Articles Australia & New Zealand

ਅੱਜ ਤੋਂ ਲਾਗੂ ਹੋਏ ਨਵੇਂ ਕਾਨੂੰਨ ਆਸਟ੍ਰੇਲੀਅਨ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕਰਨਗੇ ?

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ (ਵਿਚਕਾਰ), ਖਜ਼ਾਨਾ ਮੰਤਰੀ ਜੇਮਜ਼ ਚੈਲਮਰਸ ਅਤੇ ਵਿੱਤ ਮੰਤਰੀ ਕੈਟੀ ਗੈਲਾਘਰ ਇੱਕ ਮੀਟਿੰਗ ਦੇ ਦੌਰਾਨ।

ਅੱਜ 1 ਜੁਲਾਈ 2025 ਤੋਂ ਨਵਾਂ ਵਿੱਤੀ ਸਾਲ (ਫਾਇਨੈਂਸ਼ੀਅਲ ਯੀਅਰ) ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਅਨ ਸਰਕਾਰ ਦੇ ਵਲੋਂ ਪਿਛਲੇ ਵਿੱਤੀ ਸਾਲ ਦਾ ਪੂਰਾ ਲੇਖਾ-ਜੋਖਾ ਕਰਨ ਤੋਂ ਬਾਅਦ ਇਸ ਨਵੇਂ ਵਿੱਤੀ ਸਾਲ ਦੇ ਲਈ ਬਹੁਤ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਨਵੇਂ ਕਾਨੂੰਨ ਅੱਜ ਤੋਂ ਲਾਗੂ ਹੋ ਗਏ ਹਨ, ਜੋ ਆਮ ਆਸਟ੍ਰੇਲੀਅਨ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨਗੇ। ਨਵੇਂ ਬਦਲਾਅ ਜਾਂ ਨਵੇਂ ਕਾਨੂੰਨ ਆਸਟ੍ਰੇਲੀਅਨ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਕਿਸ ਤਰਾਂ ਨਾਲ ਪ੍ਰਭਾਵਤ ਕਰਨਗੇ, ਇਸਦੀ ਜਾਣਕਾਰੀ ਇਥੇ ਵਿਸਥਾਰ ਦੇ ਵਿੱਚ ਦੇਣ ਜਾ ਰਹੇ ਹਾਂ।

ਆਸਟ੍ਰੇਲੀਆ ਦੇ ਵਿੱਚ ਵਰਕਰਾਂ ਦੀਆਂ ਘੱਟੋ-ਘੱਟ ਤਨਖਾਹਾਂ ਦੇ ਵਿੱਚ ਅੱਜ 1 ਜੁਲਾਈ ਤੋਂ 3.5 ਪ੍ਰਤੀਸ਼ਤ ਦਾ ਵਾਧਾ ਲਾਗੂ ਹੋ ਗਿਆ ਹੈ। ਫੇਅਰ ਵਰਕ ਕਮਿਸ਼ਨ ਦੀ ਘੱਟੋ-ਘੱਟ ਤਨਖਾਹ ਅਤੇ ਪੁਰਸਕਾਰ ਸਮਝੌਤਿਆਂ ਦੀ ਸਾਲਾਨਾ ਸਮੀਖਿਆ ਤੋਂ ਬਾਅਦ, 1 ਜੁਲਾਈ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਕੰਮ ਕਰਨ ਵਾਲੇ ਆਸਟ੍ਰੇਲੀਅਨ ਵਰਕਰਾਂ ਦੀਆਂ ਤਨਖਾਹਾਂ ਦੇ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਫੇਅਰ ਵਰਕ ਕਮਿਸ਼ਨ ਦੇ ਫੈਸਲੇ ਨਾਲ ਹੁਣ ਫੁੱਲ ਟਾਇਮ, 38 ਘੰਟੇ ਕੰਮ ਕਰਨ ਵਾਲੇ ਹਫ਼ਤੇ ਦੇ ਆਧਾਰ ‘ਤੇ ਰਾਸ਼ਟਰੀ ਘੱਟੋ-ਘੱਟ ਤਨਖਾਹਾਂ ਨੂੰ 24.95 ਡਾਲਰ ਪ੍ਰਤੀ ਘੰਟਾ, ਜਾਂ 948 ਪ੍ਰਤੀ ਹਫ਼ਤਾ ਤੱਕ ਵਧ ਗਈਆਂ ਹਨ।

ਪਰਿਵਾਰਾਂ ਲਈ ਉਪਲਬਧ ਪੇਡ ਪੇਰੈਂਟਲ ਛੁੱਟੀਆਂ ਦੀ ਗਿਣਤੀ ਅੱਜ 1 ਜੁਲਾਈ, 2025 ਤੋਂ ਪੈਦਾ ਹੋਏ ਜਾਂ ਗੋਦ ਲਏ ਗਏ ਬੱਚਿਆਂ ਦੇ ਮਾਪਿਆਂ ਲਈ 120 ਦਿਨ (24 ਹਫ਼ਤੇ) ਤੱਕ ਵਧ ਗਈ ਹੈ। ਇਹ ਗਿਣਤੀ 1 ਜੁਲਾਈ 2026 ਜਾਂ ਬਾਅਦ ਵਿੱਚ ਪੈਦਾ ਹੋਏ ਜਾਂ ਗੋਦ ਲਏ ਗਏ ਬੱਚਿਆਂ ਦੇ ਮਾਪਿਆਂ ਦੇ ਲਈ ਇਹ 26 ਹਫ਼ਤਿਆਂ ਤੱਕ ਵੱਧ ਜਾਵੇਗੀ ਅਤੇ ਅਗਲੇ ਸਾਲ 2026 ਦੇ ਵਿੱਚ 130 ਦਿਨ ਜਾਂ 26 ਹਫ਼ਤੇ ਤੱਕ ਹੋ ਜਾਵੇਗੀ। ਇੱਕ ਅੰਦਾਜ਼ੇ ਦੇ ਅਨੁਸਾਰ ਹਰ ਸਾਲ ਤਕਰੀਬਨ 1 ਲੱਖ 80 ਹਜ਼ਾਰ ਪਰਿਵਾਰਾਂ ਨੂੰ ਇਹ ਸਹਾਇਤਾ ਮਿਲਦੀ ਹੈ।

ਤੁਹਾਡੇ ਸਾਥੀ ਦੇ ਲਈ ਵੀ ਰਾਖਵੇਂ ਦਿਨਾਂ ਦੀਆਂ ਛੁੱਟੀਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਤੁਸੀਂ ਇੱਕੋ ਹੀ ਸਮੇਂ ਵਿੱਚ ਦੂਜੇ ਮਾਤਾ-ਪਿਤਾ ਨਾਲ ਇੱਕੋ ਸਮੇਂ ਕਿੰਨੇ ਦਿਨ ਬਿਤਾਅ ਸਕਦੇ ਹੋ, ਤੁਹਾਨੂੰ ਮਿਲਣ ਵਾਲੇ ਦਿਨਾਂ ਦੀ ਇਹ ਗਿਣਤੀ ਤੁਹਾਡੇ ਬੱਚੇ ਦੇ ਜਨਮ ਦੀ ਮਿਤੀ ਜਾਂ ਤੁਹਾਡੀ ਦੇਖਭਾਲ ਵਿੱਚ ਆਉਣ ਦੀ ਮਿਤੀ ‘ਤੇ ਅਧਾਰਤ ਹੈ। ਜੇਕਰ ਤੁਸੀਂ 1 ਜੁਲਾਈ ਤੋਂ ਪਹਿਲਾਂ ਜਨਮ ਦਾ ਦਾਅਵਾ ਜਮ੍ਹਾਂ ਕਰਦੇ ਹੋ, ਤਾਂ ਤੁਹਾਡੀ ਪੇਡ ਪੇਰੈਂਟਲ ਲੀਵ ਜਾਂ ਛੁੱਟੀਆਂ ਦੇ ਦਿਨਾਂ ਦਾ ਬਕਾਇਆ 110 ਦਿਨ ਹੋਵੇਗਾ। ਜੇਕਰ ਤੁਹਾਡੇ ਬੱਚੇ ਨੂੰ 1 ਜੁਲਾਈ, 2025 ਤੋਂ ਗੋਦ ਲਿਆ ਗਿਆ ਹੈ, ਤਾਂ ਸਰਕਾਰ ਗੋਦ ਲੈਣ ਜਾਂ ਜਨਮ ਦੇ ਦਸਤਾਵੇਜ਼ੀ ਸਬੂਤ ਪ੍ਰਾਪਤ ਕਰਨ ਤੋਂ ਬਾਅਦ 10 ਦਿਨ ਹੋਰ ਵਾਧੂ ਜੋੜ ਦੇਵੇਗੀ।

ਸੁਪਰਐਨੂਅੇਸ਼ਨ ਜਾਂ ਸੇਵਾਮੁਕਤੀ ਭੱਤੇ ਵਿੱਚ ਵੀ ਅੱਜ 1 ਜੁਲਾਈ 2025 ਤੋਂ ਕੱੁਝ ਬਦਲਾਅ ਕੀਤੇ ਗਏ ਹਨ। ਗਰੰਟੀ ਦਰ, ਜੋ ਕਿ ਮਾਲਕਾਂ ਦੁਆਰਾ ਆਪਣੇ ਵਰਕਰਾਂ ਦੇ ਸੇਵਾਮੁਕਤੀ ਖਾਤਿਆਂ ਵਿੱਚ ਅਦਾ ਕੀਤੀ ਜਾਣ ਵਾਲੀ ਤਨਖਾਹ ਦਾ ਪ੍ਰਤੀਸ਼ਤ ਹੈ, ਨੂੰ ਹੁਣ 11.5 ਤੋਂ ਵਧਾ ਕੇ 12 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। 1 ਜੁਲਾਈ, 2024 ਤੋਂ ਮਾਲਕਾਂ ਨੂੰ ਹਰੇਕ ਵਰਕਰ ਦੇ ਲਈ ਘੱਟੋ-ਘੱਟ ਐਸਜੀ ਦਰ ਦਾ ਭੁਗਤਾਨ ਕਰਨਾ ਪਵੇਗਾ ਜੋ ਊਹਨਾਂ ਦੀ ਸਾਧਾਰਣ ਸਮਾਂ ਆਮਦਨ (Eਟੀਪੀ) ਦਾ 11.5 ਪ੍ਰਤੀਸ਼ਤ ਕਰਨਾ ਹੋਵੇਗਾ। ਇਸਨੂੰ 1 ਜੁਲਾਈ, 2025 ਤੋਂ ਹੌਲੀ-ਹੌਲੀ ਵਧਾ ਕੇ 12 ਪ੍ਰਤੀਸ਼ਤ ਕੀਤਾ ਜਾਣਾ ਹੈ।

ਆਸਟ੍ਰੇਲੀਆ ਦੇ ਰੀਟਾਇਰ ਵਿਅਕਤੀਆਂ ਦੇ ਲਈ ਪੈਨਸ਼ਨ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਅੱਜ 1 ਜੁਲਾਈ ਤੋਂ, ਜਾਇਦਾਦ-ਜਾਂਚ ਕੀਤੇ ਗਏ ਜੋੜਿਆਂ ਲਈ ਉਮਰ ਪੈਨਸ਼ਨ ਦਰ 34.50 ਡਾਲਰ ਪ੍ਰਤੀ ਪੰਦਰਵਾੜਾ ਅਤੇ ਸਿੰਗਲਜ਼ ਲਈ 22.50 ਡਾਲਰ ਪ੍ਰਤੀ ਪੰਦਰਵਾੜਾ ਵਧਾਈ ਗਈ ਹੈ।

ਨੈਸ਼ਨਲ ਅਪੰਗਤਾ ਬੀਮਾ ਏਜੰਸੀ (ਐਨਡੀਆਈਐਸ) ਦੀਆਂ ਕੀਮਤਾਂ ਵਿੱਚ ਬਦਲਾਅ ਅੱਜ 1 ਜੁਲਾਈ, 2025 ਤੋਂ ਕੀਤੇ ਜਾ ਰਹੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਨਡੀਆਈਐਸ ਭਾਗੀਦਾਰਾਂ ਤੋਂ ਮੈਡੀਕੇਅਰ ਜਾਂ ਨਿੱਜੀ ਸਿਹਤ ਬੀਮੇ ਰਾਹੀਂ ਇਹ ਸਹਾਇਤਾ ਪ੍ਰਾਪਤ ਕਰਨ ਵਾਲੇ ਦੂਜੇ ਆਸਟ੍ਰੇਲੀਅਨਾਂ ਦੇ ਅਨੁਸਾਰ ਚਾਰਜ ਲਿਆ ਜਾਵੇ। ਏਜੰਸੀ ਨੇ ਕਿਹਾ ਕਿ ਹਰ ਸਾਲ ਐਨਡੀਆਈਐਸ ਇੱਕ ਸਾਲਾਨਾ ਕੀਮਤ ਸਮੀਖਿਆ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਾਜ਼ਾਰ ਐਨਡੀਆਈਐਸ ਭਾਗੀਦਾਰਾਂ ਲਈ ਟਿਕਾਊ ਅਤੇ ਉੱਚ-ਗੁਣਵੱਤਾ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਸਮੀਖਿਆ ਦੇ ਨਤੀਜੇ ਵਜੋਂ ਸਹਾਇਕ ਸਿਹਤ ਸੇਵਾਵਾਂ ਵਿੱਚ ਕਟੌਤੀ ਦੇ ਨਾਲ-ਨਾਲ ਦਾਅਵਾ ਕਰਨ ਯੋਗ ਯਾਤਰਾ ਸਮੇਂ ਵਿੱਚ 50 ਪ੍ਰਤੀਸ਼ਤ ਦੀ ਕਮੀ ਆਵੇਗੀ। ਇਸਦੀ ਵਕਾਲਤ ਕਰਨ ਵਾਲੇ ਗਰੱੁਪਾਂ ਦੁਆਰਾ ਆਲੋਚਨਾ ਕੀਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰਾਂ੍ਹ ਕਰਨ ਨਾਲ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਮੁਸ਼ਕਲ ਬਣਾ ਦੇਵੇਗਾ।

1 ਜੁਲਾਈ, 2025 ਤੋਂ ਐਨਡੀਆਈਐਸ ਦੀਆਂ ਕੀਮਤਾਂ ਵਿੱਚ ਬਦਲਾਅ ਵੀ ਕੀਤਾ ਗਿਆ ਹੈ। ਥੈਰੇਪਿਸਟ ਹੁਣ ਯਾਤਰਾ ਸਮੇਂ ਲਈ ਆਪਣੇ ਪ੍ਰਤੀ ਘੰਟੇ ਦੇ ਰੇਟ ਦਾ ਸਿਰਫ਼ 50 ਪ੍ਰਤੀਸ਼ਤ ਹੀ ਬਿੱਲ ਕਰ ਸਕਦੇ ਹਨ। ਇਸ ਸਾਲ ਜ਼ਿਆਦਾਤਰ ਸਹਾਇਕ ਸਿਹਤ ਸੇਵਾਵਾਂ ਲਈ ਕੋਈ ਸੂਚਕਾਂਕ ਨਹੀਂ ਹੈ। ਪੋਡੀਆਟਰੀ ਅਤੇ ਡਾਇਟੈਟਿਕਸ ਦੀਆਂ ਦਰਾਂ 5 ਡਾਲਰ ਪ੍ਰਤੀ ਘੰਟੇ ਘਟਾਈਆਂ ਗਈਆਂ ਹਨ ਅਤੇ ਰਾਸ਼ਟਰੀ ਪੱਧਰ ‘ਤੇ ਇਹ ਹੁਣ 193.99 ਡਾਲਰ ਤੋਂ 188.99। ਡਾਲਰ ਹੋ ਗਈਆਂ ਹਨ।

ਆਸਟ੍ਰੇਲੀਆ ਦੇ ਤਿੰਨ ਸੂਬਿਆਂ ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਦੱਖਣ ਪੂਰਬੀ ਕੁਈਨਜ਼ਲੈਂਡ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਦੱਖਣ ਪੂਰਬੀ ਕੁਈਨਜ਼ਲੈਂਡ ਵਿੱਚ ਬਿਜਲੀ ਦੀਆਂ ਕੀਮਤਾਂ ਵਧਾਏਗਾ। ਇਸਨੇ ਅਗਲੇ ਵਿੱਤੀ ਸਾਲ ਲਈ ਡਿਫਾਲਟ ਮਾਰਕੀਟ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਕੀਮਤਾਂ ਵਿੱਚ ਬਦਲਾਅ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਕਿਸ ਸੂਬੇ ਵਿੱਚ ਰਹਿੰਦੇ ਹੋ, ਤੁਸੀਂ ਕਿਸ ਬਿਜਲੀ ਕੰਪਨੀ ਨਾਲ ਹੋ ਅਤੇ ਕੰਪਨੀ ਦੇ ਨਾਲ ਤੁਸੀਂ ਕਿਸ ਯੋਜਨਾ ਨੂੰ ਸਾਈਨ ਕੀਤਾ ਹੋਇਆ ਹੈ।

ਆਸਟ੍ਰੇਲੀਅਨ ਸੜਕ ਨਿਯਮਾਂ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ, ਜੋ ਅੱਜ ਜੁਲਾਈ ਤੋਂ ਲਾਗੂ ਹੋ ਗਏ ਹਨ। ਰਾਸ਼ਟਰੀ ਪੱਧਰ ‘ਤੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਦਾ ਪਤਾ ਲਗਾਉਣ ਲਈ ਸਾਰੇ ਆਸਟ੍ਰੇਲੀਆ ਦੇ ਵਿੱਚ ਏਆਈ-ਸੰਚਾਲਿਤ ਨਿਗਰਾਨੀ ਕੈਮਰੇ ਲਗਾਏ ਜਾਣਗੇ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਦੀ ਵਧਦੀ ਜਾ ਰਹੀ ਗਿਣਤੀ ਨੂੰ ਘੱਟ ਕਰਨ ਦੇ ਲਈ ਸੁਰੱਖਿਆ ਵਜੋਂ ਕਈ ਸੂਬਿਆਂ ਦੇ ਵਿੱਚ ਨਵੀਂ ਸਪੀਡ ਲਿਮਿਟ ਲਾਗੂ ਕੀਤੀ ਗਈ ਹੈ। ਵਿਕਟੋਰੀਅਨ ਸੂਬੇ ਦੇ ਵਿੱਚ ਡਰਾਈਵਰਾਂ ਨੂੰ ਹੌਲੀ-ਹੌਲੀ ਚੱਲਣ ਵਾਲੀ (10 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ) ਜਾਂ ਖੜ੍ਹੇ ਕੀਤੇ ਹੋਏ ਪੁਲਿਸ, ਐਮਰਜੈਂਸੀ ਜਾਂ ਐਸਕਾਰਟ ਗੱਡੀਆਂ ਦੇ ਨੇੜੇ ਜਾਣ ਜਾਂ ਕੋਲੋਂ ਲੰਘਣ ਵੇਲੇ ਆਪਣੀ ਗੱਡੀ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਘਟਾਉਣੀ ਪਵੇਗੀ। ਇਸ ਦਾ ਉਲੰਘਣ ਕਰਨ ਵਾਲੇ ਨੂੰ 961 ਡਾਲਰ ਤੱਕ ਦਾ ਜੁਰਮਾਨਾ ਲੱਗੇਗਾ। ਇਸੇ ਤਰ੍ਹਾਂ ਹੀ ਨਿਊ ਸਾਊਥ ਵੇਲਜ਼ ਸੂਬੇ ਦੇ ਵਿੱਚ ਜੇਕਰ ਡਰਾਈਵਰ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਉਨ੍ਹਾਂ ਨੂੰ ਅੱਜ ਤੋਂ ਵਾਧੂ ਜੁਰਮਾਨਾ ਦੇਣਾ ਪਵੇਗਾ। ਵੈਸਟਰਨ ਆਸਟ੍ਰੇਲੀਆ ਸੂਬੇ ਦੀਆਂ ਸੜਕਾਂ ਦੇ ਉਪਰ ਵਾਪਰੇ ਭਿਆਨਕ ਹਾਦਸਿਆਂ ਨੂੰ ਦੇਖਦਿਆਂ ਕਈ ਸੜਕਾਂ ‘ਤੇ ਸਪੀਡ ਲਿਮਿਟ ਨੂੰ ਕਾਫ਼ੀ ਘਟਾ ਦਿੱਤਾ ਗਿਆ ਹੈ। ਸਾਊਥ ਆਸਟ੍ਰੇਲੀਆ ਸੂਬੇ ਦੇ ਡਰਾਈਵਰਾਂ ਨੂੰ ਬ੍ਰੇਕਡਾਊਨ ਰਿਕਵਰੀ ਗੱਡੀਆਂ ਦੇ ਕੋਲੋਂ ਲੰਘਦਿਆਂ, ਆਪਣੀਆਂ ਗੱਡੀਆਂ ਨੂੰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਾਗੂ ਲਿਮਿਟ ਲਾਗੂ ਕੀਤੀ ਗਈ ਹੈ। ਸਪੀਡ ਘੱਟ ਨਾ ਕਰਨ ‘ਤੇ 1,648 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੁਈਨਜ਼ਲੈਂਡ ਸੂਬੇ ਦੇ ਵਿੱਚ ਕਾਰ ਰਜਿਸਟ੍ਰੇਸ਼ਨ ਅਤੇ ਜੁਰਮਾਨੇ ਵਿੱਚ 3.4 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਜੋ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ।

Related posts

ਬ੍ਰੇਨ ਚਿੱਪ ਲਾਉਣ ਤੋਂ ਬਾਅਦ ਕੋਮਾ ‘ਚ ਪਈ ਔਰਤ ਗੇਮ ਖੇਡਣ ਲੱਗ ਪਈ !

admin

ਨਾਨਕ ਕਿਛੁ ਸੁਣੀਐ, ਕਿਛੁ ਕਹੀਐ !

admin

1 ਅਗਸਤ ਤੋਂ ਬਦਲ ਰਹੇ UPI ਰੂਲ ਲੈਣ-ਦੇਣ ਨੂੰ ਪ੍ਰਭਾਵਿਤ ਕਰਨਗੇ !

admin