
ਅਬਿਆਣਾਂ ਕਲਾਂ
ਬੇਬੇ ਬਾਪੂ ਦਾ ਨਾਮ ਸੁਣਦਿਆ ਹੀ ਮਮਤਾ ਦਾ ਸਮੁੰਦਰ ਵਹਿਣ ਲੱਗ ਪੈਦਾ ਹੈ। “ਪੰਜਾਬੀ ਸੱਭਿਆਚਾਰ ਦੀ ਨੁਹਾਰ ਬਾਪੂ ਬੇਬੇ ਦਾ ਪਰਿਵਾਰ” ਦੇ ਕਥਨ ਅਨੁਸਾਰ ਬੇਬੇ ਬਾਪੂ ਦੇ ਸ਼ਬਦ ਵਿੱਚੋਂ ਸਮਾਜ ਅਤੇ ਸੱਭਿਆਚਾਰ ਦੀ ਤਸਵੀਰ ਝਲਕਦੀ ਹੈ। ਇਹਨਾਂ ਦੀ ਹਾਜ਼ਰੀ ਵਿੱਚ ਸਮਾਜਿਕ ਸੁਰੱਖਿਆ ਯਕੀਨੀ ਬਣ ਜਾਂਦੀ ਹੈ। ਪੀੜ੍ਹੀ ਦੇ ਪਾੜ੍ਹੇ ਅਨੁਸਾਰ ਤੀਜੀ ਪੀੜ੍ਹੀ ਤੱਕ ਤਾਂ ਬੇਬੇ ਬਾਪੂ ਘਰ ਦੀ ਰੌਣਕ ਦੇ ਨਾਲ-ਨਾਲ ਘਰ ਅਤੇ ਸਮਾਜ ਵਿੱਚ ਵੱਧ ਸਤਿਕਾਰਤ ਹੋ ਜਾਂਦੇ ਹਨ। ਇਹ ਸਮਾਜਿਕ ਸਫਿਆਂ ਉੱਤੇ ਸਮਾਜੀ ਫੈਸਲੇ ਅਤੇ ਨੇਕ ਸਲਾਹ ਦੇ ਸਮੁੰਦਰ ਹੁੰਦੇ ਹਨ। ਇਹਨਾਂ ਦਾ ਦੋ-ਤਿੰਨ ਪੀੜ੍ਹੀਆਂ ਤੱਕ ਦਾ ਤਜ਼ਰਬਾ ਹੁੰਦਾ ਹੈ। ਬਿਤਾਈ ਜਿੰਦਗੀ ਵਿੱਚੋਂ ਹਾਸਲ ਗਿਆਨ ਨਾਲ ਹੀ ਇਹ ਸਿਆਣਪ ਦਾ ਮੁਜੱਸਮਾਂ ਬਣ ਜਾਂਦੇ ਹਨ। ਇਹਨਾਂ ਦਾ ਗਿਆਨ ਰਾਮ ਕ੍ਰਿਸ਼ਨ ਪਰਮਹੰਸ ਦੇ ਕਥਨ ਅਨੁਸਾਰ, “ਗਿਆਨ ਏਕਤਾ ਪੈਦਾ ਕਰਦਾ ਹੈ ਅਤੇ ਅਗਿਆਨ ਵੱਖਰੇਪਣ ਨੂੰ ਜਨਮ ਦਿੰਦਾ ਹੈ ਇਸ ਤੱਥ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਸ ਘਰ ਵਿੱਚ ਬਜ਼ੁਰਗ ਗਿਆਨਵਾਨ ਅਤੇ ਦਾਨਿਸ਼ਵੰਦ ਹੁੰਦੇ ਹਨ ਉੱਥੇ ਸਾਂਝਾ ਪਰਿਵਾਰ ਰਹਿਣ ਦੀ ਵੱਧ ਗੁਜਾਇਸ਼ ਹੁੰਦੀ ਹੈ ਅਜਿਹੇ ਪਰਿਵਾਰ ਖੁਸ਼ਹਾਲ ਵੀ ਹੁੰਦੇ ਹਨ”। ਇਹ ਬਜ਼ੁਰਗ ਤੇ ਨਿਰਭਰ ਕਰਦਾ ਹੈ ਕਿ ਬਜ਼ੁਰਗ ਕਿਹੋ ਜਿਹੇ ਹਨ। ਇਸੇ ਲਈ ਕਿਹਾ ਵੀ ਗਿਆ ਹੈ ਕਿ, “ ਸਿਆਣਾ ਮੱਤ ਦਾ ਅਤੇ ਮੀਂਹ ਵੱਤ ਦਾ”।