
ਕਈ ਸ਼ਖਸ਼ੀਅਤਾਂ ਬਹੁਤੀ ਪੜ੍ਹਾਈ ਨਾ ਕਰਨ ਦੇ ਬਾਵਜੂਦ ਵੀ ਸਮਾਜ ਵਿੱਚ ਹੋਰ ਖੇਤਰਾਂ ਵਿੱਚ ਕਾਮਯਾਬੀ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦੀਆਂ ਹਨ । ਇਹੋ ਜਿਹੀ ਹੀ ਢੀਂਡਸਾ ਪਰਿਵਾਰ ਦੀ ਸ਼ਖਸ਼ੀਅਤ ਹੈ ਸ੍ਰ. ਸਕਿੰਦਰ ਸਿੰਘ ਢੀਂਡਸਾ , ਜਿਨ੍ਹਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਵ: ਸ੍ਰ. ਬੁੱਧ ਸਿੰਘ ਢੀਂਡਸਾ ਦੇ ਘਰ ਸਵ: ਮਾਤਾ ਸਰਦਾਰਨੀ ਭਗਵਾਨ ਕੌਰ ਦੀ ਕੁੱਖੋਂ 15 ਮਾਰਚ 1951 ਨੂੰ ਹੋਇਆ । ਉਨ੍ਹਾ ਦਾ ਪਰਿਵਾਰ ਪਿੰਡ ਵਿੱਚ ਉੱਚੇ ਥੰਮੇ ਨਾਲ ਸਤਿਕਾਰਿਆ ਜਾਣ ਕਰਕੇ ਪਿੰਡ ਵਾਲੇ ਆਪਣੇ ਤੋਂ ਇਸ ਪਰਿਵਾਰ ਦੇ ਛੋਟੇ ਮੈਂਬਰ ਨੂੰ ਵੀ ‘ਬਾਬਾ’ ਕਹਿ ਕੇ ਬਲਾਉਂਦੇ ਹਨ । ਉਨ੍ਹਾਂ ਦੇ ਵੱਡੇ ਭਰਾ ਸ੍ਰ. ਨਰੰਗ ਸਿੰਘ ਢੀਂਡਸਾ , ਛੋਟੇ ਭਰਾ ਸ੍ਰ.ਅਮਰ ਸਿੰਘ ਢੀਂਡਸਾ ਅਤੇ ਸ੍ਰ. ਅਜੈਬ ਸਿੰਘ ਢੀਂਡਸਾ ਪਿੰਡ ਵਿਖੇ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ ।ਵੱਡੀ ਭੈਣ ਸੁਖਦੇਵ ਕੌਰ ਆਪਣੇ ਪਤੀ ਸ੍ਰ. ਪਾਲ ਸਿੰਘ ਅਤੇ ਬੱਚਿਆਂ ਨਾਲ ਹਰਦਾਸਪੁਰ ਪਿੰਡ ਵਿਖੇ ਰਹਿ ਰਹੀ ਹੈ । ਭੈਣ ਜਗਜੀਤ ਕੌਰ ਪਿੰਡ ਪੇਦਨੀ ਵਿਖੇ ਆਪਣੇ ਪਤੀ ਸ੍ਰ. ਨਿਰਮਲ ਸਿੰਘ ਅਤੇ ਬੱਚਿਆਂ ਨਾਲ ਰਹਿੰਦੀ ਹੈ । ਭੈਣ ਹਰਮੇਸ਼ ਕੌਰ ਪਿੰਡ ਬਾਰਨ ਵਿਖੇ ਸ੍ਰ. ਗੁਰਧਿਆਨ ਸਿੰਘ ਨਾਲ ਵਿਆਹੀ ਹੋਈ ਹੈ । ਸਾਰਾ ਪਰਿਵਾਰ ਨੇਕ ਸੁਭਾਅ ਅਤੇ ਸਰਾਫਤ ਕਰਕੇ ਆਪਣੀ ਵੱਖਰੀ ਪਛਾਣ ਰੱਖਦਾ ਹੈ ।
ਸਕਿੰਦਰ ਸਿੰਘ ਨੇ ਮੁੱਢਲੀ ਅੱਠਵੀਂ ਤੱਕ ਦੀ ਵਿੱਦਿਆ ਆਪਣੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਚੌਂਦਾ (ਸੰਗਰੂ੍ਰ) ਤੋਂ 1970 ਵਿੱਚ ਪ੍ਰਾਪਤ ਕੀਤੀ । ਉਚੇਰੀ ਪੜ੍ਹਾਈ ਲਈ ਉਨ੍ਹਾ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰੈਪ ਵਿੱਚ ਦਾਖਲਾ ਲੈ ਲਿਆ । ਪਿੰਡੋਂ ਬਸ ਸਰਵਿਸ ਨਾਭੇ ਲਈ ਬਹੁਤ ਘੱਟ ਸੀ , ਸਾਈਕਲ ਤੇ ਹੀ ਕਾਲਜ ਜਾਣਾ ਪੈਂਦਾ ਸੀ । ਪਰ ਸਾਲ ਬਾਅਦ ਨਤੀਜਾ ਆਉਣ ਤੇ ਕੰਪਾਰਮੈਂਟ ਆਉਣ ਕਾਰਨ ਪੜ੍ਹਾਈ ਛੱਡ ਕੇ ਉਹ ਖੇਤੀਬਾੜੀ ਕਰਨ ਲੱਗ ਪਏ ।ਉਸ ਸਮੇਂ ਬਾਹਰਲੇ ਦੇਸ਼ ਜਾਣ ਦਾ ਰੁਝਾਣ ਬਹੁਤ ਘੱਟ ਸੀ । ਹੁਣ ਵਾਂਗ ਜਿਵੇਂ ਬੱਚੇ ਪੜ੍ਹਾਈ ਕਰਨ ਲਈ ਜਾਂਦੇ ਹਨ ਅਤੇ ੳੇਥੇ ਹੀ ਸੈਟਲ ਹੋ ਰਹੇ ਹਨ ਉਦੋਂ ਇਹ ਵਰਤਾਰਾ ਨਹੀਂ ਸੀ ਸਗੋਂ ਉੱਧਰ ਕੰਮ ਕਰਕੇ ਕਮਾਈ ਕਰ ਕੇ ਲਿਆਉਣ ਲਈ ਬਾਹਰ ਜਾਂਦੇ ਸੀ । ਸਕਿੰਦਰ ਸਿੰਘ ਦਾ ਮੰਗਣਾ ਮਾਰਚ 1974 ਵਿੱਚ ਪਿੰਡ ਲੱਧਾਹੇੜੀ ਦੇ ਸ੍ਰ. ਈਸ਼ਰ ਸਿੰਘ ਦੀ ਬੇਟੀ ਬਲਵੀਰ ਕੌਰ ਨਾਲ ਹੋ ਗਿਆ । ਉਹ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਹੋਰ ਵਧੇਰੇ ਮਜਬੂਤ ਬਣਾਉਣ ਲਈ ਗਰੀਸ ਚਲਿਆ ਗਿਆ । ਇਥੇ ਉਸ ਨੇ ਸ਼ਿਪ (ਸਮੁੰਦਰੀ ਜ਼ਹਾਜ਼) ਵਿੱਚ ਬਤੌਰ ਸੇਲਰ ਡਿਊਟੀ ਦਿੱਤੀ । ਉਹ ਗਰੀਸ ਤੋਂ 1977 ਵਿੱਚ ਵਾਪਿਸ ਆ ਗਿਆ ਅਤੇ 26 ਮਾਰਚ ਨੂੰ ਉਸ ਦਾ ਵਿਆਹ ਹੋ ਗਿਆ । ਕੁਝ ਮਹੀਨੇ ਬਾਅਦ ਫਿਰ ਉਹ ਗਰੀਸ ਚਲਾ ਗਿਆ । ਚੰਗੀ ਕਮਾਈ ਕਰਕੇ ਉਹ ਵਾਪਿਸ ਪਿੰਡ ਆ ਗਿਆ ਅਤੇ ਖੇਤੀ ਬਾੜੀ ਦਾ ਕੰਮ ਕਰਨ ਲੱਗ ਪਿਆ । ਉਸ ਸਮੇਂ ਪਿੰਡ ਦੇ ‘ਢੀਂਡਸਾ ਯੂਥ ਕਲੱਬ’ ਵਲੋਂ ਕਰਵਾਏ ਜਾਂਦੇ ਟੂਰਨਾਮੈਂਟ ਦੌਰਾਨ ਉਹ ਸਟੇਜ਼ ਸਕੱਤਰ / ਕਮੈਂਟਰੀ ਦਾ ਕਾਰਜ ਸਲੀਕੇ ਨਾਲ ਕਰਦੇ ਰਹੇ ਹਨ ।
ਹੁਣ ਉਨ੍ਹਾਂ ਦਾ ਧਿਆਨ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਵੱਲ ਹੋ ਗਿਆ । ਪਿੰਡ ਵਿੱਚ ਫੋਕਲ ਪੁਆਇੰਟ ਬਣਨ ਕਾਰਨ ਲੋਕਾਂ ਲਈ ਕਈ ਸਹੂਲਤਾਂ ਆ ਗਈਆਂ ਜਿਨ੍ਹਾਂ ‘ਚੋਂ ਇੱਕ ਪੰਜਾਬ ਮੰਡੀ ਬੋਰਡ ਵਲੋਂ ਖਰੀਦ ਸੈਂਟਰ ਖੌਲ੍ਹਣਾ ਵੀ ਸੀ । ਕਿਸਾਨੀ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨੇ ਕਿਸਾਨਾਂ ਨਾਲ ਸਬੰਧਤ ਚੁਣੌਤੀ ਭਰਿਆ ਆੜ੍ਹਤ ਦਾ ਕਾਰੋਬਾਰ ਪਿੰਡ ਦੇ ਫੋਕਲ ਪੁਆਇੰਟ ਵਿਖੇ 1983 ਵਿੱਚ ਕੰਮ ਸ਼ੁਰੂ ਕਰ ਲਿਆ । ਸੰਨ 1987 ਵਿੱਚ ਉਨ੍ਹਾ ਨੇ ਨਾਭਾ ਅਨਾਜ ਮੰਡੀ ਵਿਖੇ ਦੁਕਾਨ ਨੰ: 111 ‘ਸਕਿੰਦਰ ਸਿੰਘ ਐਂਡ ਸੰਨਜ਼’ ਨਾਮ ‘ਤੇ ਆੜ੍ਹਤ ਦਾ ਕੰਮ ਸ਼ੁਰੂ ਕਰ ਲਿਆ । ਉਹ ਆੜ੍ਹਤੀਆ ਐਸੋਸੀਏਸ਼ਨ ਅਨਾਜ਼ ਮੰਡੀ ਨਾਭਾ ਦੇ ਕਈ ਸਾਲਾਂ ਤੋਂ ਚੇਅਰਮੇਨ ਦੇ ਅਹੁਦੇ ਉੱਪਰ ਕੰਮ ਕਰ ਰਹੇ ਹਨ , ਇਸ ਤੋਂ ਪਹਿਲਾਂ ਉਹ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਹਨ ।ਆਨਾਜ ਮੰਡੀ ਲਈ ਲੌੜੀਂਦੀਆਂ ਸਹੂਲਤਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੇਣ ਲਈ ਉਨ੍ਹਾਂ ਦੀ ਐਸੋਸੀਏਸ਼ਨ ਲਗਨ ਨਾਲ ਕੰਮ ਕਰ ਰਹੀ ਹੈ । ਉਹ ਸੱਚਮੁੱਚ ਇੱਕ ਸਫਲ ਕਾਰੋਬਾਰੀ ਕਹੇ ਜਾ ਸਕਦੇ ਹਨ ਜੋ ਬੜੀ ਸੂਝ ਬੂਝ ਨਾਲ ਇਹ ਕਾਰੋਬਾਰ ਚਲਾ ਰਹੇ ਹਨ ਜੋ ਕਿ ਹਰੇਕ ਦੇ ਵਸ ਦਾ ਕੰਮ ਨਹੀਂ ।
ਸ੍ਰ. ਸਕਿੰਦਰ ਸਿੰਘ ਪਿੰਡ ਦੀ ਗ੍ਰਾਮ ਪੰਚਾਇਤ ਦੇ 1983 ਤੋਂ 1992 ਤੱਕ ਪੰਚਾਇਤ ਮੈਂਬਰ ਰਹੇ । ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ 29 ਜੂਨ 2003 ਨੂੰ ਸਰਪੰਚ ਚੁਣ ਲਿਆ । ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਪਿੰਡ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ । ਉਨ੍ਹਾਂ ਨੇ ਪਿੰਡ ਦੇ ਬੱਚਿਆਂ ਦੀ ਸਹੂਲਤ ਲਈ ਪਿੰਡ ਦੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਬਣਵਾਉਣ ਵਿੱਚ ਅਹਿਮ ਯੋਗਦਾਨ ਪਾਇਆ । ਉਨ੍ਹਾਂ ਪਿੰਡ ਵਿੱਚ 24 ਘੰਟੇ ਬਿਜਲੀ ਦੀ ਤਿੰਨ ਫੇਸ ਸਪਲਾਈ ਚਾਲੂ ਕਰਵਾਈ । ਅਗਲੀ ਟਰਮ ਦੀ ਚੋਣ ਤੱਕ ਉਨ੍ਹਾਂ ਨੇ 2008 ਤੱਕ ਸਰਪੰਚੀ ਕੀਤੀ । ਉਹ ਪਿੰਡ ਦੇ ਹਰੇਕ ਸਾਂਝੇ ਕਾਰਜ ਲਈ ਆਪਣਾ ਪੂਰਾ ਸਹਿਯੋਗ ਦਿੰਦੇ ਹਨ । ਉਨ੍ਹਾਂ ਦੇ ਉੱਚ ਅਧਿਕਾਰੀਆਂ ਅਤੇ ਰਾਜਨੀਤਕ ਨੇਤਾਵਾਂ ਨਾਲ ਵਧੀਆ ਸਬੰਧ ਹੋਣ ਕਾਰਨ ਉਹ ਲੋਕਾਂ ਦੇ ਹੋਣ ਵਾਲੇ ਕੰਮ ਕਰਵਾਉਂਦੇ ਰਹੇ ਹਨ । ਉਨ੍ਹਾਂ ਨੂੰ ਕਈ ਸੰਸਥਾਵਾਂ ਅਤੇ ਮੰਤਰੀ ਸਾਹਿਬਾਨ ਅਤੇ ਰਾਜਨੀਤਕ ਨੇਤਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਉਹ ਪਿੰਡ ਦੀ ਇੱਕ ਦ੍ਰਿੜ ਇਰਾਦੇ ਵਾਲੀ ਬਹੁ ਪੱਖੀ ਸਖਸ਼ੀਅਤ ਹਨ । ਉਹ ਆਪਣੇ ਕਾਰੋਬਾਰ ਆੜ੍ਹਤ ਦੇ ਨਾਲੋ ਨਾਲ ਪ੍ਰਾਪਰਟੀ ਦਾ ਕੰਮ ਵੀ ਕਰ ਰਹੇ ਹਨ । ਉਨ੍ਹਾਂ ਨੇ ਨਾਭਾ ਵਿਖੇ ‘ਸ਼ਗਨ ਸਿਲਕ ਸਟੋਰ’ ਨਾਮ ਨਾਲ ਕਪੜੇ ਦੀ ਦੁਕਾਨ 15 ਸਾਲ ਦੇ ਕਰੀਬ ਚਲਾਈ । ਉਨ੍ਹਾਂ ਨੇ ਕਈ ਸਾਲ ‘ਪੰਜਾਬ ਖੇਤੀ ਸੈਂਟਰ’ ਦੇ ਨਾਮ ਤੇ ਪੈਸਟੀਸਾਇਡਜ਼ ਦੀ ਦੁਕਾਨ ਵੀ ਕੀਤੀ । ਕਿਸੇ ਵੀ ਕਾਰੋਬਾਰ ਨੂੰ ਕਰਨ ਵਿੱਚ ਉਨ੍ਹਾਂ ਅੰਦਰ ਦ੍ਰਿੜ ਇਰਾਦਾ ਅਤੇ ਨਿਵੇਕਲੀ ਕਾਬਲੀਅਤ ਝਲਕਦੀ ਹੈ ਜੋ ਉਨ੍ਹਾਂ ਦੀ ਸਫਲਤਾ ਦਾ ਰਾਜ਼ ਹੈ ।
ਉਨ੍ਹਾਂ ਦੀ ਬੇਟੀ ਦਾ ਵਿਆਹ 2000 ਵਿੱਚ ਪਿੰਡ ਜਾਹਲ੍ਹਾਂ (ਪਟਿਆਲਾ) ਵਿਖੇ ਸ੍ਰ. ਗੁਰਪੀਤ ਸਿੰਘ (ਸਾਬਕਾ ਸਰਪੰਚ) ਨਾਲ਼ ਹੋਇਆ । ਦੋਹਤੀ ਤੇਮਨਪ੍ਰੀਤ ਕੌਰ ਜੋ ਬੀ.ਡੀ.ਐਸ. ਕਰਨ ਉਪਰੰਤ ਐਮ.ਡੀ.ਐਸ. ਕਰ ਰਹੀ ਹੈ ਅਤੇ ਦੋਹਤਾ ਵਿਸ਼ਵਪ੍ਰਤਾਪ ਸਿੰਘ ਦੁੱਲਟ ਕਨੇਡਾ ਵਿਖੇ ਪੜ੍ਹਾਈ ਕਰ ਰਿਹਾ ਹੈ । ਉਨ੍ਹਾਂ ਦਾ ਬੇਟਾ ਭਰਪੂਰ ਸਿੰਘ ਬੀ.ਏ. ਕਰਨ ਤੋਂ ਬਾਅਦ ਪੰਜ ਸਾਲ ਆਸਟ੍ਰੇਲੀਆ ਰਹਿ ਕੇ ਵਾਪਿਸ ਪੰਜਾਬ ਆ ਗਿਆ ਅਤੇ ਪਿਤਾ ਪੁਰਖੀ ਆੜ੍ਹਤ ਦੇ ਕਾਰੋਬਾਰ ਨੂੰ ਚਲਾ ਰਿਹਾ ਹੈ । ਉਸ ਦਾ ਵਿਆਹ ਪਿੰਡ ਜਰਗ ਵਿਖੇ 2012 ਵਿੱਚ ਸ੍ਰ. ਅਮਰਜੀਤ ਸਿੰਘ ਦੀ ਬੇਟੀ ਹਰਜੋਤ ਕੌਰ ਨਾਲ ਹੋ ਗਿਆ । ਘਰ ਦੀ ਫੁਲਵਾੜੀ ਵਿੱਚ ਪੋਤਰਾ ਫਤਿਹਬੀਰ ਸਿੰਘ ਅਤੇ ਪੋਤਰੀ ਦਹਿਰੀਨ ਕੌਰ ਰੌਣਕਾਂ ਲਾ ਰਹੇ ਹਨ । ਉਹ ਆਪਣੀ ਪਤਨੀ ਸਰਦਾਰਨੀ ਬਲਵੀਰ ਕੌਰ ਅਤੇ ਬੱਚਿਆਂ ਨਾਲ ਸੰਗਤਪੁਰਾ ਮੁਹੱਲਾ ਨਾਭਾ ਵਿਖੇ ਰਹਿ ਰਹੇ ਹਨ । ਉਨ੍ਹਾਂ ਨੂੰ ਵਾਹਿਗੁਰੂ ਜੀ ਹੋਰ ਵਧੇਰੇ ਸਮਾਜ ਭਲਾਈ ਕੰਮਾਂ ਨੂੰ ਕਰਨ ਲਈ ਤੰਦਰੁਸਤੀ, ਸੁਮੱਤ ਅਤੇ ਚੜ੍ਹਦੀਕਲਾ ਬਖਸ਼ਣ ।