
ਦਲਜੀਤ ਦਾ ਜਨਮ 1984 ਦਾ ਹੋਣ ਕਰਕੇ ਆਪਣੇ ਵਿੱਚ ਪੰਜਾਬ ਨਾਲ ਹੋਈ ਬੇਇੰਨਸਾਫੀ ਦੀ ਚੀਸ ਲੈ ਕੇ ਕਿਤੇ ਨਾ ਕਿਤੇ ਆਪਣੀਆਂ ਭਾਵਨਾਵਾਂ ਨੂੰ ਪ੍ਗਟ ਕਰਨ ਵਿੱਚ ਡਰ, ਭਉ ਤੋ ਮੁਕਤ ਰਹਿ ਕੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ।
ਦਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਦਾ ਭਾਰਤੀ ਮੀਡੀਏ ਸਮੇਤ ਭਾਰਤ ਵਿੱਚ 2014 ਦੇ ਬਾਅਦ ਵਾਲੇ ਰਾਸ਼ਟਰਵਾਦੀਆਂ ਵੱਲੋ ਵਾਦ-ਵਿਵਾਦ ਬਣਾਇਆ ਗਿਆ। ਵਿਰੋਧ ਕੇਵਲ ਪਾਕਿਸਤਾਨੀ ਐਕਟਰਸ ਨਾਲ ਫਿਲਮ ਕਰਨਾ ਕੇਂਦਰ ਬਿੰਦੂ ਲੱਗਦਾ ਹੈ, ਪਰ ਇਸ ਪਿਛੇ ਦਿੱਖ, ਅਦਿਖ ਨਫਰਤ ਹੈ ਜੋ ਪੱਗ ਦੇ ਵਿਰੋਧ ਵਿੱਚ ਖੜ੍ਹੀ ਦਿਸਦੀ ਹੈ। ਪੰਜ ਸਦੀਆ ਦੇ ਵੈਰ ਹੁਣ ਛੇਵੀ ਸਦੀ ਵਿੱਚ ਪਹੁੰਚਣ ਵਾਲਾ ਹੈ। ਦਲਜੀਤ ਭਾਵੇ ਕਿ ਇਕ ਗਾਇਕ ਦੇ ਤੌਰ ‘ਤੇ ਉਭਰਿਆ ਹੈ ਪਰ ਕਲਾ ਰਾਹੀ ਇਕ ਬਹੁਤ ਵੱਡੀ ਮਿਸਾਲੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹੈ ਕਿ, ਕਿਵੇ ਇਕ ਪੱਗ ਬੰਨ ਕੇ ਦੁਨੀਆਂ ਦੇ ਵੱਡੇ ਮੰਚਾਂ ‘ਤੇ ਕਲਾ ਰਾਹੀ ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣ ਦੇ ਨੋਬਲੀ ਕੰਮ ਕੀਤੇ ਜਾ ਸਕਦੇ ਹਨ। ਕਈ ਅਣਕਿਆਸੇ, ਅਣਛੋਹੇ ਵਿਸ਼ਿਆਂ ‘ਤੇ ਫਿਲਮਾਂ ਬਣਾ ਕੇ ਸਿੱਖਾਂ ਅਤੇ ਪੰਜਾਬ ਨਾਲ ਹੋਏ ਧੱਕੇ, ਅਨਿਆ, ਬੇਇੰਨਸਾਫੀਆਂ ਦਾ ਦੁਨੀਆਂ ਸਾਹਮਣੇ ਉਗੜਵਾਂ ਰੂਪ ਪੇਸ਼ ਕੀਤਾ ਹੈ।
‘ਸਰਦਾਰ ਜੀ 3’ ਫਿਲਮ ਆਮ ਫਿਲਮਾਂ ਵਰਗੀ ਹੀ ਹੋਵੇਗੀ, ਜਿਸ ਦੇ ਹੱਕ ਜਾਂ ਵਿਰੋਧ ਦਾ ਕੋਈ ਕਾਰਣ ਬਣਦਾ ਹੋਵੇ। ਪਰ ਦਲਜੀਤ ਨੇ ਕੁੱਝ ਗਾਣਿਆ ਅਤੇ ਫਿਲਮਾਂ ਰਾਹੀ ਪੰਜਾਬ ‘ਤੇ ਵਾਪਰੀਆਂ ਕਹਿਰ ਕਹਾਣੀਆਂ ਦੀ ਸਹੀ ਪੇਸ਼ਕਾਰੀ ਨੂੰ ਵੱਡਾ ਪਲੇਟਫਾਰਮ ਦਿੱਤਾ ਹੈ। ਦਲਜੀਤ ਨੇ ਆਪਣੇ ਕੰਮ ਕਰਨ ਅਤੇ ਆਪਣੀ ਪੱਗ ਵਾਲੀ ਦਿੱਖ ਨੂੰ ਵੱਖਰੀ ਪਹਿਚਾਣ ਦੇਣ ਵਿੱਚ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ ਹੈ। ਉਸ ਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਪੱਗਾਂ ਬੰਨ੍ਹ ਕੇ ਕਲਾਕਾਰੀ ਕਰਨ ਦੀ ਨਵੀ ਪਿਰਤ ਨੂੰ ਪੱਗ ਪ੍ਤੀ ਆਦਰ ਮਿਲਿਆ ਹੈ, ਅਤੇ ਅਭਿਨੈ ਕਰਨ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸ ਨਾਲ ਗਲਤ ਢੰਗ ਨਾਲ ਸਿੱਖ ਕਿਰਦਾਰਾਂ ਦੀ ਪੇਸ਼ਕਾਰੀ ਕਰਨ ਨੂੰ ਵੀ ਠੱਲ੍ਹ ਜਰੂਰ ਪਈ ਹੈ।
ਦਲਜੀਤ ਨੇ ਗਾਇਕੀ ਅਤੇ ਕਲਾ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਇਸ ਦੇ Dil-Luminati Tour ਨੇ ਦੁਨੀਆਂ ਵਿੱਚ ਪੰਜਾਬੀ ਸੰਗੀਤ ਦੀ ਨਵੀਂ ਪਹਿਲ ਨੂੰ ਨਵੀ ਦਿਸ਼ਾ ਦਿੱਤੀ ਹੈ ਅਤੇ ਅਸਲ ਹੋਂਦ ਨੂੰ ਵੀ ਪੈਰਾਂ ਸਿਰ ਕੀਤਾ ਹੈ, ਜਿਸ ਨਾਲ ਪਹਿਚਾਣ ਨੂੰ ਸਹੀ ਦਿਸ਼ਾ ਮਿਲੀ ਹੈ। ਪੰਜਾਬੀ ਦੀ ਪਹੁੰਚ ਨੂੰ ਪਿੰਡਾਂ ਦੀਆਂ ਪਗਡੰਡੀਆਂ ‘ਤੋ ਦੁਨਿਆਂ ਦੇ ਵੱਡੇ ਮਾਰਗਾਂ ‘ਤੇ ਲੈ ਆਂਦਾ ਹੈ। ਜਿਸ ਦੀ ਰਫਤਾਰ ਮਾਪਣ ਲਈ ਦੂਜੀਆਂ ਭਾਰਤੀ ਜੁਬਾਨਾਂ ਨੂੰ ਖਾਸ ਕਰਕੇ ਲੰਮੀ ਲਕੀਰ ਖਿਚਣੀ ਪਵੇਗੀ। ਕਿਸੇ ਭਾਸ਼ਾ ਦਾ ਘੇਰਾ ਉਸ ਦੀਆਂ ਅਸੀਮ ਜਿਉਣ ਸ਼ਕਤੀ ਨਾਲ ਵੱਡਾ ਪਿੜ ਮੱਲਣਾ ਹੈ। ਜੋ ਪੰਜਾਬੀ, ਗੁਰਮੁੱਖੀ ਵਿੱਚ ਪਿਆ ਹੈ। ਪੰਜਾਬੀ ਗੁਰੂ-ਵੱਡੀਆਈ ਦੀ ਛੋਹ ਵਿੱਚੋ ਆਈ ਹੋਈ ਹੈ। ਉਸ ਦੇ ਰੋਕੇ ਜਾਦੇ ਰਾਹਾਂ ਨੂੰ ਵਿਦਵਤਾ ਦੇ ਅੱਥਰੇ ਹੜ੍ਹਾਂ ਦੀਆਂ ਛੱਲਾਂ ਨੇ ਸਰਹੱਦਾਂ ਨੂੰ ਪਾਰ ਕਰਨਾਂ ਹੀ ਹੈ। ਜੇ ਸਿੱਖ ਧਰਮ ਸਰਬੱਤ ਦੀ ਖੈਰ ਮੰਗਦਾ ਹੈ ਤਾਂ ਪੰਜਾਬੀ ਜੁਬਾਨ ਅਤੇ ਭਾਸ਼ਾ ਦਾ ਪਸਾਰਾ ਵੀ ਗੈਰ-ਸਰਹੱਦੀ ਹੈ।
ਦਲਜੀਤ ਵੱਲੋ ਅਪ੍ਰੈਲ ਮਹੀਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗਦੇ ਸੰਸਾਰ ਪੱਧਰੀ ਸੰਗੀਤ ਮੇਲੇ “ਕੋਚੀਲਾ” ਵਿੱਚ ਸ਼ਮੂਲੀਆਤ ਕਰਕੇ ਵੱਡੀ ਪੁਲਾਂਘ ਪੁੱਟੀ ਸੀ। ਪਹਿਲੇ ਪੰਜਾਬੀ ਗਾਇਕ ਨੂੰ ਐਨੀ ਵੱਡੀ ਸਟੇਜ਼ ਮਿਲੀ ਸੀ। 2020 ਵਿੱਚ Billboard ਮੈਗਜ਼ੀਨ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਇਆ ਸੀ।
ਦਲਜੀਤ ਨੇ ਮੈਟ ਗੈਲਾ ਵਿੱਚ ਰੇਪ ਵਾਕ ਵੇਲੇ ਪੱਗ, ਸ੍ਰੀ-ਸਾਹਿਬ, ਪੰਜਾਬ ਦਾ ਨਕਸ਼ਾ, ਪੈਂਤੀ ਅੱਖਰੀ ਪੰਜਾਬੀ ਅਤੇ ਸਿੱਖ ਸ਼ਾਹੀ ਪਹਿਰਾਵੇ ਨੂੰ ਦੁਨੀਆਂ ਵਿੱਚ ਵੱਡੀ ਪਹਿਚਾਣ ਦਿੱਤੀ ਹੈ। ਉਹ ਦੱਸਦਾ ਭਾਵੁਕ ਹੋ ਜਾਦਾ ਹੈ ਕਿ “ਮੈਨੂੰ ਆਪਣੀ ਪਹਿਚਾਣ ਨਾਲੋ ਆਪਣੇ ਵਿਰਸੇ ਦੀ ਪਹਿਚਾਣ ਕਰਨ ਦਾ ਵਾਹਿਗੁਰੂ ਨੇ ਮੌਕਾ ਦਿੱਤਾ ਹੈ। … ਉਥੇ ਮੈ ਨਹੀਂ ਜਾ ਰਿਹਾ … ਪੱਗ ਜਾ ਰਹੀ ਹੈ।”
ਸਿੱਧੂ ਮੂਸੇਵਾਲੇ ਦੀ ਦੁਨੀਆਂ ਵਿੱਚ ਰੈਪ ਸੰਗੀਤ ਵਿੱਚ ਪਾਈ ਲੀਹ ਨੂੰ ਦਲਜੀਤ ਦੋਸਾਂਝ ਨੱਪਣ ਵਿੱਚ ਕਾਮਯਾਬ ਹੋਇਆ ਹੈ। ਮੂਸੇਵਾਲੇ ਦੀ ਮੌਤ ਤੋ ਬਾਆਦ ਸੰਸਾਰ ਭਰ ਵਿੱਚ ਪੰਜਾਬੀ ਦੀ ਅਸਲ ਪਹਿਚਾਣ ਮਿਲਣ ਦੀ ਪੈੜ ਬੱਝੀ ਸੀ। ਪੰਜਾਬ ਦੇ ਇਕ ਛੋਟੇ ਖਿੱਤੇ ਪੰਜਾਬ ਵਿੱਚੋ ਉਠ ਕੇ ਦੁਨੀਆਂ ਦੇ ਪਹਿਲੀ ਕਤਾਰ ਦੇ ਗਾਇਕਾਂ ਵਿੱਚ ਖੜ੍ਹੇ ਹੋਣਾ ਇਹਨਾਂ ਦੋਵਾਂ ਗਾਇਕਾ ਦੇ ਹਿੱਸੇ ਹੀ ਆਇਆ ਹੈ। ਇਸ ਤਰਜ਼ ‘ਤੇ ਚੱਲਣ ਵਾਲੇ ਗਾਇਕਾਂ, ਕਲਾਕਾਰਾਂ ਲਈ ਵੀ ਭਵਿੱਖ ਸੁਨਿਹਰੀ ਹੋ ਸਕਦਾ ਹੈ।
ਦਲਜੀਤ ਦੇ ਹੌਸਲੇ ਅਤੇ ਦਿ੍ੜਤਾ ਨੂੰ ਸਲਾਮ ਹੋ ਰਹੀ ਹੈ। ਕਈ ਪੰਜਾਬੀ ਕਲਾਕਾਰਾਂ ਨੇ ਉਸ ਦਾ ਈਰਖਾ ਵੱਸ ਵਿਰੋਧ ਕੀਤਾ ਹੈ ਜੋ ਵਾਜ਼ਬ ਨਹੀਂ ਸੀ। ਅਜਿਹੇ ਲੋਕਾਂ ਦਾ ਰਾਸ਼ਟਰਵਾਦ ਵੀ ਇੱਕ ਡਰ ਭਉ ਵਿੱਚੋ ਨਿੱਕਲ ਰਿਹਾ ਸੀ। ਅਜਿਹਾਂ ਬੇਲੋੜਾ ਵਿਰੋਧ ਸ਼ਾਇਦ ਇਹਨਾਂ ਲਈ ਚੰਗੀ ਰਾਇ ਨਾ ਪੈਦਾ ਕਰ ਸਕੇ। …. ਜਿਵੇ ਪੰਜਾਬੀ ਪ੍ਤੀ ਦਿਤੇ ਪ੍ਰਤੀਕਰਮ ਦਾ ਗੁਰਦਾਸ ਮਾਨ ਨੂੰ ਮਾੜੇ ਸਮੇ ਵਿੱਚੋ ਨਿਕਲਣਾ ਪੈ ਰਿਹਾ ਹੈ। ਭਵਿੱਖ ਤਬਾਹ ਹੋ ਗਿਆ ਹੈ। ਉਸ ਦੁਆਰਾ ਗਾਏ ਗੀਤ … “ਲੱਖ ਪਰਦੇਸੀ ਹੋਏ ਆਪਣਾ ਦੇਸ਼ ਨਹੀਂ ਭੰਡੀ ਦਾ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ” … ਪਰ ਉਸ ਜੁਬਾਨ, ਭਾਸ਼ਾ ਬਾਰੇ ਵੀ ਮੰਦਾ ਨਹੀ ਬੋਲਣਾ ਚਾਹੀਦਾ, ਜੋ ਤੁਹਾਡੇ ਮਾਂ ਦੀ ਹੋਵੇ ਅਤੇ ਜਿਸ ਨੇ ਤੁਹਾਡੀ ਸ਼ਖਸੀਅਤ ਨੂੰ ਬਣਾਇਆ ਹੋਵੇ। ਸਾਨੂੰ ਸਰਹੱਦਾਂ ਰਹਿਤ ਜੁਬਾਨ ਨੂੰ ਸਾਂਝਾਂ ਵਧਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਨਾ ਕਿ ਪੈਸੇ ਕਮਾਉਣ ਦਾ ਕੇਵਲ ਇਕ ਜ਼ਰੀਆ ਮੰਨਣਾ ਚਾਹੀਦਾ ਹੈ। ਲੋਕ ਕਲਾਕਾਰਾਂ ਨੂੰ ਵੀ ਲੋਕ ਹੱਕਾਂ ਲਈ ਖੜ੍ਹੇ ਹੋਣਾ, ਰਾਇ ਦੇਣਾ ਅਤੇ ਜਿੰਮੇਵਾਰ ਹੋਣ ਦੀ ਸ਼ਾਹਦੀ ਮੰਗਦੇ ਹਨ। ਜਿਵੇ ਦਿੱਲੀ ਕਿਸਾਨ ਮੋਰਚੇ ਵੇਲੇ ਗਾਇਕ ਕੰਵਰ ਗਰੇਵਾਲ, ਹਰਭਜਨ ਮਾਨ, ਹਰਫ ਚੀਮਾ, ਪੰਮੀ ਬਾਈ, ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਂਸਲ, ਸੁਨੀਤਾ ਧੀਰ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਸਰਦਾਰ ਸੋਹੀ, ਬਿੰਨੂ ਢਿੱਲੋਂ , ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਯੋਗਰਾਜ ਸਣੇ ਬਹੁਤ ਕਲਾਕਾਰਾਂ ਨੇ ਸ਼ਾਮਲ ਹੋ ਕੇ ਹੱਕੀ ਮੰਗਾਂ ਦੀ ਪੋ੍ੜਤਾ ਕੀਤੀ ਸੀ।
ਗਾਇਕ ਦਲਜੀਤ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੰਮਾ ਕਰਦਿਆਂ ਹੋਰ ਲੰਮੀ ਉਮਰ ਦੇਣ ਵਿੱਚ ਕਾਮਯਾਬ ਹੋਇਆ ਹੈ। ਵੱਡੇ ਮੰਚਾਂ ਨੂੰ ਸੁਚੱਜਤਾ ਨਾਲ ਵਰਤਿਆ ਹੈ। ਭਾਰਤ ਵਿੱਚ ਫਿਲਮ ਦੇ ਬਾਈਕਾਟ ਦੇ ਪ੍ਰਾਪੋਗੰਡੇ ਦਾ ਜਿਸ ਦਲੇਰੀ ਨਾਲ ਦਲਜੀਤ ਨੇ ਜੁਆਬ ਦਿੱਤਾ ਹੈ ਉਹ ਕਿਸੇ ਪੰਜਾਬੀ ਦੀ ਆਪਣੇ ਗੁਰੂ ਸਿਧਾਂਤੀ ਫਲਸਫੇ ਨਿਆਈ ਹੈ।
“ਜੁਅਰਤ ਜਮਾਲ ਹੈ ਮਮ ਜੁਰਤ ਨਾਹਿਨ ਏਤਨੀ”
ਦਲਜੀਤ ਆਪਣੀ ਨਿਰਭਉ ਦੀ ਬਿਰਤੀ ਵਿੱਚੋ “ਪੰਜਾਬ 84” ਅਤੇ ਜਸਵੰਤ ਸਿੰਘ ਖਾਲੜਾ ਤੇ “ਪੰਜਾਬ 95” ਫਿਲਮਾਂ ਬਣਾਕੇ ਵੱਡੀ ਜੁਅੱਰਤੀ ਕੰਮ ਕੀਤੇ ਹਨ। “ਸੱਜਣ ਸਿੰਘ ਰੰਗਰੂਟ” ਪਹਿਲੀ ਸੰਸਾਰ ਜੰਗ ਤੇ ਇਤਿਹਾਸਕ ਫਿਲਮ ਵਿੱਚ ਸਿੱਖਾਂ ਦੇ ਯੋਗਦਾਨ ਦੀ ਆਉਣ ਵਾਲੇ ਸਮੇ ਵਿੱਚ ਇਕ ਮਿਆਰੀ ਫਿਲਮ ਹੈ। ਦਲਜੀਤ ਨੇ ਸਿੱਖਾਂ ਦੇ ਕਿਰਦਾਰ ਦੀ ਅਹਿਮੀਆਤ ਨੂੰ ਨਿਖਾਰਿਆ ਹੈ ਅਤੇ ਸਿੱਖਾਂ ਉਪਰ ਮਜ਼ਾਕ, ਭੱਦੇ ਡਾਇਲਾਗ, ਟੋਪੀਨੁਮਾਂ ਪੱਗਾਂ ਵਾਲੇ ਕਿਰਦਾਰਾਂ ਨੂੰ ਪੇਸ਼ ਕਰਨ ਵਾਲਿਆਂ ਦੀ ਜੁਬਾਨ ਬੰਦ ਕੀਤੀ ਹੈ। ਉਸ ਨੇ ਪੇਸ਼ ਕੀਤਾ ਹੈ ਕਿ ਮਾਡਰਨ ਸਮਾਜ਼ ਵਿੱਚ ਪੱਗ ਨਾਲ ਵਿਚਰਨ ਲਈ ਲਿਬਾਸਾਂ ਦੀ ਚੋਣ ਕਿਵੇ ਕੀਤੀ ਜਾ ਸਕਦੀ ਹੈ, ਜੋ ਸਹਿਜ਼ ਅਤੇ ਨਵਾਬੀ ਲੱਗੇ। ਜੋ ਸਮਾਂ ਅਤੇ ਸੰਗਤ ਅਨੁਕੂਲ ਲੋਕਾਂ ਵਿੱਚ ਬੈਠਣ ਵਿੱਚ ਸੱਭਿਅਕ ਲੱਗੇ ਅਤੇ ਸਮੇ ਨਾਲ ਅੱਗੇ ਵਧੇ।
ਦਲਜੀਤ ਨੇ ਦਿੱਲੀ ਕਿਸਾਨ ਮੋਰਚੇ ਵਿੱਚ ਇਕ ਕਰੋੜ ਦਾ ਦਾਨ ਦੇ ਕੇ ਮੋਰਚੇ ਨੂੰ ਕਾਮਯਾਬ ਕਰਨ ਵਿੱਚ ਹਿੱਸਾ ਪਾਇਆ ਅਤੇ ਭਾਈ ਗੁਰਬਖਸ਼ ਸਿੰਘ ਵੱਲੋ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਲਾਏ ਧਰਨੇ ਵਿੱਚ ਵੀ ਪਹੁੰਚ ਕੇ ਆਪਣੀ ਇਮਦਾਦ ਅਤੇ ਸਪੋਰਟ ਦਿੱਤੀ ਸੀ। ਅੱਜ ਦਲਜੀਤ ਦੇ ਨਾਂ ਨੂੰ ਕਨੇਡਾ ਦੇ ਵਿੱਚ ਇਕ ਸਬਜੈਕਟ ਤੇ ਤੌਰ ‘ਤੇ ਪੜ੍ਹਾਇਆ ਜਾਣਾ ਸ਼ੁਰੂ ਹੋਇਆ ਹੈ। ਪੰਜਾਬੀ ਭਾਸ਼ਾ, ਉਸ ਦੇ ਪਿਛੋਕੜ, ਕੰਮ ਕਰਨ ਦੀ ਵਿਦਦਤਾ, ਸਮਰਪਣ, ਵੱਡੀ ਕਾਮਯਾਬੀ ਦੀ ਪੁਲਾਂਘ ਆਦਿ ਉਸ ਦੇ ਜੀਵਨ ‘ਤੇ ਕੇਂਦਰੀ ਵਿਸ਼ਾ ਹੋਵੇਗਾ। ਸੋ ਇਹ ਦਲਜੀਤ ਦਾ ਆਪਣੇ ਆਪ ਵਿੱਚ ਪੰਜਾਬ ਨਾਲ ਜੁੜੇ ਹੋਣ ਦੇ ਕਾਰਜ ਦੇ ਕਾਰਣ ਹੀ ਹੈ।
ਪੰਜਾਬੀ ਭਾਸ਼ਾ ਵੀ ਕਿਤੇ ਨਾ ਕਿਤੇ ਵਰਤਮਾਨ ਭਾਰਤੀ ਹਕੂਮਤੀ ਦੇ ਨਵੇ ਰਾਸ਼ਟਰਵਾਦ ਨੂੰ ਰਾਸ ਨਹੀਂ ਆ ਰਹੀ। ਗੈਰ-ਹਿੰਦੂ ਧਰਮਾਂ ਦੇ ਲੋਕਾਂ ਦੀਆਂ ਫਿਲਮਾਂ, ਗਾਣਿਆਂ ‘ਤੇ ਪਾਬੰਦੀਆਂ ਲਾਈਆ ਜਾ ਰਹੀਆਂ ਹਨ। ਇਥੋ ਤੱਕ ਕਿ ਕੰਮ ਧੰਦਿਆਂ ‘ਤੇ ਵੀ ਜਾਤੀ ਨਾ ਲਿਖਣ ਦੇ ਫੁਰਮਾਨ ਜਾਰੀ ਕਰਨ ਵਰਗੀ ਨਫਰਤ ਪੈਦਾ ਕੀਤੀ ਜਾ ਰਹੀ ਹੈ।
ਅੱਜ ਦੇ ਪ੍ਰ੍ਪੋਗੰਡੇ ਦਾ ਦਲਜੀਤ ਦੀ ਕਲਾ ਅਤੇ ਸੰਗੀਤ ਵਿੱਚ ਪੰਜਾਬੀ ਦੇ ਉਭਾਰ ਅਤੇ ਸਿੱਖ ਕਿਰਦਾਰ ਦੀ ਦਿੱਖ ਨੂੰ ਹਿੰਦੂਤਵੀਆਂ ਵੱਲੋ ਬਰਦਾਸ਼ਤ ਕਰਨਾ ਔਖਾ ਹੋਇਆ ਪਿਆ ਹੈ। ਦਲਜੀਤ ਵਰਗਾ ਇਕ ਸਧਾਰਨ ਵਿਆਕਤੀ ਆਪਣੀ ਕਲਾ ਰਾਹੀ ਦੁਨੀਆਂ ਵਿੱਚ ਪੱਗ ਨਾਲ ਇਕ ਵੱਡੀ ਪਹਿਚਾਣ ਬਣਾ ਸਕਿਆ ਹੈ। ਆਪਣੇ ਪੋ੍ਗਰਾਮਾਂ ਵਿੱਚ “ਪੰਜਾਬੀ ਆ ਗਏ ਓਏ” ਦਾ ਨਾਹਰਾ ਪੰਜਾਬੀਆਂ ਨੇ ਤਾਂ ਭਾਵੇ ਇਸ ਨੂੰ ਹਲਕੇ ਵਿੱਚ ਲਿਆ ਹੋਵੇ ਪਰ ਵਿਰੋਧੀਆਂ ਲਈ ਇਹ ਸਿੱਧਾ ਚੈਲੰਜ ਬਣ ਗਿਆ ਹੈ। ਜੋ ਪੰਜਾਬੀ ਜੁਬਾਂਨ ਨੂੰ ਫਨਾਂ ਕਰਨ ਦੇ ਮਨਸੂਬੇ ਅੰਜਾਮ ਤੱਕ ਲੈ ਕੇ ਜਾਣ ਲਈ ਪੱਬਾਂ ਭਾਰ ਹੋਣ, ਉਸ ਨੂੰ ਕਿਵੇ ਬਰਦਾਸ਼ਤ ਕੀਤਾ ਸਕਦਾ ਹੈ ਕਿ ਭਾਰਤ ਦੇ ਇਕ ਛੋਟੇ ਖਿੱਤੇ ਵਿੱਚੋ ਆਈ ਪੰਜਾਬੀ ਭਾਸ਼ਾ ਭਾਰਤ ਦੀਆਂ ਦੂਜ਼ੀਆਂ ਭਾਸ਼ਾਵਾਂ ਦੀ ਅਗਵਾਈ ਕਰਦੀ ਨਜ਼ਰ ਪਵੇ ਜਾਂ ਵੱਡੀ ਹੁੰਦੀ ਦਿਸੇ। ਇਹ ਵਿਰੋਧੀਆਂ ਦੀ ਪੱਗ ਪ੍ਰਤੀ ਨਫਰਤ ਹੈ। ਜੋ ਦੁਨੀਆਂ ਵਿੱਚ ਵੱਧਦੇ ਪ੍ਭਾਵ ਨੂੰ ਸਹਿਣ ਨਹੀ ਕਰ ਪਾ ਰਿਹਾ। ਪੱਗਾਂ ਵਾਲੇ ਸਰਦਾਰ ਦੁਨੀਆਂ ਦਾ ਮੂੰਹ-ਮੁਹਾਂਦਰਾਂ ਬਣਦੇ ਜਾ ਰਹੇ ਹਨ। ਦੁਨੀਆਂ ਦੀਆਂ ਵੱਡੀਆ ਥਾਵਾਂ ‘ਤੇ ਪੱਗ ਨਜ਼ਰ ਆਉਣੀ ਸ਼ੁਰੂ ਹੋਈ ਹੈ। ਅਮਰੀਕਾ ਜਿਹੇ ਮੁਲਕ ਨੇ ਸਰਕਾਰੀ ਤੌਰ ‘ਤੇ 09/11 ਦੇ ਹਮਲਿਆਂ ਤੋ ਬਆਦ ਸਿੱਖਾਂ ਦੀ ਪਹਿਚਾਣ ਨੂੰ ਪ੍ਮੁੱਖਤਾ ਨਾਲ ਉਭਾਰਿਆ ਹੈ। ਕਨੇਡਾ ਵਰਗੇ ਦੇਸ਼ਾਂ ਨੇ ਸਿੱਖਾਂ ਨੂੰ ਰਾਜਨੀਤੀ ਵਿੱਚ ਵੱਡੇ ਪਲੇਟਫਾਰਮ ਦੇ ਕੇ ਦੇਸ਼ ਭਗਤੀ, ਇਮਾਨਦਾਰੀ, ਦਰਿੜਤਾ, ਸਮਰਪਿਤ ਭਾਵਨਾ ਦੀ ਕਦਰ ਕੀਤੀ ਹੈ। ਜਿਥੇ ਕਲਾ ਹੈ ਉਥੇ ਕਾਰੀਆਂ ਵੀ ਹਨ। ਆਉਣ ਵਾਲੇ ਸਮੇਂ ਬਾਰੇ ਦਲਜੀਤ ਦੇ ਕੰਮਾਂ ਦੇ ਕੀ ਅਰਥ ਹੋਣਗੇ, ਇਹ ਤਾਂ ਸਮਾਂ ਹੀ ਦੱਸੇਗਾ ਪਰ ਵਕਤੀ ਤੌਰ ਵਿੱਚ ਹੁਣ ਤੱਕ ਦੇ ਸਫਰ ਵਿੱਚ ਉਸਨੇ ਆਪਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦਲਜੀਤ ਪੰਜਾਬ ਅਤੇ ਸਿੱਖਾਂ ਦੇ ਮਾਣ-ਸਨਮਾਨ ਦੀ ਥਾਂ ਬਣਦਾ ਜਾ ਰਿਹਾ ਹੈ। ਉਸ ਕੋਲੋ ਹੋਰ ਚੰਗੇ ਦੀ ਆਸ ਰੱਖਦੇ ਹਾਂ। ਇਹ ਵੀ ਪੰਜਾਬੀਆਂ ਦਾ ਉਸ ਨੂੰ ਬਣਦਾ ਸਤਿਕਾਰ ਦੇਣਾ ਹੀ ਉਸ ਲਈ ਪੇ੍ਰਰਨਾ ਸਰੋਤ ਹੈ।
ਫਿਲਹਾਲ ਫਿਲਮ “ਸਰਦਾਰ ਜੀ 3” ਨੂੰ ਭਾਰਤ ਵਿੱਚ ਰਿਲੀਜ਼ ਕਰਨ ਦਿੱਤਾ ਗਿਆ ਹੈ। ਪਰ ਇਸ ਸਾਰੇ ਘਟਨਾ ਕ੍ਰਮ ਨੇ ਭਾਰਤ ਦੇ ਲੋਕਤੰਤਰ ਦੀ ਘੱਟ ਗਿਣਤੀ ਲੋਕਾਂ ਅਤੇ ਭਾਸ਼ਾਵਾਂ ਪ੍ਤੀ ਮਾੜੇ ਨਜ਼ਰੀਏ ਨੂੰ ਉਜ਼ਾਗਰ ਕੀਤਾ ਹੈ।
ਸਮਾਂ ਚਿੰਤਨ ਕਰਨ ਦਾ ਹੈ ਉਹ ਸਰਬ ਪੱਖੀ ਹਾਲਾਤਾਂ ‘ਤੇ ਵੱਡੀ ਜਿੰਮੇਵਾਰੀ ਮੰਗਦਾ ਹੈ। ਆਓ, ਸੰਸਾਰ ਵਿੱਚ ਹਰ ਚੰਗੇ ਪੱਖਾਂ ਦੀ ਧਿਰ ਬਣਕੇ ਚੰਗੇ ਸਮਾਜ ਦੀ ਉਸਾਰੀ ਕਰੀਏ !