁਗ ਵਿਚ ਆਉਣਾ-ਜਾਣਾ ਘੱਟ ਵਧ ਹੀ ਹੈ। ਕੋਲ ਬੈਠ ਕੇ ਵੀ ਹੱਥਾਂ ਦੇ ਅੰਗੂਠੇ ਹੀ ਬੋਲਦੇ ਹਨ, ਮੂੰਹ ਬੰਦ ਰਹਿੰਦੇ ਹਨ! ਕੋਈ ਕਿਸੇ ਨਾਲ ਮੁਖਾਤਬ ਹੀ ਨਹੀਂ, ਮੇਲ-ਮਿਲਾਪ ਵੀ ਮਸ਼ੀਨੀ ਹੀ ਹੋ ਗਿਐ।
ਮੋਬਾਈਲ ‘ਤੇ ਸੈਂਕੜੇ ‘ਲਾਈਕਾਂ’ ਪਰ ਉਂਝ ਘਰ ਦਾ ਕੋਈ ਜੀਅ ਵੀ ‘ਲਾਈਕ’(ਪਸੰਦ) ਨਹੀਂ ਕਰਦਾ! ਫੇਸਬੁੱਕ/ਇੰਸਟਾ ‘ਤੇ ਦਰਜਨਾਂ ਦੋਸਤ ਪਰ ਆਪਸ ਵਿਚ, ਆਂਢ-ਗੁਆਂਢ ਨਾਲ ਅਣਬੋਲਣੀ!
ਇੱਕ ਦੱਖਣੀ ਭਾਰਤੀ ਫਿਲਮ ਵਿੱਚ ਪਤੀ-ਪਤਨੀ ਆਪਸ ਵਿੱਚ ਪਰਚੀਆਂ ਉੱਪਰ ਲਿਖ ਕੇ ਗੱਲ ਕਰਦੇ ਹਨ ਕਿਉਂਕਿ ਉਹਨਾਂ ਦੀ ਬੋਲ-ਚਾਲ ਬੰਦ ਹੈ!
ਇੱਕ ਸਵੈ-ਰਚਨਾਂ ਦੀਆਂ ਸਤਰਾਂ ਹਨ-
“ਆਪਸ ਵਿੱਚ ਕੋਈ ਜੀਅ ਨਾ ਬੋਲੇ,
‘ਫੇਸਬੁੱਕ’ ਤੇ ‘ਫ੍ਰੈਂਡ’ ਘਨੇਰੇ!
ਸਭ ‘ਚੈਟਿੰਗ’ ਵਿਚ ‘ਬਿਜ਼ੀ’ ਨੇ,
ਦਿਨੇ-ਰਾਤ ਅਤੇ ਸ਼ਾਮ-ਸਵੇਰੇ।
ਰਿਸ਼ਤੇ ‘ਰੇਂਜੋਂ’ ਬਾਹਰ ਹੋ ਗਏ,
ਜਦ ਤੋਂ ‘ਇੰਟਰਨੈੱਟ’ ਨੇ ਘੇਰੇ”!
ਮੋਬਾਈਲ ਦੇ ਝੱਸ ਨੇ ਤਾਂ ਬੇੜਾ ਹੀ ਗਰਕ ਕਰ ਦਿਤੈ। ਕੀ ਬੱਚਾ, ਕੀ ਜਵਾਨ ਤੇ ਕੀ ਬੁੱਢਾ, ਬਸ ਸਭ ਦੇ ਹੱਥਾਂ ਦੇ ਅੰਗੂਠੇ ਐਂ ਤੇਜ਼ ਤੇਜ਼ ਚਲਦੇ ਹਨ ਜਿਦਾਂ ਕਿਸੇ ਵੇਲੇ ਗਲਾਧੜਾਂ ਦੀ ਕਤਰ-ਕਤਰ ਜ਼ੁਬਾਨ ਚਲਦੀ ਹੁੰਦੀ ਸੀ। ਆਸ਼ਕ-ਮਾਸ਼ੂਕ ਕੋਲ ਬੈਠ ਕੇ ਵੀ ਆਪਸ ਵਿਚ ਗਲ ਨਹੀਂ ਕਰਦੇ, ਮੋਬਾਈਲ ਉਪਰ ਹੀ ਗਿਟ-ਮਿਟ ਕਰੀ ਜਾਂਦੇ ਹਨ।
ਸੋਗ ਹੋਵੇ, ਭੋਗ ਹੋਵੇ, ਰੋਗ ਹੋਵੇ, ਸ਼ਾਦੀ ਹੋਵੇ, ਗਮੀ ਹੋਵੇ, ਪੂਜਾ ਹੋਵੇ, ਪਾਠ ਹੋਵੇ ਬਸ ਰਿੰਗਟੋਨਾਂ ਵੱਜਦੀਆਂ ਹੀ ਰਹਿੰਦੀਆਂ ਹਨ। ਸਿਵਿਆਂ ਵਿਚ ਜਾ ਕੇ ਵੀ ਬਹੁਤੇ ਲੋਕ ਇੱਕ ਪਾਸੇ ਜਿਹੇ ਖੜੇ ਹੋ ਕੇ ਮੋਬਾਈਲ ਸੁਣ ਰਹੇ ਹੁੰਦੇ ਹਨ, ਜਾਂ ਸੁਨੇਹੇ ਭੇਜ ਰਹੇ ਹੁੰਦੇ ਹਨ ਤੇ ਜਾਂ ਆਏ ਸੰਦੇਸ਼ਾਂ ਦਾ ਜਵਾਬ ਦੇ ਰਹੇ ਹੁੰਦੇ ਹਨ। ਬਸ ਮੂੰਹ ਦਿਖਾਵਾ, ਮਰੇ ਦਾ ਦੁੱਖ ਤਾਂ ਨੇੜਲਿਆਂ ਨੂੰ ਹੀ ਹੁੰਦੈ, ਉਹ ਵੀ ਪਰਿਵਾਰ ਵਾਲਿਆਂ ਨੂੰ।
ਅਣਚਾਹੇ ਅਤਿਥੀ ਤੋਂ ਬਚਣ ਲਈ ਅੱਜ ਕੱਲ੍ਹ ਦੀ ਪੀੜ੍ਹੀ ਕੋਲ ਤਾਂ ‘ਫਬਿੰਗ’ ਦੀ ਵਿਧੀ ਸਭ ਤੋਂ ਵਧੀਆ ਅਤੇ ਕਾਰਗਰ ਹੈ। ਇਹ ਸ਼ਬਦ ਦੋ ਸ਼ਬਦਾਂ ‘ਫੋਨ’ ਅਤੇ ‘ਸਨੱਬ’ ਦੇ ਜੋੜ ਤੋਂ ਬਣਿਆ ਹੈ। ਫੋਨ ਦਾ ਅਰਥ ਤਾਂ ਸਭ ਨੂੰ ਪਤਾ ਹੀ ਹੈ ਤੇ ‘ਸਨੱਬ’ ਦਾ ਵੀ ਬਹੁਤਿਆਂ ਨੂੰ ਪਤਾ ਹੀ ਹੋਣੈ। ਫਿਰ ਵੀ ਦਸ ਦਿੰਦੇ ਹਾਂ। ਇਸ ਦਾ ਅਰਥ ਹੈ-ਝਾੜ-ਝੰਬ ਕਰਨੀ ਜਾਂ ਅਣਗੌਲਿਆਂ ਕਰਨਾ। ਸੋ ‘ਫਬਿੰਗ’ ਦਾ ਅਰਥ ਹੈ ਕਿ ਕਿਸੇ ਨੂੰ ਫੋਨ ਸੁਣਨ ਕਾਰਨ ਜਾਂ ਸੁਣਨ ਦੇ ਬਹਾਨੇ ਅਣਗੌਲਿਆ ਕਰਨਾ। ਜਦ ਕੋਈ ਤੁਹਾਨੂੰ ਅਣਗੌਲਿਆ ਕਰਦੈ ਤਾਂ ਝਾੜ-ਝੰਬ ਤਾਂ ਆਪੇ ਹੀ ਹੋ ਗਈ! ਅਜਿਹੀ ਸਥਿਤੀ ‘ਚ ਕੋਈ ਬੇਗੈਰਤਾ ਹੀ ਬੈਠਾ ਰਹੂ, ਰੀਣ ਭਰ ਸਵੈ-ਮਾਨ ਵਾਲਾ ਤਾਂ ਤੁਰੰਤ ਉਠੇਗਾ ਹੀ ਨਹੀਂ ਸਗੋਂ ਅਜਿਹੇ ਬੰਦੇ ਦੀ ਮੁੜ ਕੇ ਮਕਾਣੇ ਵੀ ਨਾ ਜਾਊ।
ਉਦੇ ਪ੍ਰਤਾਪ ਸਿੰਘ ਦੀਆਂ ਸੁੰਦਰ ਸਤਰਾਂ ਨਾਲ ਨਾਲ ਗੱਲ ਮੁਕਾਉਂਦੇ ਹਾਂ-
“ਸਭ ਫੈਸਲੇ ਹੋਤੇ ਨਹੀਂ ਸਿੱਕਾ ਉਛਾਲ ਕੇ,
ਦਿਲ ਕਾ ਮਾਮਲਾ ਹੈ ਜ਼ਰਾ ਦੇਖ ਭਾਲ ਕੇ।
ਮੋਬਾਈਲੋਂ ਕੇ ਦੌਰ ਕੇ ਆਸ਼ਿਕ ਕੋ ਕਯਾ ਪਤਾ,
ਰਖਤੇ ਥੇ ਕੈਸੇ ਖਤ ਮੇਂ ਕਲੇਜਾ ਨਿਕਾਲ ਕੇ”।
ਅੰਤਿਕਾ-
‘ਫਬਿੰਗ’ ਸ਼ਬਦ 2012 ਵਿਚ ਮੈਕਕੈਨ ਗਰੁੱਪ ਨੇ ਘੜਿਆ ਸੀ, ਜੋ ਫੋਨ-ਸਨੱਬਿੰਗ ਦੇ ਕਾਰਜ ਨੂੰ ਬਿਆਨ ਕਰਦਾ ਹੈ ਤੇ ਇਹ ਕਾਰਜ ਉਦੋਂ ਵਾਪਰਦੈ ਜਦ ਕੋਈ ਸਮਾਜਿਕ ਵਰਤਾਰੇ ਜਾਂ ਵਿਚਰਨ ਵੇਲੇ ਆਪਸੀ ਗੱਲਬਾਤ ਕਰਨ ਦੀ ਬਜਾਏ ਆਪਣਾ ਧਿਆਨ ਸਮਾਰਟਫੋਨ ਵੱਲ ਕੇਂਦਰਤ ਕਰ ਲਵੇ। ਇਹ ਆਮ ਅਜੋਕਾ ਵਰਤਾਰਾ ਸਮਾਜਿਕ ਤਾਣੇ-ਬਾਣੇ ਤੇ ਆਪਸੀ ਰਿਸ਼ਤਿਆਂ ਉੱਪਰ ਬੜਾ ਮਾੜਾ ਅਸਰ ਪਾ ਰਿਹੈ।